“ਐੱਸ.ਐੱਚ.ਓ. ਦੀ ਪ੍ਰਾਈਵੇਟ ਰਿਹਾਇਸ਼ ਅੰਮ੍ਰਿਤਸਰ ਵਿਖੇ ਸੀ। ਸ਼ੁਰਲੀ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਸਿੱਧਾ ...”
(16 ਅਕਤੂਬਰ 2024)
ਪੁਲਿਸ ਮਹਿਕਮੇ ਵਿੱਚ ਐੱਸ.ਐੱਚ.ਓ. ਤੇ ਉਸ ਤੋਂ ਉੱਪਰ ਦੇ ਰੈਂਕਾਂ ਨੂੰ ਗੰਨਮੈਨ, ਲਾਂਗਰੀ ਅਤੇ ਸਰਕਾਰੀ ਗੱਡੀ ਆਦਿ ਸਹੂਲਤਾਂ ਮਿਲ ਜਾਂਦੀਆਂ ਹਨ। ਪਰ ਜੇ ਇਹ ਮੁਲਾਜ਼ਮ ਜ਼ਰੂਰਤ ਤੋਂ ਜ਼ਿਆਦਾ ਬਦਤਮੀਜ਼ੀਆਂ ਜਾਂ ਹੁਕਮ ਅਦੂਲੀ ਕਰਨ ਤਾਂ ਪਿਆਰ ਨਾਲ ਇਨ੍ਹਾਂ ਨੂੰ ਬਦਲ ਦਿਉ। ਕਦੇ ਵੀ ਕੁੱਟ ਮਾਰ ਜਾਂ ਗਾਲੀ ਗਲੌਚ ਕਰ ਕੇ ਨਾ ਕੱਢੋ, ਨਹੀਂ ਤਾਂ ਇਹ ਤੁਹਾਡੀ ਨੌਕਰੀ ਜਾਂ ਪਰਿਵਾਰਕ ਜ਼ਿੰਦਗੀ ਵਿੱਚ ਅਜਿਹੀ ਚੁਆਤੀ ਲਾਉਣਗੇ ਜੋ ਸੰਭਾਲਣੀ ਮੁਸ਼ਕਿਲ ਹੋ ਜਾਵੇਗੀ। ਅਫਸਰ ਦੀ ਜਾਨ ਡਰਾਈਵਰ ਦੇ ਹੱਥ ਵਿੱਚ ਹੁੰਦੀ ਹੈ। ਪੰਜਾਬ ਵਿੱਚ ਅੱਤਵਾਦ ਦੇ ਦੌਰਾਨ ਕਈ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਕਿ ਡਰਾਈਵਰ ਨੇ ਅਫਸਰ ਵਾਲੀ ਸਾਈਡ ਟਰੱਕ ਜਾਂ ਦਰਖਤ ਵਿੱਚ ਮਾਰ ਦਿੱਤੀ ਹੋਵੇ। ਉਸ ਸਮੇਂ ਅੱਤਵਾਦੀ ਸੜਕ ਪੁੱਟ ਕੇ ਬੰਬ ਲਗਾਉਂਦੇ ਹੁੰਦੇ ਸਨ। ਸੜੇ ਬਲੇ ਡਰਾਈਵਰ ਜਾਣ ਕੇ ਕੁਰਖਤ ਅਫਸਰ ਵਾਲੀ ਸਾਈਡ ਉਸ ਦੇ ਉੱਪਰ ਤੋਂ ਲੰਘਾਉਂਦੇ ਹੁੰਦੇ ਸਨ। ਸੰਗਰੂਰ ਦਾ ਰਹਿਣ ਵਾਲਾ ਇੱਕ ਵਿਵਾਦਤ ਸਵਰਗਵਾਸੀ ਐੱਸ.