BalrajSidhu7(ਅਪਰੈਲ 12, 2015)

 

1. ਫਿਰੌਤੀ

ਇਹ ਪੰਜਾਬ ਦੇ ਕਾਲੇ ਦਿਨਾਂ ਦਿਨਾਂ ਦੀ ਦਾਸਤਾਨ ਹੈ। ਇਹ ਉਪਰੇਸ਼ਨ ਬਲਿਊ ਸਟਾਰ ਤੇ ਉਪਰੇਸ਼ਨ ਬਲੈਕ ਥੰਡਰ ਦੇ ਵਿਚਕਾਰਲੇ ਸਮੇਂ ਦੀ ਗੱਲ ਹੈ। ਉਪਰੇਸ਼ਨ ਬਲੈਕ ਥੰਡਰ ਤੋਂ ਐਨ ਪਹਿਲਾਂ ਲੋਟੂ ਟੋਲਿਆਂ ਨੇ ਪੰਜਾਬ ਵਿਚ ਕਤਲਾਂ ਅਤੇ ਫਿਰੌਤੀਆਂ ਦੀ ਹਨੇਰੀ ਲਿਆਂਦੀ ਹੋਈ ਸੀ। ਇਹਨਾਂ ਵਿੱਚ ਜਿਆਦਾ ਗਿਣਤੀ ਕਿਸਾਨੀ ਨਾਲ ਸਬੰਧਿਤ ਨੌਜਵਾਨਾਂ ਦੀ ਸੀ। ਇਸ ਲਈ ਕਿਸਾਨੀ ਨਾਲ ਸੰਬੰਧਿਤ ਧੰਦਿਆਂ ਵਾਲੇ ਵਪਾਰੀਆਂ, ਜਿਵੇਂ ਆੜ੍ਹਤੀ ਤੇ ਸ਼ੈਲਰ ਵਾਲਿਆਂ ਦੀ ਸ਼ਾਮਤ ਆਈ ਹੋਈ ਸੀ। ਸ਼ਾਮ ਹੁੰਦੇ ਹੀ ਲੋਕ ਘਰਾਂ ਵਿਚ ਵੜ ਜਾਂਦੇ ਸਨ। ਸ਼ਾਮ ਨੂੰ ਜੇ ਕਿਸੇ ਦੇ ਘਰ ਡਾਕੀਆ ਦਰਵਾਜਾ ਖੜਕਾ ਦਿੰਦਾ ਤਾਂ ਘਰ ਵਿਚ ਸੋਗ ਪੈ ਜਾਂਦਾ ਕਿ ਪਤਾ ਨਹੀਂ ਕਿਤੇ ਫਿਰੌਤੀ ਦੀ ਚਿੱਠੀ ਨਾ ਆ ਗਈ ਹੋਵੇ।

ਇਹਨਾਂ ਦਿਨਾਂ ਵਿਚ ਇਕ ਕਿਸਾਨ ਦਾ ਮੁੰਡਾ ਅਜਿਹੇ ਹੀ ਟੋਲੇ ਨਾਲ ਜਾ ਰਲਿਆ। ਕੁਝ ਚਿਰ ਲੁੱਟਾਂ ਖੋਹਾਂ ਕਰਕੇ ਕਾਫੀ ਮਾਲ ਜਮ੍ਹਾਂ ਕਰ ਲਿਆ। ਫਿਰ ਇਕ ਦਿਨ ਉਸਨੇ ਆਪਣੇ ਆੜ੍ਹਤੀ ਨੂੰ ਹੀ ਆਪਣੀ ਜਥੇਬੰਦੀ ਦੇ ਨਾਂ 10 ਲੱਖ ਦੀ ਚਿੱਠੀ ਫਿਰੌਤੀ ਲਈ ਪਾ ਦਿੱਤੀ। ਆੜ੍ਹਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਸਮੇਂ 10 ਲੱਖ ਬੜੀ ਵੱਡੀ ਰਕਮ ਹੁੰਦੀ ਸੀ। ਉਸਨੇ ਆਪਣੇ ਵਾਕਿਫ ਬੰਦਿਆਂ ਦੀ ਮਦਦ ਨਾਲ ਸੌਦੇਬਾਜ਼ੀ ਕਰਕੇ ਰਕਮ ਇਕ ਲੱਖ ਤੇ ਲੈ ਆਂਦੀ। ਮਿਲਣ ਦੀ ਜਗਾਹ ਮਿਥ ਲਈ ਗਈ।

