“ਜ਼ਿਲ੍ਹੇ ਦੇ ਹੈੱਡ ਕਲਰਕ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਰਡਰ ਵਿੱਚ ਮੁੱਖ ਮੰਤਰੀ ਦਾ ...”
(2 ਜਨਵਰੀ 2025)
ਸਰਕਾਰੀ ਮਹਿਕਮਿਆਂ ਵਿੱਚ ਕਈ ਅਜਿਹੇ ਸੜੀਅਲ ਅਫਸਰ ਪਾਏ ਜਾਂਦੇ ਹਨ ਜੋ ਆਪਣੇ ਘਟੀਆ ਵਿਹਾਰ ਕਾਰਨ ਅੱਕੇ ਸੜੇ ਅਧੀਨ ਮੁਲਾਜ਼ਮਾਂ ਤੋਂ ਵਾਰ ਵਾਰ ਬੇਇੱਜ਼ਤੀ ਕਰਵਾਉਂਦੇ ਹਨ। ਮਾਝੇ ਦੇ ਇੱਕ ਰਾਜਨੀਤਕ ਪਰਿਵਾਰ ਨਾਲ ਸੰਬੰਧਿਤ ਇੱਕ ਅਫਸਰ ਤਾਂ ਕਈ ਵਾਰ ਸਿਪਾਹੀਆਂ ਤਕ ਤੋਂ ਕੁੱਟ ਖਾ ਚੁੱਕਾ ਹੈ। ਕੁਝ ਸਾਲ ਪਹਿਲਾਂ ਉਹ ਮਾਲਵੇ ਦੇ ਇੱਕ ਜ਼ਿਲ੍ਹੇ ਦਾ ਐੱਸ.ਐੱਸ.ਪੀ. ਸੀ ਤਾਂ ਉਸ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਉਹ ਆਪਣੀ ਗਰਲ ਫਰੈਂਡ ਦੇ ਸਾਬਕਾ ਪ੍ਰੇਮੀ ਨੂੰ ਗੰਦੀਆਂ ਗਾਲ੍ਹਾਂ ਕੱਢ ਰਿਹਾ ਸੀ। ਦੋ ਚਾਰ ਮਿੰਟ ਤਾਂ ਉਹ ਬੰਦਾ ਉਸ ਦੀ ਬਕਵਾਸ ਸੁਣਦਾ ਰਿਹਾ ਤੇ ਸਰ ਸਰ ਕਰਦਾ ਰਿਹਾ, ਪਰ ਜਦੋਂ ਪਾਣੀ ਸਿਰ ਤੋਂ ਗੁਜ਼ਰ ਗਿਆ ਤਾਂ ਫਿਰ ਉਸ ਨੇ ਵੀ ਅੱਗੋਂ ਉਸ ਨੂੰ ਚੋਂਦੀਆਂ ਚੋਂਦੀਆਂ ਗਾਲ੍ਹਾਂ ਕੱਢ ਦਿੱਤੀਆਂ ਸਨ। ਅੱਤਵਾਦ ਸਮੇਂ ਪਟਿਆਲੇ ਰੇਂਜ ਦੇ ਇੱਕ ਜ਼ਿਲ੍ਹੇ ਦਾ ਐੱਸ.ਐੱਸ.ਪੀ. ਬਹੁਤ ਹੀ ਕੁਰਖਤ ਕਿਸਮ ਦਾ ਇਨਸਾਨ ਸੀ। ਉਸ ਨੇ ਤਾਂ ਇੱਕ ਥਾਣੇ ਦੀ ਰਾਤਰੀ ਚੈੱਕਿੰਗ ਕਰਦੇ ਸਮੇਂ ਡਿਊਟੀ ਅਫਸਰ ਨੂੰ ਲੰਮੇ ਪਾ ਕੇ ਪਟੇ ਮਾਰ ਦਿੱਤੇ ਸਨ ਜਿਹੜਾ ਵਿਚਾਰਾ ਉਸ ਦੇ ਆਉਣ ਵਕਤ ਦੋ ਚਾਰ ਮਿੰਟ ਲਈ ਵਾਸ਼ਰੂਮ ਗਿਆ ਹੋਇਆ ਸੀ। ਤਰਨ ਸਿੰਘ (ਨਾਮ ਬਦਲਿਆ ਹੋਇਆ) ਨਾਮਕ ਇੱਕ ਸਬ ਇੰਸਪੈਕਟਰ ਉਸ ਥਾਣੇ ਦਾ ਐੱਸ.ਐੱਚ.ਸੀ ਜੋ ਬਹੁਤ ਹੀ ਦਲੇਰ ਕਿਸਮ ਦਾ ਇਨਸਾਨ ਸੀ। ਉਸ ਕੋਲੋਂ ਇਹ ਧੱਕਾ ਬਰਦਾਸ਼ਤ ਨਾ ਹੋਇਆ ਤੇ ਉਸ ਨੇ ਐੱਸ.ਐੱਸ.ਪੀ. ਦੀ ਕਰਤੂਤ ਬਾਰੇ ਰੋਜ਼ਨਾਮਚੇ ਵਿੱਚ ਰਪਟ (ਰਿਪੋਰਟ) ਦਰਜ਼ ਕਰ ਦਿੱਤੀ।
ਜਦੋਂ ਐੱਸ.ਐੱਸ.ਪੀ. ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤਰਨ ਸਿੰਘ ਨੂੰ ਆਪਣੇ ਦਫਤਰ ਪੇਸ਼ੀ ਲਈ ਬੁਲਾ ਲਿਆ। ਉੱਥੇ ਦੋਵਾਂ ਵਿੱਚ ਵਾਦ ਵਿਵਾਦ ਹੋ ਗਿਆ ਤਾਂ ਐੱਸ.ਐੱਸ.ਪੀ. ਨੇ ਤਰਨ ਸਿੰਘ ਨੂੰ ਗਾਲ੍ਹ ਕੱਢ ਦਿੱਤੀ। ਤਰਨ ਸਿੰਘ ਨੇ ਜਵਾਬ ਦਿੱਤਾ ਕਿ ਸਰ, ਜੋ ਵਿਭਾਗੀ ਕਾਰਵਾਈ ਮੇਰੇ ਖਿਲਾਫ ਕਰਨੀ ਹੈ ਕਰ ਦਿਉ, ਪਰ ਤੁਸੀਂ ਮੈਨੂੰ ਗਾਲ੍ਹ ਨਹੀਂ ਕੱਢ ਸਕਦੇ। ਜੇ ਹੁਣ ਗਾਲ੍ਹ ਕੱਢੀ ਤਾਂ ਠੀਕ ਨਹੀਂ ਹੋਵੇਗਾ। ਆਪਣੇ ਸਾਹਮਣੇ ਪਹਿਲੀ ਵਾਰ ਕਿਸੇ ਅਧੀਨ ਅਫਸਰ ਨੂੰ ਬੋਲਦਾ ਵੇਖ ਕੇ ਐੱਸ.ਐੱਸ.ਪੀ. ਅੱਗ ਬਗੋਲ਼ਾ ਹੋ ਗਿਆ ਤੇ ਉਸ ਨੇ ਕੁਰਸੀ ਤੋਂ ਉੱਠ ਕੇ ਤਰਨ ਸਿੰਘ ਦਾ ਗਲਮਾ ਫੜ ਲਿਆ। ਇਸ ਤੋਂ ਪਹਿਲਾਂ ਕਿ ਐੱਸ.ਐੱਸ.ਪੀ. ਦੇ ਗੰਨਮੈਨ ਕੁਝ ਸਮਝਦੇ, ਤਰਨ ਸਿੰਘ ਨੇ ਵੀ ਐੱਸ.ਐੱਸ.ਪੀ. ਨੂੰ ਗਲੋਂ ਫੜ ਲਿਆ। ਮੌਕੇ ’ਤੇ ਮੌਜੂਦ ਕੁਝ ਅਫਸਰਾਂ ਨੇ ਵਿੱਚ ਵਿਚਾਲਾ ਕਰ ਕੇ ਦੋਵਾਂ ਨੂੰ ਅਲੱਗ ਕਰ ਦਿੱਤਾ।
ਇਸ ਕਿਸਮ ਦੀਆਂ ਉਦਾਹਰਣਾਂ ਪੰਜਾਬ ਪੁਲਿਸ ਵਿੱਚ ਬਹੁਤ ਮਿਲਦੀਆਂ ਹਨ। ਮੇਰਾ ਇੱਕ ਬੈਚਮੇਟ ਜੈਵਿਜੇ ਸਿੰਘ ਹੈ (ਨਾਮ ਬਦਲਿਆ ਹੋਇਆ) ਬਹੁਤ ਹੀ ਹਾਜ਼ਰ ਜਵਾਬ ਸੀ। ਜੇ ਉਸ ਨੂੰ ਕੋਈ ਮਜ਼ਾਕ ਕਰ ਦਿੰਦਾ ਤਾਂ ਉਹ ਪੰਜ ਮਿੰਟਾਂ ਵਿੱਚ ਅਗਲੇ ਦੇ ਪੋਤੜੇ ਫੋਲ ਦਿੰਦਾ। ਕਈ ਸਾਲ ਪਹਿਲਾਂ ਉਹ ਮਾਝੇ ਦੇ ਇੱਕ ਜ਼ਿਲ੍ਹੇ ਵਿੱਚ ਚੌਂਕੀ ਇੰਚਾਰਜ ਲੱਗਾ ਹੋਇਆ ਸੀ। ਉਸ ਜ਼ਿਲ੍ਹੇ ਦਾ ਐੱਸ.ਐੱਸ.ਪੀ. ਅਜਿਹਾ ਹੰਕਾਰਿਆ ਹੋਇਆ ਇਨਸਾਨ ਸੀ ਜੋ ਸਮਝਦਾ ਸੀ ਕਿ ਸ਼ਾਇਦ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਨਹੀਂ, ਬਲਕਿ ਨਾਸਾ ਦਾ ਪੇਪਰ ਪਾਸ ਕਰ ਕੇ ਭਰਤੀ ਹੋਇਆ ਹੈ। ਵੈਸੇ ਵੀ ਜਿਹੜਾ ਵਿਅਕਤੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਉਹ ਆਮ ਤੌਰ ’ਤੇ ਮਹਾਂ ਮੂਰਖ ਹੀ ਹੁੰਦਾ ਹੈ। ਉਸ ਦਾ ਸਭ ਤੋਂ ਵੱਡਾ ਭੈੜ ਇਹ ਸੀ ਕਿ ਨਾ ਤਾਂ ਉਹ ਵਾਹ ਲਗਦੀ ਕਿਸੇ ਦਫਤਰੀ ਕਾਗਜ਼ ’ਤੇ ਦਸਤਖਤ ਕਰਦਾ ਸੀ, ਅਤੇ ਨਾ ਹੀ ਕਿਸੇ ਬਦਲੀ ਅਧੀਨ ਮੁਲਾਜ਼ਮ ਨੂੰ ਰਿਲੀਵ ਕਰਦਾ ਸੀ। ਜੈਵਿਜੇ ਦੀ ਬਦਲੀ ਡੀ.ਜੀ.ਪੀ. ਦਫਤਰ ਵੱਲੋਂ ਉਸ ਦੇ ਗ੍ਰਹਿ ਜ਼ਿਲ੍ਹੇ ਦੀ ਹੋ ਚੁੱਕੀ ਸੀ ਪਰ ਐੱਸ.ਐੱਸ.ਪੀ. ਉਨ੍ਹਾਂ ਆਰਡਰਾਂ ’ਤੇ ਕਾਲ਼ਾ ਨਾਗ ਬਣ ਕੇ ਬੈਠਾ ਹੋਇਆ ਸੀ।
ਇੱਕ ਦਿਨ ਉਸ ਨੇ ਆਪਣੇ ਰੀਡਰ ਰਾਹੀਂ ਜੈਵਿਜੇ ਨੂੰ ਫੋਨ ਕਰਵਾਇਆ ਕਿ ਤੁਹਾਨੂੰ ਫਲਾਣਾ ਬੰਦਾ ਮਿਲੇਗਾ, ਉਸ ਦਾ ਕੰਮ ਕਰ ਦੇਣਾ ਕਿਉਂਕਿ ਇਹ ਮੁੱਖ ਮੰਤਰੀ ਦਾ ਹੁਕਮ ਹੈ। ਜੈਵਿਜੇ ਡਿਊਟੀਆਂ ਆਦਿ ਵਿੱਚ ਉਲਝਿਆ ਰਿਹਾ ਤੇ ਉਸ ਕੰਮ ਬਾਰੇ ਭੁੱਲ ਭੁਲਾ ਗਿਆ। ਜਦੋਂ ਕਈ ਦਿਨ ਉਸ ਸਿਫਾਰਸ਼ੀ ਬੰਦੇ ਦਾ ਕੰਮ ਨਾ ਹੋਇਆ ਤਾਂ ਉਸ ਨੇ ਜਾ ਕੇ ਮੁੱਖ ਮੰਤਰੀ ਨੂੰ ਉਂਗਲ ਲਗਾ ਦਿੱਤੀ ਕਿ ਐੱਸ.ਐੱਸ.ਪੀ. ਨੇ ਤੁਹਾਡੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਮੁੱਖ ਮੰਤਰੀ ਨੇ ਐੱਸ.ਐੱਸ.ਪੀ. ਦੀ ਲਾਹ ਪਾਹ ਕੀਤੀ। ਸੜੇ ਬਲ਼ੇ ਐੱਸ. ਐੱਸ. ਪੀ. ਨੇ ਜੈਵਿਜੇ ਦੀ ਵਿਭਾਗੀ ਪੜਤਾਲ ਖੋਲ੍ਹ ਦਿੱਤੀ। ਪਰ ਉਹ ਗਲਤੀ ਕਰ ਗਿਆ ਤੇ ਵਿਭਾਗੀ ਪੜਤਾਲ ਖੋਲ੍ਹਣ ਵਾਲੇ ਆਰਡਰ ਵਿੱਚ ਲਿਖ ਬੈਠਾ ਕਿ ਤੁਹਾਨੂੰ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਫਲਾਣਾ ਕੰਮ ਕਰਨ ਲਈ ਕਿਹਾ ਗਿਆ ਸੀ, ਜੋ ਤੁਸੀਂ ਨਹੀਂ ਕੀਤਾ। ਜ਼ਿਲ੍ਹੇ ਦੇ ਹੈੱਡ ਕਲਰਕ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਰਡਰ ਵਿੱਚ ਮੁੱਖ ਮੰਤਰੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਜੇ ਤੁਸੀਂ ਇਸ ਥਾਣੇਦਾਰ ਨੂੰ ਟੰਗਣਾ ਹੈ ਤਾਂ ਇਹ ਕੰਮ ਕਿਸੇ ਹੋਰ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ। ਪਰ ਸਵੈ ਘੋਸ਼ਿਤ ਸਰਵ ਸ੍ਰੇਸ਼ਠ ਐੱਸ.ਐੱਸ.ਪੀ. ਨੇ ਉਸ ਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਦਬਕੇ ਮਾਰ ਕੇ ਦਫਤਰ ਤੋਂ ਬਾਹਰ ਕੱਢ ਦਿੱਤਾ। ਐੱਸ.ਐੱਸ.ਪੀ. ਨੇ ਉਹ ਵਿਭਾਗੀ ਪੜਤਾਲ ਆਪਣੇ ਇੱਕ ਖਾਸਮ ਖਾਸ ਡੀ.ਐੱਸ.ਪੀ. ਨੂੰ ਮਾਰਕ ਕਰ ਦਿੱਤੀ ਤੇ ਕਿਹਾ ਕਿ ਇਸ ਥਾਣੇਦਾਰ ਦੀ ਅਜਿਹੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਇਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕੇ।
ਡੀ.ਐੱਸ.ਪੀ. ਨੇ ਕਿਹਾ ਕਿ ਜਨਾਬ ਤੁਸੀਂ ਪ੍ਰਵਾਹ ਹੀ ਨਾ ਕਰੋ, ਵੇਖਿਉ ਮੈਂ ਕਿਸ ਤਰ੍ਹਾਂ ਇਸ ਥਾਣੇਦਾਰ ਨੂੰ ਮਿੱਟੀ ਵਿੱਚ ਰੋਲਦਾ ਹਾਂ। ਪੰਜਾਬ ਪੁਲਿਸ ਵਿੱਚ ਵਿਭਾਗੀ ਪੜਤਾਲ (ਡਿਪਾਰਟਮੈਂਟਲ ਇਨਕੁਆਰੀ) ਸਖਤ ਰੂਲਾਂ ਅਨੁਸਾਰ ਚਲਦੀ ਹੈ। ਕਿਸੇ ਨੂੰ ਠੋਕਣਾ ਹੋਵੇ ਤਾਂ ਵੀ ਉਸ ਨੂੰ ਆਪਣੀ ਲਿਖਤੀ ਸਫਾਈ ਦੇਣ ਦਾ ਪੂਰਾ ਮੌਕਾ ਦੇਣਾ ਪੈਂਦਾ ਹੈ, ਨਹੀਂ ਤਾਂ ਦੋਸ਼ੀ ਹਾਈ ਕੋਰਟ ਵਿੱਚ ਰਿਟ ਕਰ ਦਿੰਦਾ ਹੈ। ਜਦੋਂ ਜੈਵਿਜੇ ਨੂੰ ਦੋਸ਼ ਪੱਤਰ ਮਿਲਿਆ ਤਾਂ ਉਸ ਨੇ ਆਪਣੇ ਜਵਾਬ ਵਿੱਚ ਲਿਖ ਦਿੱਤਾ ਕਿ ਉਹ ਮੁੱਖ ਮੰਤਰੀ ਨੂੰ ਬਤੌਰ ਗਵਾਹ ਪੇਸ਼ ਕਰਨਾ ਚਾਹੁੰਦਾ ਹੈ। ਇਹ ਵੇਖ ਕੇ ਡੀ.ਐੱਸ.ਪੀ. ਦੀ ਸਿੱਟੀ ਪਿੱਟੀ ਗੁੰਮ ਹੋ ਗਈ। ਉਸ ਨੇ ਜੈਵਿਜੇ ਨੂੰ ਬੁਲਾ ਕੇ ਕਿਹਾ ਕਿ ਇਹ ਨਹੀਂ ਹੋ ਸਕਦਾ। ਜੈਵਿਜੇ ਨੇ ਜਵਾਬ ਦਿੱਤਾ ਕਿ ਪੁਲਿਸ ਰੂਲ ਦੇ ਮੁਤਾਬਕ ਉਹ ਇਸਦਾ ਹੱਕਦਾਰ ਹੈ ਤੇ ਉਹ ਮੁੱਖ ਮੰਤਰੀ ਦੇ ਆਉਣ ਜਾਣ ਦਾ ਕਿਰਾਇਆ ਦੇਣ ਲਈ ਵੀ ਤਿਆਰ ਹੈ। ਉਹ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਉਸ ਨੇ ਐੱਸ.ਐੱਸ.ਪੀ. ਨੂੰ ਹੁਕਮ ਦਿੱਤਾ ਸੀ ਜਾਂ ਨਹੀਂ? ਡੀ.ਐੱਸ.ਪੀ. ਫਟਾਫਟ ਫਾਈਲ ਕੱਛੇ ਮਾਰ ਕੇ ਐੱਸ.ਐੱਸ.ਪੀ. ਕੋਲ ਜਾ ਪਹੁੰਚਿਆ ਤੇ ਕਿਹਾ ਕਿ ਜਨਾਬ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਲਿਆ ਹੈ। ਉਹ ਤਾਂ ਮੁੱਖ ਮੰਤਰੀ ਨੂੰ ਗਵਾਹ ਰੱਖਣ ਬਾਰੇ ਕਹਿ ਰਿਹਾ ਹੈ।
ਇਹ ਸੁਣ ਕੇ ਐੱਸ.ਐੱਸ.ਪੀ. ਨੂੰ ਆਪਣੀ ਕੁਰਸੀ ਹਿੱਲਦੀ ਦਿਸਣ ਲੱਗ ਪਈ। ਉਸ ਨੇ ਜੈਵਿਜੇ ਨੂੰ ਆਪਣੇ ਦਫਤਰ ਬੁਲਾ ਕੇ ਲੋਲੋ ਪੱਪੋ ਕੀਤੀ ਤੇ ਨਾਲੇ ਚਾਹ ਪਿਆਈ। ਉਸੇ ਵੇਲੇ ਉਸ ਦੀ ਵਿਭਾਗੀ ਪੜਤਾਲ ਫਾਈਲ ਕਰਕੇ ਉਸ ਨੂੰ ਰਿਲੀਵ ਕਰ ਦਿੱਤਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5581)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)