“ਜਦੋਂ ਪੂਜਾ ਦੇ ਪਰਿਵਾਰ ਨੂੰ ਬੁਲਾਇਆ ਤਾਂ ਪੂਜਾ ਦੀ ਮਾਂ ਧਾਹਾਂ ਮਾਰ ਕੇ ...”
(6 ਮਾਰਚ 2025)
ਕੁਝ ਸਾਲ ਪਹਿਲਾਂ ਮੈਂ ਉਸ ਸਬ-ਡਵੀਜ਼ਨ ਵਿੱਚ ਬਤੌਰ ਐੱਸ.ਪੀ. ਤਾਇਨਾਤ ਸੀ, ਜਿਸ ਅਧੀਨ ਤਤਕਾਲੀ ਮੁੱਖ ਮੰਤਰੀ ਦਾ ਚੋਣ ਹਲਕਾ ਅਤੇ ਜੱਦੀ ਪਿੰਡ ਆਉਂਦਾ ਸੀ। ਮੁੱਖ ਮੰਤਰੀ ਵੱਲੋਂ ਮਹੀਨੇ ਵਿੱਚੋਂ 20 ਦਿਨ ਆਪਣੇ ਹਲਕੇ ਦਾ ਦੌਰਾ ਕਰਨ ਵਿੱਚ ਹੀ ਗੁਜ਼ਾਰੇ ਜਾਂਦੇ ਸਨ ਤੇ ਸਾਰੇ ਜ਼ਿਲ੍ਹੇ ਦੀ ਪੁਲੀਸ ਦਿਨ ਰਾਤ ਡਿਊਟੀ ’ਤੇ ਚੜ੍ਹੀ ਰਹਿੰਦੀ ਸੀ। ਕੋਈ ਕਰਮਾਂ ਵਾਲਾ ਦਿਨ ਹੀ ਹੁੰਦਾ ਸੀ ਜਦੋਂ ਸਾਨੂੰ ਦਫਤਰ ਬੈਠਣ ਦਾ ਮੌਕਾ ਮਿਲਦਾ ਸੀ। ਮੈਨੂੰ ਉੱਥੇ ਲੱਗੇ ਨੂੰ ਅਜੇ ਦੋ ਕੁ ਹਫਤੇ ਹੀ ਹੋਏ ਸਨ ਕਿ 24-25 ਸਾਲ ਦਾ ਕੁਲਦੀਪ (ਕਾਲਪਨਿਕ ਨਾਮ) ਨਾਮਕ ਇੱਕ ਲੜਕਾ ਆਪਣੇ ਦੋਸਤ ਸੰਦੀਪ (ਕਾਲਪਨਿਕ ਨਾਮ) ਸਮੇਤ ਮੈਨੂੰ ਮਿਲਣ ਲਈ ਆ ਗਿਆ। ਜਦੋਂ ਮੈਂ ਕੰਮ ਪੁੱਛਿਆ ਤਾਂ ਉਸ ਨੇ ਮੈਨੂੰ ਆਪਣੀ ਦਰਦ ਕਹਾਣੀ ਕਹਿ ਸੁਣਾਈ।
ਉਸ ਨੇ ਦੱਸਿਆ ਕਿ ਚਾਰ ਕੁ ਸਾਲ ਪਹਿਲਾਂ ਉਸ ਦਾ ਵਿਆਹ ਪੂਜਾ ਰਾਣੀ (ਕਾਲਪਨਿਕ ਨਾਮ) ਨਾਲ ਹੋਇਆ ਸੀ। ਛੇ ਕੁ ਮਹੀਨੇ ਤਾਂ ਵਧੀਆ ਲੰਘੇ ਪਰ ਬਾਅਦ ਵਿੱਚ ਪੂਜਾ ਨੇ ਉਸ ਨਾਲ ਲੜਨਾ ਸ਼ੁਰੂ ਕਰ ਦਿੱਤਾ। ਅੱਜ ਤੋਂ ਦੋ ਕੁ ਸਾਲ ਪਹਿਲਾਂ ਪੂਜਾ ਇੱਕ ਰਾਤ ਘਰ ਛੱਡ ਕੇ ਗਾਇਬ ਹੋ ਗਈ। ਉਸ ਨੇ ਜਦੋਂ ਸਹੁਰਿਆਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਉਸ ਨੇ ਹੀ ਪੂਜਾ ਨੂੰ ਮਾਰ ਕੇ ਗਾਇਬ ਕੀਤਾ ਹੈ। ਉਨ੍ਹਾਂ ਨੇ ਕੁਲਦੀਪ ਦੇ ਖਿਲਾਫ ਸੰਬੰਧਿਤ ਥਾਣੇ ਵਿੱਚ ਇਸ ਸੰਬੰਧੀ ਦਰਖਾਸਤ ਦੇ ਦਿੱਤੀ। ਅਜੇ ਪੁਲੀਸ ਤਫਤੀਸ਼ ਕਰ ਹੀ ਰਹੀ ਸੀ ਕਿ ਮਹੀਨੇ ਕੁ ਬਾਅਦ ਇੱਕ ਔਰਤ ਦੀ ਗਲੀ ਸੜੀ ਲਾਸ਼ ਉੱਥੋਂ ਗੁਜ਼ਰਦੀ ਇੱਕ ਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਪਈ ਮਿਲ ਗਈ। ਜਦੋਂ ਪੂਜਾ ਦਾ ਪਰਿਵਾਰ ਮੌਕੇ ’ਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ ਕਿ ਇਹ ਲਾਸ਼ ਪੂਜਾ ਦੀ ਹੀ ਹੈ ਤੇ ਉਸ ਦਾ ਕਤਲ ਕੁਲਦੀਪ ਨੇ ਕੀਤਾ ਹੈ। ਲਾਸ਼ ਪਛਾਣਨਯੋਗ ਨਹੀਂ ਸੀ ਪਰ ਪੂਜਾ ਦੇ ਪਿਓ ਦੇ ਬਿਆਨਾਂ ’ਤੇ ਪੁਲੀਸ ਨੇ ਕੁਲਦੀਪ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਪੁਲੀਸ ਨੇ ਉਸ ਕੇਸ ਦੀ ਤਫਤੀਸ਼ ਚੰਗੇ ਢੰਗ ਨਾਲ ਨਾ ਕੀਤੀ ਤੇ ਇੱਥੋਂ ਤਕ ਕਿ ਲਾਸ਼ ਦਾ ਡੀਐੱਨਏ ਟੈੱਸਟ ਵੀ ਨਾ ਕਰਵਾਇਆ। ਕੱਚਾ-ਪੱਕਾ ਚਲਾਨ ਅਦਾਲਤ ਵਿੱਚ ਧੱਕ ਦਿੱਤਾ, ਜਿਸ ਕਾਰਨ ਡੇਢ-ਦੋ ਸਾਲ ਬਾਅਦ ਕੁਲਦੀਪ ਦੀ ਜ਼ਮਾਨਤ ਹੋ ਗਈ।
ਪਰ ਕੁਲਦੀਪ ਲਗਾਤਾਰ ਇਹ ਕਹਿੰਦਾ ਰਿਹਾ ਕਿ ਉਹ ਬੇਗੁਨਾਹ ਹੈ, ਸਿਰਫ ਉਸ ਨੂੰ ਫਸਾਉਣ ਖਾਤਰ ਉਸਦੇ ਸਹੁਰੇ ਨੇ ਉਸ ਲਾਸ਼ ਦੀ ਪੂਜਾ ਵਜੋਂ ਸ਼ਨਾਖਤ ਕੀਤੀ ਸੀ। ਜਦੋਂ ਮੈਂ ਸੰਬੰਧਿਤ ਥਾਣੇ ਦੇ ਐੱਸਐੱਚਓ ਨੂੰ ਇਸ ਬਾਬਤ ਪੁੱਛਿਆ ਤਾਂ ਉਸ ਨੇ ਉਹੋ ਪੁਰਾਣੇ ਪੁਲਸੀਆ ਅੰਦਾਜ਼ ਵਿੱਚ ਕਿਹਾ ਕਿ ਜਨਾਬ ਇਹ ਤਾਂ ਐਵੇਂ ਬਕਵਾਸ ਕਰਦਾ ਹੈ, ਕਤਲ ਇਸੇ ਨੇ ਕੀਤਾ ਹੈ। ਜੇ ਪੂਜਾ ਜ਼ਿੰਦਾ ਹੁੰਦੀ ਤਾਂ ਹੁਣ ਤਕ ਮਿਲ ਨਾ ਜਾਂਦੀ? ਮੈਂ ਐੱਸਐੱਚਓ ਨੂੰ ਪੁੱਛਿਆ ਕਿ ਤੁਸੀਂ ਪੂਜਾ ਨੂੰ ਲੱਭਣ ਲਈ ਹੁਣ ਤਕ ਕੀ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਉਸ ਨੇ ਕਿਹਾ ਕਿ ਸਰ ਜਦੋਂ ਉਹ ਮਰ ਚੁੱਕੀ ਹੈ ਤਾਂ ਕੋਸ਼ਿਸ਼ ਕੀ ਕਰਨੀ ਸੀ?