ਆੜ੍ਹਤੀ ਮਿਥੇ ਹੋਏ ਥਾਂ ਪੈਸੇ ਲੈਕੇ ਪਹੁੰਚ ਗਿਆ। ਪੈਸੇ ਦਿੰਦੇ ਸਮੇਂ ਆੜ੍ਹਤੀ ਨੇ ਪਛਾਣ ਲਿਆ ਕਿ ਇਹ ਤਾਂ ਫਲਾਣੇ ਕਿਸਾਨ ਦਾ ਲੜਕਾ ਹੈ, ਜੋ ਕਿ ਮੇਰੀ ਅਸਾਮੀ ਹੈ। ਪਹਿਚਾਣ ਨਿੱਕਲ ਜਾਣ ਕਰਕੇ ਆੜ੍ਹਤੀ ਦਾ ਡਰ ਥੋੜ੍ਹਾ ਘਟ ਗਿਆ। ਉਹ ਹਿੰਮਤ ਕਰਕੇ ਬੋਲਿਆ, "ਕਾਕਾ ਇਹ ਤੁਹਾਡਾ ਖਾਲਿਸਤਾਨ ਭਲਾ ਬਣਜੇਗਾ?"

ਮੁੰਡਾ ਹੱਸਕੇ ਬੋਲਿਆ, "ਸ਼ਾਹ ਜੀ, ਮੈਂ ਛੋਟਾ ਹੁੰਦਾ ਆਪਣੇ ਬਾਪ ਨਾਲ ਤੇਰੀ ਆੜ੍ਹਤ ਦੀ ਦੁਕਾਨ ਤੇ ਜਾਂਦਾ ਹੁੰਦਾ ਸੀ। ਤੂੰ ਮੇਰੇ ਹੀ ਪਿਉ ਦੇ ਪੈਸੇ ਮੇਰੇ ਪਿਉ ਨੂੰ ਗੇੜੇ ਮਰਵਾ ਮਰਵਾ ਕੇ ਦਿੰਦਾ ਹੁੰਦਾ ਸੀ। ਕਦੀ ਸੌ ਲੈ ਜਾ, ਕਦੇ ਪੰਜਾਹ ਲੈ ਜਾ। ਅੱਜ ਤੂੰ ਮੇਰੇ ਇਕ ਸੁਨੇਹੇ ਤੇ ਲੱਖ ਰੁਪਈਆ ਲੈਕੇ ਆ ਗਿਆਂ, ਕਿਉਂ? ਮੈਂ ਤੇਰਾ ਫੁੱਫੜ ਲਗਦਾਂ? ਸਾਡੇ ਭਾਅ ਦਾ ਤਾਂ ਖਾਲਿਸਤਾਨ ਬਣ ਗਿਆ! ਹੋਰ ਕਿਵੇਂ ਬਣਨਾ ਏਂ। ਹੁਣ ਤਾਂ ਇੰਜ ਈ ਚੱਲੂਗਾ।"

ਆੜ੍ਹਤੀ ਨਵੇਂ ਬਣਨ ਵਾਲੇ ਦੇਸ਼ ਦੇ ਸੰਵਿਧਾਨ ਬਾਰੇ ਸੋਚ ਸੋਚ ਕੇ ਬੇਹੋਸ਼ ਹੋਣ ਵਾਲਾ ਹੋ ਗਿਆ।

**

 

