BalrajSidhu7ਲੋਕ ਭੇਡਾਂ ਵਾਂਗ ਗੱਡੀਆਂ ਬੱਸਾਂ ਭਰ ਕੇ ਡੇਰਿਆਂ ਵੱਲ ਤੁਰੇ ਰਹਿੰਦੇ ਹਨ। ਕੁਝ ਦਿਨਾਂ ਤਕ ...
(19 ਮਾਰਚ 2018)

 

ਅੱਜਕਲ੍ਹ ਭਾਰਤ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਇੱਕ ਦੂਸਰੇ ਦੇ ਸਤਿਕਾਰਿਤ ਨੇਤਾਵਾਂ ਦੀਆਂ ਮੂਰਤੀਆਂ ਦੀ ਬੇਹੁਰਮਤੀ ਕਰਨ ਦੀ ਭੇਡਚਾਲ ਚੱਲ ਰਹੀ ਹੈ। ਉਹ ਤਾਂ ਦੇਸ਼ ਦੀ ਜਨਤਾ ਸਮਝਦਾਰੀ ਕਰ ਗਈ ਨਹੀਂ ਇਹਨਾਂ ਲੋਕਾਂ ਨੇ ਤਾਂ ਦੰਗੇ ਭੜਕਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ। ਭਾਰਤ ਵਿੱਚ ਭੇਡਚਾਲ ਦਾ ਪ੍ਰਚਲਣ ਬਹੁਤ ਪੁਰਾਣਾ ਹੈਇੱਕ ਬੰਦਾ ਅੱਗੇ ਲੱਗ ਕੇ ਨਾਅਰੇ ਮਾਰਦਾ ਤੁਰ ਪਵੇ ਤਾਂ 20 ਪਿਛਲੱਗ ਐਵੇਂ ਹੀ ਲਾ-ਲਾ, ਲਾ-ਲਾ ਕਰਦੇ ਉਸ ਦੇ ਮਗਰ ਤੁਰ ਪੈਣਗੇ। ਪਰ ਸਿਰਫ ਪੁੱਠੇ ਕੰਮ ਕਰਨ ਲਈ। ਸਾਡੇ ਲੋਕ ਭਲੇ ਕੰਮ ਕਰਨ ਲਈ ਕਦੇ ਭੇਡਚਾਲ ਨਹੀਂ ਕਰਦੇ। ਪੰਜਾਬ ਵਿੱਚ ਭਗਤ ਪੂਰਨ ਸਿੰਘ ਦੀ ਵੇਖਾ ਵੇਖੀ ਕਿੰਨੇ ਕੁ ਪਿੰਗਲਵਾੜੇ ਅਤੇ ਯਤੀਮਖਾਨੇ ਬਣੇ ਹਨ ਤੇ ਕਿੰਨੇ ਕੁ ਲੋਕ ਬਾਬਾ ਸੀਚੇਵਾਲ ਦੇ ਮਗਰ ਲੱਗ ਕੇ ਪ੍ਰਦੂਸ਼ਣ ਦੇ ਖਿਲਾਫ ਕੰਮ ਕਰ ਰਹੇ ਹਨ? ਅਸੀਂ ਤਾਂ ਤਿੱਥ ਤਿਉਹਾਰਾਂ ’ਤੇ ਪਹਿਲਾਂ ਹੀ ਰੱਜੇ ਪੁੱਜੇ ਲੋਕਾਂ ਨੂੰ ਹੋਰ ਠੂਸ ਠੂਸ ਕੇ ਲੰਗਰ ਛਕਾਉਣਾ ਦੀ ਭੇਡਚਾਲ ਕਰਨੀ ਹੈ ਜਾਂ ਪਿੰਡਾਂ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਧਾਰਮਿਕ ਸਥਾਨ ਉਸਾਰ ਕੇ ਸਵੇਰੇ ਸ਼ਾਮ ਪੂਰੀ ਅਵਾਜ਼ ਵਿੱਚ ਸਪੀਕਰ ਚਲਾ ਕੇ ਲੋਕਾਂ ਦੀ ਸਿਰ ਪੀੜ ਲਗਾਉਣੀ ਹੈ ਜਾਂ ਧਾਰਮਿਕ ਅਤੇ ਰਾਜਨੀਤਕ ਜਲਸੇ ਜਲੂਸ ਕੱਢ ਕੇ ਟਰੈਫਿਕ ਵਿੱਚ ਵਿਘਨ ਪਾਉਣਾ ਹੈ। ਕਈ ਵਾਰ ਟਰੈਫਿਕ ਲਾਈਟਾਂ ਦੀ ਲਾਲ ਬੱਤੀ ’ਤੇ ਗੱਡੀਆਂ ਦੀ ਲਾਈਨ ਲੱਗੀ ਹੁੰਦੀ ਹੈ। ਲੋਕ ਅਰਾਮ ਨਾਲ ਹਰੀ ਬੱਤੀ ਦੀ ਉਡੀਕ ਕਰ ਰਹੇ ਹੁੰਦੇ ਹਨ ਕਿ ਪਿੱਛੋਂ ਇੱਕ ਮਹਾਂਮੂਰਖ ਆ ਕੇ ਲਾਲ ਬੱਤੀ ਤੋਂ ਗੱਡੀ ਕੱਢ ਕੇ ਲੈ ਜਾਂਦਾ ਹੈ। ਬੱਸ ਹੋ ਗਈ ਭੇਡਚਾਲ ਸ਼ੁਰੂ। ਉਸਦੀ ਵੇਖਾ ਵੇਖੀ ਬਾਕੀ ਭੇਡਾਂ ਵੀ ਚੱਲ ਪੈਂਦੀਆਂ ਹਨ। ਜਿਹੜੇ ਚੰਗੇ ਭਲੇ ਬੰਦੇ ਲਾਈਨ ਵਿੱਚ ਲੱਗੇ ਹੁੰਦੇ ਹਨ, ਉਹਨਾਂ ਵੱਲ ਕੋਈ ਨਹੀਂ ਵੇਖਦਾ, ਬੱਸ ਮਾੜੇ ਬੰਦੇ ਦੀ ਰੀਸ ਕਰਨੀ ਹੁੰਦੀ ਹੈ।

ਸ਼ਹਿਰਾਂ ਵਿੱਚ ਕੋਠੀਆਂ ਦੇ ਵਿਹੜੇ ਅਤੇ ਗੱਡੀਆਂ ਧੋ ਕੇ ਸੜਕਾਂ ਤੋੜਨ ਦੀ ਭੇਡਚਾਲ ਹੈ। ਜੇ ਰੋਕੋ ਤਾਂ ਕਹਿਣਗੇ ਕਿ ਫਲਾਣਾ ਵੀ ਧੋਂਦਾ ਹੈ, ਪਹਿਲਾਂ ਉਸ ਨੂੰ ਰੋਕੋ। ਪਰ ਜਿਹੜਾ ਗੁਆਂਢੀ ਵਿਹੜਾ ਨਹੀਂ ਧੋਂਦਾ, ਉਸ ਦੀ ਰੀਸ ਕੋਈ ਨਹੀਂ ਕਰਦਾ। ਸ਼ਹਿਰਾਂ ਦੇ ਫਲੈਟਾਂ ਵਿੱਚ ਬੰਦਿਆਂ ਦੇ ਰਹਿਣ ਲਈ ਥਾਂ ਨਹੀਂ, ਪਰ ਲੋਕਾਂ ਨੇ ਦੋ-ਦੋ ਕੁੱਤੇ ਰੱਖੇ ਹੋਏ ਹਨ। ਉਹ ਸਾਰਾ ਦਿਨ ਭੌਂਕ ਭੌਂਕ ਕੇ ਆਂਢ ਗਵਾਂਢ ਦਾ ਸਿਰ ਖਾਂਦੇ ਰਹਿੰਦੇ ਹਨ ਤੇ ਬੂਹਿਆਂ ਅੱਗੇ ਗੰਦ ਪਾਉਂਦੇ ਰਹਿੰਦੇ ਹਨ। ਇੱਕ ਹੋਰ ਭੇਡਚਾਲ ਚੱਲੀ ਹੈ ਅਵਾਰਾ ਕੁੱਤਿਆਂ ਅਤੇ ਗਾਵਾਂ ਨੂੰ ਬੇਹੀਆਂ ਰੋਟੀਆਂ ਪਾਉਣ ਦੀ। ਲੋਕ ਨਾਲੇ ਤਾਂ ਅਵਾਰਾ ਪਸ਼ੂਆਂ ਦੀ ਭਰਮਾਰ ਲਈ ਮਿਊਂਸਪਲ ਕਮੇਟੀਆਂ ਨੂੰ ਗਾਲ੍ਹਾਂ ਕੱਢੀ ਜਾਂਦੇ ਹਨ ਤੇ ਨਾਲੇ ਅਵਾਰਾ ਕੁੱਤਿਆਂ ਦੇ ਝੁੰਡ ਨੂੰ ਰੋਟੀਆਂ ਪਾ ਕੇ ਹੋਰ ਵਧਾਈ ਜਾਂਦੇ ਹਨ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਬਣੇ ਸ਼ਾਨਦਾਰ ਪਲਾਜ਼ਾ ਵਿੱਚ ਲੋਕਾਂ ਨੇ ਵੇਖਾ ਵੇਖੀ ਅਵਾਰਾ ਕੁੱਤਿਆਂ ਨੂੰ ਰੋਟੀਆਂ ਪਾ ਕੇ ਸੈਂਕੜੇ ਕੁੱਤੇ ਇਕੱਠੇ ਕਰ ਦਿੱਤੇ ਹਨ। ਯਾਤਰੂਆਂ ਦਾ ਗੁਜ਼ਰਨਾ ਔਖਾ ਹੋਇਆ ਪਿਆ ਹੈ।

ਪੰਜਾਬ ਵਿੱਚ ਵੀ ਕੋਈ ਨਾ ਕੋਈ ਭੇਡਚਾਲ ਚੱਲਦੀ ਹੀ ਰਹਿੰਦੀ ਹੈ। ਕਦੀ ਪਿੰਡਾਂ ਵਿੱਚ ਚੀਤਾ ਪੈਣ ਲੱਗ ਜਾਂਦਾ ਹੈ, ਕਦੀ ਕਾਲੇ ਕੱਛਿਆਂ ਵਾਲੇ ਤੇ ਕਦੀ ਪਾਕਿਸਤਾਨੀ ਜਾਸੂਸ। ਸਾਰੀ ਸਾਰੀ ਰਾਤ ਲੋਕ ਹੱਥਾਂ ਵਿੱਚ ਟਕੂਏ ਗੰਡਾਸੀਆਂ ਲੈ ਕੇ ਰੌਲਾ ਪਾਉਂਦੇ ਫਿਰਦੇ ਸਨ। ਇਸ ਭੇਡਚਾਲ ਦੀ ਪਕੜ ਵਿੱਚ ਜ਼ਿਆਦਾਤਰ ਭੂੰਡ ਆਸ਼ਕ, ਪਿੰਡ ਵਿੱਚ ਰਾਤ ਬਰਾਤੇ ਆਏ ਪ੍ਰਾਹੁਣੇ, ਮੰਗਤੇ ਅਤੇ ਮੰਦ ਬੁੱਧੀ ਲੋਕ ਆਉਂਦੇ ਹਨ। ਵਿਚਾਰਿਆਂ ਦੀ ਕੁੱਟ ਕੁੱਟ ਕੇ ਬੁਰੀ ਹਾਲਤ ਕਰ ਦਿੱਤੀ ਜਾਂਦੀ ਹੈ। ਪਿੱਛੇ ਜਿਹੇ ਸਾਰੇ ਪੰਜਾਬ ਵਿੱਚ ਰੌਲਾ ਪੈ ਗਿਆ ਨੀਗਰੋ ਪਿੰਡਾਂ ਵਿੱਚ ਫਿਰਦੇ ਹਨ ਤੇ ਦਾਤਰ ਮਾਰ ਕੇ ਲੋਕਾਂ ਦੇ ਅੰਗ ਵੱਢ ਦਿੰਦੇ ਹਨ। ਕੋਈ ਕਹੇ ਮੈਨੂੰ ਪੈ ਗਏ, ਦੂਸਰਾ ਕਹੇ ਮੈਨੂੰ ਪੈ ਗਏ। ਕਈ ਵਿਚਾਰੇ ਕਾਲੇ ਰੰਗ ਵਾਲੇ, ਬੇਘਰੇ ਤੇ ਮੰਗਤੇ ਬਿਨਾਂ ਮਤਲਬ ਤੋਂ ਕੁੱਟ ਦਿੱਤੇ ਗਏ। ਲੋਕਾਂ ਨੇ ਦੁਕਾਨਾਂ ਤੋਂ ਕਿਰਪਾਨਾਂ ਗੰਡਾਸੀਆਂ ਮੁਕਾ ਦਿੱਤੀਆਂ। ਇਸ ਤੋਂ ਬਾਅਦ ਹਰਿਆਣੇ, ਰਾਜਸਥਾਨ ਤੋਂ ਲੈ ਕੇ ਪੰਜਾਬ-ਕਸ਼ਮੀਰ ਤੱਕ ਵਾਲ ਕੱਟਣ ਵਾਲੀ ਚੁੜੇਲ ਪਹੁੰਚ ਗਈ। ਜਿਹੜੇ ਮਰਦ-ਔਰਤਾਂ ਆਪਣੇ ਵਾਲ ਪਰਿਵਾਰ ਤੋਂ ਡਰਦੇ ਨਹੀਂ ਕਟਵਾ ਸਕਦੇ ਸਨ, ਸਭ ਨੇ ਚੁੜੇਲ ਦਾ ਨਾਮ ਲੈ ਕੇ ਆਪਣੇ ਵਾਲ ਕੱਟ ਸੁਟੇ। ਕਿਸੇ ਨੇ ਇਹ ਨਹੀਂ ਸੋਚਿਆ ਕਿ ਬੰਦ ਕਮਰੇ ਵਿੱਚ ਕੋਈ ਕਿਸੇ ਦੇ ਵਾਲ ਕਿਵੇਂ ਕਿਵੇਂ ਕੱਟ ਸਕਦਾ ਹੈ? ਕਸ਼ਮੀਰ ਵਿੱਚ ਤਾਂ ਇਸ ਇਲਜ਼ਾਮ ਹੇਠ ਕੁਝ ਵਿਦੇਸ਼ੀ ਯਾਤਰੀ ਹੀ ਮਾਰ ਦਿੱਤੇ ਜਾਣ ਲੱਗੇ ਸਨ। ਭਾਰਤ ਵਿੱਚ ਤੁਸੀਂ ਕਿਸੇ ਨੂੰ ਵੀ ਆਪਣੇ ਪਿੱਛੇ ਲਗਾ ਸਕਦੇ ਹੋ। ਬਾਬੇ, ਜੋਤਸ਼ੀ, ਤਾਂਤਰਿਕ-ਮਾਂਤਰਿਕ ਵੀ ਤਾਂ ਭੇਡਚਾਲ ਦੇ ਸਿਰ ’ਤੇ ਹੀ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। ਕਦੇ ਕੋਈ ਬਾਬਾ ਮਸ਼ਹੂਰ ਹੋ ਜਾਂਦਾ ਹੈ ਤੇ ਕਦੇ ਕੋਈ। ਲੋਕ ਭੇਡਾਂ ਵਾਂਗ ਗੱਡੀਆਂ ਬੱਸਾਂ ਭਰ ਕੇ ਡੇਰਿਆਂ ਵੱਲ ਤੁਰੇ ਰਹਿੰਦੇ ਹਨ। ਕੁਝ ਦਿਨਾਂ ਤਕ ਪੰਜਾਬ ਵਿੱਚ ਪਹਾੜਾਂ ਦੇ ਤੀਰਥ ਸਥਾਨਾਂ ਵੱਲ ਯਾਤਰਾ ਦੀ ਭੇਡਚਾਲ ਸ਼ੁਰੂ ਹੋਣ ਵਾਲੀ ਹੈ। ਲੋਕਾਂ ਨੇ ਸਾਇਕਲ, ਮੋਟਰ ਸਾਇਕਲ ਤੇ ਗੱਡੀਆਂ ਅੱਗੇ ਪੀਲੀਆਂ ਝੰਡੀਆਂ ਬੰਨ੍ਹ ਕੇ ਤੁਰ ਪੈਣਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਗੱਡੀ ਦੇ ਖੱਡ ਵਿੱਚ ਡਿੱਗਣ ਦੀ ਖਬਰ ਆਏਗੀ। ਪਰ ਲੋਕ ਫਿਰ ਵੀ ਨਹੀਂ ਹਟਦੇਘਰ ਦੇ ਕੰਮ ਕਰਨ ਦੀ ਬਜਾਏ ਤੀਰਥਾਂ ’ਤੇ ਵਿਹਲੜ ਬਾਬਿਆਂ ਦੇ ਗੋਡੇ ਘੁੱਟਣੇ ਜ਼ਿਆਦਾ ਜ਼ਰੂਰੀ ਸਮਝੇ ਜਾਂਦੇ ਹਨ।

ਕੁਝ ਮਹੀਨੇ ਪਹਿਲਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਲੱਗੇ ਨਲਕੇ ਬਾਰੇ ਅਫਵਾਹ ਫੈਲ ਗਈ ਕਿ ਇਸ ਵਿੱਚ ਦਵਾਈ ਦੇ ਗੁਣ ਹਨ। ਮੀਲਾਂ ਲੰਬੀਆਂ ਲਾਇਨਾਂ ਲੱਗ ਗਈਆਂ। ਅਖੀਰ ਇਹ ਗੱਲ ਉਦੋਂ ਖਤਮ ਹੋਈ ਜਦੋਂ ਫਸਲਾਂ ਦੀ ਬਰਬਾਦੀ ਤੋਂ ਅੱਕੇ ਹੋਏ ਕਿਸਾਨਾਂ ਨੇ ਉਹ ਨਲਕਾ ਹੀ ਪੁੱਟ ਦਿੱਤਾ। 1984-85 ਵਿੱਚ ਪੰਜਾਬ ਵਿੱਚ ਧਾਰਮਿਕ ਸਥਾਨਾਂ ਵਿੱਚ ਬਾਜ਼ ਆਉਣ ਦੀ ਭੇਡਚਾਲ ਚੱਲੀ ਸੀ। ਲੋਕਾਂ ਨੇ ਧਾਰਮਿਕ ਸਥਾਨਾਂ ਦਾ ਚੜ੍ਹਾਵਾ ਵਧਾਉਣ ਲਈ ਪਤਾ ਨਹੀਂ ਕਿੱਥੋਂ ਕਿੱਥੋਂ ਬਾਜ਼ ਨਾਲ ਰਲਦੇ ਮਿਲਦੇ ਇੱਲਾਂ, ਸ਼ਿਕਰੇ ਤੇ ਚਿੜੀਮਾਰ ਆਦਿ ਪੰਛੀ ਧਾਰਮਿਕ ਸਥਾਨਾਂ ਵਿੱਚ ਲਿਆਣ ਬਿਠਾਏ। ਉਹਨਾਂ ਦੇ ਦਰਸ਼ਨ ਕਰਨ ਲਈ ਝੁੰਡਾਂ ਦੇ ਝੁੰਡ ਸ਼ਰਧਾਲੂਆਂ ਦੇ ਇਕੱਠੇ ਹੋ ਗਏ। ਲੱਖਾਂ ਦਾ ਚੜ੍ਹਾਵਾ ਚੜ੍ਹਿਆ। ਇੱਕ ਪ੍ਰਬੰਧਕ ਨੂੰ ਕੁਝ ਹੋਰ ਨਾ ਲੱਭਾ ਤਾਂ ਉਸ ਨੇ ਬਿੱਲ ਬਤੌਰੀ ਹੀ ਲੈ ਆਂਦੀ।

ਇਸ ਤੋਂ ਬਾਅਦ 1995-96 ਵਿੱਚ ਮੂਰਤੀਆਂ ਦੁੱਧ ਪੀਣ ਲੱਗ ਪਈਆਂ। ਲੱਖਾਂ ਲੀਟਰ ਦੁੱਧ ਕਿਸੇ ਗਰੀਬ ਦੇ ਮੂੰਹ ਵਿੱਚ ਜਾਣ ਦੀ ਬਜਾਏ ਗੰਦੀਆਂ ਨਾਲੀਆਂ ਵਿੱਚ ਰੁੜ੍ਹ ਗਿਆ। ਮੀਡੀਆ ਵੀ ਅਜਿਹੀਆਂ ਅਫਵਾਹਾਂ ਤੇ ਘਟਨਾਵਾਂ ਨੂੰ ਨਿਰਉਤਸ਼ਾਹਿਤ ਕਰਨ ਦੀ ਬਜਾਏ ਵੱਧ ਤੋਂ ਵੱਧ ਸਨਸਨੀਖੇਜ਼ ਬਣਾ ਕੇ ਪੇਸ਼ ਕਰਦਾ ਹੈ। ਇਸ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਸਗੋਂ ਹੋਰ ਉਤਸ਼ਾਹ ਮਿਲਦਾ ਹੈ।

ਹੁਣ ਇਹ ਮੂਰਤੀਆਂ ਤੋੜਨ ਦੀ ਭੇਡਚਾਲ ਇੱਕ ਬਹੁਤ ਹੀ ਸੋਚੀ ਸਮਝੀ ਅਤੇ ਘਾਤਕ ਚਾਲ ਹੈ। ਇਸ ਨਾਲ ਸਮਾਜ ਵਿੱਚ ਪੱਕੇ ਤੌਰ ’ਤੇ ਵੰਡੀਆਂ ਪੈ ਜਾਣੀਆਂ ਹਨ ਤੇ ਦੰਗੇ ਵੀ ਭੜਕ ਸਕਦੇ ਹਨ। ਇਹ ਵਰਤਾਰਾ ਚੋਰਾਂ, ਲੁਟੇਰਿਆਂ ਅਤੇ ਸਮੱਗਲਰਾਂ ਦੇ ਬਹੁਤ ਮਿਆਫਕ ਬੈਠਦਾ ਹੈ। ਪੁਲਿਸ ਉਹਨਾਂ ਮਗਰ ਪੈਣ ਦੀ ਬਜਾਏ ਮੂਰਤੀਆਂ ਦੀ ਰਾਖੀ ਲਈ ਤਾਇਨਾਤ ਕਰ ਦਿੱਤੀ ਜਾਂਦੀ ਹੈ। ਇਸ ਵੇਲੇ ਪ੍ਰਸਿੱਧ ਮੂਰਤੀਆਂ ਦੀ ਰਾਖੀ ਲਈ ਹਜ਼ਾਰਾਂ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਕਿਸੇ ਮਹਾਨ ਵਿਅਕਤੀ ਦੀ ਮੂਰਤੀ ਤੋੜਨ ਜਾਂ ਕਾਲਾ ਰੰਗ ਪੋਤ ਦੇਣ ਨਾਲ ਉਸ ਵਿਅਕਤੀ ਦੀ ਵਿਚਾਰਧਾਰਾ ਨੂੰ ਕੋਈ ਫਰਕ ਨਹੀਂ ਪੈਂਦਾ। ਭਗਤ ਸਿੰਘ ਵਰਗੇ ਸ਼ਹੀਦਾਂ ਨੂੰ ਸਰੀਰਕ ਤੌਰ ’ਤੇ ਤਾਂ ਮਾਰਿਆ ਜਾ ਸਕਦਾ ਹੈ ਪਰ ਉਹਨਾਂ ਦੀ ਸੋਚ ਨੂੰ ਨਹੀਂ ਮਾਰਿਆ ਜਾ ਸਕਦਾ। ਇਹ ਗੱਲ ਵੀ ਵਿਚਾਰਨਯੋਗ ਹੈ ਕਿ ਮੂਰਤੀਆਂ ਤੋੜਨ ਗਈ ਭੀੜ ਵਿੱਚੋਂ 60% ਲੋਕ ਜਾਣਦੇ ਹੀ ਨਹੀਂ ਹੁੰਦੇ ਕਿ ਇਹ ਵਿਅਕਤੀ ਹੈ ਕੌਣ? ਉਹ ਸਿਰਫ ਕਿਸੇ ਦੇ ਪਿੱਛੇ ਲੱਗ ਕੇ ਭੇਡਚਾਲ ਦਾ ਹਿੱਸਾ ਬਣੇ ਹੁੰਦੇ ਹਨ।

ਰੱਬ ਦਾ ਸ਼ੁਕਰ ਹੈ ਕਿ ਐਨੀਆਂ ਮੂਰਤੀਆਂ ਤੋੜਨ ਅਤੇ ਖਰਾਬ ਕਰਨ ਤੋਂ ਬਾਅਦ ਵੀ ਦੇਸ਼ ਵਿੱਚ ਸ਼ਾਂਤੀ ਹੈ। ਸਮਾਜ ਵਿਰੋਧੀ ਲੋਕਾਂ ਦੀ ਮਨਸ਼ਾ ਪੂਰੀ ਨਹੀਂ ਹੋਈ। ਮੂਰਤੀਆਂ ਤੋੜਨ ਦੀ ਭੇਡਚਾਲ ਨੂੰ ਰੋਕਣ ਲਈ ਪੁਲਿਸ ਨੂੰ ਸਖਤੀ ਕਰਨੀ ਪਵੇਗੀ। ਪਰ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਸੱਤਾਧਾਰੀ ਲੋਕ ਹੀ ਇਹ ਕੰਮ ਕਰਦੇ ਹਨ। ਇਸ ਭੇਡਚਾਲ ਵਿੱਚ ਉਹਨਾਂ ਲੋਕਾਂ ਦੀਆਂ ਮੂਰਤੀਆਂ ਵੀ ਨਸ਼ਟ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਦਾ ਸਿਆਸਤ ਜਾਂ ਕਿਸੇ ਰਾਜਨੀਤਕ ਪਾਰਟੀ ਦੀ ਵਿਚਾਰਧਾਰਾ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ। ਇਹ ਕੰਮ ਬਹੁਤ ਹੀ ਘਟੀਆ ਹੈ। ਸਿਆਸੀ ਲੜਾਈ ਹਮੇਸ਼ਾ ਲੋਕਰਾਜੀ ਤਰੀਕਿਆਂ ਨਾਲ ਹੀ ਲੜਨੀ ਚਾਹੀਦੀ ਹੈਕਿਸੇ ਵੀ ਰਾਜਨੀਤਕ, ਸਮਾਜਕ, ਧਾਰਮਿਕ ਵਖਰੇਵੇਂ ਨੂੰ ਹੱਲ ਕਰਨ ਲਈ ਹਿੰਸਾ ਦਾ ਸਹਾਰਾ ਲੈਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੈ। ਅਸੀਂ ਆਪਣੇ ਆਪ ਨੂੰ ਆਪਣੇ ਵਿਰੋਧੀ ਨਾਲੋਂ ਚੰਗਾ ਸਾਬਤ ਕਰੀਏ ਤਾਂ ਲੋਕ ਸਾਡੇ ਪਿੱਛੇ ਆਪਣੇ ਆਪ ਲੱਗ ਜਾਣਗੇ। ਇਹੋ ਜਿਹੀਆਂ ਹਰਕਤਾਂ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ।

*****

(1065)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author