“ਉਹ ਪੈਂਦਿਆਂ ਹੀ ਬੋਲਿਆ, “ਬੰਨ੍ਹ ਲੈ ਆਪਣਾ ਜੁੱਲੀ ਬਿਸਤਰਾ, ਤੇ ਕਰ ਲੈ ਗੁੱਠੇ ਲਾਈਨ ਲੱਗਣ ਦੀ ਤਿਆਰੀ। ਤੂੰ ਪੈਸੇ ਤਾਂ ਕੀ ਦਿਵਾਉਣੇ ਸਨ ...”
(2 ਅਗਸਤ 2024)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਦਾ ਤੁੱਕਾ ਲੱਗ ਗਿਆ ਕਿਉਂਕਿ ਉਹ ਸਭ ਤੋਂ ਸੀਨੀਅਰ ਮੰਤਰੀ ਸੀ। ਬਰਾੜ ਬੇਹੱਦ ਅਰਾਮ ਪਸੰਦ ਵਿਅਕਤੀ ਸੀ ਤੇ ਮੁੱਖ ਮੰਤਰੀ ਵਾਲਾ ਕੋਈ ਗੁਣ ਉਸ ਵਿੱਚ ਨਹੀਂ ਸੀ। ਆਪਣੇ ਛੋਟੇ ਜਿਹੇ ਰਾਜ ਕਾਲ ਦੌਰਾਨ ਸ਼ਾਇਦ ਹੀ ਕਦੇ ਉਹ ਘਰੋਂ ਬਾਹਰ ਨਿਕਲਿਆ ਹੋਵੇ ਜਾਂ ਕਿਸੇ ਦਾ ਕੋਈ ਕੰਮ ਸਵਾਰਿਆ ਹੋਵੇ। ਉਸ ਦੇ ਇਸ ਢਿੱਲੜ ਰਵੱਈਏ ਕਾਰਨ ਪਾਰਟੀ ਵਿੱਚ ਬਗਾਵਤ ਹੋ ਗਈ ਤੇ 21 ਨਵੰਬਰ 1996 ਨੂੰ ਕਰੀਬ ਸਵਾ ਕੁ ਸਾਲ ਬਾਅਦ ਹੀ ਬੀਬੀ ਰਜਿੰਦਰ ਕੌਰ ਭੱਠਲ ਉਸ ਨੂੰ ਗੱਦੀ ਤੋਂ ਉਤਾਰ ਕੇ ਖੁਦ ਪੰਜਾਬ ਦੀ ਮੁੱਖ ਮੰਤਰੀ ਬਣ ਗਈ। ਬਰਾੜ ਦੀ ਕੈਬਨਿਟ ਵਿੱਚ ਵੈਸੇ ਤਾਂ ਇੱਕ ਤੋਂ ਵੱਧ ਇੱਕ ਨਮੂਨੇ ਭਰੇ ਪਏ ਸਨ ਪਰ ਉਸ ਦਾ ਗ੍ਰਹਿ ਮੰਤਰੀ ਸਭ ਤੋਂ ਜ਼ਿਆਦਾ ਹੰਕਾਰਿਆ ਹੋਇਆ ਵਿਅਕਤੀ ਸੀ। ਇਸ ਕਾਰਨ ਉਹ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਹੀ ਐੱਮ ਐੱਲ ਏ ਬਣ ਸਕਿਆ ਸੀ। ਪਰ ਬਦਕਿਸਮਤੀ ਨੂੰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ ਦਾ ਸਾਰਾ ਦਾਰੋਮਦਾਰ ਹੋਮ ਮਨਿਸਟਰੀ ’ਤੇ ਹੀ ਨਿਰਭਰ ਕਰਦਾ ਹੈ। ਬਰਾੜ ਦੀ ਅਰਾਮ ਤਲਬੀ ਕਾਰਨ ਸਾਰੇ ਮੰਤਰੀ ਚੰਮ ਦੀਆਂ ਚਲਾ ਰਹੇ ਸਨ।
ਉਸ ਸਮੇਂ ਮੈਂ ਮੋਹਾਲੀ ਦੇ ਇੱਕ ਫੇਜ਼ ਥਾਣੇ ਦਾ ਐੱਸ ਐੱਚ ਓ ਸੀ ਤੇ ਮੋਹਾਲੀ ਉਦੋਂ ਜ਼ਿਲ੍ਹਾ ਰੋਪੜ ਵਿੱਚ ਆਉਂਦਾ ਸੀ। 1996 ਦੇ ਨਵੰਬਰ ਮਹੀਨੇ ਦੀ 15 ਜਾਂ 16 ਤਾਰੀਖ ਨੂੰ ਮੈਨੂੰ ਇੱਕ ਫੋਨ ਆਇਆ ਕਿ ਗ੍ਰਹਿ ਮੰਤਰੀ ਸਾਹਿਬ ਦੇ ਕਾਕਾ ਜੀ ਗੱਲ ਕਰਨਗੇ ਜੋ ਕਿ ਆਪਣੇ ਪਿਉ ਤੋਂ ਵੀ ਚਾਰ ਰੱਤੀਆਂ ਵੱਧ ਸੀ। ਉਸ ਨੇ ਬਿਨਾਂ ਕੋਈ ਭੂਮਿਕਾ ਬੰਨ੍ਹੇ ਸਿੱਧਾ ਹੁਕਮ ਜਾਰੀ ਕਰ ਦਿੱਤਾ, “ਮੈਂ ਤੇਰੇ ਕੋਲ ਆਪਣੇ ਬਹੁਤ ਹੀ ਖਾਸ ਬੰਦੇ ਸ਼ਾਮ ਲਾਲ (ਕਾਲਪਨਿਕ ਨਾਮ) ਨੂੰ ਭੇਜ ਰਿਹਾ ਹਾਂ। ਫੌਰਨ ਇਨ੍ਹਾਂ ਦਾ ਕੰਮ ਕਰ ਕੇ ਰਿਪੋਰਟ ਦਿਉ। ਮੈਨੂੰ ਦੁਬਾਰਾ ਫੋਨ ਨਾ ਕਰਨਾ ਪਵੇ।”
ਬਿਨਾਂ ਮੇਰਾ ਜਵਾਬ ਸੁਣਿਆ ਉਸ ਨੇ ਠਾਹ ਕਰ ਕੇ ਫੋਨ ਕੱਟ ਦਿੱਤਾ। ਘੰਟੇ ਕੁ ਬਾਅਦ ਸ਼ਾਮ ਲਾਲ ਵੀ ਆਪਣੇ ਮੁੰਡੇ ਟੋਨੀ (ਕਾਲਪਨਿਕ ਨਾਮ) ਸਮੇਤ ਥਾਣੇ ਆਣ ਵੜਿਆ। ਗੱਲਬਾਤ ਤੋਂ ਪਤਾ ਲੱਗਾ ਕਿ ਅਸਲ ਵਿੱਚ ਟੋਨੀ ਗ੍ਰਹਿ ਮੰਤਰੀ ਦੇ ਮੁੰਡੇ ਨਾਲ ਪੜ੍ਹਦਾ ਰਿਹਾ ਸੀ ਤੇ ਫੋਨ ਉਸ ਨੇ ਹੀ ਕਰਵਾਇਆ ਸੀ। ਜਦੋਂ ਮੈਂ ਕੰਮ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ 17 ਸੈਕਟਰ ਦੇ ਫਲਾਣੇ ਸ਼ੋਅ ਰੂਮ ਦੇ ਮਾਲਕ ਤੋਂ 5 ਲੱਖ ਰੁਪਏ ਲੈਣੇ ਹਨ, ਉਸ ਨੂੰ ਚੁੱਕ ਕੇ ਲਿਆਉ ਤੇ ਪੈਸੇ ਦਿਵਾਉ।
ਮੇਰੀ ਪੋਸਟਿੰਗ ਤੋਂ ਪਹਿਲਾਂ ਅੜਬੰਗ ਕਿਸਮ ਦੇ ਦੋ ਆਈ.ਪੀ.ਐੱਸ ਅਫਸਰ ਚੰਡੀਗੜ੍ਹ ਅਤੇ ਰੋਪੜ ਦੇ ਐੱਸ.ਐੱਸ.ਪੀ ਸਨ, ਜਿਨ੍ਹਾਂ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਸੀ। ਇਸ ਕਾਰਨ ਉਨ੍ਹਾਂ ਦੇ ਸਮੇਂ ਤੋਂ ਹੀ ਰੋਪੜ ਤੇ ਚੰਡੀਗੜ੍ਹ ਪੁਲਿਸ ਵਿੱਚ ਅਣਐਲਾਨੀ ਜੰਗ ਚੱਲ ਰਹੀ ਸੀ। ਜੇ ਚੰਡੀਗੜ੍ਹ ਵਾਲੇ ਰੋਪੜ ਤੋਂ, ਜਾਂ ਰੋਪੜ ਵਾਲੇ ਚੰਡੀਗੜ੍ਹ ਤੋਂ ਕਿਸੇ ਕੇਸ ਵਿੱਚ ਲੋੜੀਂਦਾ ਕੋਈ ਮੁਲਜ਼ਿਮ ਪਕੜਦੇ ਤਾਂ ਦੋਵੇਂ ਧਿਰਾਂ ਬਿਨਾਂ ਕੋਈ ਵਕਤ ਗਵਾਏ ਇੱਕ ਦੂਸਰੇ ’ਤੇ ਅਗਵਾ ਦਾ ਪਰਚਾ ਦਰਜ਼ ਕਰ ਦਿੰਦੀਆਂ ਸਨ। ਰੋਪੜ ਪੁਲਿਸ ਦੀਆਂ ਗੱਡੀਆਂ ਦਾ ਚੰਡੀਗੜ੍ਹ ਵਾਲੇ ’ਤੇ ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ ਦਾ ਰੋਪੜ ਵਾਲੇ ਪੁੱਜ ਦੇ ਚਲਾਨ ਕਰਦੇ ਸਨ। ਇਹ ਗੱਲ ਦੱਸ ਕੇ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਚੰਡੀਗੜ੍ਹ ਤੋਂ ਬੰਦਾ ਚੁੱਕਣਾ ਨਾਮੁਮਕਿਨ ਹੈ। ਤੁਹਾਡੇ ਪੈਸੇ ਤਾਂ ਪਤਾ ਨਹੀਂ ਮਿਲਣੇ ਹਨ ਜਾਂ ਨਹੀਂ ਮਿਲਣੇ, ਮੇਰੇ ’ਤੇ ਜ਼ਰੂਰ ਪਰਚਾ ਦਰਜ਼ ਹੋ ਜਾਵੇਗਾ। ਮੈਂ ਤੁਹਾਡੇ ਕਰਜ਼ਦਾਰ ਨੂੰ ਸੁਨੇਹਾ ਭੇਜ ਕੇ ਕੱਲ੍ਹ ਨੂੰ ਬੁਲਾ ਲੈਂਦਾ ਹਾਂ, ਜੇ ਉਹ ਨਾ ਆਇਆ ਤਾਂ ਫਿਰ ਕੋਈ ਹੋਰ ਰਾਹ ਲੱਭ ਲਵਾਂਗੇ। ਉਹ ਦੋਵੇਂ ਭੈੜਾ ਜਿਹਾ ਮੂੰਹ ਬਣਾ ਕੇ ਥਾਣੇ ਤੋਂ ਚਲੇ ਗਏ।
ਸ਼ਾਮ ਨੂੰ ਇੱਕ ਸਿਪਾਹੀ ਜਾ ਕੇ 17 ਸੈਕਟਰ ਵਾਲੇ ਨੂੰ ਅਗਲੇ ਦਿਨ 10 ਕੁ ਵਜੇ ਥਾਣੇ ਪਹੁੰਚਣ ਦਾ ਸੁਨੇਹਾ ਨੋਟ ਕਰਵਾ ਆਇਆ ਤੇ ਮਿਥੇ ਸਮੇਂ ’ਤੇ ਦੋਵੇਂ ਪਾਰਟੀਆਂ ਥਾਣੇ ਪਹੁੰਚ ਗਈਆਂ। 17 ਸੈਕਟਰ ਵਾਲਾ ਵਿਅਕਤੀ ਮਾਰਕੀਟ ਦੇ ਪ੍ਰਧਾਨ ਅਤੇ 5-7 ਹੋਰ ਮੋਹਤਬਰਾਂ ਨੂੰ ਨਾਲ ਲੈ ਕੇ ਆਇਆ ਸੀ ਪਰ ਸ਼ਾਮ ਲਾਲ ਹੁਣੀ ਦੋਵੇਂ ਪਿਉ ਪੁੱਤ ਹੀ ਪਹੁੰਚੇ। ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਮਾਰਕੀਟ ਦੇ ਪ੍ਰਧਾਨ ਨੇ ਪੰਜਾਂ ਮਿੰਟਾਂ ਵਿੱਚ ਹੀ ਗੱਲ ਮੁਕਾ ਦਿੱਤੀ ਕਿ ਦੋਵੇਂ ਪਾਰਟੀਆਂ ਕੱਲ੍ਹ ਨੂੰ ਆਪੋ ਆਪਣੇ ਵਹੀ ਖਾਤੇ ਲੈ ਕੇ ਆਉਣ ਤਾਂ ਜੋ ਹਿਸਾਬ ਕੀਤਾ ਜਾ ਸਕੇ। ਜਿਸ ਵੱਲ ਪੈਸਾ ਨਿਕਲੇਗਾ, ਉਹ ਦੇਣਾ ਪਵੇਗਾ। ਅਗਲੇ ਦਿਨ ਜਦੋਂ ਹਿਸਾਬ ਹੋਇਆ ਤਾਂ ਉਲਟਾ ਸ਼ਾਮ ਲਾਲ ਹੀ ਦੋ ਲੱਖ ਦਾ ਦੇਣਦਾਰ ਨਿਕਲ ਆਇਆ। ਪਰ ਉਹ ਕਿਸੇ ਗੱਲ ’ਤੇ ਆਉਣ ਦੀ ਬਜਾਏ ਫੂੰ-ਫੂੰ ਕਰਦਾ ਹੋਇਆ ਥਾਣੇ ਵਿੱਚੋਂ ਨਿਕਲ ਗਿਆ। ਘੰਟੇ ਕੁ ਬਾਅਦ ਹੀ ਮੈਨੂੰ ਮੰਤਰੀ ਦੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਪੈਂਦਿਆਂ ਹੀ ਬੋਲਿਆ, “ਬੰਨ੍ਹ ਲੈ ਆਪਣਾ ਜੁੱਲੀ ਬਿਸਤਰਾ, ਤੇ ਕਰ ਲੈ ਗੁੱਠੇ ਲਾਈਨ ਲੱਗਣ ਦੀ ਤਿਆਰੀ। ਤੂੰ ਪੈਸੇ ਤਾਂ ਕੀ ਦਿਵਾਉਣੇ ਸਨ, ਉਲਟਾ ਸਾਡੇ ਈ ਬੰਦੇ ਦੀ ਪੰਚਾਇਤ ਵਿੱਚ ਬੇਇੱਜ਼ਤੀ ਕਰਵਾ ਦਿੱਤੀ ਆ।”
ਮੈਂ ਬਹੁਤ ਮੁਸ਼ਕਿਲ ਉਸ ਨੂੰ ਮਨਾਇਆ ਕਿ ਉਹ ਆਪਣੇ ਬੰਦਿਆਂ ਨੂੰ ਦੁਬਾਰਾ ਭੇਜ ਦੇਵੇ, ਮੈਂ ਕੋਈ ਨਾ ਕੋਈ ਹੱਲ ਲੱਭਦਾ ਹਾਂ।
ਸ਼ਾਮ ਲਾਲ ਨੂੰ ਮੈਂ ਅਗਲੇ ਕੁਝ ਦਿਨ ਕਦੇ ਚਾਹ-ਬਿਸਕੁਟ, ਕਦੇ ਸਮੋਸੇ ਤੇ ਕਦੇ ਗੁਲਾਬ ਜ਼ਾਮਨ ਆਦਿ ਖਵਾ ਕੇ ਸ਼ਾਂਤ ਕਰੀ ਰੱਖਿਆ ਕਿਉਂਕਿ ਅਖਬਾਰਾਂ ਵਿੱਚ ਆ ਰਿਹਾ ਸੀ ਕਿ ਬਰਾੜ ਦੀ ਸਰਕਾਰ ਬੱਸ ਦੋ ਚਾਰ ਦਿਨ ਦੀ ਪ੍ਰਾਹੁਣੀ ਹੈ। 21 ਨਵੰਬਰ ਦੀ ਦੁਪਹਿਰ ਨੂੰ ਸ਼ਾਮ ਲਾਲ ਤੇ ਉਸ ਦਾ ਮੁੰਡਾ ਮੇਰੇ ਦਫਤਰ ਵਿੱਚ ਬੈਠ ਕੇ ਮੇਰਾ ਬਲੱਡ ਪ੍ਰੈੱਸ਼ਰ ਵਧਾ ਰਹੇ ਸਨ ਕਿ ਇੰਟਰਕਾਮ ਦੀ ਘੰਟੀ ਵੱਜੀ। ਥਾਣੇ ਦੇ ਸਾਰੇ ਮੁਲਾਜ਼ਮਾਂ ਨੂੰ ਪਤਾ ਸੀ ਕਿ ਇਨ੍ਹਾਂ ਬੰਦਿਆਂ ਨੇ ਐੱਸ.