2. ਗਰੇਵਾਲ ਦਾ ਕੋਠੀ ਨੰਬਰ

ਰਾਤ ਦੇ ਸਾਢੇ ਬਾਰਾਂ ਵੱਜੇ ਹੋਏ ਸਨ। ਡਿਵੀਜ਼ਨ ਨੰਬਰ ਚਾਰ ਦਾ ਐਸ. ਐਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਰਾਤ ਦੀ ਗਸ਼ਤ ਤੋਂ ਆਕੇ ਅਜੇ ਸੁੱਤਾ ਹੀ ਸੀ ਕਿ ਲਗਾਤਾਰ ਵੱਜਦੀ ਮੋਬਾਇਲ ਦੀ ਘੰਟੀ ਨੇ ਉਸਦੀ ਨੀਂਦ ਹਰਾਮ ਕਰ ਦਿੱਤੀ। ਦੋ ਮਿੱਸ ਕਾਲਾਂ ਤੋਂ ਬਾਅਦ ਆਖਿਰ ਉਸਨੂੰ ਆਖਿਰ ਫੋਨ ਚੁੱਕਣਾ ਹੀ ਪਿਆ। ਸਕਰੀਨ ਤੇ ਨਾਂ ਪੜ੍ਹਕੇ ਉਸਦੇ ਮੱਥੇ ਤੇ ਵੱਟ ਪੈ ਗਏ। ਫੋਨ ਮਹਾਂ ਨਾਲਾਇਕ ਸ਼ਰਾਬੀ ਹੌਲਦਾਰ ਨਸੀਬ ਚੰਦ ਦਾ ਸੀ। ਐਸ. ਐੱਚ ਓ. ਨੇ ਸੋਚਿਆ ਪਤਾ ਨਹੀਂ ਕੀ ਐਮਰਜੈਂਸੀ ਪੈ ਗਈ ਹੈ। “ਕੀ ਗੱਲ ਹੋ ਗਈ, ਕੋਈ ਪੰਗਾ ਤਾਂ ਨਹੀਂ ਪਾ ਦਿੱਤਾ?” ਐਸ. ਐੱਚ. ਓ. ਨੇ ਖਿਝਕੇ ਪੁੱਛਿਆ।

“ਪੰਗਾ ਤਾਂ ਜਨਾਬ ਕੁਝ ਨਹੀਂ, ਸਭ ਠੀਕ ਹੈ। ਭਲਾ ਤੁਹਾਨੂੰ ਜਨਾਬ ਗਰੇਵਾਲ ਸਹਿਬ ਦੀ ਕੋਠੀ ਦਾ ਨੰਬਰ ਪਤਾ ਹੈ?” ਰੋਣਹਾਕਾ ਹੋਇਆ ਨਸੀਬ ਚੰਦ ਡਰਦਾ ਡਰਦਾ ਬੋਲਿਆ।

ਗਰੇਵਾਲ ਸਾਹਿਬ ਦੀ ਤਾਰੀਫ ਇਹ ਸੀ ਕਿ ਉਹ ਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਦਸ ਬਾਰਾਂ ਸਾਲ ਪਹਿਲਾਂ ਇਕੱਠੇ ਏ. ਐਸ. ਆਈ. ਭਰਤੀ ਹੋਏ ਸਨ। ਗਰੇਵਾਲ ਵਿੱਚ ਪੁਲਿਸ ਮਹਿਕਮੇ ਦੇ ਸਾਰੇ ‘ਗੁਣ’ ਕੁੱਟ ਕੁੱਟਕੇ ਭਰੇ ਹੋਏ ਸਨ। ਸਭ ਤੋਂ ਵਿਸ਼ੇਸ਼ ਗੁਣ ਉਸ ਵਿੱਚ ਸ਼ਰਾਬ ਪੀਣ ਦਾ ਸੀ। ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ। ਇਹਨਾਂ ਗੁਣਾਂ ਕਰਕੇ ਹੀ ਉਹ ਅਜੇ ਵੀ ਏ. ਐਸ. ਆਈ. ਹੀ ਸੀ ਤੇ ਉਸਦੇ ਨਾਲ ਹੀ ਭਰਤੀ ਹੋਇਆ ਗੁਰਪ੍ਰੀਤ ਇੰਸਪੈਕਟਰ ਬਣਕੇ ਉਸਦਾ ਐਸ. ਐੱਚ. ਓ. ਲੱਗਾ ਹੋਇਆ ਸੀ। ਨਸੀਬ ਚੰਦ ਉਸਦਾ ਪਿਆਲੇ ਦਾ ਯਾਰ ਸੀ। ਦੋਵਾਂ ਦੀ ਆਪਸ ਵਿੱਚ ਬਹੁਤ ਬਣਦੀ ਸੀ। ਸਾਰਾ ਦਿਨ ਜੋ ਵੀ ਕਮਾਈ ਕਰਦੇ, ਉਸਨੂੰ ਘਰ ਲੈਕੇ ਜਾਣਾ ਉਹ ਪਾਪ ਸਮਝਦੇ ਸਨ। ਸ਼ਾਮ ਨੂੰ ਸਾਰੇ ਪੈਸੇ ਠੇਕੇ ਅਤੇ ਅਹਾਤੇ ਵਿੱਚ ਖਰਚਕੇ ਹੀ ਘਰ ਜਾਂਦੇ ਸਨ।

