“ਜਿਸ ਵਿਲੱਖਣਤਾ ਲਈ ਮੁਲਤਾਨ ਸਭ ਤੋਂ ਵੱਧ ਪ੍ਰਸਿੱਧ ਹੈ, ਉਹ ਹਨ ਇੱਥੋਂ ਦੇ ...”
(6 ਅਕਤੂਬਰ 2018)
ਮੁਲਤਾਨ ਆਦਿ ਕਾਲ ਤੋਂ ਹੀ ਪੰਜਾਬ ਦਾ ਇੱਕ ਮਹਾਨ ਸ਼ਹਿਰ ਮੰਨਿਆ ਜਾਂਦਾ ਹੈ ਜੋ ਲਾਹੌਰ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਕਿਹਾ ਜਾ ਸਕਦਾ। ਮੱਧ ਕਾਲ ਵਿੱਚ ਪੰਜਾਬ ਨੂੰ ਤਿੰਨ ਸੂਬਿਆਂ, ਸਰਹਿੰਦ, ਲਾਹੌਰ ਅਤੇ ਮੁਲਤਾਨ ਵਿੱਚ ਵੰਡਿਆ ਹੋਇਆ ਸੀ। ਤਿੰਨਾਂ ਦੇ ਅਲੱਗ ਅਲੱਗ ਅਜ਼ਾਦਾਨਾ ਸੂਬੇਦਾਰ ਲੱਗਦੇ ਸਨ। ਮੁਲਤਾਨ ਦਾ ਇਲਾਕਾ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਸਲਾਮੀ ਰਾਜ ਹੇਠ ਆਇਆ ਸੀ। ਇਸ ਉੱਤੇ 712 ਈ. ਵਿੱਚ ਹੀ ਅਰਬੀ ਜਨਰਲ ਮੁਹੰਮਦ ਬਿਨ ਕਾਸਿਮ ਨੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਲੈ ਕੇ ਇਹ ਲਗਾਤਾਰ ਇਸਲਾਮੀ ਬਾਦਸ਼ਾਹਾਂ-ਨਵਾਬਾਂ ਦੇ ਕਬਜ਼ੇ ਹੇਠ ਰਿਹਾ। 1818 ਈ. ਵਿੱਚ ਇਸ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਪੱਕੇ ਤੌਰ ’ਤੇ ਕਬਜ਼ਾ ਜਮਾ ਲਿਆ। ਇਸ ਵੇਲੇ ਇਹ ਪਾਕਿਸਤਾਨੀ ਪੰਜਾਬ ਦਾ ਇੱਕ ਅਹਿਮ ਸ਼ਹਿਰ ਹੈ। ਬਹਾਵਲਪੁਰ, ਉੱਚ ਅਤੇ ਡੇਰਾ ਗਾਜ਼ੀ ਖਾਨ ਇਸ ਦੇ ਗਵਾਂਢੀ ਸ਼ਹਿਰ ਹਨ। ਪੰਜਾਬ ਦੇ ਮਹਾਨ ਸੰਤ ਸ਼ੇਖ ਫਰੀਦ ਸ਼ਕਰਗੰਜ ਦਾ ਜਨਮ ਮੁਲਤਾਨ ਦੇ ਪਿੰਡ ਕੋਠੇਵਾਲ ਵਿਖੇ 1175 ਈਸਵੀ ਨੂੰ ਹੋਇਆ ਸੀ।
