“ਪਿੰਡਾਂ ਵਿੱਚ ਫਸਲਾਂ ਪੱਕਣ ਵੇਲੇ ਬਾਬਿਆਂ ਸਮੇਤ ਸੈਂਕੜੇ ਮੰਗਤੇ ਆਣ ਪਰਗਟ ...”
(15 ਫਰਵਰੀ 2020)
ਭੀਖ ਮੰਗਣੀ ਸੰਸਾਰ ਦਾ ਬਹੁਤ ਪੁਰਾਣਾ ਧੰਦਾ ਹੈ। ਇਹ ਇੱਕ ਅਜਿਹਾ ਬਿਜ਼ਨਸ ਹੈ, ਜਿਸ ਵਿੱਚ ਬਗੈਰ ਕੋਈ ਸਰੀਰਕ ਮਿਹਨਤ ਕੀਤਿਆਂ ਵਧੀਆ ਮੁਨਾਫਾ ਕਮਾਇਆ ਜਾਂਦਾ ਹੈ। ਸਮਾਜ ਦਾ ਸਭ ਤੋਂ ਬੇਗੈਰਤ, ਬੇਸ਼ਰਮ ਅਤੇ ਢੀਠ ਕਿਸਮ ਦਾ ਵਿਅਕਤੀ ਹੀ ਮੰਗਤਾ ਬਣ ਸਕਦਾ ਹੈ, ਜੋ ਲੋਕਾਂ ਦੀਆਂ ਲਾਹਨਤਾਂ ਅਤੇ ਦੁਰੇ-ਦੁਰੇ ਦੀ ਪ੍ਰਵਾਹ ਕੀਤੇ ਬਗੈਰ ਦੂਸਰਿਆਂ ਦੀਆਂ ਜੇਬਾਂ ਵਿੱਚੋਂ ਪੈਸੇ ਕਢਵਾਉਣ ਦੀ ਹਿੰਮਤ ਰੱਖਦਾ ਹੋਵੇ। ਮੰਗਤਿਆਂ ਦੀ ਖਾਸ ਤਰ੍ਹਾਂ ਦੀ ਡਰੈੱਸ ਹੁੰਦੀ ਹੈ। ਖੁਸ਼ਕ ਬਿਨਾਂ ਵਾਹੇ ਖਿਲਰੇ ਹੋਏ ਦਾਹੜੀ ਤੇ ਵਾਲ, ਗੰਦੇ ਟਾਕੀਆਂ ਲੱਗੇ ਕੱਪੜੇ ਅਤੇ ਟੁੱਟੀਆਂ ਹੋਈਆਂ ਜੁੱਤੀਆਂ। ਮੰਗਤੇ ਇਹ ਵੇਸ਼ ਭੂਸ਼ਾ ਸਿਰਫ ਮੰਗਣ ਲਈ ਬਾਹਰ ਜਾਣ ਸਮੇਂ ਧਾਰਨ ਕਰਦੇ ਹਨ, ਘਰੇ ਤਾਂ ਨਹਾ ਧੋ ਕੇ ਲਿਸ਼ਕ ਪੁਸ਼ਕ ਕੇ ਰਹਿੰਦੇ ਹਨ। ਕਈਆਂ ਦੇ ਤਾਂ ਪੂਰੇ ਪਰਿਵਾਰ ਹੀ ਭੀਖ ਮੰਗਣ ਦਾ ਧੰਦਾ ਕਰਦੇ ਹਨ। ਮੰਗਤਿਆਂ ਮੰਗਣ ਦਾ ਇਲਾਕਾ ਨਿਸ਼ਚਿਤ ਹੁੰਦਾ ਹੈ। ਕੋਈ ਟਰੈਫਿਕ ਲਾਈਟਾਂ ਉੱਤੇ ਮੰਗਦਾ ਹੈ, ਕੋਈ ਗਲੀਆਂ ਵਿੱਚ ਫਿਰ ਕੇ ਤੇ ਕੋਈ ਧਾਰਮਿਕ ਸਥਾਨ ਸਾਹਮਣੇ। ਮਸਜਿਦ ਸਾਹਮਣੇ ਅੱਲ੍ਹਾ ਦੇ ਨਾਮ’ ਤੇ, ਮੰਦਰ ਸਾਹਮਣੇ ਭਗਵਾਨ ਦੇ ਨਾਮ’ ਤੇ, ਗੁਰਦਵਾਰੇ ਸਾਹਮਣੇ ਵਾਹਿਗੁਰੂ ਦੇ ਨਾਮ ਉੱਤੇ ਅਤੇ ਸ਼ਨੀਵਾਰ ਨੂੰ ਸ਼ਨੀ ਦੇਵਤਾ ਦਾ ਡਰਾ ਵਿਖਾ ਕੇ ਭੀਖ ਮੰਗੀ ਜਾਂਦੀ ਹੈ। ਇਹ ਦੂਸਰੇ ਮੰਗਤੇ ਨੂੰ ਆਪਣੇ ਇਲਾਕੇ ਵਿੱਚ ਨਹੀਂ ਘੁਸਣ ਦਿੰਦੇ, ਕਈ ਵਾਰ ਤਾਂ ਗੱਲ ਮਾਰ ਕੁੱਟ ਤੱਕ ਪਹੁੰਚ ਜਾਂਦੀ ਹੈ।
ਟਰੈਫਿਕ ਲਾਈਟਾਂ ਉੱਤੇ ਭੀਖ ਮੰਗਣ ਵਾਲੇ ਮੰਗਤਿਆਂ ਦਾ ਇੱਕ ਬਹੁਤ ਹੀ ਵਿਲੱਖਣ ਵਿਹਾਰ ਵੇਖਣ ਲਈ ਮਿਲਦਾ ਹੈ। ਜਿੰਨੀ ਦੇਰ ਭੀਖ ਨਹੀਂ ਮਿਲਦੀ, ਭਿਖਾਰੀ ਗੱਡੀ ਦੇ ਬਾਹਰ ਖੜ੍ਹਾ ਨਿਮਾਣੀ ਜਿਹੀ ਸ਼ਕਲ ਬਣਾ ਕੇ ਮਿਣ ਮਿਣ ਕਰਦਾ ਰਹਿੰਦਾ ਹੈ। ਜਿਵੇਂ ਹੀ ਕਿਸੇ ਨੇ ਭੀਖ ਦਿੱਤੀ, ਭਿਖਾਰੀ ਉਸ ਵੱਲ ਵੇਖਣ ਦੀ ਜ਼ਹਿਮਤ ਉਠਾਏ ਬਗੈਰ ਦੂਸਰੀ ਗੱਡੀ ਵੱਲ ਸ਼ੂਟ ਵੱਟ ਜਾਂਦਾ ਹੈ। ਵਿਚਾਰਾ ਦਾਨੀ ਉਡੀਕਦਾ ਹੀ ਰਹਿ ਜਾਂਦਾ ਹੈ ਕਿ ਭੀਖ ਲੈਣ ਤੋਂ ਬਾਅਦ ਸ਼ਾਇਦ ਇਹ ਮੈਂਨੂੰ ਕੋਈ ਅਸੀਸ ਦੇਵੇਗਾ। ਕਈ ਮੰਗਤੇ ਤਾਂ ਭੀਖ ਵਾਲੇ ਕਟੋਰੇ ਨਾਲ ਕਾਰ ਦੇ ਸ਼ੀਸ਼ੇ ਭੰਨਣ ਤੱਕ ਜਾਂਦੇ ਹਨ। ਇਸ ਪੇਸ਼ੇ ਦਾ ਸਭ ਤੋਂ ਅਣਮਨੁੱਖੀ ਪਹਿਲੂ ਹੈ, ਛੋਟੇ ਬੱਚਿਆਂ ਨੂੰ ਭੀਖ ਮੰਗਣ ਲਈ ਵਰਤਣਾ। ਮੰਗਤਿਆਂ ਦੇ ਕਈ ਗੈਂਗ ਬੱਚਿਆਂ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦੇ ਅੰਗ ਕੱਟ ਕੇ (ਅਪਾਹਜ ਬਣਾ ਕੇ) ਭੀਖ ਮੰਗਵਾਉਂਦੇ ਹਨ। ਕਈ ਮੰਗਤੀਆਂ ਗਰੀਬ ਔਰਤਾਂ ਦੇ ਛੋਟੇ ਬੱਚੇ ਕਿਰਾਏ ਉੱਤੇ ਲੈ ਕੇ ਉਹਨਾਂ ਨੂੰ ਦੁੱਧ ਪਿਲਾਉਣ ਦੇ ਬਹਾਨੇ ਪੈਸੇ ਮੰਗਦੀਆਂ ਹਨ। ਪਤਾ ਨਹੀਂ ਬੱਚੇ ਨੂੰ ਕੀ ਨਸ਼ਾ ਖਵਾਉਂਦੇ ਹਨ, ਗਰਮੀਆਂ ਦੀ ਤਪਦੀ ਦੁਪਹਿਰ ਤੇ ਹੱਡ ਕੰਬਾਉਂਦੀ ਠੰਢ ਵਿੱਚ ਵੀ ਉਹ ਸਾਰਾ ਦਿਨ ਨਹੀਂ ਰੋਂਦਾ।