“ਐਡਰੈੱਸ ਤਾਂ ਮੈਨੂੰ ਪਤਾ ਨਹੀਂ।” ਆਪਣੇ ਬੈਚਮੇਟ ਦਾ ਨਾਂ ਸੁਣਕੇ ਇੰਸਪੈਕਟਰ ਢਿੱਲਾ ਜਿਹਾ ਪੈਂਦਾ ਬੋਲਿਆ, “ਪਰ ਤੂੰ ਆਹ ਉਸਦਾ ਮੋਬਾਇਲ ਨੰਬਰ ਲੈ ਲਾ। ਉਸਨੂੰ ਫੋਨ ਕਰਕੇ ਐਡਰੈੱਸ ਪਤਾ ਕਰ ਲੈ। ਇੰਸਪੈਕਟਰ ਨੇ ਸੋਚਿਆ ਪਤਾ ਨਹੀਂ ਅੱਧੀ ਰਾਤ ਨੂੰ ਇਸ ਨੂੰ ਗੁਰੇਵਾਲ ਦੇ ਐਡਰੈੱਸ ਦੀ ਕੀ ਜਰੂਰਤ ਪੈ ਗਈ। ਕੋਈ ਐਮਰਜੈਂਸੀ ਨਾ ਪੈ ਗਈ ਹੋਵੇ। ਅਜੇ ਉਹ ਪੁੱਛਣ ਹੀ ਲੱਗਾ ਸੀ ਕਿ ਅੱਗੋਂ ਨਸੀਬ ਚੰਦ ਬੋਲਿਆ, “ਜਨਾਬ ਫੋਨ ਕਿਸ ਨੂੰ ਕਰਾਂ? ਉਹ ਤਾਂ ਸ਼ਰਾਬੀ ਹੋਏ ਦੋ ਘੰਟੇ ਤੋਂ ਮੇਰੇ ਸਕੂਟਰ ਦੀ ਪਿਛਲੀ ਸੀਟ ਨੂੰ ਚਿੰਬੜੇ ਹੋਏ ਨੇ। ਮੈਂ ਅੱਕ-ਥੱਕ ਗਿਆ ਹਾਂ ਜਨਤਾ ਨਗਰ ਦੀਆਂ ਗਲੀਆਂ ਵਿੱਚ ਘੁੰਮਦਿਆਂ। ਗਰੇਵਾਲ ਸਾਹਬ ਤਾਂ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਘਰ ਦਾ ਪਤਾ ਹੀ ਭੁੱਲ ਗਏ ਨੇ। ਮੈਂ ਸੋਚਿਆ, ਤੁਸੀਂ ਬੈਚਮੇਟ ਹੋ, ਸ਼ਾਇਦ ਐਡਰੈੱਸ ਜਾਣਦੇ ਹੋਵੋਗੇ।”

ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਹੱਸੇ ਜਾਂ ਰੋਵੇ।

**

 

