“ਅਜਿਹੇ ਇਸ਼ਤਿਹਾਰ ਪੰਜਾਬ ਵਿੱਚ ਹੀ ਨਹੀਂ, ਸਗੋਂ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਦੇ ਅਖਬਾਰਾਂ ਵਿੱਚ ਵੀ ...”
(ਮਈ 23, 2016)
ਅੰਧਵਿਸ਼ਵਾਸ ਨੇ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਬਹੁਤ ਘੱਟ ਅਜਿਹੇ ਲੋਕ ਹੋਣਗੇ ਜੋ ਬਿਲਕੁਲ ਅੰਧਵਿਸ਼ਵਾਸੀ ਨਹੀਂ ਹਨ। ਇੱਕ ਵਾਰ ਜੇ ਕਿਸੇ ਦੇ ਮਨ ਕੋਈ ਵਹਿਮ ਪੈ ਗਿਆ ਤਾਂ ਫਿਰ ਉਹ ਨਿੱਕਲ ਨਹੀਂ ਸਕਦਾ। ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਕਿੰਨਾ ਵੀ ਜਰੂਰੀ ਕੰਮ ਹੋਵੇ, ਪਿੱਛੋਂ ਆਵਾਜ਼ ਵੱਜਣ ’ਤੇ, ਛਿੱਕ ਵੱਜਣ ’ਤੇ, ਜੇ ਕਾਲ਼ੀ ਬਿੱਲੀ ਰਸਤਾ ਕੱਟ ਜਾਵੇ ਤਾਂ ਰੁਕ ਜਾਣਾ ਹੈ, ਬਲਕਿ ਘਰ ਵਾਪਸ ਆ ਜਾਣਾ ਹੈ। ਕਈ ਮੂਰਖ ਇਸ ਚੱਕਰ ਵਿੱਚ ਜ਼ਰੂਰੀ ਕੰਮਾਂ ਤੋਂ ਲੇਟ ਹੋ ਜਾਂਦੇ ਹਨ। ਬੱਚੇ ਪੇਪਰਾਂ ਵਿੱਚ ਟਾਈਮ ’ਤੇ ਨਹੀਂ ਪਹੁੰਚਦੇ, ਅਤੇ ਕਈ ਨੌਕਰੀ ਦੀ ਇੰਟਰਵਿਊ ਮਿੱਸ ਕਰ ਬੈਠਦੇ ਹਨ।
ਇਸ ਤੋਂ ਇਲਾਵਾ ਹੋਰ ਪ੍ਰਚਲਿਤ ਵਹਿਮ ਹਨ, ਰਾਤ ਨੂੰ ਨਹੁੰ ਨਹੀਂ ਕੱਟਣੇ, ਬਿੱਲੀਆਂ ਅੱਖਾਂ ਵਾਲਾ ਬੰਦਾ ਤੇ ਮੁੱਛਾਂ ਵਾਲੀ ਔਰਤ ਬੁਰੇ ਹੁੰਦੇ ਹਨ, ਸ਼ਨੀ ਦੇਵਤੇ ਨੂੰ ਸ਼ਨੀਵਾਰ ਤੇਲ ਚੜ੍ਹਾਉਣਾ, ਮੰਗਲ ਅਤੇ ਵੀਰਵਾਰ ਨੂੰ ਵਾਲ ਨਹੀਂ ਕਟਵਾਉਣੇ, ਬੁਰੀ ਨਜ਼ਰ ਤੋਂ ਬਚਣ ਲਈ ਦੁਕਾਨ ਦੇ ਅੱਗੇ ਮਿਰਚਾਂ ਅਤੇ ਨਿੰਬੂ ਲਟਕਾਉਣੇ, ਅਤੇ ਨਵੀਂ ਨਕੋਰ ਲੱਖਾਂ ਦੀ ਗੱਡੀ ਅੱਗੇ ਟੁੱਟੀ ਤੇ ਸੜੀ ਹੋਈ ਜੁੱਤੀ ਬੰਨ੍ਹਣੀ।
ਜਿਵੇਂ ਜਿਵੇਂ ਸਮਾਜ ਗੁੰਝਲਦਾਰ ਹੁੰਦਾ ਜਾ ਰਿਹਾ ਹੈ, ਤਿਵੇਂ ਤਿਵੇਂ ਵਹਿਮ ਭਰਮ ਵਧਦੇ ਜਾ ਰਹੇ ਹਨ। ਐਤਵਾਰ ਨੂੰ ਕਈ ਅਖਬਾਰਾਂ ਦੇ ਤਿੰਨ ਚਾਰ ਪੰਨੇ ਪੂਰੇ ਦੇ ਪੂਰੇ ਪਾਖੰਡੀ ਤਾਂਤਰਿਕਾਂ ਦੇ ਇਸ਼ਤਿਹਾਰਾਂ ਨਾਲ ਭਰੇ ਹੁੰਦੇ ਹਨ। ਇਹਨਾਂ ਇਸ਼ਤਿਹਾਰਾਂ ਵਿੱਚ ਸਿਰਫ ਫੋਨ ਕਰਨ ’ਤੇ ਹੀ ਦੁਸ਼ਮਣ ਨੂੰ ਨਸ਼ਟ ਕਰਨ ਦੀ ਤੇ ਪਤਨੀ ਪਤੀ ਦੇ ਪੈਰਾਂ ਵਿੱਚ ਲਿਟਾਉਣ ਦੀ ਗਾਰੰਟੀ ਦਿੱਤੀ ਜਾਂਦੀ ਹੈ, ਤਾਂਤਰਿਕ ਆਪ ਭਾਵੇਂ ਰੋਜ਼ ਘਰਵਾਲੀ ਤੋਂ ਛਿੱਤਰ ਖਾਂਦਾ ਹੋਵੇ। ਦੱਬੇ ਖਜ਼ਾਨੇ ਗਾਰੰਟੀ ਨਾਲ ਪੁਟਵਾਏ ਜਾਂਦੇ ਹਨ। ਬੰਦਾ ਪੁੱਛੇ, ਤੂੰ ਆਪ ਕਿਉਂ ਨਹੀਂ ਪੁੱਟ ਕੇ ਅਮੀਰ ਹੋ ਜਾਂਦਾ? ਅਜਿਹੇ ਇਸ਼ਤਿਹਾਰ ਪੰਜਾਬ ਵਿੱਚ ਹੀ ਨਹੀਂ, ਸਗੋਂ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਦੇ ਅਖਬਾਰਾਂ ਵਿੱਚ ਵੀ ਧੜੱਲੇ ਨਾਲ ਛਪਦੇ ਹਨ। ਅਸਲ ਵਿੱਚ ਉਹ ਕਹਿੰਦੇ ਹਨ ਕਿ ਜਿਹੜੇ ਲਾਹੌਰ ਬੁੱਧੂ, ਉਹ ਪਸ਼ੌਰ ਬੁੱਧੂ, ਬਾਹਰ ਜਾਣ ਨਾਲ ਅਕਲ ਥੋੜ੍ਹਾ ਆ ਜਾਂਦੀ ਹੈ।
ਜਦੋਂ ਕੋਈ ਵਿਅਕਤੀ ਤਰੱਕੀ ਕਰ ਜਾਂਦਾ ਹੈ ਤਾਂ ਉਸਨੂੰ ਹਮੇਸ਼ਾ ਇਹ ਡਰ ਪਿਆ ਰਹਿੰਦਾ ਹੈ ਕਿ ਕਿਤੇ ਮੈਂ ਦੁਬਾਰਾ ਉਸ ਜਗ੍ਹਾ ਤੇ ਵਾਪਸ ਨਾ ਪਹੁੰਚ ਜਾਵਾਂ, ਜਿੱਥੋਂ ਮੈਂ ਤਰੱਕੀ ਦਾ ਸਫਰ ਸ਼ੁਰੂ ਕੀਤਾ ਸੀ। ਇਸ ਲਈ ਉਹ ਹਮੇਸ਼ਾ ਕਿਸਮਤ ਚਮਕਾਉਣ ਦੇ ਚੱਕਰ ਵਿੱਚ ਰਹਿੰਦਾ ਹੈ। ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਸਭ ਕੁਝ ਕਿਸਮਤ ਦੇ ਹੱਥ ਹੈ, ਮਤਲਬ ਮਿਹਨਤ ਦਾ ਕੋਈ ਮੁੱਲ ਹੀ ਨਹੀਂ ਹੈ। ਅਸਲ ਵਿੱਚ ਸਾਡੇ ਧਾਰਮਿਕ ਗ੍ਰੰਥ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਰੱਬ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ। ਜ਼ਿਆਦਾਤਰ ਅਫਸਰ, ਰਾਜਨੀਤਕ ਅਤੇ ਅਮੀਰ ਲੋਕ ਕਿਸੇ ਨਾਂ ਕਿਸੇ ਜੋਤਸ਼ੀ-ਤਾਂਤਰਿਕ ਨੂੰ ਆਪਣਾ ਗੁਰੂ ਮੰਨਦੇ ਹਨ, ਉਸ ਨੂੰ ਪੁੱਛੇ ਬਗੈਰ ਬਾਥਰੂਮ ਵੀ ਨਹੀਂ ਜਾਂਦੇ। ਚੰਗੇ ਭਲੇ ਲੀਡਰ ਸਾਰੇ ਪਰਿਵਾਰ ਨੂੰ ਜੋਤਸ਼ੀ ਦੇ ਕਹਿਣ ਤੇ ਨਗਾਂ ਵਾਲੀਆਂ ਛਾਪਾਂ ਪਾਈ ਫਿਰਦੇ ਹਨ। ਇਲੈੱਕਸ਼ਨ ਵੇਲੇ ਜੋਤਸ਼ੀ ਦੇ ਕੱਢੇ ਸ਼ੁਭ ਮਹੂਰਤ ’ਤੇ ਹੀ ਕਾਗਜ਼ ਦਾਖਲ ਕੀਤੇ ਜਾਂਦੇ ਹਨ। ਇੱਕ ਦੱਖਣੀ ਰਾਜ ਦਾ ਮੁੱਖ ਮੰਤਰੀ ਤਾਂ ਜੋਤਸ਼ੀ ਦੇ ਕਹਿਣ ’ਤੇ ਮਾੜਾ ਸਮਾਂ ਟਾਲਣ ਲਈ ਫਰਸ਼ ਤੇ ਨੰਗਾ ਸੌਂਦਾ ਸੀ, ਅਤੇ ਇੱਕ ਕੇਂਦਰੀ ਮੰਤਰੀ ਘੁਟਾਲੇ ਵਿੱਚ ਫਸਣ ’ਤੇ ਬੱਕਰੀ ਦੀ ਪੂਜਾ ਕਰਦਾ ਲੋਕਾਂ ਨੇ ਟੀਵੀ ’ਤੇ ਵੇਖਿਆ ਸੀ। ਪਰ ਉਹ ਗੱਲ ਵੱਖਰੀ ਹੈ ਕਿ ਨਾ ਨੰਗਪੁਣਾ ਕੰਮ ਆਇਆ ਅਤੇ ਨਾ ਬੱਕਰੀ, ਦੋਵਾਂ ਨੂੰ ਗੱਦੀ ਛੱਡਣੀ ਪਈ।
ਕਈ ਵਾਰ ਅੰਧਵਿਸ਼ਵਾਸ ਬੰਦੇ ਨੂੰ ਬੜੀ ਹਾਸੋਹੀਣੀ ਸਥਿਤੀ ਵਿੱਚ ਫਸਾ ਦੇਂਦੇ ਹਨ। 2002 ਦੀ ਇਲੈੱਕਸ਼ਨ ਵੇਲੇ ਪੰਜਾਬ ਦੀ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਦੇ ਨੇਤਾਗਣ ਟਿਕਟਾਂ ਲੈਣ ਲਈ ਦਿੱਲੀ ਡੇਰਾ ਲਾਈ ਬੈਠੇ ਸਨ। ਜਦੋਂ ਹਾਈਕਮਾਂਡ ਨੇ ਟਿਕਟਾਂ ਵੰਡਣ ਵਿੱਚ ਕਾਫੀ ਦੇਰ ਲਾ ਦਿੱਤੀ ਤਾਂ ਲੀਡਰ ਜੋਤਸ਼ੀਆਂ ਦੇ ਗੇੜੇ ਲਾਉਣ ਲੱਗ ਪਏ। ਪਾਰਟੀ ਦੇ ਇੱਕ ਸੀਨੀਅਰ ਲੀਡਰ (ਜਿਸਨੇ ਬਾਅਦ ਵਿੱਚ ਕਾਫੀ ਪਾਰਟੀਆਂ ਬਦਲੀਆਂ ਅਤੇ ਕਾਫੀ ਬੜਬੋਲਾ ਹੈ) ਨੂੰ ਇੱਕ ਜੋਤਸ਼ੀ ਨੇ ਸਲਾਹ ਦਿੱਤੀ ਕਿ ਰਾਤ 12 ਵਜੇ ਪਿੱਪਲ ਦੀਆਂ ਜੜ੍ਹਾਂ ਵਿੱਚ ਨੌਂ ਨਾਰੀਅਲ ਦੱਬੇ ਜਾਣ ਤਾਂ ਟਿਕਟ ਮਿਲ ਸਕਦੀ ਹੈ। ਹੁਣ ਦਿੱਲੀ ਵਰਗੇ ਸ਼ਹਿਰ ਵਿੱਚ ਪਿੱਪਲ ਕਿੱਥੋਂ ਲੱਭੇ? ਚਮਚਿਆਂ ਨੇ ਦਿੱਲੀ ਦੇ ਇੱਕ ਪਾਰਕ ਵਿੱਚ ਪਿੱਪਲ ਜਾ ਲੱਭਾ। ਜਦੋਂ ਰਾਤ ਨੂੰ ਕਹੀਆਂ ਬੇਲਚੇ ਖੜਕਣ ਲੱਗੇ ਤਾਂ ਕਲੋਨੀ ਵਾਲਿਆਂ ਨੇ ਬੰਬ ਦੱਬਦੇ ਅੱਤਵਾਦੀ ਸਮਝਕੇ ਪੁਲਿਸ ਨੂੰ ਬੁਲਾ ਲਿਆ। ਬੜੀ ਮੁਸ਼ਕਿਲ ਨਾਲ ਰਾਜਨੀਤਕ ਭਵਿੱਖ ਦਾ ਵਾਸਤਾ ਪਾ ਕੇ ਪੁਲਿਸ ਦੇ ਤਰਲੇ ਕੱਢ ਕੇ ਨਾਰੀਅਲ ਦੱਬੇ ਗਏ।
ਹੈਰਾਨੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਲੋਕ ਵੀ ਇਸ ਚੱਕਰ ਵਿੱਚ ਪਏ ਹੋਏ ਹਨ। ਕਈ ਚੰਗੇ ਭਲੇ ਲੋਕ ਬੜੀ ਸ਼ਿਫਾਰਸ਼ ਨਾਲ ਜੇਹਲ ਅਤੇ ਥਾਣੇ ਤੋਂ ਰੋਟੀ ਮੰਗਵਾ ਕੇ ਖਾਂਦੇ ਹਨ। ਜੋਤਸ਼ੀ ਨੇ ਵਹਿਮ ਪਾਇਆ ਹੁੰਦਾ ਹੈ ਕਿ ਤੇਰੇ ਕਰਮਾਂ ਵਿੱਚ ਜੇਹਲ ਦੀ ਰੋਟੀ ਲਿਖੀ ਹੋਈ ਹੈ, ਚਾਹੇ ਅੰਦਰ ਜਾ ਕੇ ਖਾ ਲਵੀਂ ਜਾਂ ਬਾਹਰੋਂ ਹੀ ਖਾ ਕੇ ਮੁਕਾ ਲੈ।