ਚਨਾਬ ਦਰਿਆ ਦੇ ਕਿਨਾਰੇ ਵਸਿਆ ਇਹ ਸ਼ਹਿਰ ਇਸ ਵੇਲੇ ਜ਼ਿਲ੍ਹਾ ਹੈੱਡਕਵਾਟਰ ਹੈ ਤੇ ਪਾਕਿਸਤਾਨ ਦਾ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸ ਜ਼ਿਲ੍ਹੇ ਦਾ ਕੁੱਲ ਰਕਬਾ 302 ਸੁਕੇਅਰ ਕਿ.ਮੀ. ਹੈ ਤੇ ਅਬਾਦੀ 20 ਲੱਖ ਦੇ ਕਰੀਬ ਹੈ। ਇਹ ਮੱਧ ਕਾਲ ਵਿੱਚ ਭਾਰਤ ਦਾ ਇੱਕ ਅਹਿਮ ਵਪਾਰਕ ਕੇਂਦਰ ਸੀ। ਮੱਧ ਕਾਲ ਵਿੱਚ ਇਸ ਧਰਤੀ ਨੂੰ ਸ਼ੇਖ ਫਰੀਦ ਸਮੇਤ ਇੰਨੇ ਸੂਫੀ ਸੰਤਾਂ ਨੇ ਭਾਗ ਲਗਾਏ ਹਨ ਕਿ ਇਸ ਨੂੰ ਪੀਰਾਂ-ਫਕੀਰਾਂ ਦਾ ਸ਼ਹਿਰ ਕਿਹਾ ਜਾਣ ਲੱਗਾ। ਸੂਫੀ ਸੰਤਾਂ ਦੇ ਇੰਨੇ ਮਜ਼ਾਰ ਹੋਰ ਕਿਸੇ ਸ਼ਹਿਰ ਵਿੱਚ ਨਹੀਂ ਮਿਲਦੇ। ਇਸ ਦਾ ਨਾਮ ਮੁਲਤਾਨ ਕਿਵੇਂ ਪਿਆ, ਇਸ ਬਾਰੇ ਕੋਈ ਸਪਸ਼ਟ ਧਾਰਨਾ ਨਹੀਂ ਹੈ। ਇੱਥੋਂ ਦੇ ਪ੍ਰਾਚੀਨ ਸੂਰਜ ਮੰਦਰ (ਜੋ ਇਸਮਾਈਲੀ ਬਾਦਸ਼ਾਹ ਨੂਰ ਉ ਦੀਨ ਦੁਆਰਾ 10ਵੀਂ ਸਦੀ ਵਿੱਚ ਢਾਹ ਦਿੱਤਾ ਗਿਆ ਸੀ) ਦਾ ਸੰਸਕ੍ਰਿਤ ਨਾਮ ਮੂਲਸਥਾਨ ਸੀ। ਇਸ ਮੰਦਰ ਬਾਰੇ ਯੂਨਾਨੀ ਜਨਰਲ ਸਾਈਲੇਕਸ ਨੇ 515 ਬੀ.ਸੀ. ਅਤੇ ਯੂਨਾਨੀ ਇਤਿਹਾਸਕਾਰ ਹੈਰੋਡੌਟਸ ਨੇ 400 ਬੀਸੀ ਵਿੱਚ ਲਿਖਿਆ ਹੈ। ਇਸ ਮੰਦਰ ਵਿੱਚ ਇੰਨਾ ਸੋਨਾ ਚਾਂਦੀ ਤੇ ਹੋਰ ਚੜ੍ਹਾਵਾ ਚੜ੍ਹਦਾ ਸੀ ਕਿ ਮੁਸਲਿਮ ਹਾਕਮਾਂ ਦੀ ਅਮਦਨ ਦਾ 30% ਇਸੇ ਮੰਦਰ ਦੇ ਚੜ੍ਹਾਵੇ ਤੋਂ ਆਉਂਦਾ ਸੀ। ਇਸ ਅਥਾਹ ਆਮਦਨ ਕਾਰਨ ਮੁਲਤਾਨ ਨੂੰ ਸੋਨੇ ਦਾ ਸ਼ਹਿਰ (ਅਰਬੀ ਵਿੱਚ ਫਾਰਾਜ਼ ਬਾਯਤ ਅਲ ਦਾਹਾਬ) ਕਿਹਾ ਜਾਂਦਾ ਸੀ। ਪ੍ਰਤੀਤ ਹੁੰਦਾ ਹੈ ਕਿ ਮੂਲਸਥਾਨ ਸ਼ਬਦ ਹੀ ਵਿਗੜ ਕੇ ਮੁਲਤਾਨ ਬਣ ਗਿਆ। ਕੁਝ ਇਤਿਹਾਸਕਾਰਾਂ ਦਾ ਕਥਨ ਹੈ ਕਿ ਇੱਥੇ ਪ੍ਰਾਚੀਨ ਕਾਲ ਵਿੱਚ ਇੱਕ ਮੂਲ ਨਾਮਕ ਕਬੀਲਾ ਵਸਦਾ ਸੀ ਜਿਸ ਕਾਰਨ ਇਸ ਨੂੰ ਮੁਲਤਾਨ ਕਿਹਾ ਜਾਣ ਲੱਗਾ। ਹਿੰਦੂ ਮਿਥਿਹਾਸ ਦੇ ਮੁਤਾਬਕ ਇਸ ਦੀ ਸਥਾਪਨਾ ਰਿਸ਼ੀ ਕਸ਼ਿਅਪ ਨੇ ਕੀਤੀ ਸੀ। ਕੁਝ ਵੀ ਹੋਵੇ ਮੁਲਤਾਨ ਇੱਕ ਪ੍ਰਚੀਨ ਸ਼ਹਿਰ ਹੈ ਜੋ ਹਜ਼ਾਰਾਂ ਸਾਲ ਤੋਂ ਲਗਾਤਾਰ ਵਸ ਰਿਹਾ ਹੈ। ਇਸ ਦੇ ਆਲੇ ਦੁਆਲੇ ਹੋਈ ਖੁਦਾਈ ਦੌਰਾਨ ਸਿੰਧ ਘਾਟੀ ਨਾਲ ਸਬੰਧਤ ਅਨੇਕਾਂ ਸਥਾਨ ਮਿਲੇ ਹਨ।
ਸਮੇਂ ਸਮੇਂ ’ਤੇ ਮੁਲਤਾਨ ਉੱਪਰ ਸਿਕੰਦਰ ਮਹਾਨ, ਹਿੰਦੂ ਰਾਜਿਆਂ, ਮੁਹੰਮਦ ਬਿਨ ਕਾਸਿਮ, ਅਰਬਾਂ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੁਗਲਕ ਵੰਸ਼, ਤੈਮੂਰ ਲੰਗ, ਸੂਰੀ ਵੰਸ਼, ਮੁਗਲ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦਾ ਰਾਜ ਰਿਹਾ ਹੈ। ਅਬਦਾਲੀ ਦੇ ਪਤਨ ਤੋਂ ਬਾਅਦ ਇਹ ਨਵਾਬ ਮਜ਼ੱਫਰ ਖਾਨ ਦੇ ਅਧੀਨ ਅਜ਼ਾਦ ਹੋ ਗਿਆ। 1818 ਵਿੱਚ ਬਹੁਤ ਕਰੜੇ ਸੰਘਰਸ਼ ਤੋਂ ਬਾਅਦ ਇਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਖਾਲਸਾ ਰਾਜ ਦੇ ਅਧੀਨ ਕਰ ਲਿਆ ਗਿਆ। ਸਿੱਖ ਰਾਜ ਖਤਮ ਹੋਣ ਤੋਂ ਬਾਅਦ ਇਹ ਅੰਗਰੇਜ਼ ਰਾਜ ਦਾ ਹਿੱਸਾ ਬਣ ਗਿਆ। ਦੂਸਰੀ ਐਂਗਲੋ ਸਿੱਖ ਜੰਗ ਦਾ ਮੁੱਢ ਮੁਲਤਾਨ ਤੋਂ ਹੀ ਬੱਝਾ ਸੀ ਜਦੋਂ ਇੱਥੋਂ ਦੇ ਗਵਰਨਰ ਮੂਲਰਾਜ ਚੋਪੜਾ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ। 1947 ਤੋਂ ਬਾਅਦ ਇਹ ਪਾਕਿਸਤਾਨੀ ਪੰਜਾਬ ਦਾ ਹਿੱਸਾ ਹੈ।
ਮੁਲਤਾਨ ਵੀ ਪੇਸ਼ਾਵਰ, ਲਾਹੌਰ ਅਤੇ ਦਿੱਲੀ ਵਾਂਗ ਸ਼ਾਹੀ ਸ਼ਹਿਰ ਸੀ। ਬਾਕੀ ਪੁਰਾਤਨ ਸ਼ਹਿਰਾਂ ਵਾਂਗ ਇਹ ਵੀ ਇੱਕ ਦਰਿਆ (ਚਨਾਬ) ਦੇ ਕਿਨਾਰੇ ’ਤੇ ਵਸਿਆ ਹੋਇਆ ਹੈ। ਪੁਰਾਣਾ ਸ਼ਹਿਰ ਦੀਵਾਰ ਦੇ ਅੰਦਰ ਤੇ ਅਧੁਨਿਕ ਸ਼ਹਿਰ ਬਾਹਰ ਵਿਕਸਤ ਹੋਇਆ ਹੈ। ਇਸਦਾ ਜ਼ਿਆਦਾਤਰ ਪੁਰਾਣਾ ਸ਼ਾਹੀ ਹਿੱਸਾ, ਸਮੇਤ ਮਹਾਨ ਕਿਲੇ ਦੇ, 1848 ਦੀ ਬਗਾਵਤ ਵੇਲੇ ਬ੍ਰਿਟਿਸ਼ ਫੌਜ਼ਾਂ ਵੱਲੋਂ ਕੀਤੀ ਬੇਕਿਰਕ ਬੰਬਾਰੀ ਕਾਰਨ ਤਬਾਹ ਹੋ ਗਿਆ। ਇੱਥੇ 14ਵੀਂ ਸਦੀ ਵਿੱਚ ਪੀਰਾਂ-ਫਕੀਰਾਂ ਦੇ ਮਜ਼ਾਰ ਉਸਾਰਨ ਦੀ ਵਿਲੱਖਣ ਭਵਨ ਨਿਰਮਾਣ ਕਲਾ ਵਿਕਸਤ ਹੋਈ। ਭਾਰਤ-ਪਾਕਿਸਤਾਨ ਦੇ ਹੋਰ ਕਿਸੇ ਵੀ ਸ਼ਹਿਰ ਵਿੱਚ ਅਜਿਸੀ ਕਾਰੀਗਰੀ, ਕਲਾਕਾਰੀ, ਬਰੀਕੀ, ਮੀਨਾਕਾਰੀ ਅਤੇ ਸ਼ਰਧਾ ਨਾਲ ਇੰਨੇ ਮਜ਼ਾਰ ਨਹੀਂ ਉਸਾਰੇ ਗਏ, ਜਿੰਨੇ ਇੱਥੇ ਉਸਾਰੇ ਗਏ ਹਨ। ਇੱਥੇ ਕਰੀਬ 50 ਦੇ ਕਰੀਬ ਪ੍ਰਸਿੱਧ ਮਜ਼ਾਰ ਹਨ। ਅਰਧ ਮਾਰੂਥਲੀ ਇਲਾਕਾ ਹੋਣ ਕਾਰਨ ਇੱਥੋਂ ਦਾ ਮੌਸਮ ਬਹੁਤ ਹੀ ਕਰੜਾ ਹੈ ਤੇ ਬਾਰਸ਼ ਬਹੁਤ ਘੱਟ ਹੁੰਦੀ ਹੈ। ਗਰਮੀਆਂ ਵਿੱਚ ਅੱਤ ਦੀ ਗਰਮੀ ਪੈਂਦੀ ਹੈ ਤੇ ਸਰਦੀ ਬਹੁਤੀ ਨਹੀਂ ਪੈਂਦੀ। ਇਸਦੀ ਧਰਤੀ ਪੱਧਰੀ ਅਤੇ ਬਹੁਤ ਉਪਜਾਊ ਹੈ। ਖੇਤਾਂ ਦੀ ਸਿੰਜਾਈ ਨਹਿਰਾਂ ਰਾਹੀਂ ਹੁੰਦੀ ਹੈ। ਇੱਥੇ ਨਿੰਬੂ ਜ਼ਾਤੀ ਦੇ ਫਲ ਅਤੇ ਅੰਬਾਂ ਦੀ ਫਸਲ ਬਹੁਤ ਹੁੰਦੀ ਹੈ। ਇੱਥੇ ਗਰਮੀ ਕਾਰਨ ਪੁਰਾਣੇ ਸਮੇਂ ਤੋਂ ਹੀ ਘਰਾਂ ਵਿੱਚ ਤਹਿਖਾਨੇ ਬਣਾਉਣ ਦਾ ਰਿਵਾਜ਼ ਹੈ। ਮੁਲਤਾਨ ਦੀ ਮਠਿਆਈ ਸੋਹਨ ਹਲਵਾ, ਸਾਰੇ ਵਿਸ਼ਵ ਵਿੱਚ ਪ੍ਰਸਿੱਧ ਹੈ।
