“ਇਹਨੀਂ ਦਿਨੀਂ ਪੰਜਾਬ ਪੁਲਿਸ ਕਈ ਤਰ੍ਹਾਂ ਦੀਆਂ ਮੁਸੀਬਤਾਂ ਨਾਲ ...”
(25 ਸਤੰਬਰ 2019)
ਇਹਨੀਂ ਦਿਨੀਂ ਪੰਜਾਬ ਪੁਲਿਸ ਕਈ ਤਰ੍ਹਾਂ ਦੀਆਂ ਮੁਸੀਬਤਾਂ ਨਾਲ ਘਿਰੀ ਹੋਈ ਹੈ, ਗ੍ਰਹਿ ਦਸ਼ਾ ਠੀਕ ਨਹੀਂ ਚੱਲ ਰਹੀ। ਜੇ ਕੋਈ ਜਵਾਬੀ ਕਾਰਵਾਈ ਕਰਦਾ ਹੈ ਤਾਂ ਮਰਦਾ, ਜੇ ਨਹੀਂ ਕਰਦਾ ਤਾਂ ਮਰਦਾ। ਲੋਕਾਂ ਦੁਆਰਾ ਪੁਲਿਸ ਪਾਰਟੀਆਂ ਉੱਤੇ ਹਿੰਸਕ ਹਮਲੇ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਹਫਤੇ ਦਸਾਂ ਦਿਨ ਬਾਅਦ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਅਸਲ ਵਿੱਚ ਪੁਲਿਸ ਦੀ ਨੌਕਰੀ ਇੰਨੀ ਸੌਖੀ ਨਹੀਂ ਰਹੀ, ਜਿੰਨੀ ਵੇਖਣ ਨੂੰ ਲੱਗਦੀ ਹੈ। ਅਖਬਾਰਾਂ ਜਾਂ ਸੋਸ਼ਲ ਮੀਡੀਆ ਰਾਹੀਂ ਪਬਲਿਕ ਤੱਕ ਪੁਲਿਸ ਦੀ ਸਿਰਫ ਲਾਠੀ ਚਾਰਜ ਕਰਦਿਆਂ ਜਾਂ ਸ਼ਰਾਬੀ ਹੋਇਆਂ ਦੀ ਨਕਾਰਾਤਮਕ ਤਸਵੀਰ ਹੀ ਪਹੁੰਚਦੀ ਹੈ। ਪੁਲਿਸ ਦੁਆਰਾ ਕੀਤੇ ਚੰਗੇ ਕੰਮਾਂ ਦੀ ਕੋਈ ਰਿਪੋਰਟਿੰਗ ਨਹੀਂ ਕਰਦਾ। ਅਨੇਕਾਂ ਵਾਰ ਦੰਗਈ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦੇ ਹਨ, ਪਰ ਪੁਲਿਸ ਵਾਲਾ ਕਿਸੇ ਨੂੰ ਚੁਪੇੜ ਵੀ ਮਾਰ ਦੇਵੇ ਤਾਂ ਵੀਡੀਓ ਬਣਾਉਣ ਲਈ ਪਤਾ ਨਹੀਂ ਕਿੱਥੋਂ ਸੈਂਕੜੇ ਕੈਮਰੇ ਨਿਕਲ ਆਉਂਦੇ ਹਨ? ਨਿਊਜ਼ ਚੈਨਲ ਉਦੋਂ ਤੱਕ ਖਬਰ ਰੀਕਾਸਟ ਕਰੀ ਜਾਂਦੇ ਹਨ, ਜਦ ਤੱਕ ਉਹ ਸਸਪੈਂਡ ਜਾਂ ਬਰਖਾਸਤ ਨਹੀਂ ਹੋ ਜਾਂਦਾ।
ਬਾਕੀ ਸਰਕਾਰੀ ਮਹਿਕਮਿਆਂ ਦੇ ਕਰਮਚਾਰੀ ਆਮ ਤੌਰ ਉੱਤੇ ਉਹੀ ਕੰਮ ਕਰਦੇ ਹਨ, ਜਿਸ ਲਈ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਹੈ। ਮਾਸਟਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਹੈ, ਰੋਡਵੇਜ਼ ਦਾ ਡਰਾਈਵਰ ਬੱਸ ਚਲਾਉਂਦਾ ਹੈ, ਕੰਡਕਟਰ ਟਿਕਟਾਂ ਕੱਟਦਾ ਹੈ, ਤਹਿਸੀਲਦਾਰ ਰਜਿਸਟਰੀਆਂ ਕਰਦਾ ਹੈ ਤੇ ਬਿਜਲੀ ਬੋਰਡ ਵਾਲਾ ਬਿਜਲੀ ਸਬੰਧੀ ਕੰਮ ਕਰਦਾ ਹੈ। ਪਰ ਪੁਲਿਸ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ। ਥਾਣੇਦਾਰ ਨੂੰ ਸਿਰਫ ਐੱਸ.ਐੱਚ.ਓ. ਹੀ ਨਹੀਂ ਲਗਾਇਆ ਜਾਂਦਾ, ਪੁਲਿਸ ਲਾਈਨ ਵਿੱਚ ਐੱਲ.ਓ. ਵੀ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਸ਼ੋਸ਼ੇਬਾਜ਼ ਦਾ ਗੰਨਮੈਨ, ਗਾਰਦ ਇੰਚਾਰਜ, ਅਦਾਲਤ ਵਿੱਚ ਮੁਲਜ਼ਮ ਭੁਗਤਾਉਣੇ, ਕੇਸਾਂ ਦੀ ਤਫਤੀਸ਼, ਟਰੈਫਿਕ ਕੰਟਰੋਲ, ਵੀ.ਆਈ.ਪੀ. ਸੁਰੱਖਿਆ, ਇਲੈਕਸ਼ਨ ਡਿਊਟੀ, ਪੀ.ਏ.ਪੀ., ਆਈ.ਆਰ.ਬੀ., ਕਮਾਂਡੋ ਅਤੇ ਦਫਤਰ ਆਦਿ ਕਿਸੇ ਵੀ ਡਿਊਟੀ ਉੱਤੇ ਤਾਇਨਾਤ ਕੀਤਾ ਜਾ ਸਕਦਾ ਹੈ। ਕਿਸੇ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਮੁਜ਼ਾਹਰਾ ਚਾਹੇ ਡੀ.ਸੀ., ਮਾਲ ਮਹਿਕਮੇ, ਨਹਿਰੀ ਵਿਭਾਗ, ਬਿਜਲੀ ਬੋਰਡ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਖਿਲਾਫ ਹੋਵੇ, ਆਖਰ ਵਿੱਚ ਪੁਲਿਸ ਦੇ ਗੱਲ ਦੀ ਹੱਡੀ ਹੀ ਬਣਦਾ ਹੈ। ਕਤਲ, ਬਲਾਤਕਾਰ ਜਾਂ ਅਗਵਾ ਕੋਈ ਬਸਮਾਸ਼ ਕਰਦਾ ਹੈ, ਪਰ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾ ਕੇ ਗੱਡੀਆਂ ਪੁਲਿਸ ਦੀਆਂ ਫੂਕ ਦਿੱਤੀਆਂ ਜਾਂਦੀਆਂ ਹਨ। ਲੋਕਾਂ ਦੀਆਂ ਉਮੀਦਾਂ ਪੁਲਿਸ ਤੋਂ ਬਹੁਤ ਜ਼ਿਆਦਾ ਵਧ ਗਈਆਂ ਹਨ। ਉਹ ਬਾਕੀ ਮਹਿਕਮਿਆਂ ਦੇ ਕੰਮ ਵੀ ਪੁਲਿਸ ਤੋਂ ਹੀ ਕਰਵਾਉਣੇ ਚਾਹੁੰਦੇ ਹਨ। ਇਹ ਡਿਊਟੀਆਂ ਨਿਭਾਉਣ ਖਾਤਰ ਅੱਜ ਦੇ ਪੁਲਿਸ ਮੁਲਾਜ਼ਮ ਨੂੰ ਸੁਪਰਮੈਨ ਵਰਗਾ ਬਲਸ਼ਾਲੀ, ਸਖਤ ਤੇ ਤੇਜ਼ ਤਰਾਰ ਬਣਨਾ ਹੋਵੇਗਾ ਤੇ ਆਪਣੇ ਵਿੱਚ ਹੇਠ ਲਿਖੀਆਂ ਖਾਸੀਅਤਾਂ ਪੈਦਾ ਕਰਨੀਆਂ ਪੈਣਗੀਆਂ ਵਰਨਾ ਘਰ ਜਾਣ ਲਈ ਫਾਜ਼ਿਲਕਾ ਦੇ ਐੱਸ.ਐੱਚ.ਓ. ਵਾਂਗ ਜੁੱਲੀ ਬਿਸਤਰਾ ਬੰਨ੍ਹ ਕੇ ਰੱਖੇ।
ਉਸ ਨੂੰ ਕਾਨੂੰਨ ਦੀ ਹਰ ਬਰੀਕੀ ਦਾ ਗਿਆਨ ਹੋਣਾ ਚਾਹੀਦਾ ਹੈ। ਆਈ.ਪੀ.ਸੀ., ਸੀ.ਆਰ.ਪੀ.ਸੀ. ਅਤੇ ਸਾਰੇ ਐਕਟ, ਇੱਥੋਂ ਤੱਕ ਕਿ ਪਾਕਿਸਤਾਨ, ਸ੍ਰੀ ਲੰਕਾ, ਨੇਪਾਲ ਅਤੇ ਬੰਗਲਾ ਦੇਸ਼ ਵਰਗੇ ਗੁਆਂਢੀ ਦੇਸ਼ਾਂ ਦੇ ਕਾਨੂੰਨ ਵੀ ਤੋਤੇ ਵਾਂਗ ਰਟੇ ਹੋਣੇ ਚਾਹੀਦੇ ਹਨ। ਕੰਪਿਊਟਰ, ਲੈਪਟਾਪ, ਇੰਟਰਨੈੱਟ ਅਤੇ ਹਰ ਪ੍ਰਕਾਰ ਦਾ ਵਹੀਕਲ (ਸਮੇਤ ਹੈਲੀਕਾਪਟਰ ਅਤੇ ਜਹਾਜ਼) ਚਲਾਉਣੇ ਆਉਣੇ ਚਾਹੀਦੇ ਹਨ, ਕਦੇ ਵੀ ਜ਼ਰੂਰਤ ਪੈ ਸਕਦੀ ਹੈ। ਵਾਰਦਾਤ ਹੁੰਦੇ ਸਾਰ ਸ਼ਕਤੀਮਾਨ ਵਾਂਗ ਉੱਡ ਕੇ ਮਿੰਟਾਂ-ਸਕਿੰਟਾਂ ਵਿੱਚ ਮੌਕਾ ਏ ਵਾਰਦਾਤ ਉੱਤੇ ਪਹੁੰਚਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਚੋਰੀ, ਡਾਕਾ, ਕਤਲ ਆਦਿ ਹੁੰਦੇ ਸਾਰ ਅੱਖਾਂ ਮੀਟ ਕੇ ਮੁਲਜ਼ਮ ਦਾ ਹੁਲੀਆ ਕਾਗਜ਼ ਉੱਤੇ ਉਤਾਰਨ ਅਤੇ ਇੱਕ ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਦੀ ਅਲੌਕਿਕ ਸ਼ਕਤੀ ਹੋਣੀ ਚਾਹੀਦੀ ਹੈ। ਗੁਲੇਲ ਤੋਂ ਲੈ ਕੇ ਤੋਪ, ਟੈਂਕ, ਹਰੇਕ ਹਥਿਆਰ ਦੀਆਂ ਬਰੀਕੀਆਂ ਦਾ ਪਤਾ ਹੋਣਾ ਚਾਹੀਦਾ ਹੈ। ਹਾਈ ਕੋਰਟ, ਸੁਪਰੀਮ ਕੋਰਟ, ਆਰ.ਟੀ.ਆਈ., ਪਾਰਲੀਮੈਂਟ ਅਤੇ ਅਸੈਂਬਲੀ ਵਿੱਚ ਦਾਇਰ ਕੇਸਾਂ-ਰਿਟਾਂ ਦੇ ਜਵਾਬ ਤਿਆਰ ਕਰਨੇ ਅਤੇ ਪੱਲਿਉਂ ਕਿਰਾਇਆ ਖਰਚ ਕੇ ਪੇਸ਼ੀਆਂ ਭੁਗਤਣੀਆਂ ਆਉਣੀਆਂ ਚਾਹੀਦੀਆਂ ਹਨ। ਚੰਗਾ ਹੋਵੇਗਾ ਜੇ ਵਕਾਲਤ ਦਾ ਇਮਤਿਹਾਨ ਵੀ ਪਾਸ ਕਰ ਹੀ ਲਵੇ। ਰਾਤ ਭਰ ਉੱਲੂ ਵਾਂਗ ਬਿਨਾਂ ਪਲਕ ਝਪਕਾਏ ਜਾਗਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਵੈਸੇ ਪੁਲਿਸ ਵਿੱਚ ਬਹੁਤੇ ਮੁਲਾਜ਼ਮ ਉਨੀਂਦਰੇ ਦੀ ਬਿਮਾਰੀ ਦੇ ਮਰੀਜ਼ ਭਰਤੀ ਕਰਨੇ ਚਾਹੀਦੇ ਹਨ ਤਾਂ ਜੋ ਚੈਕਿੰਗ ਦੀ ਜ਼ਰੂਰਤ ਹੀ ਨਾ ਪਵੇ। ਅੱਤਵਾਦੀਆਂ ਦੀਆਂ ਯੋਜਨਾਵਾਂ ਬਾਰੇ ਪਹਿਲਾਂ ਹੀ ਇਲਮ ਹੋਵੇ ਤੇ ਹਮਲਾ ਹੋਣ ਤੋਂ ਪਹਿਲਾਂ ਹੀ ਬੈਟਮੈਨ ਵਾਂਗ ਐਂਟਰੀ ਮਾਰ ਜਾਵੇ। ਸਿਰਫ ਸੁੰਘ ਕੇ ਵੱਡੇ ਤੋਂ ਵੱਡੇ ਅਪਰਾਧੀ ਦਾ ਪਤਾ ਲਗਾਉਣਾ ਆਉਣਾ ਚਾਹੀਦਾ ਹੈ। ਲਾਸ਼ਾਂ ਦਾ ਪੋਸਟ ਮਾਰਟਮ ਅਤੇ ਅੰਤਿਮ ਸੰਸਕਾਰ ਦੇ ਅਰਦਾਸ-ਮੰਤਰ ਵੀ ਸਿੱਖ ਲਵੇ ਤਾਂ ਸ਼ਾਇਦ ਜਨਤਾ ਪੁਲਿਸ ਤੋਂ ਥੋੜ੍ਹੀ ਬਹੁਤ ਖੁਸ਼ ਹੋ ਜਾਵੇ।
ਇਲਾਕੇ ਦੀਆਂ ਸਾਰੀਆਂ ਲਵ ਸਟੋਰੀਆਂ ਬਾਰੇ ਪੁਲਿਸ ਮੁਲਾਜ਼ਮ ਨੂੰ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ। ਕਿਸ ਦੀ ਲੜਕੀ ਕਿਸ ਨਾਲ ਭੱਜਣੀ ਹੈ ਤੇ ਜੇ ਭੱਜ ਜਾਵੇ ਤਾਂ ਕਿੱਥੇ ਛਿਪੀ ਹੋਈ ਹੈ, ਪਹਿਲਾਂ ਹੀ ਪਤਾ ਹੋਣਾ ਚਾਹੀਦੀ ਹੈ। ਨਹੀਂ ਤਾਂ ਲੋਕ ਥਾਣੇ ਨੂੰ ਫੂਕਣ ਲੱਗਿਆਂ ਮਿੰਟ ਲਗਾਉਂਦੇ ਹਨ। ਟਰੈਫਿਕ ਜਾਮ ਕਿੱਥੇ ਲੱਗਣਾ ਹੈ ਤੇ ਜੇ ਲੱਗ ਜਾਵੇ ਤਾਂ ਟਰੈਫਿਕ ਕਿਸ ਚੋਰ ਰਸਤੇ ਤੋਂ ਲੰਘਾਉਣੀ ਹੈ, ਉਂਗਲਾਂ ਦੇ ਪੋਟਿਆਂ ਉੱਤੇ ਹੋਵੇ। ਨੋ ਐਂਟਰੀ ਵਿੱਚ ਕਿਸ ਨੂੰ ਘੁਸਣ ਦੇਣਾ ਹੈ ਤੇ ਕਿਸ ਨੂੰ ਨਹੀਂ, ਦੀ ਜਾਣਕਾਰੀ ਤੋਂ ਇਲਾਵਾ ਸ਼ਹਿਰ ਦੇ ਹਰੇਕ ਚੰਗੇ ਮੰਦੇ ਵਿਅਕਤੀ ਦੀ ਪਹਿਚਾਣ ਹੋਵੇ, ਨਹੀਂ ਤਾਂ ਬਠਿੰਡੇ ਵਾਂਗ ਪੰਗਾ ਪੈ ਸਕਦਾ ਹੈ। ਬਰੂਸ ਲੀ, ਜੈਕੀ ਚੈਨ ਅਤੇ ਰੈਂਬੋ ਵਾਂਗ ਫਾਈਟ ਕਰਨੀ ਆਉਣੀ ਚਾਹੀਦੀ ਹੈ, ਨਹੀਂ ਚੌਗਾਵੇਂ ਵਾਲੀ ਹਾਲਤ ਹੋ ਸਕਦੀ ਹੈ। ਪੈਂਦੀਆਂ ਵਿੱਚ ਕੋਈ ਨਹੀਂ ਖੜ੍ਹਦਾ, ਆਪਣੀ ਪਈ ਆਪ ਹੀ ਭੁਗਤਣੀ ਪੈਂਦੀ ਹੈ। ਘਰ ਬਾਰ, ਰਿਸ਼ਤੇਦਾਰਾਂ ਤੇ ਬੱਚਿਆਂ ਦਾ ਮੋਹ ਤਿਆਗ ਕੇ 24 ਘੰਟੇ ਟੈਨਸ਼ਨ ਭਰੀ ਡਿਊਟੀ ਕਰਨ ਤੋਂ ਬਾਅਦ ਵੀ ਡੌਲੇ ਤੇ ਚੁਸਤੀ ਫੁਰਤੀ ਸਲਮਾਨ ਖਾਨ ਦੀ ਫਿਲਮ ਦਬੰਗ ਵਰਗੀ ਹੋਣੀ ਚਾਹੀਦੀ ਹੈ। ਹਰੇਕ ਚੋਰ ਉਚੱਕੇ, ਜ਼ੇਬਕਤਰੇ, ਸਮਗਲਰ, ਗੁੰਡੇ, ਬਦਮਾਸ਼ ਅਤੇ ਟਟਪੂੰਜੀਏ ਨੇਤਾ ਨੂੰ ਸਰ-ਪਲੀਜ਼ ਕਹਿ ਕੇ ਗੱਲ ਕਰਨੀ ਆਉਣੀ ਚਾਹੀਦੀ ਹੈ।
ਥੋੜ੍ਹੇ ਦਿਨ ਪਹਿਲਾਂ ਭਾਰਤ ਦਾ ਚੰਦਰ ਯਾਨ ਮਿਸ਼ਨ ਅਸਫਲ ਹੋ ਗਿਆ ਸੀ। ਕਿਸੇ ਨੇ ਵੀ ਇਸਰੋ ਦੇ ਚੀਫ ਦੀ ਕੋਈ ਨੁਕਤਾਚੀਨੀ ਨਹੀਂ ਕੀਤੀ। ਸਗੋਂ ਪ੍ਰਧਾਨ ਮੰਤਰੀ ਨੇ ਜੱਫੀ ਪਾ ਕੇ ਉਸ ਦਾ ਹੌਸਲਾ ਵਧਾਇਆ। ਪਰ ਜੇ ਕਿਤੇ ਇਸਰੋ ਪੁਲਿਸ ਦੇ ਅੰਡਰ ਹੁੰਦਾ ਤਾਂ ਹੁਣ ਤੱਕ 10-15 ਕਰਮਚਾਰੀ ਸਸਪੈਂਡ ਹੋ ਚੁੱਕੇ ਹੋਣੇ ਸੀ ਤੇ ਵਿਚਾਰੇ ਕੰਪਿਊਟਰ ਵਾਲੇ ਤਾਂ ਡਿਸਮਿਸ ਹੀ ਹੋ ਜਾਂਦੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1746)
(ਸਰੋਕਾਰ ਨਾਲ ਸੰਪਰਕ ਲਈ: