BalrajSidhu7ਉਸ ਬੋਹੜ ਦੀ ਦਾਹੜੀ ਤੋਂ ਇੱਕ ਤੀਲਾ ਤੋੜ ਕੇ ਮੂੰਹ ਵਿੱਚ ਪਾ ਕੇ ਚੱਬਦੇ ਹੋਏ ਘਰ ਪਰਤਣਾ ਹੈ। ਪਰ ਖਬਰਦਾਰ! ਉਹ ਤੀਲਾ ...
(23 ਅਕਤੂਬਰ 2017)

 

ਸਾਡਾ ਇੱਕ ਸਾਥੀ ਸਵਰਨ ਸਿੰਘ ਖੰਨਾ ਸ਼ੌਕੀਆ ਜੋਤਸ਼ੀ ਹੈ। ਉਹ ਵਿਹਲੇ ਸਮੇਂ ਕਰਿਉਲੌਜੀ, ਪਾਮਿਸਟਰੀ, ਐਸਟਰੌਲੋਜੀ, ਨੰਬਰੌਲੋਜੀ ਆਦਿ ਦੀਆਂ ਕਿਤਾਬਾਂ ਘੋਟਦਾ ਰਹਿੰਦਾ ਹੈ। ਭਾਰਤੀ ਮਾਨਸਿਕਤਾ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਹਰ ਇਨਸਾਨ ਆਪਣੇ ਭਵਿੱਖ ਬਾਰੇ ਜਾਨਣ ਲਈ ਉਤਸੁਕ ਹੈ। ਮਿਹਨਤ ਕਰਨ ਦੀ ਬਜਾਏ ਸਿਰ ’ਤੇ ਪਈਆਂ ਹੋਈਆਂ ਮੁਸੀਬਤਾਂ ਨੂੰ ਟਾਲਣ ਲਈ ਦੈਵੀ ਮਦਦ ਪ੍ਰਾਪਤ ਕਰਨੀ ਚਾਹੁੰਦਾ ਹੈ। ਚੰਗੇ ਬੁਰੇ ਦਿਨ ਹਰ ਇਨਸਾਨ ਦੇ ਆਉਂਦੇ ਹਨ। ਜੇ ਸਾਰੇ ਸੁਖੀ ਹੋ ਜਾਣ ਤਾਂ ਫਿਰ ਦੁਨੀਆਂ ਕਿਵੇਂ ਚੱਲੇਗੀ? ਜੇ ਕਿਸੇ ਦੇ ਬੱਚੇ ਨਲਾਇਕ ਨਿਕਲ ਆਉਣ, ਕਾਰੋਬਾਰ, ਨੌਕਰੀ ਜਾਂ ਫਸਲ ’ਤੇ ਕਸ਼ਟ ਆ ਜਾਵੇ, ਘਰ ਦਾ ਕੋਈ ਮੈਂਬਰ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਲੋਕ ਸ਼ਾਰਟ ਕੱਟ ਹੱਲ ਲੱਭਣ ਲਈ ਫੌਰਨ ਬਾਬਿਆਂ-ਜੋਤਸ਼ੀਆਂ ਵੱਲ ਦੌੜ ਲਗਾ ਦੇਂਦੇ ਹਨ। ਜੋਤਸ਼ੀ ਪਹਿਲਾਂ ਹੀ ਅਜਿਹੇ ਸ਼ਿਕਾਰ ਦੀ ਉਡੀਕ ਵਿੱਚ ਬਾਘੜ ਬਿੱਲੇ ਵਾਂਗ ਘਾਤ ਲਾਈ ਬੈਠੇ ਹੁੰਦੇ ਹਨ। ਉਹ ਉਪਾਅ ਦੱਸਣ ਦੇ ਨਾਮ ਹੇਠ ਘੱਟੋ ਘੱਟ 1100 ਰੁਪਏ ਤਾਂ ਝਟਕਾ ਹੀ ਲੈਂਦੇ ਹਨ। ਨਹਿਰਾਂ-ਨਦੀਆਂ ਦਾ 50% ਪਾਣੀ ਤਾਂ ਇਹਨਾਂ ਲੋਕਾਂ ਦੀਆਂ ਕਰਤੂਤਾਂ ਕਾਰਨ ਹੀ ਪਲੀਤ ਹੋਇਆ ਪਿਆ ਹੈ। ਮੂਰਖਾਂ ਨੂੰ ਪਿੱਛੇ ਲਗਾ ਕੇ ਹਜ਼ਾਰਾਂ ਟਨ ਗੰਦ ਮੰਦ ਪਲਾਸਟਿਕ ਵਿੱਚ ਲਪੇਟ ਕੇ ਚੱਲਦੇ ਪਾਣੀ ਵਿੱਚ ਵਹਾਈ ਜਾਂਦੇ ਹਨ। ਕਦੇ ਹਵਾ-ਪਾਣੀ ਗੰਦਾ ਕਰਨ ਨਾਲ ਵੀ ਰੱਬ ਖੁਸ਼ ਹੋ ਸਕਦਾ ਹੈ?

