“ਉਏ ਤੂੰ ਇੰਸਪੈਕਟਰ ਐਂ ਕਿ ਸੰਜੇ ਦੱਤ? ਸੈਰ ਕਰਨ ਆਇਆਂ ਇੱਥੇ? ਚੱਲ ਅਦਾਲਤ ਤੋਂ ਬਾਹਰ ...”
(22 ਦਸੰਬਰ 2020)
ਮੈਂ 1990 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਪ੍ਰੋਬੇਸ਼ਨਰ ਏ.ਐੱਸ.ਆਈ. ਭਰਤੀ ਹੋਇਆ ਸੀ। ਟਰੇਨਿੰਗ ਦੌਰਾਨ ਹੀ ਇੰਸਪੈਕਟਰ ਦੀਆਂ ਪੋਸਟਾਂ ਨਿਕਲ ਆਈਆਂ ਤੇ 15 ਜੁਲਾਈ 1991 ਨੂੰ ਮੈਂਨੂੰ ਪ੍ਰੋਬੇਸ਼ਨਰ ਇੰਸਪੈਕਟਰ ਚੁਣ ਲਿਆ ਗਿਆ। ਬੇਸਿਕ ਟਰੇਨਿੰਗ ਤੋਂ ਬਾਅਦ ਜ਼ਿਲ੍ਹੇ ਵਿੱਚ ਆ ਕੇ ਕਈ ਪ੍ਰਕਾਰ ਦੀ ਪ੍ਰੈਕਟੀਕਲ ਟਰੇਨਿੰਗ ਕਰਨ ਤੋਂ ਬਾਅਦ 1993 ਵਿੱਚ ਪਹਿਲੀ ਵਾਰ ਮੈਂਨੂੰ ਇੱਕ ਥਾਣੇ ਦਾ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ। ਪਰ ਐੱਸ.ਐੱਚ.ਓ. ਲੱਗਣ ਤੋਂ ਬਾਅਦ ਜਦੋਂ ਮੈਂਨੂੰ ਪੁਲਿਸ ਦਾ ਅਸਲੀ ਕੰਮ ਤਫਤੀਸ਼ ਆਦਿ ਕਰਨਾ ਪਿਆ ਤਾਂ ਪਤਾ ਲੱਗਾ ਕਿ ਮੈਂ ਤਾਂ ਇਸ ਕੰਮ ਵਿੱਚ ਅਜੇ ਬਹੁਤ ਕੱਚਾ ਹਾਂ। ਪੰਜਾਬ ਪੁਲਿਸ ਵਿੱਚ ਜੋ ਐੱਨ.ਜੀ.ਓ. ਪ੍ਰੋਬੇਸ਼ਨਰ ਭਰਤੀ ਹੁੰਦੇ ਹਨ, ਉਨ੍ਹਾਂ ਨੂੰ ਐੱਸ.ਐੱਚ.ਓ. ਜਾਂ ਚੌਂਕੀ ਇੰਚਾਰਜ ਲਗਾਉਣ ਤੋਂ ਪਹਿਲਾਂ ਕੰਮ ਸਿੱਖਣ ਲਈ ਕੁਝ ਮਹੀਨਿਆਂ ਵਾਸਤੇ ਥਾਣਿਆਂ ਵਿੱਚ ਮਾਹਰ ਤਫਤੀਸ਼ੀਆਂ ਨਾਲ ਲਗਾਇਆ ਜਾਂਦਾ ਹੈ। ਪਰ ਉਹ ਸਮਾਂ ਮੇਰੇ ਵਰਗੇ ਬਹੁਤੇ ਅਫਸਰ ਕੰਮ ਸਿੱਖਣ ਦੀ ਬਜਾਏ ਫਰਲੋ ਮਾਰਨ ਵਿੱਚ ਹੀ ਗਵਾ ਬੈਠਦੇ ਹਨ। ਵੈਸੇ ਵੀ ਥਾਣਿਆਂ ਵਿੱਚ ਲੱਗੇ ਘਾਗ ਅਫਸਰ, ਭਾਵੇਂ ਉਹ ਪੁਰਾਣੇ ਪ੍ਰੋਬੇਸ਼ਨਰ ਹੋਣ ਜਾਂ ਸਿਪਾਹੀ ਤੋਂ ਬਣੇ ਥਾਣੇਦਾਰ, ਨਵਿਆਂ ਨੂੰ ਆਪਣੇ ਲਈ ਖਤਰਾ ਹੀ ਮਹਿਸੂਸ ਕਰਦੇ ਹਨ ਕਿ ਕਿਤੇ ਇਹ ਸਾਨੂੰ ਪੁੱਟ ਕੇ ਸਾਡੀ ਜਗ੍ਹਾ ਨਾ ਲੱਗ ਜਾਣ। ਮੈਂ ਵੀ ਜਦੋਂ ਥਾਣੇ ਵਿੱਚ ਕਿਸੇ ਪੁਰਾਣੇ ਥਾਣੇਦਾਰ ਕੋਲੋਂ ਮਿਸਲ ਲਿਖਣ ਜਾਂ ਪੜ੍ਹਨ ਲਈ ਮੰਗਣੀ ਤਾਂ ਉਸ ਨੇ ਟਾਲਣ ਲਈ ਕਹਿ ਦੇਣਾ, “ਉ ਛੱਡੋ ਜਨਾਬ, ਤੁਸੀਂ ਅਫਸਰ ਬਣਨਾ ਆ। ਤੁਹਾਡੀ ਤਾਂ ਬੱਸ ਉਂਗਲ ਘੁੰਮਿਆ ਕਰਨੀ ਹੈ। ਕੰਮ ਤਾਂ ਸਾਰਾ ਸਾਡੇ ਵਰਗੇ ਮਤਹਿਤਾਂ ਨੇ ਕਰੀ ਜਾਣਾ ਆ।” ਮਤਲਬ ਨਾ ਤਾਂ ਮੈਂਨੂੰ ਕਿਸੇ ਨੇ ਕੰਮ ਸਿਖਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਮੈਂ ਹੀ ਬਹੁਤਾ ਧਿਆਨ ਦਿੱਤਾ। ਜਿਹੋ ਜਿਹਾ ਕੋਰਾ ਕਰਾਰਾ ਫਿਲੌਰ ਟਰੇਨਿੰਗ ਸੈਂਟਰ ਤੋਂ ਆਇਆ ਸੀ, ਉਹੋ ਜਿਹਾ ਹੀ ਨਵੀਂ ਪੋਸਟਿੰਗ ’ਤੇ ਪਹੁੰਚ ਗਿਆ।
1993 ਸਮੇਂ ਪੰਜਾਬ ਵਿੱਚ ਖਾੜਕੂਵਾਦ ਆਪਣੇ ਆਖਰੀ ਸਾਹਾਂ ’ਤੇ ਪਹੁੰਚ ਚੁੱਕਾ ਸੀ ਪਰ ਫਿਰ ਵੀ ਕਈ ਵੱਡੇ ਖਾੜਕੂ ਗਾਹੇ ਬਗਾਹੇ ਵਾਰਦਾਤਾਂ ਕਰ ਕੇ ਆਪਣੀ ਹੋਂਦ ਜਤਾ ਰਹੇ ਸਨ। ਮੇਰੇ ਥਾਣੇ ਦੇ ਇਲਾਕੇ ਵਾਲੇ ਪਾਸੇ ਇੱਕ ਖਾੜਕੂ ਜਰਨੈਲ ਸਿੰਘ ਸ਼ੁਤਰਾਣਾ ਦਾ ਗਿਰੋਹ ਸਰਗਰਮ ਸੀ। ਇਸ ਲਈ ਮੇਰਾ ਬਹੁਤਾ ਸਮਾਂ ਥਾਣੇ ਵਿੱਚ ਮਿਸਲਾਂ (ਮਿਸਲ ਕੇਸ ਫਾਈਲ ਹੁੰਦੀ ਹੈ ਜਿਸ ਵਿੱਚ ਕਿਸੇ ਮੁਕੱਦਮੇ ਦੀ ਤਫਤੀਸ਼ ਬਾਰੇ ਲਿਖਿਆ ਜਾਂਦਾ ਹੈ) ਨਾਲ ਮੱਥਾ ਮਾਰਨ ਦੀ ਬਜਾਏ ਨਾਕਿਆਂ, ਰਾਤਰੀ ਗਸ਼ਤਾਂ, ਪੁੱਛ-ਗਿੱਛ ਅਤੇ ਰੇਡਾਂ ਆਦਿ ਕਰਨ ਵਿੱਚ ਹੀ ਗੁਜ਼ਰਦਾ ਸੀ। ਥਾਣੇ ਵਾਲੇ ਵੀ ਮੈਂਨੂੰ ਇਹ ਕਹਿ ਕਿ ਜਨਾਬ, ਜਾਂ ਤਾਂ ਇਸ ਥਾਣੇ ਵਿੱਚ ਤੁਸੀਂ ਘੈਂਟ ਐੱਸ.