ਐੱਚ.ਓ. ਨੂੰ ਸੂਲੀ ’ਤੇ ਟੰਗਿਆ ਹੋਇਆ ਹੈ। ਮੁਨਸ਼ੀ ਦੀ ਅਵਾਜ਼ ਆਈ ਕਿ ਜਨਾਬ ਵਧਾਈ ਹੋਵੇ, ਟੁੱਟ ਗਈ ਬਰਾੜ ਦੀ ਸਰਕਾਰ। ਬੀਬੀ ਭੱਠਲ ਮੁੱਖ ਮੰਤਰੀ ਬਣ ਗਈ ਹੈ। ਮੈਂ ਉਸ ਨੂੰ ਕਿਹਾ ਕਿ ਫਟਾਫਟ ਦੋ ਤਿੰਨ ਮੁਲਾਜ਼ਮ ਲੈ ਕੇ ਮੇਰੇ ਦਫਤਰ ਆ ਜਾ।
ਸਾਢੇ ਛੇ ਫੁੱਟਾ ਭਗਵੰਤ ਮੁਨਸ਼ੀ ਦੋ ਤਿੰਨ ਹੱਟੇ ਕੱਟੇ ਮੁਲਾਜ਼ਮਾਂ ਸਮੇਤ ਜਿੰਨ ਵਾਂਗ ਪਰਗਟ ਹੋ ਗਿਆ। ਮੈਂ ਉਸ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਨੀਚਾਂ ਨੂੰ ਗਰਦਣਾਂ ਤੋਂ ਪਕੜ ਕੇ ਖੜ੍ਹਾ ਕਰ। ਸ਼ਾਮ ਲਾਲ ਤੇ ਟੋਨੀ ਦੇ ਹੋਸ਼ ਉਡ ਗਏ ਤੇ ਸ਼ਾਮ ਲਾਲ ਕੰਬਦੀ ਹੋਈ ਅਵਾਜ਼ ਵਿੱਚ ਬੋਲਿਆ ਕਿ ਇੰਸਪੈਕਟਰ ਸਾਹਿਬ, ਵੇਖਿਉ, ਕਾਕਾ ਜੀ ਤੁਹਾਡਾ ਕੀ ਹਾਲ ਕਰਦੇ ਹਨ। ਮੈਂ ਉਸ ਨੂੰ ਗਲੋਂ ਫੜ ਕੇ ਝੰਜੋੜਿਆ ਤੇ ਦੱਸਿਆ ਕਿ ਨਾ ਹੁਣ ਬਰਾੜ ਰਿਹਾ ਹੈ ਤੇ ਨਾ ਤੇਰਾ ਗ੍ਰਹਿ ਮੰਤਰੀ। ਆਪਣੇ ਕਾਕਾ ਜੀ ਨੂੰ ਦੱਸ ਦਈਂ ਕਿ ਕਿਤੇ ਹੁਣ ਉਹ ਮੇਰੇ ਤੋਂ ਹੀ ਚਪੇੜਾਂ ਨਾ ਖਾ ਬੈਠੇ। ਜੇ ਤੁਸੀਂ ਅੱਜ ਤੋਂ ਬਾਅਦ ਥਾਣੇ ਦੇ ਆਸ ਪਾਸ ਵੀ ਨਜ਼ਰ ਆਏ ਤਾਂ ਤੁਹਾਡਾ ਭੂਤ ਬਣਾ ਦਿਆਂਗਾ।
ਮੁਨਸ਼ੀ ਦੋਵਾਂ ਨੂੰ ਧੌਣੋਂ ਪਕੜ ਕੇ ਬਾਹਰ ਲੈ ਗਿਆ ਤੇ ਧੱਕੇ ਮਾਰ ਕੇ ਥਾਣੇ ਤੋਂ ਕੱਢ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5183)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.