ਪੀ. ਪਟਿਆਲਾ ਵਿਖੇ ਤਾਇਨਾਤ ਸੀ। ਉਹ ਸਵੇਰੇ ਸਵੇਰ ਪਟਿਆਲਾ ਆਪਣੇ ਦਫਤਰ ਨੂੰ ਜਾ ਰਿਹਾ ਸੀ ਤੇ ਡਰਾਈਵਰ ਦੀ ਕਿਸੇ ਗਲਤੀ ਕਾਰਨ ਲਗਾਤਾਰ ਉਸ ਨਾਲ ਬਦਕਲਾਮੀ ਕਰ ਰਿਹਾ ਸੀ। ਜਦੋਂ ਡਰਾਈਵਰ ਦੀ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਤਾਂ ਉਸ ਨੇ ਭਵਾਨੀਗੜ੍ਹ ਤੋਂ ਅੱਗੇ ਇੱਕ ਸੁੰਨਸਾਨ ਜਗ੍ਹਾ ’ਤੇ ਗੱਡੀ ਰੋਕ ਦਿੱਤੀ ਤੇ ਚਾਬੀ ਲੈ ਕੇ ਫਰਾਰ ਹੋ ਗਿਆ। ਹਾੜ੍ਹ ਦੀ ਗਰਮੀ ਵਿੱਚ ਮੁੜ੍ਹਕੋ ਮੁੜ੍ਹਕੀ ਹੋਇਆ ਉਹ ਅਫਸਰ ਕਾਵਾਂ ਵਿੱਚ ਫਸੇ ਉੱਲੂ ਵਾਂਗ ਝਾਕਦਾ ਰਹਿ ਗਿਆ ਕਿਉਂਕਿ ਉੱਥੇ ਵਾਇਰਲੈੱਸ ਸੈੱਟ ਦੀ ਰੇਂਜ ਨਹੀਂ ਸੀ ਤੇ ਮੋਬਾਇਲ ਅਜੇ ਆਏ ਨਹੀਂ ਸਨ। ਅਫਸਰ ਦੇ ਗੰਨਮੈਨ ਨੇ ਕਿਸੇ ਕਾਰ ਵਾਲੇ ਨੂੰ ਰੋਕਿਆ ਤਾਂ ਜਾ ਕੇ ਉਹ ਆਪਣੇ ਦਫਤਰ ਪਹੁੰਚਿਆ। ਜੇ ਤੁਸੀਂ ਲਾਂਗਰੀ ਨਾਲ ਜ਼ਿਆਦਾ ਬਦਤਮੀਜ਼ੀ ਕਰੋਗੇ ਤਾਂ ਹੋ ਸਕਦਾ ਹੈ ਕਿ ਉਹ ਦਾਲ਼ ਸਬਜ਼ੀ ਵਿੱਚ ਥੁੱਕ ਕੇ ਜਾਂ ਹੋਰ ਕੋਈ ਗੰਦ-ਮੰਦ ਮਿਲਾ ਕੇ ਤੁਹਾਨੂੰ ਦਾਲ ਸਬਜ਼ੀ ਖਵਾ ਦੇਵੇ।
2003 ਜਾਂ 2004 ਦੀ ਗੱਲ ਹੈ ਕਿ ਮੈਂ ਮਜੀਠਾ ਸਬ ਡਵੀਜ਼ਨ ਵਿੱਚ ਬਤੌਰ ਡੀ.ਐੱਸ.ਪੀ. ਤਾਇਨਾਤ ਸੀ। ਮੇਰੇ ਅਧੀਨ ਇੱਕ ਥਾਣੇ ਦਾ ਐੱਸ.ਐੱਚ.ਓ. ਕਾਫੀ ਰੰਗੀਨ ਤਬੀਅਤ ਦਾ ਮਾਲਕ ਸੀ ਤੇ ਉਸ ਸਮੇਂ ਉਸ ਦਾ ਪ੍ਰੇਮ ਪ੍ਰਸੰਗ ਅੰਮ੍ਰਿਤਸਰ ਦੇ ਕਿਸੇ ਕਾਲਜ ਵਿੱਚ ਪੜ੍ਹ ਰਹੀ ਇੱਕ ਲੜਕੀ ਨਾਲ ਚੱਲ ਰਿਹਾ ਸੀ। ਲੜਕੀ ਨੂੰ ਐੱਸ.ਐੱਚ.ਓ. ਦੇ ਕਵਾਟਰ ਵਿੱਚ ਲਿਆਉਣ ਤੇ ਵਾਪਸ ਛੱਡਣ ਦੀ ਡਿਊਟੀ ਉਸ ਦੇ ਸਭ ਤੋਂ ਖਾਸ ਗੰਨਮੈਨ ਸ਼ਿੰਦੇ ਸ਼ੁਰਲੀ (ਕਾਲਪਨਿਕ ਨਾਮ) ਦੀ ਸੀ। ਐੱਸ.ਐੱਚ.ਓ. ਅਧੇੜ ਉਮਰ ਦਾ ਸੀ ਤੇ ਸ਼ੁਰਲੀ ਲੜਕੀ ਦਾ ਹਾਣ ਪ੍ਰਵਾਣ ਸੀ। ਲੜਕੀ ਦੀ ਖੂਬਸੂਰਤੀ ਵੇਖ ਕੇ ਉਸ ਦਾ ਮਨ ਡੋਲ ਚੁੱਕਾ ਸੀ। ਇੱਕ ਦਿਨ ਜਦੋਂ ਉਹ ਉਸ ਲੜਕੀ ਨੂੰ ਐੱਸ.ਐੱਚ.ਓ. ਦੀ ਪ੍ਰਾਈਵੇਟ ਕਾਰ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ ਤਾਂ ਉਸ ਨੇ ਹੌਸਲਾ ਜਿਹਾ ਕਰ ਕੇ ਆਪਣੇ ਦਿਲ ਦੀ ਗੱਲ ਖੋਲ੍ਹ ਦਿੱਤੀ, “ਮੈਡਮ ਜੀ, ਤੁਸੀਂ ਕਿਉਂ ਐਵੇਂ ਇਸ ਬੁੱਢੇ ਖੋਸੜ ਨਾਲ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਓ, ਮੇਰੇ ਵਰਗੇ ਜਵਾਨ ਬੰਦੇ ਨਾਲ ਦੋਸਤੀ ਕਿਉਂ ਨਹੀਂ ਪਾਉਂਦੇ? ਪੱਲੇ ਨਹੀਂ ਛੱਲੇ ਨਹੀਂ ਕੁਝ ਇਸ ਬੁੱਢੇ ਬਾਂਦਰ ਦੇ।” ਪਰ ਉਸ ਲੜਕੀ ਵਾਸਤੇ ਤਾਂ ਐੱਸ.ਐੱਚ.ਓ. ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸੀ ਜੋ ਉਸ ਨੂੰ ਸਮੇਂ ਸਮੇਂ ’ਤੇ ਮਹਿੰਗੇ ਤੋਹਫੇ ਤੇ ਪੈਸੇ ਦਿੰਦਾ ਰਹਿੰਦਾ ਸੀ। ਉਸ ਕੁੜੀ ਨੇ ਪਹੁੰਚਦੇ ਸਾਰ ਸ਼ੁਰਲੀ ਵੱਲੋਂ ਦਿੱਤੀ ਗਈ ਆਫਰ ਬਾਰੇ ਉਸ ਨੂੰ ਦੱਸ ਦਿੱਤਾ।
ਇਹ ਸੁਣ ਕੇ ਐੱਸ.ਐੱਚ.ਓ. ਦੇ ਕਲੇਜੇ ਨੂੰ ਅੱਗ ਲੱਗ ਗਈ। ਉਸ ਨੇ ਕਵਾਟਰ ਵਿੱਚ ਹੀ ਸ਼ੁਰਲੀ ਨੂੰ ਢਾਹ ਲਿਆ ਤੇ ਮਾਰ ਮਾਰ ਕੇ ਉਸ ਦਾ ਭੂਤ ਬਣਾ ਦਿੱਤਾ। ਨਾਲ ਦੀ ਨਾਲ ਮੁਨਸ਼ੀ ਨੂੰ ਕਹਿ ਦਿੱਤਾ ਕਿ ਹੁਣੇ ਇਸਦੀ ਰਵਾਨਗੀ ਪੁਲਿਸ ਲਾਈਨ ਦੀ ਕਰ ਦੇਵੇ। ਸ਼ੁਰਲੀ ਨੇ ਬਥੇਰੇ ਮਿੰਨਤਾਂ ਤਰਲੇ ਕੀਤੇ ਕਿ ਉਸ ਕੋਲੋਂ ਗਲਤੀ ਹੋ ਗਈ ਹੈ ਤੇ ਪਿਛਲੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਮੁਆਫੀ ਦਾ ਹੱਕਦਾਰ ਹੈ ਪਰ ਐੱਸ.ਐੱਚ.ਓ. ਨੇ ਧੱਕੇ ਮਾਰ ਕੇ ਉਸ ਨੂੰ ਕਵਾਟਰ ਤੋਂ ਬਾਹਰ ਕੱਢ ਦਿੱਤਾ।
ਜਦੋਂ ਡਰਾਈਵਰ ਮੁਨਸ਼ੀ ਕੋਲ ਪਹੁੰਚਿਆ ਤਾਂ ਮੁਨਸ਼ੀ ਵੱਲੋਂ ਮਾਰੀ ਗਈ ਟਾਂਚ ਉਸ ਦੇ ਕੰਨਾਂ ਵਿੱਚ ਪਿਘਲੇ ਹੋਏ ਸ਼ੀਸ਼ੇ ਵਾਂਗ ਪਈ, “ਕਿਉਂ ਸ਼ੁਰਲੀ, ਮਿਲ ਗਿਆ ਅੱਜ ਦੱਲਪੁਣਾ ਕਰਨ ਦਾ ਇਨਾਮ? ਬੜਾ ਮਾਮਾ ਬਣਦਾ ਸੀ ਤੂੰ ਐੱਸ.ਐੱਚ.ਓ. ਦਾ।”
ਮੁਨਸ਼ੀ ਦੀ ਗੱਲ ਸੁਣ ਕੇ ਉੱਥੇ ਖੜ੍ਹੇ ਬਾਕੀ ਮੁਲਾਜ਼ਮ ਵੀ ਉਸ ਦਾ ਮਜ਼ਾਕ ਉਡਾਉਣ ਲੱਗ ਪਏ। ਐਨੀ ਘੋਰ ਬੇਇੱਜ਼ਤੀ ਹੁੰਦੀ ਵੇਖ ਕੇ ਸ਼ੁਰਲੀ ਨੇ ਨਾਗਨ ਫਿਲਮ ਦੀ ਰੀਨਾ ਰਾਏ ਵਾਂਗ ਬਦਲਾ ਲੈਣ ਦੀ ਠਾਣ ਲਈ। ਐੱਸ.ਐੱਚ.ਓ. ਦੀ ਪ੍ਰਾਈਵੇਟ ਰਿਹਾਇਸ਼ ਅੰਮ੍ਰਿਤਸਰ ਵਿਖੇ ਸੀ। ਸ਼ੁਰਲੀ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਸਿੱਧਾ ਐੱਸ.ਐੱਚ.ਓ. ਦੇ ਘਰ ਪਹੁੰਚ ਗਿਆ। ਕੁਦਰਤੀ ਅੱਗੇ ਐੱਸ.ਐੱਚ.ਓ. ਦੀ ਪਤਨੀ ਵੀ ਘਰ ਹੀ ਮਿਲ ਗਈ।
ਸ਼ੁਰਲੀ ਨੇ ਉਸ ਦੇ ਗੋਡਿਆਂ ਨੂੰ ਹੱਥ ਲਾ ਕੇ ਬੜੀ ਮਸੂਮੀਅਤ ਨਾਲ ਕਿਹਾ, “ਬੀਬੀ ਜੀ, ਜਨਾਬ ਤਾਂ ਸਾਰੇ ਹੱਦ ਬੰਨੇ ਟੱਪ ਗਏ ਨੇ। ਕਵਾਟਰ ਵਿੱਚ ਕੋਈ ਨਾ ਕੋਈ ਜਨਾਨੀ ਬੁਲਾਈ ਹੀ ਰੱਖਦੇ ਆ। ਮੈਂ ਤਾਂ ਉਨ੍ਹਾਂ ਨੂੰ ਕਈ ਵਾਰ ਕਿਹਾ ਕਿ ਇਹ ਕੰਮ ਮਾੜਾ ਆ, ਪਰ ਉਹ ਨਹੀਂ ਸਮਝਦੇ। ਬਹੁਤ ਬਦਨਾਮੀ ਹੋ ਰਈ ਆ ਜੀ ਉਨ੍ਹਾਂ ਦੀ ਮਹਿਕਮੇ ਵਿੱਚ। ਅੱਜ ਵੀ ਇੱਕ ਕੁੜੀ ਆਈ ਹੋਈ ਆ, ਜਦੋਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਮੈਨੂੰ ਗੰਦੀਆਂ ਗਾਲ੍ਹਾਂ ਕੱਢਣ ਲੱਗ ਪਏ। ਹੁਣ ਤਾਂ ਤੁਸੀਂ ਹੀ ਕੁਝ ਕਰ ਸਕਦੇ ਓ।”
ਸੁਣ ਕੇ ਬੀਬੀ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਉਹ ਲੂਣ ਘੋਟਣਾ ਲੈ ਕੇ ਸ਼ੁਰਲੀ ਦੇ ਸਕੂਟਰ ਪਿੱਛੇ ਬੈਠ ਕੇ ਥਾਣੇ ’ਤੇ ਧਾਵਾ ਬੋਲਣ ਲਈ ਕੂਚ ਕਰ ਗਈ।
ਸ਼ੁਰਲੀ ਨੇ ਥਾਣੇ ਦੇ ਗੇਟ ਅੱਗੇ ਸਕੂਟਰ ਰੋਕ ਕੇ ਬੇਨਤੀ ਕੀਤੀ, “ਬੀਬੀ ਜੀ, ਮੇਰਾ ਅੱਗੇ ਜਾਣਾ ਠੀਕ ਨਹੀਂ। ਮੇਰਾ ਕੰਮ ਐਨਾ ਈ ਸੀ, ਹੁਣ ਤੁਸੀਂ ਜਾਣੋ ਤੇ ਧਾਡਾ ਕੰਮ ਜਾਣੇ।”
ਡਰਾਈਵਰ ਉਸ ਨੇ ਸਕੂਟਰ ਪੁਲਿਸ ਲਾਈਨ ਦੇ ਰਾਹ ਵੱਲ ਪਾ ਲਿਆ। ਉਸ ਤੋਂ ਬਾਅਦ ਕਵਾਟਰ ਵਿੱਚ ਜੋ ਕੁੱਟ ਕੁਟਾਪਾ, ਜੂਤ ਪਤਾਣ ਤੇ ਛਿਤਰੌਲ ਹੋਇਆ, ਉਸ ਦੀ ਚਰਚਾ ਪੁਲਿਸ ਤੇ ਮੀਡੀਆ ਤੋਂ ਹੁੰਦੀ ਹੋਈ ਐੱਸ.ਐੱਸ.ਪੀ ਤਕ ਵੀ ਪਹੁੰਚ ਗਈ। ਸ਼ੁਰਲੀ ਦੇ ਪੁਲਿਸ ਲਾਈਨ ਪਹੁੰਚਣ ਤੋਂ ਦੋ ਕੁ ਦਿਨ ਬਾਅਦ ਹੀ ਉਹ ਐੱਸ.ਐੱਚ.ਓ. ਵੀ ਸਸਪੈਂਡ ਹੋ ਕੇ ਪੁਲਿਸ ਲਾਈਨ ਪਹੁੰਚ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5367)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: