“ਕੋਈ ਕਰੋਨਾ ਭਜਾਉਣ ਲਈ ਅਰਦਾਸ ਕਰ ਰਿਹਾ ਹੈ, ਕੋਈ ਟੱਲ ਖੜਕਾ ਰਿਹਾ ਹੈ, ਕੋਈ ...”
(1 ਅਪਰੈਲ 2020)
ਸਾਡੇ ਲੋਕਾਂ ਨੂੰ ਰੀਸ ਕਰਨ ਦੀ ਐਸੀ ਆਦਤ ਹੈ ਕਿ ਬੱਸ ਰੱਬ ਹੀ ਰਾਖਾ। ਕੁਝ ਕੁ ਦਿਨ ਪਹਿਲਾਂ ਜਦੋਂ ਕਰੋਨਾ ਵਾਇਰਸ ਕਾਰਨ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਤਾਂ ਕੁਝ ਮੂਰਖਾਂ ਨੇ ਸੋਸ਼ਲ ਮੀਡੀਆ ਉੱਤੇ ਅਫਵਾਹ ਫੈਲਾ ਦਿੱਤੀ ਕਿ ਕਰਫਿਊ ਬੱਸ ਲੱਗਣ ਹੀ ਵਾਲਾ ਹੈ। ਇਹ ਵੇਖ ਕੇ ਜਨਤਾ ਨੂੰ ਵੀ ਲੱਗਣ ਲੱਗ ਪਿਆ ਕਿ ਸਰਕਾਰ ਸ਼ਾਇਦ ਕਰੋਨਾ ਪੀੜਤਾਂ ਦਾ ਇਲਾਜ ਕਰਨ ਦੀ ਬਜਾਏ ਜਨਤਾ ਨੂੰ ਘਰਾਂ ਵਿੱਚ ਬੰਦ ਕਰ ਕੇ, ਭੁੱਖੇ ਮਾਰ ਕੇ, ਕਰੋਨਾ ਖਤਮ ਕਰਨ ਦੀਆਂ ਸਕੀਮਾਂ ਬਣਾਈ ਬੈਠੀ ਹੈ। ਡਰ ਦੇ ਮਾਰੇ ਲੋਕਾਂ ਨੇ ਆਉਣ ਵਾਲੀ ਕਾਲਪਨਿਕ ਪਰਲੋ ਦਾ ਮੁਕਾਬਲਾ ਕਰਨ ਲਈ ਕਰਿਆਨੇ ਦੀਆਂ ਦੁਕਾਨਾਂ ਉੱਤੇ ਹੱਲਾ ਬੋਲ ਦਿੱਤਾ। ਸਬਜ਼ੀਆਂ ਤਾਂ ਸੋਨੇ ਦੇ ਭਾਅ ਵਿਕਣ ਲੱਗੀਆਂ। ਵੀਹ ਰੁਪਏ ਕਿੱਲੋ ਵਿਕਣ ਵਾਲੇ ਪਿਆਜ਼ ਪੰਜਾਹਾਂ ਨੂੰ ਟੱਪ ਗਏ ਹਨ। ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਪੁਲਿਸ ਨੂੰ ਡਾਂਗ ਫੇਰ ਕੇ ਭੀੜ ਨੂੰ ਕੰਟਰੋਲ ਵਿੱਚ ਕਰਨਾ ਪਿਆ। ਜਿਸ ਨੂੰ ਇੱਕ ਕਿੱਲੋ ਸਮਾਨ ਦੀ ਜ਼ਰੂਰਤ ਹੈ ਉਹ ਵੀਹ ਵੀਹ ਕਿੱਲੋ ਚੁੱਕੀ ਫਿਰਦਾ ਹੈ। ਦਾਲਾਂ ਤਾਂ ਮੰਨਿਆ ਕਈ ਮਹੀਨੇ ਖਰਾਬ ਨਹੀਂ ਹੁੰਦੀਆਂ ਪਰ ਸਬਜ਼ੀਆਂ ਨੇ ਤਾਂ ਚਾਰ ਦਿਨ ਨਹੀਂ ਕੱਢਣੇ, ਅੱਧੀਆਂ ਤਾਂ ਪਹਿਲਾਂ ਹੀ ਗਲੀਆਂ ਹੁੰਦੀਆਂ ਹਨ। ਦੁਕਾਨਦਾਰਾਂ ਦੀ ਵਧੀਆ ਮੌਜ ਲੱਗੀ ਹੋਈ ਹੈ, ਮਨ ਮਰਜ਼ੀ ਦੇ ਰੇਟ ਵਸੂਲ ਰਹੇ ਹਨ।
ਇਸੇ ਤਰ੍ਹਾਂ ਕੈਨੇਡਾ-ਅਮਰੀਕਾ ਵਿੱਚ ਵਸਣ ਵਾਲੇ ਭਾਰਤੀਆਂ ਨੇ ਵੀ ਆਪਣੀ ਅਕਲ ਦਾ ਜਲੂਸ ਕੱਢ ਰੱਖਿਆ ਹੈ। ਉਹ ਸਟੋਰਾਂ ਤੋਂ 50-50 ਕਿੱਲੋ ਆਟਾ ਇਸ ਤਰ੍ਹਾਂ ਚੁੱਕ ਰਹੇ ਹਨ ਜਿਵੇਂ ਅਕਾਲ ਪੈਣ ਵਾਲਾ ਹੋਵੇ। ਸਟੋਰਾਂ ਵਿੱਚ ਛਿੱਤਰੋ ਛਿਤਰੀ ਹੋ ਕੇ ਆਪਣੀ ਕੌਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉੱਥੋਂ ਦੇ ਗੋਰੇ ਵਸਨੀਕਾਂ ਨੂੰ ਤਾਂ ਸ਼ਾਇਦ ਆਉਣ ਵਾਲੀ ਬਿਪਤਾ ਬਾਰੇ ਪਤਾ ਹੀ ਨਹੀਂ, ਬੱਸ ਸਾਡੇ ਤ੍ਰੈਕਾਲਦਰਸ਼ੀਆਂ ਨੂੰ ਅਕਾਸ਼ਵਾਣੀ ਹੋਈ ਹੈ। ਇੱਕ ਜੁਗਾੜੀ ਨੇ ਤਾਂ ਸਟੋਰ ਤੋਂ ਡੇਢ ਹਜ਼ਾਰ ਟਾਇਲਟ ਪੇਪਰ ਦੇ ਰੋਲ ਖਰੀਦ ਲਿਆਂਦੇ ਤੇ ਫਿਰ ਐਮਾਜ਼ੌਨ ਉੱਤੇ ਬਲੈਕ ਵਿੱਚ ਵੇਚਣ ਲੱਗਾ। ਜੇ ਭਾਰਤ ਹੁੰਦਾ ਤਾਂ ਸ਼ਾਇਦ ਕੁਝ ਲੈ ਦੇ ਕੇ ਬਚ ਜਾਂਦਾ ਪਰ ਉੱਥੇ ਪੁਲਿਸ ਵਾਲੇ ਕਿੱਥੇ ਛੱਡਦੇ ਹਨ? ਵਿਚਾਰੇ ਨੂੰ ਜੇਲ ਯਾਤਰਾ ਕਰਨੀ ਪਈ। ਕਈ ਸਟੋਰ ਮਾਲਕਾਂ ਨੂੰ ਤਾਂ ਇਹਨਾਂ ਦੀਆਂ ਕਰਤੂਤਾਂ ਵੇਖ ਕੇ ਪੁਲਿਸ ਬੁਲਾਉਣੀ ਪਈ ਹੈ। ਸਟੋਰਾਂ ਵਿੱਚ ਹੋ ਰਹੇ ਘਮਸਾਨਾਂ ਦੀਆਂ ਵੀਡੀਓ ਵੇਖ ਕੇ ਸ਼ਰਮ ਆਉਂਦੀ ਹੈ। ਚੰਗੇ ਭਲੇ ਸਿਆਣੇ ਬਿਆਣੇ ਬੰਦੇ ਗਾਲੋ ਗਾਲੀ ਹੋ ਰਹੇ ਹਨ। ਇੱਕ ਅਮਰੀਕਨ ਜਾਂ ਕਨੈਡੀਅਨ ਪੰਜਾਬੀ ਨੇ ਲੋਕਾਂ ਦਾ ਕਲੇਜਾ ਸਾੜਨ ਲਈ ਆਪਣੇ ਘਰ ਵਿੱਚ ਭੰਡਾਰ ਕੀਤੇ ਸਮਾਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ ਹੈ। ਉਸ ਨੇ ਸਟੋਰਾਂ ਤੋਂ ਐਨਾ ਸਮਾਨ ਇਕੱਠਾ ਕਰ ਲਿਆ ਹੈ, ਜਿੰਨਾ ਸ਼ਾਇਦ ਉਸ ਦਾ ਪਰਿਵਾਰ 5 ਸਾਲਾਂ ਵਿੱਚ ਵੀ ਖਤਮ ਨਹੀਂ ਕਰ ਸਕਦਾ। 30-40 ਬੋਤਲਾਂ ਤਾਂ ਸ਼ੈਂਪੂ ਦੀਆਂ ਹੀ ਖਰੀਦੀ ਬੈਠਾ ਹੈ। ਸੇਬ ਅਤੇ ਹੋਰ ਫਲਾਂ ਦੇ 20-25 ਕਰੇਟ ਪਏ ਸਨ। ਐਨੇ ਫਰੂਟ ਫਰਿੱਜ਼ ਵਿੱਚ ਆ ਹੀ ਨਹੀਂ ਸਕਦੇ, 10 ਦਿਨ ਬਾਅਦ ਖਰਾਬ ਹੋ ਗਏ ਤਾਂ ਬਾਹਰ ਸੁੱਟਦਾ ਫਿਰੇਗਾ। ਵੈਸੇ ਜੇ ਕਿਤੇ ਰੱਬ ਨਾ ਕਰੇ ਉਸ ਨੂੰ ਕਰੋਨਾ ਹੋ ਗਿਆ ਤਾਂ ਇਹ ਸਾਰਾ ਸਮਾਨ ਉਸ ਦੇ ਕਿਸੇ ਕੰਮ ਨਹੀਂ ਆਉਣਾ।
ਕਈ ਧਰਮ ਸਥਾਨਾਂ ਦੇ ਪ੍ਰਬੰਧਕ ਵੀ ਰੀਸੋ ਰੀਸੀ ਕਰੋਨਾ ਫੈਲਾਉਣ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਸ਼ਰਧਾਲੂਆਂ ਨੂੰ ਘਰਾਂ ਵਿੱਚ ਰਹਿਣ ਦੀ ਸਿੱਖਿਆ ਦੇਣ ਦੀ ਬਜਾਏ ਧਰਮ ਸਥਾਨਾਂ ਵੱਲ ਆਉਣ ਲਈ ਉਤਸ਼ਾਹਿਤ ਕਰ ਰਹੇ ਹਨ। ਕਈ ਤਾਂ ਗਰੰਟੀ ਦਿੰਦੇ ਹਨ ਕਿ ਸਾਡੇ ਧਰਮ ਅਸਥਾਨ ਉੱਤੇ ਕਰੋਨਾ ਦਾਖਲ ਹੀ ਨਹੀਂ ਹੋ ਸਕਦਾ ਹੈ। ਕੋਈ ਕਰੋਨਾ ਭਜਾਉਣ ਲਈ ਅਰਦਾਸ ਕਰ ਰਿਹਾ ਹੈ, ਕੋਈ ਟੱਲ ਖੜਕਾ ਰਿਹਾ ਹੈ, ਕੋਈ ਗੌਮੂਤਰ ਪੀਣ ਅਤੇ ਗੋਹਾ ਖਾਣ ਦੀ ਸਿੱਖਿਆ ਦੇ ਰਿਹਾ ਤੇ ਕਈਆਂ ਨੇ ਝਾੜ ਫੂਕ ਦੀਆਂ ਦੁਕਾਨਾਂ ਖੋਲ੍ਹ ਲਈਆਂ ਹਨ। ਸੋਸ਼ਲ ਮੀਡੀਆ ਵੀ ਅੰਧ ਭਗਤਾਂ ਨੂੰ ਪੂਰੀ ਹਵਾ ਦੇ ਰਿਹਾ ਹੈ। ਕਿਸੇ ਧਾਰਮਿਕ ਸਥਾਨ ਵਿਖੇ ਹੋਏ ਵੱਡੇ ਇਕੱਠ ਜਾਂ ਸਾਂਝਾ ਕੰਮ ਕਰ ਰਹੇ ਸ਼ਰਧਾਲੂਆਂ ਨੂੰ ਸਮਝਾਉਣ ਦੀ ਬਜਾਏ ਤਸਵੀਰਾਂ ਛਾਪ ਕੇ ਵੱਡੇ ਵੱਡੇ ਕੈਪਸ਼ਨ ਲਗਾਏ ਜਾ ਰਹੇ ਹਨ, ਕਰੋਨਾ ਉੱਤੇ ਭਾਰੀ ਪਈ ਆਸਥਾ। ਕਰੋਨਾ ਨੇ ਧਰਮ ਸਥਾਨ ਦੇ ਅੰਦਰ ਕੋਈ ਢੋਲ ਵਜਾ ਕੇ ਦਰਵਾਜ਼ੇ ਰਾਹੀਂ ਨਹੀਂ ਆਉਣਾ। ਇਹ ਤਾਂ ਉਸ ਵੇਲੇ ਪਤਾ ਲੱਗਣਾ ਜਦੋਂ ਕਿਸੇ ਬੰਦੇ ਨੇ ਨਾਸਾਂ ਪਰਨੇ ਜਾ ਪੈਣਾ ਹੈ। ਫਿਰ ਸ਼ਰਧਾਲੂ ਬਿਮਾਰ ਨੂੰ ਧਰਮ ਸਥਾਨ ਦੀ ਬਜਾਏ ਹਸਪਤਾਲ ਵੱਲ ਹੀ ਲੈ ਕੇ ਭੱਜਣਗੇ।
ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਾ ਵਿਅਕਤੀ ਆਪਣੇ ਪਰਿਵਾਰ ਤੋਂ ਇਲਾਵਾ ਕਈ ਧਾਰਮਿਕ ਸਥਾਨਾਂ ਉੱਤੇ ਕਰੋਨਾ ਦਾ ਪ੍ਰਸ਼ਾਦ ਵੰਡ ਕੇ ਗਿਆ ਹੈ। ਮਰਨ ਤੋਂ ਪਹਿਲਾਂ ਉਸ ਨੇ ਹੋਲੇ ਮਹੱਲੇ ਦੇ ਮੇਲੇ ਵਿੱਚ ਘੁੰਮਣ ਤੋਂ ਇਲਾਵਾ ਕਈ ਡੇਰਿਆਂ ਵਿੱਚ ਬਾਬਿਆਂ ਦੀ ਚਰਨ ਵੰਦਨਾ ਵੀ ਕੀਤੀ ਸੀ। ਪਤਾ ਨਹੀਂ ਹੁਣ ਕਿਸ ਕਿਸ ਦਾ ਨੰਬਰ ਲੱਗਦਾ ਹੈ।
ਕਹਿੰਦੇ ਹਨ ਕਿਤੇ ਕਰਫਿਊ ਦੀ ਅਫਵਾਹ ਫੈਲ ਜਾਣ ਕਾਰਨ ਪੈਟਰੋਲ ਪੰਪ ਉੱਤੇ ਗੱਡੀਆਂ ਦੀ ਲਾਈਨ ਲੱਗੀ ਹੋਈ ਸੀ।। ਇਹ ਵੇਖ ਕੇ ਇੱਕ ਬਜ਼ੁਰਗ ਨੇ ਸਲਾਹ ਦਿੱਤੀ ਕਿ ਮੂਰਖੋ, ਜੇ ਕਰਫਿਊ ਲੱਗ ਗਿਆ ਤਾਂ ਫਿਰ ਗੱਡੀਆਂ ਤੁਸੀਂ ਘਰ ਦੇ ਵਿਹੜੇ ਵਿੱਚ ਚਲਾਉਣੀਆਂ ਹਨ? ਉਹ ਸਮਾਨ ਖਰੀਦੋ ਜਿਹੜਾ ਅਜਿਹੇ ਮੌਕੇ ਕੰਮ ਆਵੇ। ਇਹ ਸੁਣਦਿਆਂ ਸਾਰ 80% ਪਰਸੈਂਟ ਬੰਦੇ ਸ਼ਰਾਬ ਦੇ ਠੇਕੇ ਵੱਲ ਭੱਜ ਗਏ ਤੇ ਬਾਕੀ ਕਰਿਆਨੇ ਦੀਆਂ ਦੁਕਾਨਾਂ ਵੱਲ। ਇਸ ਲਈ ਡਰ ਸਭ ਨੂੰ ਲੱਗ ਰਿਹਾ ਕਿ ਸ਼ਾਇਦ ਲਾਕ ਡਾਊਨ ਹੋ ਜਾਣਾ ਹੈ, ਪਰ ਇਹ ਕਦੇ ਨਹੀਂ ਹੋ ਸਕਦਾ ਕਿ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇ। ਇਸ ਲਈ ਬੇਵਕੂਫਾਂ ਵਾਂਗ ਐਵੇਂ ਵੇਖਾ ਵੇਖੀ ਸਮਾਨ ਨਾਲ ਘਰ ਭਰ ਕੇ ਪੈਸੇ ਬਰਬਾਦ ਨਾ ਕਰੋ। ਜਿਸ ਜ਼ਰੂਰੀ ਵਸਤੂ ਬਗੈਰ ਸਰ ਨਹੀਂ ਸਕਦਾ, ਉਹ ਹੀ ਖਰੀਦੀ ਜਾਵੇ।
ਸਭ ਤੋਂ ਘਿਣਾਉਣੀ ਕਰਤੂਤ ਉਹ ਵਪਾਰੀ ਅਤੇ ਦੁਕਾਨਦਾਰ ਕਰ ਰਹੇ ਹਨ ਜੋ ਇਸ ਮੁਸੀਬਤ ਵੇਲੇ ਲੋਕਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ। ਅਮਰੀਕਾ ਵਿੱਚ ਵੀ ਕੁਝ ਪੰਜਾਬੀ ਸਟੋਰਾਂ ਵਾਲਿਆਂ ਨੇ ਪੰਜਾਂ ਦੀ ਚੀਜ਼ ਪੰਜਾਹਾਂ ਡਾਲਰਾਂ ਵਿੱਚ ਵੇਚੀ ਹੈ। ਹੁਣ ਜਦੋਂ ਲੋਕਾਂ ਨੇ ਭੇਡ ਚਾਲ ਕਾਰਨ ਮਹਿੰਗਾ ਸਮਾਨ ਖਰੀਦ ਕੇ ਘਰ ਭਰ ਲਏ ਹਨ ਤਾਂ ਉਹ ਵਿਹਲੇ ਬੈਠੇ ਮੱਖੀਆਂ ਮਾਰ ਰਹੇ ਹਨ। ਸਟਾਫ ਨੂੰ ਤਨਖਾਹਾਂ ਵੀ ਪੱਲਿਉਂ ਦੇਣੀਆਂ ਪੈ ਰਹੀਆਂ ਹਨ।
ਜਦੋਂ ਵੀ ਕੋਈ ਅਜਿਹੀ ਆਫਤ ਆਉਂਦੀ ਹੈ ਤਾਂ ਇਹ ਗਿਰਝਾਂ ਰੂਪੀ ਮਨੁੱਖ ਲੋਕਾਂ ਦਾ ਮਾਸ ਚੂੰਡਣ ਲਈ ਚੁੰਝਾਂ ਤਿੱਖੀਆਂ ਕਰ ਲੈਂਦੇ ਹਨ। ਸੰਨ 2010 ਦੌਰਾਨ ਲੱਦਾਖ ਵਿੱਚ ਆਏ ਹੜ੍ਹਾਂ ਕਾਰਨ ਸੈਂਕੜੇ ਲੋਕ ਮਰ ਗਏ ਸਨ ਅਤੇ ਹਜ਼ਾਰਾਂ ਬੇਘਰ ਹੋਏ ਸਨ। ਉਸ ਵੇਲੇ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਕਿੰਗਫਿਸ਼ਰ ਏਅਰ ਲਾਈਨਜ਼ ਦੇ ਮਾਲਕ ਵਿਜੇ ਮਾਲਿਆ ਨੇ ਦਿੱਲੀ-ਲੇਹ ਫਲਾਈਟ ਦੇ ਕਿਰਾਏ ਡਬਲ ਕਰ ਦਿੱਤੇ ਸਨ। ਉਸ ਦੀ ਇਸ ਕਰਤੂਤ ਕਾਰਨ ਬਹੁਤ ਥੂਹ ਥੂਹ ਹੋਈ ਸੀ। ਉਸ ਨੂੰ ਹੜ੍ਹ ਪੀੜਤਾਂ ਦੀ ਅਜਿਹੀ ਬਦਅਸੀਸ ਲੱਗੀ ਹੈ ਕਿ ਕਿੰਗਫਿਸ਼ਰ ਦੀਵਾਲੀਆ ਹੋ ਗਈ ਤੇ ਵਿਜੇ ਮਾਲਿਆ ਘਰੋਂ ਬੇਘਰ ਹੋਇਆ ਚੋਰਾਂ ਵਾਂਗ ਕਾਨੂੰਨ ਤੋਂ ਲੁਕਦਾ ਫਿਰ ਰਿਹਾ ਹੈ।
ਅੱਜ ਭਾਰਤੀ ਖਰਬਪਤੀ ਸਰਮਾਏਦਾਰ ਵੀ ਮੂੰਹ ਵਿੱਚ ਘੁੰਗਣੀਆਂ ਪਾਈ ਚੁੱਪ ਚਾਪ ਲੋਕਾਂ ਦੀ ਮੌਤ ਦਾ ਤਮਾਸ਼ਾ ਵੇਖ ਰਹੇ ਹਨ। ਇਟਲੀ, ਚੀਨ ਅਤੇ ਅਮਰੀਕਾ ਦੇ ਅਮੀਰਾਂ ਨੇ ਕਰੋਨਾ ਦੀ ਦਵਾਈ ਦੀ ਖੋਜ ਅਤੇ ਜਨਤਾ ਦੀ ਮਦਦ ਲਈ ਆਪਣੀਆਂ ਸਰਕਾਰਾਂ ਨੂੰ ਅਰਬਾਂ ਡਾਲਰ ਦਾਨ ਵਜੋਂ ਦਿੱਤੇ ਹਨ। ਉਸ ਦੇ ਉਲਟ ਭਾਰਤ ਸਰਕਾਰ ਤੋਂ ਅਰਬਾਂ ਦੀਆਂ ਰਿਆਇਤਾਂ ਲੈਣ ਵਾਲੇ ਤੇ ਬੈਂਕਾਂ ਦਾ ਹਜ਼ਾਰਾਂ ਕਰੋੜ ਦੱਬੀ ਬੈਠੇ ਟਾਟੇ, ਬਿਰਲੇ, ਅੰਬਾਨੀ ਅਤੇ ਅਡਾਨੀ ਵਰਗਿਆਂ ਨੇ ਅਜੇ ਤੱਕ ਇਸ ਕੰਮ ਲਈ ਇੱਕ ਦੁਆਨੀ ਵੀ ਦਾਨ ਨਹੀਂ ਕੀਤੀ। ਇਹਨਾਂ ਨੇ ਬੈਂਕਾਂ ਦਾ ਜਿੰਨਾ ਪੈਸਾ ਗਬਨ ਕੀਤਾ ਹੈ, ਉਸ ਦਾ ਦਸ ਪਰਸੈਂਟ ਵੀ ਜੇ ਦਾਨ ਕਰ ਦੇਣ ਤਾਂ ਲੱਖਾਂ ਲੋਕਾਂ ਦਾ ਭਲਾ ਹੋ ਸਕਦਾ ਹੈ।
ਕਰੋਨਾ ਕਾਰਨ ਅਨੇਕਾਂ ਕਾਰੋਬਾਰ ਠੱਪ ਹੋ ਗਏ ਹਨ ਤੇ ਲੱਖਾਂ ਗਰੀਬਾਂ ਨੂੰ ਦੋ ਵਕਤ ਦੀ ਰੋਟੀ ਖਾਣ ਲਈ ਮਜ਼ਦੂਰੀ ਤੱਕ ਨਹੀਂ ਮਿਲ ਰਹੀ। ਧਰਮ ਸਥਾਨਾਂ ਦੇ ਪ੍ਰਬੰਧਕਾਂ ਅਤੇ ਮੋਟੇ ਢਿੱਡਾਂ ਵਾਲੇ ਮੁਸ਼ਟੰਡੇ ਸਾਧਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਅਰਬਾਂ ਖਰਬਾਂ ਦੇ ਖਜ਼ਾਨਿਆਂ ਵਿੱਚੋਂ ਕੁਝ ਪੈਸਾ ਗਰੀਬਾਂ ਦੀ ਭਲਾਈ ਲਈ ਕੱਢਣ। ਰੱਬ ਅੱਗੇ ਬੇਨਤੀਆਂ ਕਰਨ ਦੀਆਂ ਵੀਡੀਓ ਜਾਰੀ ਕਰਨ ਦਾ ਪਾਖੰਡ ਕਰਨ ਦੀ ਬਜਾਏ ਗਰੀਬਾਂ ਨੂੰ ਮੁਫਤ ਸੈਨੀਟਾਈਜ਼ਰ, ਸਾਬਣ, ਮਾਸਕ ਅਤੇ ਰਾਸ਼ਨ ਆਦਿ ਵੰਡਣ।
**
ਚਲਦੇ ਚਲਦੇ
ਪਹਿਲਾਂ ਜਦੋਂ ਕਿਸੇ ਦਾ ਬੱਚਾ ਵਿਦੇਸ਼ ਤੋਂ ਇੰਡੀਆ ਆਉਂਦਾ ਸੀ ਤਾਂ ਸਾਰਾ ਮੁਹੱਲਾ ਉਸ ਨੂੰ ਮਿਲਣ ਲਈ ਆਉਂਦਾ ਸੀ। ਪਰ ਅੱਜ ਕਿਸੇ ਦਾ ਬੱਚਾ ਵਿਦੇਸ਼ ਤੋਂ ਆਵੇ ਤਾਂ ਕਰੋਨਾ ਦੀ ਦਹਿਸ਼ਤ ਕਾਰਨ ਅੱਧਾ ਮੁਹੱਲਾ ਖਾਲੀ ਹੋ ਜਾਂਦਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2031)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)