ਇਸ ਦੀ ਮੁੱਖ ਭਾਸ਼ਾ ਸਰਾਇਕੀ, ਪੰਜਾਬੀ ਅਤੇ ਉਰਦੂ ਹੈ। ਇੱਥੇ ਸ਼ਾਸਨ ਦਾ ਮੁਖੀ ਚੁਣਿਆ ਹੋਇਆ ਮੇਅਰ ਹੁੰਦਾ ਹੈ। ਪਾਕਿਸਤਾਨ ਦੀਆਂ ਅਹਿਮ ਸੜਕਾਂ ਅਤੇ ਰੇਲਵੇ ਲਾਈਨਾਂ ’ਤੇ ਸਥਿੱਤ ਹੋਣ ਕਾਰਨ ਇਹ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਹੈ। ਚੀਨ ਦੀ ਮਦਦ ਨਾਲ ਬਣਾਈ ਗਈ ਦੇਸ਼ ਦੀ ਸਭ ਤੋਂ ਆਧੁਨਿਕ ਲਾਹੌਰ-ਕਰਾਚੀ 6 ਲੇਨ ਸੜਕ ਇਸ ਵਿੱਚੋਂ ਗੁਜ਼ਰਦੀ ਹੈ। ਇਹ ਰੇਲਵੇ ਰਾਹੀਂ ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜਿਆ ਹੋਇਆ ਹੈ। ਕਰਾਚੀ ਨੂੰ ਪੇਸ਼ਾਵਰ ਨਾਲ ਜੋੜਨ ਵਾਲੀ ਪਾਕਿਸਤਾਨ ਦੀ ਸਭ ਤੋਂ ਰੁੱਝੀ ਹੋਈ ਰੇਲਵੇ ਲਾਈਨ ਵੀ ਮੁਲਤਾਨ ਤੋਂ ਲੰਘਦੀ ਹੈ। ਅੰਮ੍ਰਿਤਸਰ ਵਾਂਗ ਮੁਲਤਾਨ ਵਿੱਚ ਵੀ 2017 ਵਿੱਚ ਬੱਸ ਰੈਪਿਡ ਸਿਸਟਮ ਸ਼ੁਰੂ ਕੀਤਾ ਗਿਆ ਸੀ। ਪਰ ਅੰਮ੍ਰਿਤਸਰ ਦੇ ਉਲਟ ਇਹ ਸ਼ਹਿਰ ਦੇ ਕੋਨੇ ਕੋਨੇ ਵਿੱਚ ਸਫਲਤਾ ਪੂਰਵਕ ਚੱਲ ਰਿਹਾ ਹੈ। ਮੁਲਤਾਨ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਹਿਰ ਤੋਂ ਕੋਈ 10 ਕਿ.ਮੀ. ਮੁਲਤਾਨ ਛਾਉਣੀ ਖੇਤਰ ਵਿੱਚ ਹੈ। ਇੱਥੋਂ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਦੁਬਈ ਆਦਿ ਮੱਧ ਪੂਰਬੀ ਦੇਸ਼ਾਂ ਨੂੰ ਉਡਾਣਾਂ ਜਾਂਦੀਆਂ ਹਨ। 2015 ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੁਆਰਾ ਇਸਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ। ਇਹ ਵਿੱਦਿਆ ਦਾ ਵੀ ਅਹਿਮ ਕੇਂਦਰ ਹੈ। ਇੱਥੇ ਪਾਕਿਸਤਾਨ ਦੀ ਔਰਤਾਂ ਲਈ ਪਹਿਲੀ ਯੂਨੀਵਰਸਿਟੀ (ਵੂਮੈਨ ਯੂਨੀਵਰਸਿਟੀ, ਮੁਲਤਾਨ) ਤੋਂ ਇਲਾਵਾ 6 ਯੂਨੀਵਰਸਿਟੀਆਂ, 18 ਕਾਲਜ ਅਤੇ ਦਰਜ਼ਨਾਂ ਸਕੂਲ ਹਨ।
ਜਿਸ ਵਿਲੱਖਣਤਾ ਲਈ ਮੁਲਤਾਨ ਸਭ ਤੋਂ ਵੱਧ ਪ੍ਰਸਿੱਧ ਹੈ, ਉਹ ਹਨ ਇੱਥੋਂ ਦੇ ਧਾਰਮਿਕ ਸਮਾਰਕ। ਇੱਥੇ ਅਨੇਕਾਂ ਹਿੰਦੂ-ਮੁਸਲਿਮ ਸਮਾਰਕ ਬਣੇ ਹੋਏ ਹਨ। ਹਿੰਦੂ ਮਿਥਿਹਾਸ ਵਿੱਚ ਮੰਨਿਆ ਜਾਂਦਾ ਹੈ ਕਿ ਭਗਤ ਪ੍ਰਹਲਾਦ ਦਾ ਪਿਤਾ ਹਰਣਾਕਸ਼ ਮੁਲਤਾਨ ਦਾ ਰਾਜਾ ਸੀ। ਪ੍ਰਹਲਾਦ ਦੀ ਯਾਦ ਵਿੱਚ ਬਣਿਆ ਮੰਦਰ ਅਜੇ ਵੀ ਪੁਰਾਣੇ ਕਿਲ੍ਹੇ ਵਿੱਚ ਠੀਕ ਠਾਕ ਹਾਲਤ ਵਿੱਚ ਹੈ। ਇਸ ਮੰਦਰ ਤੋਂ ਇਲਾਵਾ ਇੱਥੇ ਅਨੇਕਾਂ ਪੀਰਾਂ ਦੇ ਸ਼ਾਨਦਾਰ ਮਜ਼ਾਰ ਬਣੇ ਹੋਏ ਹਨ, ਜਿਹਨਾਂ ਵਿੱਚੋਂ ਪ੍ਰਸਿੱਧ ਹਨ, ਸ਼ਾਹ ਯੂਸਫ ਗਰਦੇਜ਼ੀ, ਮਾਈ ਮੇਹਰਬਾਨ, ਬਹਾਊਦੀਨ ਜ਼ਕਰੀਆ, ਸ਼ਾਹ ਰੁਕਨੇ ਆਲਮ, ਖਵਾਜ਼ਾ ਅਵਾਇਜ਼ ਕਾਘਾ, ਸਾਈਅਦ ਮੂਸਾ ਪਾਕ, ਹਾਫਿਜ਼ ਮੁਹੰਮਦ ਜਮਾਲ ਮੁਲਤਾਨੀ, ਸਈਅਦ ਅਤਾਉਲਾਹ ਸ਼ਾਹ ਬੁਖਾਰੀ, ਸਾਈਅਦ ਨੂਰ ਅਲ ਹਸਨ ਬੁਖਾਰੀ ਅਤੇ ਅਹਿਮਦ ਸਈਅਦ ਕਾਜ਼ਮੀ। ਪ੍ਰਹਲਾਦ ਮੰਦਰ ਤੋਂ ਇਲਾਵਾ ਸੂਰਜਕੁੰਡ ਮੰਦਰ ਅਤੇ ਇੱਕ ਜੈਨ ਮੰਦਰ ਵੀ ਮੌਜੂਦ ਹਨ। ਹੁਣ ਇੱਥੇ ਹਿੰਦੂਆਂ ਦੀ ਅਬਾਦੀ ਸਿਰਫ 2500 ਦੇ ਕਰੀਬ ਹੈ।