ਐੱਚ.ਓ. ਆਏ ਹੋ ਜਾਂ ਬਲਦੇਵ ਸਿੰਘ ਝੋਟੇ ਕੁੱਟ ਆਇਆ ਸੀ, ਪੂਰੀ ਫੂਕ ਛਕਾ ਰਹੇ ਸਨ। ਐਨੇ ਨੂੰ 20 ਕੁ ਦਿਨਾਂ ਬਾਅਦ ਐੱਸ.ਐੱਸ.ਪੀ. ਦੀ ਮਹੀਨਾਵਾਰ ਕਰਾਈਮ ਮੀਟਿੰਗ ਆ ਗਈ। ਕਰਾਈਮ ਮੀਟਿੰਗ ਵਿੱਚ ਇੱਕ ਮਹੀਨੇ ਦੌਰਾਨ ਜ਼ਿਲ੍ਹੇ ਦੇ ਹਰੇਕ ਥਾਣੇ ਵਿੱਚ ਵਾਪਰੇ ਜੁਰਮ, ਅੱਤਵਾਦੀ ਘਟਨਾਵਾਂ, ਲੁੱਟ ਖੋਹ, ਲੜਾਈ ਅਤੇ ਨਸ਼ਿਆਂ ਦੀ ਬਰਾਮਦਗੀ ਆਦਿ ਦੇ ਮੁਕੱਦਮਿਆਂ ਦੀ ਪ੍ਰਗਤੀ ਬਾਰੇ ਪੁੱਛ ਗਿੱਛ ਹੁੰਦੀ ਹੈ। ਚਾਹੀਦਾ ਤਾਂ ਇਹ ਸੀ ਕਿ ਮੈਂ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਥਾਣੇਦਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਮੁਕੱਦਮਿਆਂ ਦੇ ਹਾਲਾਤ ਬਾਰੇ ਪੁੱਛਦਾ, ਪਰ ਮੈਂਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਸੀ। ਨਾ ਹੀ ਸਾਡੇ ਡੀ.ਐੱਸ.ਪੀ. ਨੇ ਇਸ ਬਾਰੇ ਮੇਰੇ ਨਾਲ ਕੋਈ ਮੀਟਿੰਗ ਕੀਤੀ। ਮੁੰਸ਼ੀ ਨੇ ਮੀਟਿੰਗ ਫਾਈਲ ਤਿਆਰ ਕਰ ਦਿੱਤੀ ਤੇ ਮੈਂ ਫਾਈਲ ਕੱਛੇ ਮਾਰ ਕੇ ਐੱਸ.ਐੱਸ.ਪੀ. ਦਫਤਰ ਵੱਲ ਚੱਲ ਪਿਆ। ਚੰਗੀ ਕਿਸਮਤ ਨੂੰ ਮੈਂਨੂੰ ਥਾਣੇ ਤੋਂ ਡੀ.ਐੱਸ.ਪੀ. ਨੇ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਮੁਕੱਦਮਿਆਂ ਦੀ ਸਥਿਤੀ ਬਾਰੇ ਪੁੱਛਣ ਲੱਗ ਪਿਆ। ਪੁਰਾਣਾ ਹੰਢਿਆ ਵਰਤਿਆ ਡੀ.ਐੱਸ.ਪੀ. ਪੰਜ ਮਿੰਟ ਵਿੱਚ ਹੀ ਸਮਝ ਗਿਆ ਕਿ ਇਸ ਨੂੰ ਕੁਝ ਨਹੀਂ ਆਉਂਦਾ। ਅੱਗੇ ਐੱਸ.ਐੱਸ.ਪੀ. ਵੀ ਬਹੁਤ ਸਖਤ ਸੀ। ਡੀ.ਐੱਸ.ਪੀ. ਨੂੰ ਆਪਣਾ ਫਿਕਰ ਪੈ ਗਿਆ ਕਿ ਮੀਟਿੰਗ ਵਿੱਚ ਇਸਦੀ ਜੋ ਬੇਇੱਜ਼ਤੀ ਹੋਣੀ ਹੈ, ਸੋ ਹੋਣੀ ਹੈ, ਐੱਸ.ਐੱਸ.ਪੀ. ਨੇ ਮੈਂਨੂੰ ਵੀ ਝਿੜਕਾਂ ਮਾਰਨੀਆਂ ਹਨ ਕਿ ਤੂੰ ਇਸ ਨਾਲ ਪਹਿਲਾਂ ਮੀਟਿੰਗ ਕਿਉਂ ਨਾ ਕੀਤੀ। ਉਸ ਨੇ ਦੋ ਘੰਟੇ ਦੇ ਸਫਰ ਦੌਰਾਨ ਕੇਸਾਂ ਬਾਰੇ ਮੋਟਾ ਮੋਟਾ ਸਮਝਾ ਕੇ ਮੈਂਨੂੰ ਮੀਟਿੰਗ ਵਿੱਚ ਬੈਠਣ ਜੋਗਾ ਕਰ ਦਿੱਤਾ।
ਮੀਟਿੰਗ ਵਿੱਚ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਔਖਾ ਸੌਖਾ ਭਵ ਸਾਗਰ ਪਾਰ ਕਰ ਗਿਆ। ਜਦੋਂ ਮੈਂ ਸ਼ਰਾਬ, ਅਫੀਮ, ਭੁੱਕੀ ਆਦਿ ਦੀ ਬਰਾਮਦਗੀ ਬਾਰੇ ਦੱਸ ਰਿਹਾ ਸੀ ਤਾਂ ਵਿੱਚੋਂ ਹੀ ਟੋਕ ਕੇ ਐੱਸ.ਐੱਸ.ਪੀ. ਨੇ ਪੁੱਛਿਆ, “ਇਹ ਛੱਡ ਤੇ ਦੱਸ ਕਿ ਸ਼ੁਤਰਾਣੇ ਦਾ ਕੀ ਕੀਤਾ ਆ?” ਮੈਂਨੂੰ ਬੁਖਾਰ ਚੜ੍ਹ ਗਿਆ। ਮੇਰੇ ਮੂੰਹੋਂ ਸੱਚ ਨਿਕਲ ਗਿਆ, ‘ਉਸ ਬਾਰੇ ਤਾਂ ਮੇਰੇ ਕੋਲ ਕੋਈ ਠੋਸ ਖਬਰ ਨਹੀਂ ਹੈ।”
ਐੱਸ.ਐੱਸ.ਪੀ. ਮੈਂਨੂੰ ਟੁੱਟ ਕੇ ਪੈ ਗਿਆ, “ਤੈਨੂੰ ਉੱਥੇ ਭੁੱਕੀ ਫੜਨ ਲਈ ਨਹੀਂ, ਸ਼ੁਤਰਾਣਾ ਫੜਨ ਲਈ ਲਗਾਇਆ ਹੈ। ਜੇ ਅੱਗੇ ਤੋਂ ਅਜਿਹੀ ਨਲਾਇਕੀ ਕੀਤੀ ਤਾਂ ਆਪਣੇ ਆਪ ਈ ਪੁਲਿਸ ਲਾਈਨ ਵਿੱਚ ਹਾਜ਼ਰੀ ਪਾ ਲਈਂ।”
ਮੈਂ ਸ਼ਰਮਿੰਦਾ ਜਿਹਾ ਹੋ ਕੇ ਬੈਠ ਗਿਆ। ਮੇਰੇ ਤੋਂ ਬਾਅਦ ਇੱਕ ਖਰਲ ਕੀਤੇ ਐੱਸ.ਐੱਚ.ਓ. ਰਾਮ ਸਿੰਘ (ਨਾਂ ਬਦਲਿਆ ਹੋਇਆ) ਦੀ ਵਾਰੀ ਆਈ। ਉਹ ਪੈਂਦਿਆਂ ਹੀ ਸ਼ੁਰੂ ਹੋ ਗਿਆ, “ਸਰ, ਮੈਂ ਤਾਂ ਸ਼ੁਤਰਾਣੇ ਦੇ ਬਹੁਤ ਈ ਨਜ਼ਦੀਕ ਪਹੁੰਚ ਚੁੱਕਾ ਹਾਂ। ਪਰਸੋਂ ਖਬਰ ਮਿਲੀ ਸੀ ਕਿ ਉਹ ਫਲਾਣੇ ਪਿੰਡ ਆਪਣੀ ਭੂਆ ਨੂੰ ਮਿਲਣ ਆਇਆ ਹੋਇਆ ਹੈ। ਮੈਂ ਅੱਧੀ ਰਾਤ ਨੂੰ ਰੇਡ ਕਰ ਦਿੱਤੀ। ਘਰ ਦੀਆਂ ਦੀਵਾਰਾਂ ਉੱਚੀਆਂ ਹੋਣ ਕਾਰਨ ਬਹੁਤ ਮੁਸ਼ਕਲ ਨਾਲ ਗੰਨਮੈਨਾਂ ਨੇ ਇੱਕ ਦੂਸਰੇ ਦੇ ਮੋਢਿਆਂ ’ਤੇ ਚੜ੍ਹ ਕੇ ਕੰਧਾਂ ਟੱਪੀਆਂ। ਅਸੀਂ ਫਟਾਫਟ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਏ। ਅੰਦਰ ਦੋ ਬਿਸਤਰੇ ਖਾਲੀ ਪਏ ਸਨ। ਹੱਥ ਲਗਾ ਕੇ ਵੇਖਿਆ ਤਾਂ ਬਿਸਤਰੇ ਗਰਮ ਸਨ। ਘਰਦਿਆਂ ਤੋਂ ਪਤਾ ਲੱਗਾ ਕਿ ਉਹ ਸਾਡੇ ਆਉਣ ਸਾਰ ਪਿਛਲੇ ਪਾਸੇ ਵੱਲ ਛਾਲਾਂ ਮਾਰ ਕੇ ਭੱਜ ਗਿਆ ਹੈ। ਬੱਸ ਜਨਾਬ, ਸਾਰੀ ਦੋ ਚਾਰ ਦਿਨਾਂ ਦੀ ਖੇਡ ਹੈ। ਸ਼ੁਤਰਾਣਾ ਫੜ ਕੇ ਤੁਹਾਡੇ ਚਰਨਾਂ ਵਿੱਚ ਸੁੱਟ ਦਿਆਂਗਾਂ।”
ਐੱਸ.ਐੱਸ.ਪੀ. ਨੇ ਉਸ ਨੂੰ ਸ਼ਾਬਾਸ਼ ਦਿੱਤੀ ਤੇ ਮੇਰੇ ਵੱਲ ਕੁਨੱਖਾ ਜਿਹਾ ਝਾਕ ਕੇ ਕਿਹਾ, “ਇਹ ਹੁੰਦਾ ਕੰਮ ਕਰਨ ਦਾ ਤਰੀਕਾ। ਸਿੱਖੋ ਕੁਝ ਇਹਦੇ ਕੋਲੋਂ।”
ਮੈਂ ਚੁੱਪ ਚਾਪ ਸਿਰ ਝੁਕਾਈ ਬੇਇੱਜ਼ਤੀ ਬਰਦਾਸ਼ਤ ਕਰ ਗਿਆ ਤੇ ਨਾਲੇ ਮਨ ਹੀ ਮਨ ਰਾਮ ਸਿੰਘ ਨੂੰ ਗੁਰੂ ਧਾਰਨ ਕਰ ਲਿਆ। ਕੁਝ ਹੀ ਦਿਨਾਂ ਬਾਅਦ ਸੂਤਰਾਣਾ ਯੂ.ਪੀ. ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ ਤੇ ਇਸ ਗੱਲ ਦਾ ਭੇਤ ਖੁੱਲ੍ਹਿਆ ਕਿ ਜਿਸ ਦਿਨ ਰਾਮ ਸਿੰਘ ਨੇ ਉਸ ਨੂੰ ਚੁਬਾਰੇ ਵਿੱਚ ਘੇਰਿਆ ਸੀ, ਉਹ ਉਸ ਵੇਲੇ ਪੀਲੀਭੀਤ ਸ਼ਹਿਰ ਵਿੱਚ ਡੇਅਰੀ ਫਾਰਮ ਬਣਾ ਕੇ ਰਹਿ ਰਿਹਾ ਸੀ ਤੇ ਛੇ ਮਹੀਨਿਆਂ ਤੋਂ ਪੰਜਾਬ ਆਇਆ ਹੀ ਨਹੀਂ ਸੀ। ਬੱਸ ਉਸ ਤੋਂ ਬਾਅਦ ਮੈਂ ਕਦੇ ਕਿਸੇ ਐੱਸ.ਐੱਸ.ਪੀ. ਤੋਂ ਗੱਲ ਨਹੀਂ ਕਹਾਈ ਤੇ ਹਰ ਮੀਟਿੰਗ ਵਿੱਚ ਪੂਰੀ ਤਿਆਰੀ ਕਰ ਕੇ ਗਿਆ।