ਐੱਸਐੱਚਓ ਨਾਲ ਗੱਲ ਕਰਨ ਤੋਂ ਬਾਅਦ ਮੈਂ ਸਮਝ ਗਿਆ ਕਿ ਉਸ ਨੂੰ ਕੁਲਦੀਪ ਦੀ ਮਦਦ ਕਰਨ ਲਈ ਕਹਿਣਾ ਫਜ਼ੂਲ ਹੈ। ਕੁਲਦੀਪ ਦੀ ਸ਼ਰਾਫਤ ਵੇਖ ਕੇ ਮੈਨੂੰ ਲੱਗਣ ਲੱਗ ਪਿਆ ਕਿ ਇਹ ਬੰਦਾ ਬੇਗੁਨਾਹ ਹੈ। ਮੈਂ ਉਸ ਨੂੰ ਸਪਸ਼ਟ ਦੱਸ ਦਿੱਤਾ ਕਿ ਥਾਣੇ ਦੀ ਪੁਲੀਸ ਤੈਨੂੰ ਕਾਤਲ ਮੰਨ ਚੁੱਕੀ ਹੈ, ਇਸ ਲਈ ਤੈਨੂੰ ਆਪ ਹੀ ਹਿੰਮਤ ਕਰਨੀ ਪੈਣੀ ਹੈ। ਆਪਣੇ ਦੋਸਤਾਂ, ਵਾਕਿਫਕਾਰਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਲੈ। ਜਿੱਥੇ ਮੇਰੀ ਜ਼ਰੂਰਤ ਪਵੇ, ਭਾਵੇਂ ਰਾਤ ਦੇ ਬਾਰਾਂ ਵਜੇ ਫੋਨ ਕਰ ਦੇਵੀਂ, ਉੱਥੇ ਹੀ ਪੁਲੀਸ ਪਾਰਟੀ ਭੇਜ ਦਿਆਂਗਾ। ਮੇਰੀ ਗੱਲ ਸੁਣ ਕੇ ਕੁਲਦੀਪ ਦਾ ਹੌਸਲਾ ਵਧ ਗਿਆ ਤੇ ਉਹ ਧੰਨਵਾਦ ਕਰ ਕੇ ਚਲਾ ਗਿਆ।
ਕੁਲਦੀਪ ਨੇ ਦੂਰ ਦੂਰ ਤਕ ਆਪਣੇ ਯਾਰਾਂ-ਦੋਸਤਾਂ, ਵਾਕਿਫਾਂ ਅਤੇ ਰਿਸ਼ਤੇਦਾਰਾਂ ਨੂੰ ਪੂਜਾ ਦੀਆਂ ਫੋਟੋਆਂ ਭੇਜ ਦਿੱਤੀਆਂ। ਉਸ ਦਾ ਇੱਕ ਦੋਸਤ ਟੈਂਪੂ ’ਤੇ ਸਮਾਨ ਢੋਣ ਦਾ ਕੰਮ ਕਰਦਾ ਸੀ। ਉਸ ਦੋਸਤ ਨੇ ਕੁਲਦੀਪ ਨੂੰ ਦੱਸਿਆ ਕਿ ਉਹ ਹਿਸਾਰ (ਹਰਿਆਣਾ) ਨੇੜੇ ਇੱਕ ਪਿੰਡ ਹਸਨਪੁਰ (ਕਾਲਪਨਿਕ ਨਾਮ) ਮਾਲ ਲੈ ਕੇ ਗਿਆ ਸੀ ਤਾਂ ਉਸ ਨੇ ਉੱਥੇ ਇੱਕ ਘਰ ਦੇ ਬਾਹਰ ਬਿਲਕੁਲ ਪੂਜਾ ਵਰਗੀ ਔਰਤ ਖੜ੍ਹੀ ਵੇਖੀ ਸੀ। ਕੁਲਦੀਪ ਫਟਾਫਟ ਮੇਰੇ ਕੋਲ ਆਇਆ ਤਾਂ ਮੈਂ ਉਸ ਨੂੰ ਸਮਝਾਇਆ ਕਿ ਉਹ ਪਹਿਲਾਂ ਆਪ ਪੱਕਾ ਕਰ ਲਵੇ ਕਿ ਉਹ ਔਰਤ ਪੂਜਾ ਹੀ ਹੈ।
ਕੁਲਦੀਪ ਦਾ ਦੋਸਤ ਸੰਦੀਪ ਪੂਜਾ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ। ਉਸ ਨੇ ਭੇਸ ਬਦਲ ਲਿਆ ਤੇ ਹਸਨਪੁਰ ਵਿੱਚ ਰੇਹੜੀ ਰਾਹੀਂ ਸਬਜ਼ੀ ਆਦਿ ਵੇਚਣ ਲੱਗ ਪਿਆ। ਦਸ ਕੁ ਦਿਨਾਂ ਬਾਅਦ ਉਸ ਦੀ ਮਿਹਨਤ ਰੰਗ ਲਿਆਈ ਤੇ ਪੂਜਾ ਉਸ ਦੀ ਰੇਹੜੀ ’ਤੇ ਸਬਜ਼ੀ ਖਰੀਦਣ ਲਈ ਘਰੋਂ ਬਾਹਰ ਆ ਗਈ। ਪੂਜਾ ਨੇ ਸੰਦੀਪ ਨੂੰ ਨਾ ਪਛਾਣਿਆ ਤੇ ਕੁਲਦੀਪ ਨੇ ਉਸੇ ਵੇਲੇ ਮੈਨੂੰ ਫੋਨ ਕਰ ਦਿੱਤਾ। ਅਗਲੇ ਦਿਨ ਉਹ ਮੇਰੇ ਕੋਲ ਪਹੁੰਚ ਗਿਆ। ਕੁਲਦੀਪ ਦੀ ਥਾਣੇ ਦੇ ਐੱਸਐੱਚਓ ਨਾਲ ਹੋਈ ਗੱਲਬਾਤ ਤੋਂ ਬਾਅਦ ਮੈਨੂੰ ਉਸ ’ਤੇ ਕੋਈ ਭਰੋਸਾ ਨਹੀਂ ਸੀ। ਇਸ ਕਾਰਨ ਮੈਂ ਆਪਣੇ ਅਧੀਨ ਦੂਜੇ ਥਾਣੇ ਦੇ ਤੇਜ਼ ਤਰਾਰ ਐੱਸਐੱਚਓ ਨੂੰ ਕੁਲਦੀਪ ਦੇ ਨਾਲ ਭੇਜ ਦਿੱਤਾ। ਉਨ੍ਹਾਂ ਨੇ ਹਿਸਾਰ ਸਦਰ ਥਾਣੇ ਦੀ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਹਸਨਪੁਰ ਰੇਡ ਕਰ ਦਿੱਤੀ ਤੇ ਪੂਜਾ ਨੂੰ ਫੜ ਲਿਆ। ਪਹਿਲਾਂ ਤਾਂ ਘਰ ਵਾਲਿਆਂ ਨੇ ਕੁਝ ਵਿਰੋਧ ਕੀਤਾ ਪਰ ਜਦੋਂ ਉਨ੍ਹਾਂ ਨੂੰ ਕੁਲਦੀਪ ਅਤੇ ਪੂਜਾ ਦੇ ਵਿਆਹ ਦੀ ਐਲਬਮ ਵਿਖਾਈ ਗਈ ਤਾਂ ਉਹ ਚੁੱਪ ਕਰ ਗਏ।
ਵਾਪਸ ਆ ਕੇ ਜਦੋਂ ਪੂਜਾ ਦੇ ਪਰਿਵਾਰ ਨੂੰ ਬੁਲਾਇਆ ਤਾਂ ਪੂਜਾ ਦੀ ਮਾਂ ਧਾਹਾਂ ਮਾਰ ਕੇ ਉਸ ਦੇ ਗਲ ਲੱਗ ਕੇ ਰੋਣ ਲੱਗ ਪਈ। ਪਰ ਉਸ ਦਾ ਪਿਓ ਅਜੇ ਵੀ ਨਹੀਂ ਮੰਨ ਰਿਹਾ ਸੀ ਕਿ ਇਹ ਪੂਜਾ ਉਸ ਦੀ ਧੀ ਹੀ ਹੈ। ਜਦੋਂ ਰਿਸ਼ਤੇਦਾਰਾਂ ਨੇ ਲਾਹਣਤਾਂ ਪਾਈਆਂ ਤਾਂ ਉਸ ਦੀ ਸੁਰਤ ਟਿਕਾਣੇ ਆ ਗਈ।
ਅਸਲ ਵਿੱਚ ਪੂਜਾ ਬਚਪਨ ਤੋਂ ਹੀ ਝਗੜਾਲੂ ਸੁਭਾਅ ਦੀ ਸੀ। ਕੁਲਦੀਪ ਬੱਚਾ ਚਾਹੁੰਦਾ ਸੀ ਪਰ ਪੂਜਾ ਇਸਦੇ ਖ਼ਿਲਾਫ਼ ਸੀ। ਉਸ ਨੇ ਇੱਕ ਵਾਰ ਕੁਲਦੀਪ ਨੂੰ ਦੱਸੇ ਬਗੈਰ ਦੋ ਕੁ ਮਹੀਨੇ ਦਾ ਗਰਭ ਗਿਰਾ ਦਿੱਤਾ, ਜਿਸ ਕਾਰਨ ਘਰ ਵਿੱਚ ਝਗੜਾ ਵਧ ਗਿਆ ਸੀ। ਐਨੇ ਨੂੰ ਉਹ ਸੋਸ਼ਲ ਮੀਡੀਆ ਰਾਹੀਂ ਹਸਨਪੁਰ ਵਾਲੇ ਵਿਅਕਤੀ ਦੇ ਇਸ਼ਕ ਵਿੱਚ ਪੈ ਗਈ ਤੇ ਇੱਕ ਰਾਤ ਉਸ ਨਾਲ ਫਰਾਰ ਹੋ ਗਈ। ਇਸ ਤੋਂ ਬਾਅਦ ਪੂਜਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਕਾਨੂੰਨੀ ਪ੍ਰਕਿਰਿਆ ਰਾਹੀਂ ਕੁਲਦੀਪ ਖ਼ਿਲਾਫ਼ ਕੇਸ ਰੱਦ ਕਰਵਾਇਆ ਗਿਆ। ਕੇਸ ਖਤਮ ਹੋਣ ’ਤੇ ਕੁਲਦੀਪ ਨੇ ਪੂਜਾ ਨੂੰ ਤਲਾਕ ਦੇ ਦਿੱਤਾ ਤੇ ਉਹ ਹਸਨਪੁਰ ਵਾਲੇ ਵਿਅਕਤੀ ਕੋਲ ਵਾਪਸ ਚਲੀ ਗਈ।
ਜਿਸ ਲਾਸ਼ ਦੀ ਪੂਜਾ ਹੋਣ ਬਾਰੇ ਸ਼ਨਾਖਤ ਕੀਤੀ ਗਈ ਸੀ, ਉਸ ਬਾਰੇ ਮੈਂ ਪੰਜਾਬ ਅਤੇ ਹਰਿਆਣੇ ਦੇ ਸਾਰੇ ਥਾਣਿਆਂ ਨੂੰ ਸੂਚਿਤ ਕੀਤਾ ਪਰ ਕੋਈ ਸੁਰਾਗ ਨਾ ਲੱਗ ਸਕਿਆ। ਸ਼ਾਇਦ ਉਹ ਯੂਪੀ ਬਿਹਾਰ ਵਰਗੇ ਕਿਸੇ ਦੂਰ ਦੇ ਸੂਬੇ ਦੀ ਸੀ ਤੇ ਉਸ ਨੂੰ ਕਤਲ ਕਰ ਕੇ ਇੱਥੇ ਸੁੱਟ ਦਿੱਤਾ ਗਿਆ ਸੀ।
**