ਸਵਰਨ ਦੀ ਮਹਿਮਾ ਸੁਣ ਕੇ ਕਈ ਵਹਿਮੀ ਕਿਸਮ ਦੇ ਬੰਦੇ ਉਪਾਅ ਕਰਾਉਣ ਲਈ ਉਸ ਕੋਲ ਤੁਰੇ ਰਹਿੰਦੇ ਹਨ। ਵਿਹਾਰਕ ਕਿਸਮ ਦਾ ਇਨਸਾਨ ਹੋਣ ਕਾਰਨ ਉਹ ਪੀੜਤ ਵਿਅਕਤੀ ਦੇ ਹਾਲਾਤ ਵੇਖ ਕੇ ਅਜਿਹੇ ਸਟੀਕ ਉਪਾਅ ਦੱਸਦਾ ਹੈ ਕਿ ਅਗਲੇ ਦਾ ਲਾਜ਼ਮੀ ਫਾਇਦਾ ਹੁੰਦਾ ਹੈ। ਇੱਕ ਦਿਨ ਉਸ ਦਾ ਇੱਕ ਸਵਾ ਕੁ ਕਵਿੰਟਲ ਦਾ ਰਿਸ਼ਤੇਦਾਰ ਤੇਜਾ ਉਸ ਦੇ ਘਰ ਆਇਆ। ਸਰਕਾਰੀ ਕਵਾਟਰ ਦੀਆਂ 20-25 ਪੌੜੀਆਂ ਚੜ੍ਹਨ ਕਾਰਨ ਉਹ ਬੁਰੀ ਤਰ੍ਹਾਂ ਹੌਂਕ ਰਿਹਾ ਸੀ। ਪਾਣੀ ਧਾਣੀ ਪੀ ਕੇ ਜਦੋਂ ਤੇਜੇ ਦੇ ਸਾਹ ਵਿੱਚ ਸਾਹ ਆਇਆ ਤਾਂ ਉਸ ਨੇ ਆਪਣਾ ਦੁੱਖੜਾ ਰੋਇਆ ਕਿ ਉਸ ਦਾ ਵਪਾਰ ਬੁਰੀ ਤਰ੍ਹਾਂ ਨਾਲ ਘਾਟੇ ਵਿੱਚ ਚੱਲ ਰਿਹਾ ਹੈ ਤੇ ਪਰਿਵਾਰ ਵਿੱਚ ਲੜਾਈ ਝਗੜਾ ਰਹਿੰਦਾ ਹੈ। ਲੱਗਦਾ ਹੈ ਕੋਈ ਦਿਨਾਂ ਦਾ ਹੇਰ ਫੇਰ ਹੈ। ਇਸ ਦੇ ਨਾਲ ਨਾਲ ਤੇਜੇ ਨੇ ਪੇਟ ਗੈਸ, ਖੱਟੇ ਡਕਾਰ, ਗੋਡੇ ਦੁਖਣੇ ਅਤੇ ਹੋਰ ਅਨੇਕਾਂ ਆਪ ਸਹੇੜੀਆਂ ਬਿਮਾਰੀਆਂ ਦੀ ਲੰਬੀ ਲਿਸਟ ਸਵਰਨ ਨੂੰ ਗਿਣਾ ਦਿੱਤੀ। ਉਸ ਨੇ ਬਹੁਤ ਅਧੀਨਗੀ ਜਿਹੀ ਨਾਲ ਕੋਈ ਉਪਾਅ ਕਰਨ ਦੀ ਬੇਨਤੀ ਕੀਤੀ। ਸਵਰਨ ਨੂੰ ਪਤਾ ਸੀ ਕਿ ਇਹ ਮਾਸ ਦਾ ਪਹਾੜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7-8 ਵਜੇ ਤੱਕ ਦੁਕਾਨ ਦੀ ਪੋਲੀ ਗੱਦੀ ’ਤੇ ਪਸਰਿਆ ਰਹਿੰਦਾ ਹੈ। ਨਾ ਤਾਂ ਪੈਦਲ ਤੁਰਦਾ ਹੈ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਕਸਰਤ ਕਰਦਾ ਹੈ। ਹਰ ਵੇਲੇ ਬੱਕਰੀ ਵਾਂਗ ਚਰਦਾ ਰਹਿੰਦਾ ਹੈ। ਦੁਕਾਨ ਅੱਗੋਂ ਲੰਘਣ ਵਾਲੇ ਕਿਸੇ ਕੁਲਫੀ, ਖੱਟੇ ਲੱਡੂ, ਗੋਲਗੱਪੇ ਅਤੇ ਟਿੱਕੀਆਂ ਵਾਲੇ ਨੂੰ ਸੁੱਕਾ ਨਹੀਂ ਜਾਣ ਦੇਂਦਾ। ਰਾਤ ਨੂੰ ਅਧੀਆ ਵੀ ਮਾਰਦਾ ਹੈ ਤੇ ਮੱਛੀ ਮੁਰਗਾ ਵੀ ਪਾੜਦਾ ਹੈ। ਮਰਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਰਿਹਾ ਹੈ। ਦੁਕਾਨ ਦਾ ਸਾਰਾ ਕਾਰੋਬਾਰ ਨੌਕਰਾਂ ਦੇ ਸਿਰ ’ਤੇ ਛੱਡਿਆ ਹੋਇਆ ਹੈ, ਲਾਭ ਸਵਾਹ ਹੋਣਾ ਹੈ?

ਸਵਰਨ ਨੇ ਸੋਚਿਆ ਕਿ ਜੇ ਇਸ ਨੂੰ ਇਹ ਗੱਲਾਂ ਸਿੱਧੀਆਂ ਹੀ ਕਹਿ ਦਿੱਤੀਆਂ ਤਾਂ ਇਸ ਨੇ ਮੰਨਣਾ ਨਹੀਂ। ਇਸ ਨੂੰ ਕਿਸੇ ਤਰੀਕੇ ਨਾਲ ਹੀ ਸਮਝਾਉਣਾ ਪਵੇਗਾ। ਸਵਰਨ ਨੇ ਕਿਸੇ ਮਾਹਿਰ ਜੋਤਸ਼ੀ ਵਾਂਗ ਉਸ ਦੇ ਹੱਥ ਦੀਆਂ ਰੇਖਾਵਾਂ ਦਾ ਮੁਆਇਨਾ ਕੀਤਾ। ਫਿਰ ਉਸ ਦੀ ਜਨਮ ਤਾਰੀਖ ਪੁੱਛ ਕੇ ਇੱਕ ਕਾਗਜ਼ ’ਤੇ ਕੁੰਡਲੀ ਤਿਆਰ ਕਰ ਲਈ। ਇਸ ਤੋਂ ਬਾਅਦ ਉਂਗਲਾਂ ਦਿਆਂ ਪੋਟਿਆਂ ’ਤੇ ਐਵੇਂ ਜਮਾਂ ਘਟਾਉ ਦਾ ਹਿਸਾਬ ਕਿਤਾਬ ਜਿਹਾ ਲਗਾਉਣ ਲੱਗਾ। ਵਿੱਚ ਵਿੱਚ ਉਹ ਨਜ਼ਰ ਭਰ ਕੇ ਰਿਸ਼ਤੇਦਾਰ ਵੱਲ ਵੀ ਵੇਖ ਲੈਂਦਾ। ਤੇਜਾ ਉਸ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਕੋਈ ਨਲਾਇਕ ਵਿਦਿਆਰਥੀ ਪੇਪਰਾਂ ਵੇਲੇ ਆਸ ਭਰੀਆਂ ਨਜ਼ਰਾਂ ਨਾਲ ਮਾਸਟਰ ਵੱਲ ਵੇਖਦਾ ਹੈ। 