ਵਿਗਿਆਨੀ, ਜਿਹਨਾਂ ਦਾ ਆਧਾਰ ਹੀ ਤਰਕ ਹੈ, ਉਹ ਵੀ ਇਸ ਤੋਂ ਅਛੂਤੇ ਨਹੀਂ ਹਨ। ਪਿੱਛੇ ਜਿਹੇ ਪੀ.ਜੀ.ਆਈ. ਵਾਲਿਆਂ ਨੇ ਇੱਕ ਮਸ਼ਹੂਰ ਜੋਤਸ਼ੀ (ਜਿਸਦਾ ਬੇਟਾ ਬਾਲੀਵੁੱਡ ਐਕਟਰ ਹੈ।) ਨੂੰ ਲੈਕਚਰ ਦੇਣ ਲਈ ਬੁਲਾਇਆ ਸੀ। ਇਸ ਸਮੇਂ ਬਹੁਤ ਹੋ-ਹੱਲਾ ਮਚਿਆ। ਜਦੋਂ ਉਹ ਜੋਤਸ਼ੀ ਆਪਣੇ ਲੈਕਚਰ ਵਿੱਚ ਜੋਤਿਸ਼ ਨੂੰ ਗਣਿਤ ਅਧਾਰਿਤ ਵਿਗਿਆਨ ਸਾਬਿਤ ਕਰ ਰਿਹਾ ਸੀ ਤਾਂ ਕੁਝ ਤਰਕਸ਼ੀਲ ਡਾਕਟਰਾਂ ਨੇ ਉਸ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਦੱਸੋ ਫਲਾਣੇ ਮਰੀਜ਼ ਨੂੰ ਕੀ ਬਿਮਾਰੀ ਹੈ? ਤਾਂ ਉਸ ਨੂੰ ਮੰਨਣਾ ਪਿਆ ਕਿ ਇਹ ਦੱਸਣਾ ਨਾ ਮੁਮਕਿਨ ਹੈ। ਉਸ ਨੂੰ ਇਹ ਵੀ ਮੰਨਣਾ ਪਿਆ ਕਿ ਨਗਾਂ ਨਾਲ ਸਿਰਫ ਮਨ ਦੀ ਸ਼ਾਂਤੀ ਮਿਲਦੀ ਹੈ, ਫਾਇਦਾ ਕੋਈ ਨਹੀਂ ਹੁੰਦਾ। ਜਦੋਂ ਡਾਕਟਰਾਂ ਨੇ ਕੁਝ ਵਿਦਿਆਰਥੀ ਪੇਸ਼ ਕਰਕੇ ਪੁੱਛਿਆ ਕਿ ਦੱਸੋ ਕਿਹੜਾ ਕਿਸ ਬਿਮਾਰੀ ਦਾ ਸਪੈਸ਼ਲਿਸਟ ਬਣੇਗਾ ਤਾਂ ਉਸ ਨੂੰ ਲੈਕਚਰ ਵਿੱਚੇ ਛੱਡ ਕੇ ਭੱਜਣਾ ਪਿਆ।
ਕੁਝ ਸਾਲ ਪਹਿਲਾਂ ਟਰਾਂਟੋ (ਮਾਲਟਨ) ਕੈਨੇਡਾ ਦੇ ਅਖਬਾਰਾਂ ਅਤੇ ਰੇਡੀਉ ਵਿੱਚ ਇੱਕ ਖਬਰ ਬੜੀ ਪ੍ਰਮੁੱਖਤਾ ਨਾਲ ਨਸ਼ਰ ਹੋਈ ਸੀ ਕਿ ਇੱਕ ਪੰਜਾਬੀ ਔਰਤ ਤੜਕੇ ਚਾਰ ਵਜੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਚੌਰਸਤੇ ਵਿੱਚ ਨੰਗੀ ਨਹਾ ਰਹੀ ਸੀ। ਗੋਰੇ ਗੁਆਂਢੀਆਂ ਨੇ ਵੇਖ ਕੇ ਪੁਲਿਸ ਨੂੰ ਬੁਲਾ ਲਿਆ। ਗੋਰੇ ਪੁਲਿਸ ਵਾਲੇ ਬੜੇ ਹੈਰਾਨ ਹੋਏ ਕਿ ਇਸ ਔਰਤ ਦੇ ਘਰ ਬਾਥਰੂਮ ਨਹੀਂ ਹੈ ਜੋ ਇਹ ਸੜਕ ’ਤੇ ਨਹਾ ਰਹੀ ਹੈ? ਪੁਲਿਸ ਵਿੱਚ ਇੱਕ ਪੰਜਾਬੀ ਅਫਸਰ ਸੀ। ਉਸ ਨੇ ਔਰਤ ਤੋਂ ਪਤਾ ਕਰਕੇ ਗੋਰਿਆਂ ਨੂੰ ਦੱਸਿਆ ਕਿ ਇਸ ਔਰਤ ਦੇ ਘਰ ਲੜਕਾ ਨਹੀਂ ਹੋ ਰਿਹਾ, ਇਸ ਲਈ ਇਹ ਕਿਸੇ ਤਾਂਤਰਿਕ ਦੇ ਕਹਿਣ ’ਤੇ ਮੁੰਡੇ ਨੂੰ ਜਨਮ ਦੇਣ ਲਈ ਜਾਦੂ ਟੂਣਾ ਕਰ ਰਹੀ ਹੈ। ਇਸ ਗੱਲ ਨੂੰ ਲੋਕਲ ਇੰਗਲਿਸ਼ ਮੀਡੀਆ ਨੇ ਬਹੁਤ ਚੁੱਕਿਆ ਸੀ ਤੇ ਇਸ ਨਾਲ ਪੰਜਾਬੀ ਭਾਈਚਾਰੇ ਦੀ ਬਹੁਤ ਬੇਇੱਜ਼ਤੀ ਹੋਈ ਸੀ।
ਇਸ ਅੰਧਵਿਸ਼ਵਾਸ ਤੋਂ ਅਨੇਕਾਂ ਠੱਗ ਕਰੋੜਾਂ ਦਾ ਫਾਇਦਾ ਉਠਾ ਰਹੇ ਹਨ। ਇਸ ਤੋਂ ਲੱਖਾਂ ਲੋਕਾਂ ਦਾ ਰੋਜ਼ਗਾਰ ਚੱਲ ਰਿਹਾ ਹੈ। ਤਾਂਤਰਿਕਾਂ ਦੇ ਇਸ਼ਤਿਹਾਰ ਲਾ ਕੇ ਕਈ ਅਖਬਾਰਾਂ ਅਤੇ ਮੈਗਜ਼ੀਨ ਲੱਖਾਂ ਰੁਪਏ ਕਮਾ ਰਹੇ ਹਨ। ਨਗ ਵੇਚਣ ਵਾਲੇ, ਜੋਤਸ਼ੀ, ਤਾਂਤਰਿਕ, ਸ਼ਨੀ ਦੇ ਨਾਂ ਤੇ ਤੇਲ ਮੰਗਣ ਵਾਲੇ, ਕਿਸਮਤ ਬਦਲਾਊ ਯੰਤਰ ਵੇਚਣ ਵਾਲੇ, ਅਨੇਕਾਂ ਲੋਕ ਹਨ ਜੋ ਅੰਧਵਿਸ਼ਵਾਸ ਤੋਂ ਆਪਣਾ ਰੋਜ਼ਗਾਰ ਚਲਾ ਰਹੇ ਹਨ। ਜਿੰਨਾ ਚਿਰ ਲੋਕਾਂ ਦੇ ਦਿਮਾਗ ਵਿੱਚ ਗਿਆਨ ਦਾ ਦੀਵਾ ਨਹੀਂ ਬਲਦਾ, ਇਹ ਅੰਧਵਿਸ਼ਵਾਸ ਖਤਮ ਨਹੀਂ ਹੋ ਸਕਦਾ।
*****
(295)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)