ਭੀਖ ਮੰਗਣ ਲਈ ਉਸ ਜਗ੍ਹਾ ਨੂੰ ਖਾਸ ਤੌਰ ਉੱਤੇ ਚੁਣਿਆ ਜਾਂਦਾ ਹੈ ਜਿੱਥੇ ਜ਼ਿਆਦਾਤਰ ਦੁਖੀ ਲੋਕ ਆਉਂਦੇ ਹੋਣ। ਮ੍ਰਿਤਕਾਂ ਦੇ ਫੁੱਲ ਪਾਉਣ ਵਾਲੀਆਂ ਥਾਵਾਂ (ਕੀਰਤਪੁਰ ਸਾਹਿਬ, ਗੋਇੰਦਵਾਲ ਸਾਹਿਬ ਤੇ ਹਰਿਦੁਆਰ) , ਅਦਾਲਤਾਂ ਅਤੇ ਧਾਰਮਿਕ ਸਥਾਨ ਮੰਗਤਿਆਂ ਦੇ ਮਨਭਾਉਂਦੇ ਅੱਡੇ ਹਨ। ਹੁਣ ਤਾਂ ਮੰਗਤੇ ਅਮਰੀਕਨ ਅੰਬੈਸੀ ਦੇ ਬਾਹਰ ਵੀ ਲੋਕਾਂ ਨੂੰ ਘੇਰਨ ਲੱਗ ਪਏ ਹਨ। ਉਹ ਬੰਦੇ ਦੀ ਸ਼ਕਲ ਵੇਖ ਕੇ ਹੀ ਪਹਿਚਾਣ ਲੈਂਦੇ ਹਨ ਕਿ ਇਸਦਾ ਵੀਜ਼ਾ ਲੱਗਾ ਕਿ ਨਹੀਂ। ਮੰਗਤਿਆਂ ਦੀ ਸਭ ਤੋਂ ਖਤਰਨਾਕ ਅਤੇ ਬੇਸ਼ਰਮ ਕਿਸਮ ਹੈ ਖੁਸਰੇ। ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਸ਼ਰਮ ਹਯਾ ਨਹੀਂ ਹੁੰਦੀ। ਖੁਸ਼ੀ ਵਾਲੇ ਘਰੋਂ ਧੱਕੇ ਨਾਲ 25-30 ਹਜ਼ਾਰ ਤੱਕ ਵੀ ਲੁੱਟ ਲੈਂਦੇ ਹਨ। ਜੇ ਕੋਈ ਭੀਖ ਨਾ ਦੇਵੇ ਤਾਂ ਅਸ਼ਲੀਲ ਹਰਕਤਾਂ ਕਰਦੇ ਹਨ ਤੇ ਨੰਗੇ ਤੱਕ ਹੋ ਜਾਂਦੇ ਹਨ। ਦਿੱਲੀ ਟਰੈਫਿਕ ਲਾਈਟਾਂ ਉੱਤੇ ਜੇ ਕਿਧਰੇ ਕਾਰ ਦੀ ਬਾਰੀ ਲਾਕ ਨਾ ਹੋਵੇ ਤਾਂ ਧੱਕੇ ਨਾਲ ਗੱਡੀ ਵਿੱਚ ਬੈਠ ਜਾਂਦੇ ਹਨ ਤੇ 100-200 ਰੁਪਏ ਲਏ ਬਗੈਰ ਨਹੀਂ ਉੱਤਰਦੇ। ਸਾਡੇ ਲੋਕ ਅਜੇ ਵੀ ਪਾਪ ਪੁੰਨ ਦੇ ਚੱਕਰ ਵਿੱਚ ਪਏ ਹੋਏ ਹਨ। ਮੰਨਿਆ ਜਾਂਦਾ ਹੈ ਕਿ ਖੁਸਰੇ ਨਾਲ ਕੁੱਟ ਮਾਰ ਕਰਨ ਵਾਲੇ ਨੂੰ ਬਹੁਤ ਵੱਡਾ ਪਾਪ ਲੱਗਦਾ ਹੈ ਤੇ ਨਰਕ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਾਰਨ ਖੁਸਰਿਆਂ ਦਾ ਡਰ ਲੱਥਾ ਹੋਇਆ ਹੈ।
ਮੰਗਤੇ ਪੱਕੇ ਹੱਡ ਹਰਾਮੀ ਹੁੰਦੇ ਹਨ ਤੇ ਮਿਹਨਤ ਕਰਨ ਦੇ ਡਰੋਂ ਭੀਖ ਮੰਗ ਕੇ ਗੁਜ਼ਾਰਾ ਕਰਦੇ ਹਨ। ਪਿੰਡਾਂ ਵਿੱਚ ਫਸਲਾਂ ਪੱਕਣ ਵੇਲੇ ਬਾਬਿਆਂ ਸਮੇਤ ਸੈਂਕੜੇ ਮੰਗਤੇ ਆਣ ਪਰਗਟ ਹੁੰਦੇ ਹਨ। ਜੇ ਸਾਰਿਆਂ ਨੂੰ ਦਾਣੇ ਦਿੱਤੇ ਜਾਣ ਤਾਂ ਦੋ ਏਕੜਾਂ ਦੀ ਫਸਲ ਤਾਂ ਇਹੋ ਲੈ ਜਾਣ। ਬਾਬੇ ਤਾਂ ਪੰਜਾਂ ਬੋਰੀਆਂ ਤੋਂ ਘੱਟ ਗੱਲ ਹੀ ਨਹੀਂ ਕਰਦੇ। ਇਹਨਾਂ ਤੋਂ ਬਚਣ ਲਈ ਮੈਂ ਬਾਹਰਲੇ ਘਰ ਇੱਕ ਕਹੀ ਤੇ ਝਾੜੂ ਰੱਖਿਆ ਹੁੰਦਾ ਸੀ। ਜੇ ਕੋਈ ਮੰਗਤਾ ਆਉਣਾ ਤਾਂ ਮੈਂ ਕਹਿਣਾ ਕਿ ਹੁਣੇ ਕਣਕ ਲੈ ਕੇ ਆਉਂਦਾ ਹਾਂ, ਉੰਨਾ ਚਿਰ ਤੂੰ ਫਟਾਫਟ ਆਹ ਸਬਜ਼ੀ ਦੀ ਕਿਆਰੀ ਗੋਡ ਦੇ। ਜੇ ਮੰਗਤੀ ਆਉਣੀ ਤਾਂ ਕਹਿਣਾ ਕਿ ਅੱਜ ਸਾਡੇ ਕੰਮ ਵਾਲੀ ਨਹੀਂ ਆਈ, ਆਹ ਚੁੱਕ ਝਾੜੂ ਤੇ ਵਿਹੜੇ ਦੀ ਸਫਾਈ ਕਰ। ਬੱਸ, ਮੰਗਤੇ ਪੰਜਾਂ ਮਿੰਟਾਂ ਵਿੱਚ ਗਾਇਬ। ਕਈ ਮੰਗਤੇ ਆਪਣੇ ਸਰੀਰ ਉੱਤੇ ਨਕਲੀ ਜ਼ਖਮ ਬਣਾ ਕੇ ਭੀਖ ਮੰਗਦੇ ਹਨ। ਉਹਨਾਂ ਨੂੰ ਹਸਪਤਾਲ ਲੈ ਕੇ ਜਾਣ ਦੀ ਗੱਲ ਕਰੋ ਤਾਂ ਅੱਗੋਂ ਝਗੜ ਪੈਂਦੇ ਹਨ। ਇੱਕ ਵਾਰ ਮੈਂ ਫਹਿਹਗੜ੍ਹ ਸਾਹਿਬ ਮੇਲੇ ਉੱਤੇ ਡਿਊਟੀ ਦੇ ਰਿਹਾ ਸੀ ਕਿ ਇੱਕ ਚੰਗੀ ਭਲੀ ਹੱਟੀ ਕੱਟੀ ਮੰਗਤੀ ਆ ਕੇ ਦਰੀ ਵਿਛਾ ਕੇ ਲੰਮੀ ਪੈ ਗਈ ਤੇ ਹੱਥ ਪੈਰ ਮਾਰ ਕੇ ਅਧਰੰਗ ਦੀ ਮਰੀਜ਼ ਹੋਣ ਦੀ ਐਕਟਿੰਗ ਕਰਨ ਲੱਗੀ। ਜਦੋਂ ਮੈਂ ਉਸ ਨੂੰ ਰਸਤੇ ਵਿੱਚੋਂ ਪਾਸੇ ਹੋਣ ਲਈ ਕਿਹਾ ਤਾਂ ਉਹ ਹੋਰ ਉੱਚੀ ਉੱਚੀ ਹੂੰਗਰਾਂ ਮਾਰਨ ਲੱਗ ਪਈ। ਜਦੋਂ ਉਹ ਨਾ ਮੰਨੀ ਤਾਂ ਮੈਂ ਉਸ ਦੇ ਨਜ਼ਦੀਕ ਖੜ੍ਹੇ ਹੋ ਕੇ ਵਾਇਰਲੈੱਸ ਉੱਤੇ ਉੱਚੀ ਅਵਾਜ਼ ਵਿੱਚ ਐਂਬੂਲੈਂਸ ਭੇਜਣ ਲਈ ਕਿਹਾ ਕਿ ਇੱਕ ਔਰਤ ਬੇਹੋਸ਼ ਪਈ ਹੈ, ਉਸ ਨੂੰ ਹਸਪਤਾਲ ਲੈ ਕੇ ਜਾਉ। ਉਹ ਵੇਖਦੇ ਹੀ ਵੇਖਦੇ ਦਰੀ ਚੁੱਕ ਕੇ ਪੱਤਰਾ ਵਾਚ ਗਈ।
ਕਈ ਲੋਕ ਪੁੰਨ ਕਮਾਉਣ ਲਈ ਮੰਗਤਿਆਂ ਨੂੰ ਸਿਆਲ ਵਿੱਚ ਪੁਰਾਣੇ ਕੋਟ ਜੈਕਟਾਂ ਦਾਨ ਕਰਦੇ ਹਨ। ਪਰ ਅਗਲੇ ਦਿਨ ਉਹ ਫਿਰ ਪਾਟੇ ਕੱਪੜੇ ਪਾਈ ਫਿਰਦੇ ਹਨ। ਜੈਕਟ ਜਾਂ ਤਾਂ ਵੇਚ ਦਿੱਤੀ ਜਾਂਦੀ ਹੈ ਤੇ ਜਾਂ ਘਰ ਦੇ ਕਿਸੇ ਮੈਂਬਰ ਨੂੰ ਦੇ ਦਿੱਤੀ ਜਾਂਦੀ ਹੈ। ਜੇ ਨਵੀਂ ਜੈਕਟ ਪਾ ਕੇ ਭੀਖ ਮੰਗਣ ਜਾਣਗੇ ਤਾਂ ਪੈਸੇ ਕੌਣ ਦੇਵੇਗਾ? ਨੱਬੇ ਫੀਸਦੀ ਮੰਗਤੇ ਸ਼ਾਮ ਨੂੰ ਪੈੱਗ ਜ਼ਰੂਰ ਲਗਾਉਂਦੇ ਹਨ। ਸ਼ਹਿਰਾਂ ਵਿੱਚ ਘੁੰਮਣ ਵਾਲੇ ਕਈ ਮੰਗਤੇ ਚੋਰਾਂ ਨਾਲ ਰਲੇ ਹੋਏ ਪਾਏ ਗਏ ਹਨ ਜੋ ਸਾਥੀਆਂ ਨੂੰ ਖਾਲੀ ਘਰਾਂ ਦੀ ਸੂਚਨਾ ਦਿੰਦੇ ਹਨ। ਵੈਸੇ ਸਭ ਤੋਂ ਵੱਡੇ ਮੰਗਤੇ ਸਰਕਾਰੀ ਦਫਤਰਾਂ ਅਤੇ ਚੰਡੀਗੜ੍ਹ ਵਿਖੇ ਬਿਰਾਜਮਾਨ ਹਨ ਜੋ ਧੱਕੇ ਨਾਲ ਭੀਖ ਲੈਂਦੇ ਹਨ। ਜਿੰਨਾ ਚਿਰ ਸਾਡੇ ਦਿਲ ਵਿੱਚੋਂ ਅਸਾਨੀ ਨਾਲ ਪੁੰਨ ਕਮਾਉਣ ਦੀ ਇੱਛਾ ਖਤਮ ਨਹੀਂ ਹੁੰਦੀ, ਇਹ ਬੁਰਾਈ ਚੱਲਦੀ ਰਹੇਗੀ। ਜੇ ਦਾਨ ਦੇਣਾ ਹੀ ਹੈ ਤਾਂ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ, ਸ਼ਹੀਦ ਊਧਮ ਸਿੰਘ ਯਤੀਮਖਾਨਾ ਜਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਨੂੰ ਦੇਣ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1940)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)