15-20 ਮਿੰਟਾਂ ਬਾਅਦ ਨਾਂਹ ਪੱਖੀ ਤਰੀਕੇ ਨਾਲ ਸਿਰ ਝਟਕਾ ਕੇ ਮਸੋਸਿਆ ਜਿਹਾ ਮੂੰਹ ਬਣਾ ਕੇ ਸਵਰਨ ਨੇ ਤੇਜੇ ਵੱਲ ਵੇਖਿਆ ਤਾਂ ਉਸ ਨੂੰ ਹਾਰਟ ਅਟੈਕ ਹੋਣ ਨੂੰ ਤਿਆਰ ਹੋ ਗਿਆ। ਸਵਰਨ ਨੇ ਕਿਹਾ ਕਿ ਤੇਰੇ ’ਤੇ ਸਾੜ੍ਹਸਤੀ ਅਤੇ ਰਾਹੂ ਕੇਤੂ ਦਾ ਪ੍ਰਕੋਪ ਹੈ ਤੇ ਸ਼ਨੀ ਵੀ ਭਾਰੂ ਹੈ। ਇਸੇ ਕਾਰਨ ਤੇਰਾ ਕਾਰੋਬਾਰ ਤੇ ਸਿਹਤ ਢਿੱਲੀ ਚੱਲ ਰਹੀ ਹੈ। ਇਸ ਲਈ ਕਰੜਾ ਜਿਹਾ ਉਪਾਅ ਕਰਨਾ ਪਵੇਗਾ ਵਰਨਾ ਡਾਕਟਰਾਂ ਦੀਆਂ ਦਵਾਈਆਂ ਨੇ ਵੀ ਅਸਰ ਨਹੀਂ ਕਰਨਾ।

ਰਿਸ਼ਤੇਦਾਰ ਨੇ ਡਰਦਿਆਂ ਡਰਦਿਆਂ ਖਰਚੇ ਬਾਰੇ ਪੁੱਛਿਆ। ਸਵਰਨ ਨੇ ਬਹੁਤ ਦਾਰਸ਼ਨਿਕ ਅੰਦਾਜ਼ ਵਿੱਚ ਜਵਾਬ ਦਿੱਤਾ ਕਿ ਖਰਚੇ ਵਾਲੇ ਉਪਾਅ ਤਾਂ ਠੱਗ ਕਰਦੇ ਹਨ। ਅਸੀਂ ਲੋਕਾਂ ਦਾ ਭਲਾ ਕਰਨ ਲਈ ਇਹ ਵਿਦਿਆ ਸਿੱਖੀ ਹੈ, ਤੇਰਾ ਮੁਫਤ ਵਿੱਚ ਹੀ ਸਾਰ ਦਿਆਂਗੇ। ਬੱਸ ਛੇ ਕੁ ਮਹੀਨੇ ਥੋੜ੍ਹਾ ਕਸ਼ਟ ਕਰਨਾ ਪਵੇਗਾ। ਸਭ ਤੋਂ ਪਹਿਲਾਂ ਤਾਂ ਸ਼ਰਾਬ ਅਤੇ ਮਾਸ ਦਾ ਘਰ ਅੰਦਰ ਪ੍ਰਵੇਸ਼ ਬੰਦ। ਮੈਦਾ ਅਤੇ ਆਲੂ ਨਹੀਂ ਖਾਣੇ। (ਸਾਰਾ ਜੰਕ ਫੂਡ ਆਲੂਆਂ ਅਤੇ ਮੈਦੇ ਦਾ ਹੀ ਬਣਦਾ ਹੈ) ਘਰ ਦੇ ਵਿਹੜੇ ਵਿੱਚ ਤ੍ਰਿਵੈਣੀ (ਪਿੱਪਲ, ਬੋਹੜ ਅਤੇ ਨਿੰਮ) ਲਗਾ ਕੇ ਰੋਜ਼ ਸੁਬ੍ਹਾ ਸਵੇਰੇ ਸੂਰਜ ਵੱਲ ਮੂੰਹ ਕਰ ਕੇ ਉਹਨਾਂ ਨੂੰ ਪਾਣੀ ਪਾਉਣਾ ਹੈ। ਜਿਵੇਂ ਜਿਵੇਂ ਇਹ ਵਧਦੇ ਜਾਣਗੇ, ਤੇਰੇ ਦੁੱਖ ਘਟਦੇ ਜਾਣਗੇ। ਹੁਣ ਸੁਣ ਸਭ ਤੋਂ ਜਰੂਰੀ ਗੱਲ। ਤੇਰੇ ਘਰ ਤੋਂ ਚੜ੍ਹਦੇ ਵੱਲ ਸੜਕ ਦੇ ਕਿਨਾਰੇ ਇੱਕ ਬੋਹੜ ਦਾ ਦਰਖਤ ਹੈ। ਤੂੰ ਰੋਜ਼ਾਨਾ ਸਵੇਰੇ ਪੈਦਲ ਤੁਰ ਕੇ ਉੱਥੇ ਜਾਣਾ ਹੈ ਤੇ ਉਸ ਦੇ ਦੁਆਲੇ ਸੱਤ ਚੱਕਰ ਲਗਾ ਕੇ ਪੂਰਬ ਵਾਲੇ ਪਾਸੇ ਖੜ੍ਹੇ ਹੋ ਕੇ ਉਸ ਨੂੰ ਮੱਥਾ ਟੇਕਣਾ ਹੈ। ਉਸ ਦੀ ਦਾਹੜੀ ਤੋਂ ਇੱਕ ਤੀਲਾ ਤੋੜ ਕੇ ਮੂੰਹ ਵਿੱਚ ਪਾ ਕੇ ਚੱਬਦੇ ਹੋਏ ਘਰ ਪਰਤਣਾ ਹੈ। ਪਰ ਖਬਰਦਾਰ! ਉਹ ਤੀਲਾ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ। ਨਹੀਂ ਤਾਂ ਮਾੜੇ ਗ੍ਰਹਿ ਵੀ ਅੰਦਰ ਚਲੇ ਜਾਣਗੇ। ਪੀਲੇ ਫਲ (ਨਿੰਬੂ ਆਦਿ) ਸੇਵਨ ਕਰਨੇ ਹਨ।

ਤੇਜੇ ਨੇ ਧੰਨਵਾਦ ਕਰ ਕੇ ਖੁਸ਼ੀ ਖੁਸ਼ੀ ਘਰ ਵੱਲ ਚਾਲੇ ਪਾ ਦਿੱਤੇ। ਉਹ ਬੋਹੜ ਉਸ ਦੇ ਘਰ ਤੋਂ ਕੋਈ ਛੇ-ਸੱਤ ਕਿਲੋਮੀਟਰ ਦੂਰ ਸੀ। ਰੋਜ਼ ਬਾਰਾਂ-ਚੌਦਾਂ ਕਿਲੋਮੀਟਰ ਦੀ ਸੈਰ ਸ਼ੂਰੂ ਹੋ ਗਈ ਸ਼ਰਾਬ ਤੇ ਜੰਕ ਫੂਡ ਛੁੱਟ ਗਿਆ ਤੇ ਨਿੰਬੂਆਂ ਨਾਲ ਵੈਸੇ ਹੀ ਚਰਬੀ ਢਲਦੀ ਹੈ। ਤੇਜਾ ਤਾਂ ਚਾਰ-ਪੰਜ ਮਹੀਨਿਆਂ ਵਿੱਚ ਹੀ ਸ਼ਾਹਰੁਖ਼ ਖਾਨ ਵਰਗਾ ਸਮਾਰਟ ਬਣ ਗਿਆ। ਵਜ਼ਨ ਘਟਣ ਨਾਲ ਜੋੜਾਂ ਦੀਆਂ ਦਰਦਾਂ ਖਤਮ ਹੋ ਗਈਆਂ ਤੇ ਧਿਆਨ ਦੇਣ ਕਾਰਨ ਕਾਰੋਬਾਰ ਵਿੱਚ ਮੁਨਾਫਾ ਹੋਣ ਲੱਗਾ। ਸ਼ਰਾਬ ਛੁੱਟਣ ਨਾਲ ਪਰਿਵਾਰ ਵੀ ਬਾਗੋ ਬਾਗ ਹੋ ਗਿਆ, ਲੜਾਈ ਆਪਣੇ ਆਪ ਬੰਦ ਹੋ ਗਈ। ਪੰਜ ਕੁ ਮਹੀਨਿਆਂ ਬਾਅਦ ਤੇਜਾ ਪਰਿਵਾਰ ਸਮੇਤ ਮਠਿਆਈ ਦਾ ਡੱਬਾ ਲੈ ਕੇ ਸਵਰਨ ਦਾ ਧੰਨਵਾਦ ਕਰਨ ਗਿਆ ਕਿ ਉਸ ਨੇ ਉਸ ਦੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ।

ਸੋਚਣ ਵਾਲੀ ਗੱਲ ਹੈ ਕਿ ਜੇ ਸਵਰਨ ਦੀ ਥਾਂ ਕੋਈ ਠੱਗ ਜੋਤਸ਼ੀ ਹੁੰਦਾ ਤਾਂ ਉਸ ਨੇ ਪੈਸੇ ਕਮਾਉਣ ਲਈ ਸਿੱਧੇ ਪੁੱਠੇ ਉਪਾਅ ਦੱਸ ਕੇ ਤੇਜੇ ਨੂੰ ਹੋਰ ਬਰਬਾਦ ਕਰ ਦੇਣਾ ਸੀ। ਇਹ ਵੀ ਸੱਚ ਹੈ ਕਿ ਸਾਡਾ ਸਮਾਜ ਵਹਿਮਾਂ ਭਰਮਾਂ ਵਿੱਚ ਐਨਾ ਡੁੱਬ ਚੁੱਕਾ ਹੈ ਕਿ ਜੇ ਸਵਰਨ ਤੇਜੇ ਨੂੰ ਸਿੱਧਾ ਸ਼ਰਾਬ ਅਤੇ ਜੰਕ ਫੂਡ ਛੱਡਣ, ਕਸਰਤ ਕਰਨ ਅਤੇ ਨੇਕ ਨੀਤੀ ਨਾਲ ਕੰਮ ਕਰਨ ਦੀ ਤਾਕੀਦ ਕਰਦਾ ਤਾਂ ਉਸ ਨੇ ਅਜਿਹੀ ਸਲਾਹ ਬਕਵਾਸ ਕਹਿ ਕੇ ਹਵਾ ਵਿੱਚ ਉਡਾ ਛੱਡਣੀ ਸੀ। ਇਸ ਲਈ ਜੇ ਅਜਿਹਾ ਤਰੀਕਾ ਅਪਣਾ ਕੇ ਕਿਸੇ ਦੁਖੀ ਬੰਦੇ ਦਾ ਭਲਾ ਹੁੰਦਾ ਹੋਵੇ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ।

*****

(872)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author