3. ਟਾਹਲੀ ਤੇ ਟਰਾਲੀ

ਸਾਡੇ ਨਾਲ ਦੇ ਪਿੰਡ ਦਾ ਸੁੱਚਾ ਨਿਹੰਗ ਬੜਾ ਸ਼ਰਾਰਤੀ ਤੇ ਤੇਜ ਤਰਾਰ ਕਿਸਮ ਦਾ ਆਦਮੀ ਸੀ। ਉਹ ਪੈੱਗ ਸ਼ੈੱਗ ਲਾਉਣ ਦਾ ਵੀ ਕਾਫੀ ਸ਼ੌਕੀਨ ਸੀ। ਛੜਾ ਮਲੰਗ ਸੀ। ਆਮ ਤੌਰ ਤੇ ਮਾੜੇ ਮੋਟੇ ਜੁਰਮ ਕਰਨ ਵੇਲੇ ਲੋਕ ੳਸਨੂੰ ਨਾਲ ਲੈ ਜਾਂਦੇ ਸਨ,ਜਿਵੇਂ ਘਰ ਦੀ ਸ਼ਰਾਬ ਕੱਢਣੀ, ਜਾਂ ਨਹਿਰ ਸੂਏ ਤੋਂ ਟਾਹਲੀ ਕਿੱਕਰ ਵੱਢਣੀ। ਵੈਸੇ ਵੀ ਮਾਝੇ ਵਿਚ ਘਰ ਦੀ ਸ਼ਰਾਬ ਕੱਢਣੀ ਕੋਈ ਬਹੁਤਾ ਵੱਡਾ ਜੁਰਮ ਨਹੀਂ ਸਮਝਿਆ ਜਾਂਦਾ। ਸੁੱਚੇ ਨੂੰ ਨਾਲ ਲੈਕੇ ਜਾਣ ਦਾ ਫਾਇਦਾ ਇਹ ਸੀ ਕਿ ਉਹ ਬਹੁਤਾ ਲਾਲਚ ਨਹੀਂ ਸੀ ਕਰਦਾ। ਸੌ ਪੰਜਾਹ ਰੁਪਏ ਤੇ ਅਧੀਆ ਪਊਆ ਸ਼ਰਾਬ ਦਾ ਉਸ ਲਈ ਕਾਫੀ ਹੁੰਦਾ ਸੀ।

ਇਕ ਦਿਨ ਸਵੇਰੇ ਸਵਖਤੇ ਸੁੱਚਾ ਕੁਹਾੜਾ ਮੋਢੇ ਤੇ ਚੁੱਕੀ ਪਿੰਡ ਦੀ ਫਿਰਨੀ ਫਿਰਨੀ ਜਾ ਰਿਹਾ ਸੀ ਕਿ ਪਿੰਡ ਦੇ ਗੁਰਮੇਲ ਨੰਬਰਦਾਰ ਨੂੰ ਮਿਲ ਗਿਆ। “ਸੁਣਾ ਸੁੱਚਿਆ, ਅੱਜ ਕਿੱਧਰੋਂ ਸਵੇਰੇ ਸਵੇਰੇ?” ਨੰਬਰਦਾਰ ਨੇ ਪੁੱਛਿਆ।

ਸੁੱਚਾ ਹੱਸਕੇ ਬੋਲਿਆ, “ਆ ਜੱਗੇ ਸ਼ਾਹ ਨਾਲ ਨਹਿਰ ਤੋਂ ਟਾਹਲੀ ਵਢਾਉਣ ਗਏ ਸੀ, ਉੱਥੋਂ ਈ ਆ ਰਿਹਾਂ।”

ਨੰਬਰਦਾਰ ਉਤਸੁਕਤਾ ਨਾਲ ਬੋਲਿਆ, “ਫਿਰ ਵੱਢ ਲਈ ਟਾਹਲੀ, ਕਿੰਨੀ ਕੁ ਮੋਟੀ ਆ?” ਉਹ ਜਿਆਦਾ ਉਤਸੁਕ ਤਾਂ ਸੀ ਕਿਉਂਕਿ ਉਹ ਖੁਦ ਇਕ ਟਾਹਲੀ ਤੇ ਅੱਖ ਰੱਖੀ ਬੈਠਾ ਸੀ। ਉਸਨੇ ਆਪਣੀ ਸਕੀਮ ਵੀ ਤਿਆਰ ਕਰਨੀ ਸੀ।

“ਕਾਹਨੂੰ ਨੰਬਰਦਾਰਾ, ਤੈਨੂੰ ਤੇ ਪਤਾ ਜੱਗਾ ਬੜਾ ਕਾਹਲਾ ਤੇ ਕੰਜੂਸ ਆਦਮੀ ਆ। ਉਸਨੇ ਸੋਚਿਆ ਕਿ ਟਾਇਮ ਬਚਾਵਾਂ,ਤਾਂ ਕਿ ਬੰਦੇ ਕਿਤੇ ਵੱਧ ਪੈਸੇ ਨਾ ਮੰਗ ਲੈਣ। ਸਾਨੂੰ ਕਹਿੰਦਾ ਮੈਂ ਟਰਾਲੀ ਬੈਕ ਕਰਕੇ ਟਾਹਲੀ ਦੇ ਨੇੜੇ ਲਾਉਨਾ, ਤੁਸੀਂ ਸਿੱਧੀ ਟਾਹਲੀ ਟਰਾਲੀ ਵਿੱਚ ਹੀ ਸੁੱਟ ਦਿੳ। ਅਸੀਂ ਹੁਕਮ ਵਜਾਇਆ, ਟਾਹਲੀ ਵੱਢ ਸੁੱਟੀ। ਟਾਹਲੀ ਪੂਰੀ ਪਲੀ ਹੋਈ ਸੀ, ਭਾਰੀ ਬਹੁਤ ਸੀ, ਠਾਹ ਕਰਕੇ ਟਰਾਲੀ ਵਿਚ ਜਾ ਵੱਜੀ। ਟਰਾਲੀ ਦਾ ਇਕ ਪਹੀਆ ਗਿਆ ਅੰਬਰਸਰ ਨੂੰ, ਦੂਜਾ ਗਿਆ ਤਰਨਤਾਰਨ ਨੂੰ। ਟਰਾਲੀ ਦਾ ਧੁਰਾ ਟਾਹਲੀ ਵਿਚ ਡਿਗਣ ਨਾਲ ਟੁੱਟ ਗਿਆ।” ਸੁੱਚਾ ਬੜੇ ਉਤਸ਼ਾਹ ਨਾਲ ਦੱਸ ਰਿਹਾ ਸੀ।

“ਫਿਰ ਕੀ ਹੋਇਆ, ਤੇਰੇ ਅਧੀਏ ਦਾ ਕੀ ਬਣਿਆ?” ਨੰਬਰਦਾਰ ਠੰਢਾ ਜਿਹਾ ਪੈਂਦਾ ਬੋਲਿਆ।

ਸੁੱਚਾ ਟੁਣਕਦੀ ਅਵਾਜ਼ ਵਿੱਚ ਬੋਲਿਆ, “ਨੰਬਰਦਾਰਾ, ਪਊਆ ਆਪਾਂ ਜਾਂਦਿਆਂ ਹੀ ਪੀ ਲਿਆ ਸੀ, ਤੇ ਸੌ ਰੁਪਈਆ ਤੇ ਪਊਆ ਆਹ ਦੇਖ, ਮੇਰੀ ਡੱਬ ਵਿੱਚ ਆ। ਜੱਗੇ ਸ਼ਾਹ ਨੂੰ ਟਰਾਲੀ ਲਾਗੇ ਬੈਠੇ ਨੂੰ, ਜੰਗਲਾਤ ਵਾਲੇ ਫੜਕੇ ਠਾਣੇ ਦੇ ਆਏ ਨੇ। ... ਨਾ ਸਾਡੀ ਟਾਹਲੀ ਤੇ ਨਾ ਸਾਡੀ ਟਰਾਲੀ।”

ਸੁੱਚਾ ਮਜ਼ੇ ਨਾਲ ਆਪਣੇ ਘਰ ਨੂੰ ਤੁਰ ਗਿਆ।

**

(7)

ਬਲਰਾਜ ਸਿੰਘ ਸਿੱਧੂ
ਐੱਸ. ਪੀ. ਮਲੋਟ
ਫੋਨ: 98151 - 24449

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author