“ਜੇ ਕਿਤੇ ਇਹੋ ਖੇਤਾਂ ਵਾਲੀ ਬਿਜਲੀ ਵੀ ਮੀਟਰਾਂ ਰਾਹੀਂ ਮਿਣ ਕੇ ਆਉਂਦੀ ਹੁੰਦੀ ...”
(8 ਅਗਸਤ 2019)
ਪੰਜਾਬ ਦੀ ਹਰਮਨ ਪਿਆਰੀ ਅਖਬਾਰ ਪੰਜਾਬੀ ਜਾਗਰਣ ਵੱਲੋਂ ਸਮੇਂ ਸਮੇਂ ’ਤੇ ਪੰਜਾਬੀਆਂ ਨੂੰ ਆਉਣ ਵਾਲੇ ਜਲ ਸੰਕਟ ਬਾਰੇ ਖਬਰਦਾਰ ਕੀਤਾ ਜਾ ਰਿਹਾ ਹੈ। ਪਰ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਸਾਡੀ ਆਦਤ ਹੈ ਅਸੀਂ ਉਦੋਂ ਜਾਗਦੇ ਹਾਂ ਜਦੋਂ ਸਮਾਂ ਲੰਘ ਚੁੱਕਾ ਹੁੰਦਾ ਹੈ। ਇਸ ਵੇਲੇ ਅੱਧੇ ਤੋਂ ਵੱਧ ਪੰਜਾਬ ਡਾਰਕ ਜ਼ੋਨ ਵਿੱਚ ਆ ਚੁੱਕਾ ਹੈ ਤੇ ਬਾਕੀ ਦਾ ਜਲਦੀ ਹੀ ਆਉਣ ਵਾਲਾ ਹੈ। ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੀ ਥਾਂ ਜ਼ਹਿਰ ਅਤੇ ਹਵਾਵਾਂ ਵਿੱਚ ਆਕਸੀਜਨ ਦੀ ਥਾਂ ਜ਼ਹਿਰੀਲੀਆਂ ਗੈਸਾਂ ਘੁਲ ਗਈਆਂ ਹਨ। ਨਾ ਪੀਣ ਨੂੰ ਸਾਫ ਪਾਣੀ ਤੇ ਨਾ ਸਾਹ ਲੈਣ ਲਈ ਸਾਫ ਹਵਾ ਬਚੀ ਹੈ। ਪਾਣੀ ਹਰ ਸਾਲ ਮੀਟਰਾਂ ਦੇ ਹਿਸਾਬ ਪਤਾਲ ਵੱਲ ਜਾ ਰਿਹਾ ਹੈ। ਝੋਨੇ ਦੇ ਹਰੇਕ ਸੀਜ਼ਨ ਵਿੱਚ ਸਬਮਰਸੀਬਲ ਮੋਟਰਾਂ ਨੀਵੀਂਆਂ ਕਰਨੀਆਂ ਪੈਂਦੀਆਂ ਹਨ। ਰਿਹਾਇਸ਼ੀ ਬਸਤੀਆਂ, ਕਾਰਖਾਨੇ ਅਤੇ ਪਾਣੀ ਡੀਕਣ ਵਾਲੀਆਂ ਫਸਲਾਂ ਹਰ ਰੋਜ ਕਰੋੜਾਂ ਲੀਟਰ ਪਾਣੀ ਚੂਸ ਰਹੀਆਂ ਹਨ। ਸ਼ਹਿਰਾਂ ਦੇ ਸੀਵਰ ਅਤੇ ਫੈਕਟਰੀਆਂ ਦਾ ਅਣਸੋਧਿਆ ਜ਼ਹਿਰ ਸਿੱਧਾ ਨਦੀਆਂ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ। ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸਾਰੇ ਸੈਂਪਲ ਫੇਲ ਹੋ ਗਏ ਹਨ, ਕਿਤੇ ਵੀ ਪਾਣੀ ਪੀਣ ਯੋਗ ਨਹੀਂ ਰਿਹਾ। ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਅਮਰ ਵੇਲ ਵਾਂਗ ਵਧ ਰਹੀਆਂ ਹਨ। ਪੰਜਾਬੀ ਆਪਣੇ ਪੈਰੀਂ ਖੁਦ ਕੁਹਾੜਾ ਮਾਰ ਰਹੇ ਹਨ। ਨੇਤਾ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਹਵਾਈ ਦਾਅਵੇ ਕਰ ਰਹੇ ਹਨ, ਪਰ ਇਹ ਕਾਲਾਹਾਰੀ ਰੇਗਿਸਤਾਨ ਬਣਨ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਅਜਿਹੇ ਪਾਣੀ ਵਿਹੂਣੇ ਪੰਜਾਬ ਦੇ ਦਰਸ਼ਨ ਸਾਡੇ ਨਜ਼ਦੀਕੀ ਪਿੰਡ ਮੁਗਲ ਚੱਕ (ਭਿੱਖੀਵਿੰਡ) ਦੇ ਨਿਵਾਸੀਆਂ ਨੂੰ ਬਿਜਲੀ ਬੋਰਡ ਦੀ ਕ੍ਰਿਪਾ ਨਾਲ ਕਰਨ ਦਾ ਮੌਕਾ ਹਾਸਲ ਹੋਇਆ ਹੈ। ਇਲਾਕੇ ਵਿੱਚ ਭਿਆਨਕ ਹਨੇਰੀ ਤੂਫਾਨ ਆਉਣ ਕਾਰਨ ਬਿਜਲੀ ਦੀਆਂ ਲਾਈਨਾਂ ਟੁੱਟ ਗਈਆਂ ਤੇ ਸਾਰੇ ਪਿੰਡ ਦੀ ਬੱਤੀ ਗੁੱਲ ਹੋ ਗਈ। ਪਹਿਲਾਂ ਤਾਂ ਪਿੰਡ ਵਾਲਿਆਂ ਨੇ ਬਹੁਤਾ ਗੌਲਿਆ ਨਾ, ਪਰ ਦੂਸਰੇ ਦਿਨ ਇਸ ਦਾ ਅਸਰ ਪ੍ਰਤੱਖ ਦਿਖਾਈ ਦੇਣ ਲੱਗਾ। ਸ਼ਾਮ ਤੱਕ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ਖਾਲੀ ਹੋ ਗਈ ਤੇ ਤੀਸਰੇ ਦਿਨ ਸਾਰੇ ਘਰਾਂ ਦੀਆਂ ਟੈਂਕੀਆਂ ਵਿੱਚੋਂ ਪਾਣੀ ਖਤਮ ਹੋ ਗਿਆ। ਹੁਣ ਬਹੁਤੇ ਪਿੰਡਾਂ ਵਿੱਚ ਚੌਵੀ ਘੰਟੇ ਬਿਜਲੀ ਵਾਲੀ ਲਾਈਨ ਪਈ ਹੋਈ ਹੈ, ਇਸ ਲਈ ਹਰ ਘਰ ਵਿੱਚ ਇਨਵਰਟਰ ਲੱਗੇ ਹੋਏ ਹਨ ਜੋ ਜਲਦੀ ਹੀ ਜਵਾਬ ਦੇ ਗਏ। ਇਸ ਕਾਰਨ ਮੋਬਾਇਲ ਫੋਨਾਂ ਦੀਆਂ ਬੈਟਰੀਆਂ ਵੀ ਖਤਮ ਹੋ ਗਈਆਂ। ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਨੌਜਵਾਨਾਂ ਨੂੰ ਪਾਣੀ ਖਤਮ ਹੋਣ ਨਾਲੋਂ ਮੋਬਾਇਲ ਬੰਦ ਹੋਣ ਦਾ ਬਹੁਤਾ ਦੁੱਖ ਹੋਇਆ। ਪਾਣੀ ਡੂੰਘਾ ਹੋਣ ਕਾਰਨ ਪਿੰਡ ਵਿੱਚ ਸਿਰਫ ਦੋ ਨਲਕੇ ਚੱਲਦੇ ਹਨ, ਉਹਨਾਂ ਅੱਗੇ ਪਾਣੀ ਲਈ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਪਿੰਡ ਦੇ ਕੁਝ ਨੌਜਵਾਨਾਂ ਨੇ ਹਿੰਮਤ ਕੀਤੀ ਤੇ ਭਿੱਖੀਵਿੰਡ ਕਸਬੇ ਤੋਂ ਟਰਾਲੀਆਂ-ਰੇਹੜਿਆਂ ਉੱਤੇ ਪਾਣੀ ਢੋਹ ਕੇ ਲੋਕਾਂ ਦੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਜਿਆਦਾ ਔਖਿਆਈ ਉਹਨਾਂ ਲੋਕਾਂ ਨੂੰ ਹੋਈ ਜਿਹਨਾਂ ਨੇ ਦੁਧਾਰੂ ਪਸ਼ੂ ਪਾਲ ਰੱਖੇ ਸਨ। ਵਿਚਾਰੇ ਬੇਜ਼ੁਬਾਨ ਬਿਨਾਂ ਪਾਣੀ ਤੋਂ ਤੜਫਣ ਲੱਗੇ। ਉਹਨਾਂ ਨੂੰ ਛੱਪੜ ਦਾ ਗੰਦਾ ਪਾਣੀ ਪੀ ਕੇ ਹੀ ਆਪਣੀ ਪਿਆਸ ਬੁਝਾਉਣੀ ਪਈ। ਆਖਰ ਪੰਚਾਇਤ ਨੇ ਹਿੰਮਤ ਕੀਤੀ ਤੇ ਕਿਤੋਂ ਵੱਡੇ ਜਨਰੇਟਰ ਦਾ ਪ੍ਰਬੰਧ ਕਰ ਕੇ ਵਾਟਰ ਵਰਕਸ ਦੀ ਮੋਟਰ ਚਲਾ ਕੇ ਦੁਬਾਰਾ ਟੈਂਕੀ ਭਰੀ। ਸੱਤ-ਅੱਠ ਦਿਨ ਬਾਅਦ ਜਾ ਕੇ ਕਿਤੇ ਬਿਜਲੀ ਆਈ ਤਾਂ ਲੋਕਾਂ ਦੇ ਸਾਹ ਵਿੱਚ ਸਾਹ ਆਏ।
ਸਿਰਫ ਇੱਕ ਹਫਤੇ ਵਿੱਚ ਹੀ ਲੋਕਾਂ ਨੂੰ ਪਾਣੀ ਦੀ ਕੀਮਤ ਦਾ ਪਤਾ ਲੱਗ ਗਿਆ। ਹੁਣ ਪਿੰਡ ਦੇ ਕੁਝ ਸਿਆਣੇ ਲੋਕ ਪਿੰਡ ਵਾਸੀਆਂ ਨੂੰ ਪਾਣੀ ਸੰਜਮ ਨਾਲ ਵਰਤਣ ਦੀ ਸਲਾਹ ਦੇ ਰਹੇ ਹਨ। ਪਤਾ ਨਹੀਂ ਲੋਕ ਉਹਨਾਂ ਦੀ ਸਲਾਹ ਉੱਤੇ ਅਮਲ ਕਰਦੇ ਹਨ ਜਾਂ ਨਹੀਂ, ਪਰ ਇਹ ਸਭ ਨੂੰ ਪਤਾ ਲੱਗ ਗਿਆ ਹੈ ਕੁਝ ਸਾਲਾਂ ਬਾਅਦ ਆਉਣ ਵਾਲਾ ਜਲ ਸੰਕਟ ਆਰਜ਼ੀ ਨਹੀਂ, ਬਲਕਿ ਸਥਾਈ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਅਖਬਾਰਾਂ-ਇਸ਼ਤਿਹਾਰਾਂ ਰਾਹੀਂ ਕਰੋੜਾਂ ਰੁਪਏ ਫੂਕ ਕੇ ਪਾਣੀ ਬਚਾਉਣ ਦੀਆਂ ਅਪੀਲਾਂ-ਬੇਨਤੀਆਂ ਕਰਨ ਦੀ ਬਜਾਏ ਸਾਰੇ ਪੰਜਾਬ ਦਾ ਬਿਜਲੀ ਪਾਣੀ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪਾਣੀ ਦੀ ਕਦਰ ਦਾ ਪਤਾ ਲੱਗ ਸਕੇ। ਇਸ ਨਾਲ ਕੁਝ ਦਿਨਾਂ ਲਈ ਦਰਿਆਵਾਂ ਵਿੱਚ ਜ਼ਹਿਰੀਲਾ ਪਾਣੀ ਪੈਣਾ ਵੀ ਬੰਦ ਹੋ ਜਾਵੇਗਾ। ਮੁਗਲ ਚੱਕ ਵਾਲਿਆਂ ਨੂੰ ਇਸ ਪਾਣੀ ਬੰਦੀ ਦਾ ਇਹ ਫਾਇਦਾ ਜਰੂਰ ਹੋਇਆ ਕਿ ਗੰਦੇ ਪਾਣੀ ਨਾਲ ਲਬਾ ਲਬ ਭਰਿਆ ਕੰਢਿਆਂ ਤੋਂ ਬਾਹਰ ਉੱਛਲ ਰਿਹਾ ਛੱਪੜ ਕੁਝ ਊਣਾ ਹੋ ਗਿਆ। ਸਮਾਂ ਰਹਿੰਦੇ ਸਾਨੂੰ ਇਸ ਬਾਰੇ ਸੋਚਣਾ ਪਵੇਗਾ ਵਰਨਾ ਇਹ ਹਾਲਾਤ ਸਾਰੇ ਪੰਜਾਬ ਵਿੱਚ ਬਹੁਤ ਜਲਦੀ ਹੋਣ ਵਾਲੇ ਹਨ। ਸਿਰਫ ਇਹ ਉਮੀਦ ਰੱਖਣੀ ਕਿ ਸਰਕਾਰਾਂ ਕੁਝ ਕਰਨਗੀਆਂ, ਨਿਰੀ ਬੇਵਕੂਫੀ ਹੈ। ਵੀ.ਆਈ.ਪੀ. ਇਲਾਕਿਆਂ ਵਿੱਚ ਨਾ ਤਾਂ ਕਦੇ ਬਿਜਲੀ ਪਾਣੀ ਖਤਮ ਹੋਣਾ ਹੈ ਤੇ ਨਾ ਹੀ ਕਦੇ ਦੰਗੇ ਹੁੰਦੇ ਹਨ। ਇਹ ਸਿਰਫ ਆਮ ਲੋਕਾਂ ਦੀਆਂ ਬਸਤੀਆਂ, ਸ਼ਹਿਰਾਂ ਅਤੇ ਪਿੰਡਾਂ ਦੀ ਸਮੱਸਿਆ ਹੈ। ਪਾਣੀ ਵਰਤਣ ਤੋਂ ਬਾਅਦ ਟੂਟੀ ਬੰਦ ਕਰਨ ਨਾਲ ਕੁਝ ਵੀ ਨਹੀਂ ਘਟਦਾ।
ਅਸਲ ਵਿੱਚ ਪਾਣੀ ਦੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਣ ਇਸ ਦਾ ਸਸਤਾ ਤੇ ਤਕਰੀਬਨ ਮੁਫਤ ਹੋਣਾ ਹੈ। ਜੇ ਕਿਤੇ ਇਸ ਦੇ ਰੇਟ ਵੀ ਬਿਜਲੀ ਵਾਂਗ ਤਿੱਖੇ ਹੋਣ ਤਾਂ ਲੋਕ ਵਿਹੜੇ-ਕਾਰਾਂ ਧੋਣੀਆਂ ਤਾਂ ਦੂਰ, ਨਹਾਇਆ ਵੀ ਤੀਸਰੇ ਦਿਨ ਕਰਨ। ਭੱਜ ਭੱਜ ਕੇ ਬਲਬਾਂ ਵਾਂਗ ਘਰਾਂ ਦੀਆਂ ਟੂਟੀਆਂ ਬੰਦ ਕਰਿਆ ਕਰਨ। ਪਿੱਛੇ ਜਿਹੇ ਤਾਮਿਨਾਡੂ ਦੀ ਖਬਰ ਆਈ ਸੀ ਕਿ ਪਿੰਡਾਂ ਵਿੱਚ ਲੋਕ ਨਹਾਉਣ ਲਈ ਵਰਤੇ ਜਾ ਰਹੇ ਪਾਣੀ ਨਾਲ ਬਾਅਦ ਵਿੱਚ ਭਾਂਡੇ ਤੇ ਕੱਪੜੇ ਧੋ ਰਹੇ ਹਨ। ਅਸਲ ਵਿੱਚ ਮੁਫਤ ਵਿੱਚ ਮਿਲੀ ਚੀਜ਼ ਦਾ ਕੋਈ ਦਰਦ ਨਹੀਂ ਹੁੰਦਾ। ਪੰਜਾਬ ਸਰਕਾਰ ਨੇ ਪਾਣੀ ਬਚਾਉਣ ਲਈ ਝੋਨਾ ਬੀਜਣ ਦਾ ਟਾਈਮ ਲੇਟ ਕਰ ਦਿੱਤਾ ਹੈ। ਪਰ ਮਾਲਵੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਮੂਰਖਤਾ ਕੀਤੀ ਜਾ ਰਹੀ ਹੈ। ਕਣਕ ਦੇ ਖਾਲੀ ਖੇਤਾਂ ਨੂੰ ਲਗਾਤਾਰ ਪਾਣੀ ਛੱਡਿਆ ਜਾਂਦਾ ਹੈ ਕਿ ਇਹ ਠੰਢੇ ਰਹਿਣਗੇ ਤੇ ਝੋਨਾ ਵੱਧ ਹੋਵੇਗਾ। ਦੱਸੋ ਹੁਣ ਸਰਕਾਰ ਅਜਿਹੇ ਮੂਰਖਾਂ ਦਾ ਕੀ ਇਲਾਜ ਕਰ ਸਕਦੀ ਹੈ, ਜਿਹਨਾਂ ਨੇ ਪਾਣੀ ਬਰਬਾਦ ਕਰਨ ਦਾ ਠੇਕਾ ਲਿਆ ਹੋਇਆ ਹੈ। ਜੇ ਕਿਤੇ ਇਹੋ ਖੇਤਾਂ ਵਾਲੀ ਬਿਜਲੀ ਵੀ ਮੀਟਰਾਂ ਰਾਹੀਂ ਮਿਣ ਕੇ ਆਉਂਦੀ ਹੁੰਦੀ ਤੇ ਮੋਟੇ ਮੋਟੇ ਬਿੱਲ ਆਉਂਦੇ ਤਾਂ ਲੋਕ ਇਸ ਤਰ੍ਹਾਂ ਕਦੇ ਵੀ ਪਾਣੀ ਬਰਬਾਦ ਨਾ ਕਰਦੇ। ਬਿਜਲੀ ਵੀ ਫਰੀ ਤੇ ਪਾਣੀ ਵੀ ਫਰੀ। ਇਹ ਸੋਚਣਾ ਕਿ ਜੇ ਦੂਸਰਾ ਪਾਣੀ ਬਰਬਾਦ ਕਰ ਰਿਹਾ ਹੈ ਤਾਂ ਮੈਂ ਕਿਉਂ ਨਾ ਕਰਾਂ, ਪਰਲੋ ਨੂੰ ਅਵਾਜ਼ਾਂ ਮਾਰਨ ਵਾਲੀ ਗੱਲ ਹੈ। ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ, ਤਾਂ ਜਾ ਕੇ ਇਸ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ।
**
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1693)
(ਸਰੋਕਾਰ ਨਾਲ ਸੰਪਰਕ ਲਈ: