“ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸ਼ਹਿਣਸ਼ੀਲ ਸੀ ...”
(ਜਨਵਰੀ 13, 2016)
ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਭੱਟੀ ਉਰਫ ਦੁੱਲਾ ਭੱਟੀ ਸਭ ਤੋਂ ਪਹਿਲਾਂ ਹੋਇਆ ਹੈ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ। ਉਸ ਦਾ ਜਨਮ 1569 ਈ. ਦੇ ਕਰੀਬ ਅਕਬਰ ਮਹਾਨ ਦੇ ਸ਼ਾਸਨ ਕਾਲ ਵਿੱਚ ਹੋਇਆ ਸੀ। ਉਸ ਦੀ ਮਾਂ ਦਾ ਨਾਮ ਲੱਧੀ ਅਤੇ ਬਾਪ ਦਾ ਨਾਮ ਰਾਏ ਫਰੀਦ ਖਾਨ ਭੱਟੀ ਸੀ ਜੋ ਮੁਸਲਮਾਨ ਰਾਜਪੂਤ ਸੀ।
ਫਰੀਦ ਖਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਮੌਜੂਦਾ ਹਾਫੀਜ਼ਾਬਾਦ ਤੋਂ ਲੈ ਕੇ ਮੁਲਤਾਨ ਤੱਕ ਸੀ। ਪਿੰਡੀ ਭੱਟੀਆਂ ਦਾ ਇਲਾਕਾ ਅੱਜਕਲ੍ਹ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੇ ਆਸ ਪਾਸ ਪੈਂਦਾ ਹੈ। ਅਕਬਰ ਤੋਂ ਪਹਿਲਾਂ ਭਾਰਤ ਵਿੱਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬੜੀ ਧਾਂਦਲੀ ਚੱਲਦੀ ਸੀ। ਪਰ ਅਕਬਰ ਨੇ ਆਪਣੇ ਮੰਤਰੀ ਦੀਵਾਨ ਟੋਡਰ ਮੱਲ ਦੀ ਮਦਦ ਨਾਲ ਸਾਰੇ ਰਾਜ ਵਿੱਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਉਸੇ ਹਿਸਾਬ ਨਾਲ ਲਗਾਨ ਨਿਸ਼ਚਿਤ ਕਰ ਦਿੱਤਾ। ਮਾਮਲਾ ਉਗਰਾਹੁਣਾ ਜਿਮੀਦਾਰ ਆਪਣਾ ਹੱਕ ਸਮਝਦੇ ਸਨ। ਪਰ ਅਕਬਰ ਵੱਲੋਂ ਸਿੱਧਾ ਮਾਮਲਾ ਉਗਰਾਹੁਣ ਤੋਂ ਜਿਮੀਦਾਰ ਭੜਕ ਗਏ ਤੇ ਆਪਣੇ ਅਧਿਕਾਰਾਂ ਵਿੱਚ ਦਖਲ ਸਮਝ ਕੇ ਬਗਾਵਤਾਂ ਕਰ ਦਿੱਤੀਆਂ। ਬਾਰਾਂ ਵਿੱਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀ ਸਨ। ਮਹਿਮੂਦ ਗਜ਼ਨਵੀ ਅਤੇ ਬਾਬਰ ਨੂੰ ਇਸ ਇਲਾਕੇ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੜਨ ਭਿੜਨ ਅਤੇ ਲੁੱਟਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਮੰਨਦੇ ਸਨ। ਆਪਣੇ ਇਲਾਕੇ ਵਿੱਚੋਂ ਲੰਘਣ ਵਾਲੇ ਕਾਫਲਿਆਂ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਲੈਂਦੇ ਸਨ। ਫਰੀਦ ਖਾਨ ਭੱਟੀ ਨੇ ਵੀ ਬਗਾਵਤ ਕਰ ਦਿੱਤੀ। ਪਰ ਮੁਗਲਾਂ ਦੀਆਂ ਵਿਸ਼ਾਲ ਸੈਨਾਵਾਂ ਨੇ ਜਲਦੀ ਹੀ ਬਗਾਵਤਾਂ ਦਬਾ ਦਿੱਤੀਆਂ। ਫਰੀਦ ਖਾਨ ਅਤੇ ਉਸ ਦੇ ਬਾਪ ਸਾਂਦਲ ਖਾਨ ਭੱਟੀ ਨੂੰ ਫਾਂਸੀ ਲਗਾ ਦਿੱਤਾ ਗਿਆ ਤੇ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਕਹਿੰਦੇ ਹਨ ਕਿ ਫਰੀਦ ਖਾਨ ਅਤੇ ਉਸ ਦੇ ਬਾਪ ਸਾਂਦਲ ਖਾਨ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲਾ ਲਾਹੌਰ ਦੇ ਦਰਵਾਜ਼ੇ ਉੱਤੇ ਲਟਕਾ ਦਿੱਤੀਆਂ ਗਈਆਂ।
ਦੁੱਲੇ ਦਾ ਜਨਮ ਫਰੀਦ ਖਾਨ ਦੇ ਮਰਨ ਤੋਂ ਚਾਰ ਮਹੀਨੇ ਬਾਅਦ ਹੋੲਆ ਸੀ। ਦੁੱਲੇ ਨੂੰ ਬਚਪਨ ਵਿੱਚ ਪਤਾ ਨਹੀਂ ਸੀ ਕਿ ਉਸ ਦੇ ਬਾਪ-ਦਾਦੇ ਨਾਲ ਕੀ ਵਾਪਰਿਆ ਹੈ। ਉਸ ਦਾ ਬਚਪਨ ਵੀ ਆਮ ਬੱਚਿਆਂ ਵਾਂਗ ਮਸੀਤ ਵਿੱਚ ਪੜ੍ਹ ਕੇ ਅਤੇ ਖੇਡ ਕੁੱਦ ਕੇ ਬੀਤਿਆ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਬਾਗੀ ਕਿਸਮ ਦਾ ਸੀ। ਜਦੋਂ ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ। ਉਹ ਬਚਪਨ ਤੋਂ ਤੀਰ, ਤਲਵਾਰ, ਬੰਦੂਕਾਂ ਆਦਿ ਚਲਾਉਣ ਦਾ ਸ਼ੌਕੀਨ ਸੀ। ਜਦੋਂ ਉਹ ਗੁਲੇਲ ਨਾਲ ਔਰਤਾਂ ਦੇ ਘੜੇ ਭੰਨ ਦਿੰਦਾ ਤਾਂ ਲੱਧੀ ਦੁੱਲੇ ਨੂੰ ਡਾਂਟਣ ਦੀ ਬਜਾਏ ਆਪਣੇ ਸਵਰਗਵਾਸੀ ਪਤੀ ਦੀ ਇੱਕੋ ਇੱਕ ਨਿਸ਼ਾਨੀ ਸਮਝ ਕੇ ਔਰਤਾਂ ਨੂੰ ਨਵੇਂ ਘੜੇ ਲੈ ਦਿੰਦੀ।
ਜਦੋਂ ਦੁੱਲੇ ਨੂੰ ਆਪਣੇ ਬਾਪ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠਿਆ। ਉਸ ਨੇ ਅਕਬਰ ਅਤੇ ਮੁਗਲ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ। ਉਸ ਨੇ ਸਰਕਾਰੀ ਖਜ਼ਾਨਾ ਲੁੱਟ ਕੇ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਉਸ ਨੇ ਅਨੇਕ ਗਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ। ਮੁਗਲਾਂ ਦੇ ਅਨੇਕਾਂ ਹੰਕਾਰੀ ਅਹਿਲਕਾਰਾਂ ਨੂੰ ਕਤਲ ਕਰ ਦਿੱਤਾ। ਇੱਕ ਵਾਰ ਤਾਂ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿੱਚੋਂ ਇੱਕ ਤਰ੍ਹਾਂ ਨਾਲ ਅਜ਼ਾਦ ਹੀ ਹੋ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਦੁੱਲੇ ਨੇ ਹੱਜ ਕਰਨ ਜਾਂਦੀ ਅਕਬਰ ਦੀ ਇੱਕ ਬੇਗਮ ਲੁੱਟ ਲਈ ਸੀ ਜਾਂ ਬੰਦੀ ਬਣ ਲਈ ਸੀ। ਪਰ ਇਸ ਸਬੰਧੀ ਕੋਈ ਇਤਿਹਾਸਿਕ ਸਬੂਤ ਨਹੀਂ ਮਿਲਦਾ।
ਦੁੱਲੇ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਉਸ ਨੇ ਇੱਕ ਵਾਰ ਅਕਬਰ ਲਈ ਖਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬਲ ਦੇ ਵਪਾਰੀ ਨੂੰ ਲੁੱਟ ਲਿਆ ਸੀ। ਇਸ ਤੋਂ ਇਲਾਵਾ ਉਸ ਨੇ ਸ਼ਾਹ ਇਰਾਨ ਵੱਲੋਂ ਅਕਬਰ ਲਈ ਭੇਜੇ ਗਏ ਤੋਹਫੇ ਲੁੱਟ ਕੇ ਤਰਥੱਲੀ ਮਚਾ ਦਿੱਤੀ। ਲੁੱਟਿਆ ਸਮਾਨ ਗਰੀਬਾਂ ਵਿੱਚ ਵੰਡਣ ਕਾਰਨ ਲੋਕ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗੇ। ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸ਼ਹਿਣਸ਼ੀਲ ਸੀ। ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਉਹ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ।
ਦੁੱਲੇ ਨੇ ਸੁੰਦਰੀ ਮੁੰਦਰੀ ਨਾਮਕ ਹਿੰਦੂ ਲੜਕੀਆਂ ਨੂੰ ਜਗੀਰਦਾਰ ਦੇ ਪੰਜੇ ਵਿੱਚੋਂ ਬਚਾ ਕੇ ਆਪ ਉਨ੍ਹਾਂ ਦਾ ਬਾਪ ਬਣ ਕੇ ਉਹਨਾਂ ਦਾ ਵਿਆਹ ਕਰਵਾਇਆ ਤੇ ਸਾਰਾ ਦਹੇਜ਼ ਖੁਦ ਦਿੱਤਾ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਅੱਜ ਤੱਕ ਹਰ ਸਾਲ ਲੋਕ ਉਸ ਨੂੰ ਉਸ ਨੂੰ ਲੋਹੜੀ ਦੇ ਤਿਉਹਾਰ ’ਤੇ “ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ” ਗਾ ਕੇ ਯਾਦ ਕਰਦੇ ਹਨ।
ਦੁੱਲੇ ਦੀ ਲੋਕ ਰੱਬ ਵਾਂਗ ਪੂਜਾ ਕਰਨ ਲੱਗੇ। ਪਰ ਦੁੱਲੇ ਦੀ ਚੜ੍ਹਾਈ ਉਸ ਦੇ ਚਾਚੇ ਜਲਾਲੁਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਮੁਗਲਾਂ ਦਾ ਮੁਖਬਰ ਬਣ ਗਿਆ ਅਤੇ ਖਬਰਾਂ ਸਰਕਾਰ ਤੱਕ ਪਹੁੰਚਾਉਣ ਲੱਗਾ। ਪਰ ਭਾਰੀ ਕੋਸ਼ਿਸ਼ ਦੇ ਬਾਵਜੂਦ ਲਾਹੌਰ ਦਾ ਸੂਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ। ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ’ਤੇ ਦੁਖੀ ਹੋ ਕੇ ਅਕਬਰ ਨੇ ਸਾਂਦਲ ਬਾਰ ਦੀ ਬਗਾਵਤ ਦਬਾਉਣ ਲਈ ਆਪਣੇ ਦੋ ਬਹੁਤ ਹੀ ਕਾਬਲ ਜਨਰਲ, ਮਿਰਜ਼ਾ ਅਲਾਉਦੀਨ ਅਤੇ ਮਿਰਜ਼ਾ ਜ਼ਿਆਉਦੀਨ ਖਾਨ 15000 ਸੈਨਕ ਦੇ ਕੇ ਲਾਹੌਰ ਭੇਜੇ। ਲਾਹੌਰ ਦੇ ਸੂਬੇਦਾਰ ਨੂੰ ਬੜੇ ਸਖਤ ਹੁਕਮ ਭੇਜੇ ਕਿ ਜੇ ਬਗਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿੱਤਾ ਜਾਵੇਗਾ।
ਦਿੱਲੀ ਤੋਂ ਆਏ ਜਨਰਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਰਲੀ ਮਿਲੀ ਫੌਜ ਦੁੱਲੇ ਦੇ ਪਿੱਛੇ ਹੱਥ ਧੋ ਕੇ ਪੈ ਗਈ। ਦੁੱਲੇ ਦਾ ਘਰ ਘਾਟ ਤਬਾਹ ਕਰ ਦਿੱਤਾ ਗਿਆ। ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਗਈਆਂ। ਕਈ ਮਹੀਨੇ ਝੜਪਾਂ ਚਲਦੀਆਂ ਰਹੀਆਂ। ਦੁੱਲੇ ਅਤੇ ਸਾਥੀਆਂ ਨੇ ਛਾਪਮਾਰ ਯੁੱਧ ਨਾਲ ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ।
ਕਹਿੰਦੇ ਹਨ ਕਿ ਜਦੋਂ ਮੁਗਲ ਦੁੱਲੇ ਨੂੰ ਮੈਦਾਨ ਵਿੱਚ ਨਾ ਹਰਾ ਸਕੇ ਤਾਂ ਉਹਨਾਂ ਨੇ ਛਲ ਦਾ ਸਹਾਰਾ ਲਿਆ। ਵਿਚੋਲੇ ਪਾ ਕੇ ਸੁਲ੍ਹਾ ਦੀ ਗੱਲ ਚਲਾਈ ਗਈ। ਜਦੋਂ ਦੁੱਲਾ ਗੱਲਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿੱਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਲਾਹੌਰ ਬੰਦ ਕਰ ਦਿੱਤਾ ਗਿਆ। ਆਖਰ 1599 ਈ. ਵਿੱਚ 30 ਸਾਲ ਦੀ ਭਰ ਜਵਾਨੀ ਵਿੱਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿੱਤਾ ਗਿਆ। ਕਹਿੰਦੇ ਹਨ ਕਿ ਉਸ ਦੀਆਂ ਆਖਰੀ ਰਸਮਾਂ ਮਹਾਨ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।
*****
(153)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)