ਮੁਲਤਾਨ ਦਾ ਅਜਿੱਤ ਕਿਲ੍ਹਾ ਆਪਣੇ ਸਮੇਂ ਬਹੁਤ ਹੀ ਪ੍ਰਸਿੱਧ ਸੀ। ਇਸ ਦੀ ਉਸਾਰੀ 17ਵੀਂ ਸਦੀ ਵਿੱਚ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਪੁੱਤਰ ਮੁਰਾਦ ਬਖਸ਼ ਨੇ ਕਰਵਾਈ ਸੀ। ਇਹ ਮੁਲਤਾਨ ਸ਼ਹਿਰ ਦੇ ਨਜ਼ਦੀਕ ਦਰਿਆ ਦੇ ਕਿਨਾਰੇ ਇੱਕ ਟਿੱਲੇ ’ਤੇ ਬਣਿਆ ਹੋਇਆ ਸੀ। ਇਹ ਦੱਖਣੀ ਏਸ਼ੀਆ ਦੇ ਸੈਨਿਕ ਟਿਕਾਣਿਆਂ ਦੀ ਮਜ਼ਬੂਤੀ ਅਤੇ ਭਵਨ ਨਿਰਮਾਣ ਕਲਾ ਦੀ ਇੱਕ ਬੇਹਤਰੀਨ ਮਿਸਾਲ ਸੀ। ਇਸਦੀਆਂ ਸੁਰੱਖਿਆ ਦੀਵਾਰਾਂ 40 ਤੋਂ 70 ਫੁੱਟ ਉੱਚੀਆਂ, 30 ਫੁੱਟ ਚੌੜੀਆਂ ਅਤੇ ਇਸ ਦਾ ਘੇਰਾ 4 ਕਿ.ਮੀ. ਸੀ। ਦੀਵਾਰਾਂ ਵਿੱਚ 50 ਪਿੱਲਰ ਅਤੇ ਚਾਰ ਦਰਵਾਜ਼ੇ ਸਨ। ਇਸ ਦੇ ਦੁਆਲੇ 25 ਫੁੱਟ ਡੂੰਘੀ ਅਤੇ 40 ਫੁੱਟ ਚੌੜੀ ਖਾਈ ਸੀ। ਕਿਲੇ ਦੇ ਅੰਦਰ ਇੱਕ ਮਸੀਤ, ਇੱਕ ਮੰਦਰ ਅਤੇ ਨਵਾਬ ਦਾ ਮਹਿਲ ਬਣਿਆ ਹੋਇਆ ਸੀ। 1818 ਈ. ਵਿੱਚ ਖਾਲਸਾ ਫੌਜ ਦੇ ਹਮਲੇ ਦੌਰਾਨ ਜ਼ਮਜ਼ਮਾ ਤੋਪ ਦੀ ਗੋਲਾਬਾਰੀ ਨੇ ਇਸ ਕਿਲ੍ਹੇ ਨੂੰ ਬਹੁਤ ਸਖਤ ਨੁਕਸਾਨ ਪਹੁੰਚਾਇਆ। ਰਹੀ ਸਹੀ ਕਸਰ 1848 ਵਿੱਚ ਬ੍ਰਿਟਿਸ਼ ਫੌਜ ਨੇ ਪੂਰੀ ਕਰ ਦਿੱਤੀ। ਉਹਨਾਂ ਨੇ ਦੀਵਾਨ ਮੂਲਰਾਜ ਦੀ ਬਗਾਵਤ ਵੇਲੇ ਕਿਲੇ ਨੂੰ ਪੂਰੀ ਤਰ੍ਹਾਂ ਨਾਲ ਮਲੀਆਮੇਟ ਕਰ ਦਿੱਤਾ।
ਉਪਰੋਕਤ ਤੋਂ ਇਲਾਵਾ ਮੁਲਤਾਨ ਦੀਆਂ ਮੁੱਖ ਵੇਖਣਯੋਗ ਥਾਵਾਂ ਵਿੱਚ ਪਾਕ ਗੇਟ, ਦਿੱਲੀ ਗੇਟ, ਘੰਟਾ ਘਰ, ਜਿਨਾਹ ਪਾਰਕ, ਹਰਮ ਗੇਟ, ਸ਼ਾਹ ਸ਼ਮਸ਼ ਪਾਰਕ, ਮੁਲਤਾਨ ਅਰਟਸ ਕੌਂਸਲ, ਸ਼ਾਹੀ ਈਦਗਾਹ ਮਸੀਤ ਆਦਿ ਸ਼ਾਮਲ ਹਨ।
*****
(1331)