ਇਸੇ ਤਰ੍ਹਾਂ ਹੀ ਮੇਰੇ ਨਾਲ ਪਹਿਲੀ ਅਦਾਲਤੀ ਪੇਸ਼ੀ ਵੇਲੇ ਹੋਇਆ। ਮੇਰੀ ਸਭ ਤੋਂ ਪਹਿਲੀ ਪੇਸ਼ੀ ਸੰਗਰੂਰ ਜ਼ਿਲ੍ਹੇ ਦੀ ਸੈਸ਼ਨ ਕੋਰਟ ਵਿੱਚ ਇੱਕ ਭੁੱਕੀ ਦੀ ਬਰਾਮਦਗੀ ਦੇ ਕੇਸ ਵਿੱਚ ਹੋਈ ਸੀ। ਮੈਂ ਟੀ ਸ਼ਰਟ, ਜੀਨਜ਼ ਪਹਿਨ ਕੇ ਗਲ਼ ਵਿੱਚ ਸੋਨੇ ਦੀ ਚੇਨ ਲਟਕਾ ਕੇ ਅਦਾਲਤ ਵਿੱਚ ਗਵਾਹੀ ਦੇਣ ਲਈ ਪਹੁੰਚ ਗਿਆ। ਪਹਿਲਾਂ ਤਾਂ ਮੇਰਾ ਹੁਲੀਆ ਵੇਖ ਕੇ ਸਰਕਾਰੀ ਵਕੀਲ ਦੇ ਮੱਥੇ ਵੱਟ ਪੈ ਗਏ ਪਰ ਉਹ ਕੁਝ ਨਾ ਬੋਲਿਆ। ਜਦੋਂ ਮੇਰੇ ਕੇਸ ਦੀ ਵਾਰੀ ਆਈ ਤਾਂ ਮੈਂ ਜਾ ਕੇ ਜੱਜ ਸਾਹਮਣੇ ਖੜ੍ਹਾ ਹੋ ਗਿਆ। ਜੱਜ ਨੇ ਸਰਕਾਰੀ ਵਕੀਲ ਨੂੰ ਕਿਹਾ ਕਿ ਇੰਸਪੈਕਟਰ ਨੂੰ ਬੁਲਾਉ, ਤਾਂ ਜੋ ਗਵਾਹੀ ਲਈ ਜਾ ਸਕੇ। ਸਰਕਾਰੀ ਵਕੀਲ ਨੇ ਮੇਰੇ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਸਰ ਇਹ ਹੀ ਇੰਸਪੈਕਟਰ ਹੈ। ਮੈਂਨੂੰ ਵੇਖ ਕੇ ਜੱਜ ਦਾ ਪਾਰਾ ਸੱਤਵਾਂ ਅਸਮਾਨ ਤੇ ਪਹੁੰਚ ਗਿਆ, “ਉਏ ਤੂੰ ਇੰਸਪੈਕਟਰ ਐਂ ਕਿ ਸੰਜੇ ਦੱਤ? ਸੈਰ ਕਰਨ ਆਇਆਂ ਇੱਥੇ? ਚੱਲ ਅਦਾਲਤ ਤੋਂ ਬਾਹਰ ਹੋ ਜਾ। ਅੱਗੇ ਤੋਂ ਵਰਦੀ ਪਾ ਕੇ ਆਈਂ ਜਾਂ ਘੱਟੋ ਘੱਟ ਕੱਪੜੇ ਤਾਂ ਅਫਸਰਾਂ ਵਰਗੇ ਪਾਉਣੇ ਸਿੱਖ ਲੈ।”
ਮੈਂ ਤਰੇਲੀਉ ਤਰੇਲੀ ਹੋ ਗਿਆ ਤੇ ਮਸਾਂ ਮੁਆਫੀ ਮੰਗ ਕੇ ਜਾਨ ਛੁਡਾਈ। ਉਸ ਦਿਨ ਤੋਂ ਬਾਅਦ ਅੱਜ ਤਕ ਮੈਂ ਕਦੇ ਅਦਾਲਤ ਵਿੱਚ ਵਰਦੀ ਪਾਏ ਬਗੈਰ ਨਹੀਂ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2479)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)