“ਅਫਸਰ ਤ੍ਰਬਕ ਕੇ ਬੋਲਿਆ, “ਕੁਝ ਸ਼ਰਮ ਕਰ ਯਾਰ, ਇੰਨੀ ਲੁੱਟ?”..."
(18 ਅਗਸਤ 2019)
ਦੀਵਾਲੀ ਭਾਰਤ ਦਾ ਸਭ ਤੋਂ ਪ੍ਰਸਿੱਧ ਤਿਉਹਾਰ ਹੈ ਜੋ ਖਾਸ ਤੌਰ ’ਤੇ ਬੱਚਿਆਂ ਵਿੱਚ ਬਹੁਤ ਮਕਬੂਲ ਹੈ। ਇਸ ਸਾਲ ਦੀਵਾਲੀ 27 ਅਕਤੂਬਰ ਨੂੰ ਆਉਣ ਵਾਲੀ ਹੈ। ਬੱਚਿਆਂ ਤੋਂ ਜ਼ਿਆਦਾ ਬੇਸਬਰੀ ਨਾਲ ਨੇਤਾ ਅਤੇ ਅਫਸਰ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ। ਉਹਨਾਂ ਨੇ ਕੋਈ ਹਵਾਈਆਂ-ਪਟਾਕੇ ਨਹੀਂ ਚਲਾਉਣੇ ਹੁੰਦੇ, ਬਲਕਿ ਦੀਵਾਲੀ ’ਤੇ ਮਿਲਣ ਵਾਲੇ ਮੋਟੇ ਤੋਹਫਿਆਂ ਦਾ ਇੰਤਜ਼ਾਰ ਹੁੰਦਾ ਹੈ। ਇਸ ਤਿਉਹਾਰ ਸਮੇਂ ਅਫਸਰਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੁੰਦੀ ਹੈ ਕਿ ਕਿਤੇ ਬਦਲੀ ਨਾ ਹੋ ਜਾਵੇ। ਬਹੁਤੇ ਘਾਗ ਅਫਸਰ ਤਾਂ ਮਹੀਨਾ ਮਹੀਨਾ ਪਹਿਲਾਂ ਹੀ ਦੀਵਾਲੀ ਉਗਰਾਹੁਣੀ ਸ਼ੁਰੂ ਕਰ ਦਿੰਦੇ ਹਨ। ਪਰ ਹੁਣ ਲੋਕ ਵੀ ਸਿਆਣੇ ਹੋ ਗਏ ਹਨ, ਬਦਲੀਆਂ ਦੀ ਲਿਸਟ ਵੇਖ ਕੇ ਹੀ ਦੀਵਾਲੀ ਵੰਡਣੀ ਸ਼ੁਰੂ ਕਰਦੇ ਹਨ। ਕੋਈ ਐਮਰਜੈਂਸੀ ਪੈਣ ਕਾਰਨ ਇੱਕ ਅਫਸਰ ਨੂੰ ਦੀਵਾਲੀ ਵੇਲੇ ਘਰ ਜਾਣਾ ਪਿਆ ਤਾਂ ਪਰਜਾ ਦੇ ਪੈਸੇ ਬਚ ਗਏ। ਜਦੋਂ ਉਹ ਵਾਪਸ ਆਇਆ ਤਾਂ ਪੰਚ, ਸਰਪੰਚ ਅਤੇ ਪ੍ਰਧਾਨ ਫਾਰਮੈਲਿਟੀ ਪੂਰੀ ਕਰਨ ਖਾਤਰ ਫੋਨ ਕਰੀ ਜਾਣ ਕਿ ਜਨਾਬ ਅਸੀਂ ਦੀਵਾਲੀ ਦੀ ਵਧਾਈ ਦੇਣ ਆਏ ਸੀ, ਪਰ ਤੁਸੀਂ ਮਿਲੇ ਨਹੀਂ। ਉਸ ਨੇ ਅੱਗੋਂ ਬਥੇਰੀਆਂ ਲਾਲਾਂ ਸੁੱਟੀਆਂ ਕਿ ਕੋਈ ਗੱਲ ਨਹੀਂ ਹੁਣ ਆ ਜਾਉ, ਪਰ ਇੱਕ ਦੋ ਤੋਂ ਬਿਨਾਂ ਕੋਈ ਨਾ ਬਹੁੜਿਆ। ਜ਼ਿਆਦਾਤਰ ਅਫਸਰ ਦੀਵਾਲੀ ਨੂੰ ਬਿਲਕੁਲ ਵੀ ਛੁੱਟੀ ਨਹੀਂ ਜਾਂਦੇ, ਸਾਰਾ ਦਿਨ ਘਰ ਬੈਠ ਕੇ ‘ਸਾਮੀਆਂ’ ਦਾ ਇੰਤਜ਼ਾਰ ਕਰਦੇ ਹਨ। ਇੱਕ ਅਫਸਰ ਅਜਿਹਾ ਵੀ ਸੂਰਮਾ ਸੀ ਜੋ ਜਬਰਦਸਤ ਡੇਂਗੂ ਬੁਖਾਰ ਹੋਣ ਦੇ ਬਾਵਜੂਦ ਦੀਵਾਲੀ ਉਗਰਾਹੁਣ ਦੀ ਗਰਜ਼ ਕਾਰਨ ਸਰਕਾਰੀ ਕਵਾਟਰ ਵਿੱਚ ਪਿਆ ਰਿਹਾ ਤੇ ਦੀਵਾਲੀ ਤੋਂ ਅਗਲੇ ਦਿਨ ਹੀ ਹਸਪਤਾਲ ਦਾਖਲ ਹੋਇਆ। ਉਸ ਨੇ ਦੀਵਾਲੀ ਨਹੀਂ ਛੱਡੀ, ਸਰੀਰ ਭਾਵੇਂ ਛੱਡ ਜਾਂਦਾ।
ਇੱਕ ਅਫਸਰ ਦੀ ਬਦਲੀ ਦੀਵਾਲੀ ਤੋਂ ਦੋ ਦਿਨ ਪਹਿਲਾਂ ਕਿਸੇ ਅਜਿਹੀ ਜਗ੍ਹਾ ’ਤੇ ਹੋ ਗਈ ਜਿੱਥੇ ਤੋਹਫੇ ਮਿਲਣ ਦੀ ਜ਼ਿਆਦਾ ਉਮੀਦ ਨਹੀਂ ਸੀ। ਉਸ ਨੇ ਪੂਰੀ ਢੀਠਤਾਈ ਵਿਖਾਉਂਦੇ ਹੋਏ ਦੀਵਾਲੀ ਤੱਕ ਚਾਰਜ ਛੱਡਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਜਗ੍ਹਾ ਆਇਆ ਨਵਾਂ ਅਫਸਰ ਦਫਤਰ ਦੇ ਬਾਹਰ ਦਰਵਾਜ਼ਾ ਮੱਲ ਕੇ ਬੈਠ ਗਿਆ ਤੇ ਆਉਣ ਵਾਲੇ ਲੋਕਾਂ ਨੂੰ ਰੌਲਾ ਪਾਉਣ ਲੱਗਾ ਕਿ ਅੰਦਰ ਵਾਲਾ ਕੱਲ੍ਹ ਦਾ ਬਦਲ ਚੁੱਕਾ ਹੈ, ਉਸ ਦੀ ਜਗ੍ਹਾ ਮੈਂ ਆਇਆ ਹਾਂ, ਦੀਵਾਲੀ ਮੈਂਨੂੰ ਦਿਉ। ਵਿਚਾਰੇ ਲੋਕਾਂ ਨੂੰ ਦੋ ਦੋ ਸੈੱਟ ਗਿਫਟਾਂ ਦੇ ਦੇਣੇ ਪਏ। ਦੀਵਾਲੀ ਵੇਲੇ ਇੰਨਾ ਡਰਾਈ ਫਰੂਟ ਇਕੱਠਾ ਹੋ ਜਾਂਦਾ ਕਿ ਦੋ ਤਿੰਨ ਮਹੀਨੇ ਅਫਸਰਾਂ ਦੇ ਨੌਕਰ ਵੀ ਕਾਜੂ ਬਦਾਮ ਖਾਂਦੇ ਹਨ। ਫਰਵਰੀ ਮਾਰਚ ਤੋਂ ਬਾਅਦ ਹੀ ਦੁਬਾਰਾ ਮੁੱਲ ਦੇ ਭੁੱਜੇ ਛੋਲਿਆਂ ਨਾਲ ਮਦਿਰਾਪਾਨ ਸ਼ੁਰੂ ਹੁੰਦਾ ਹੈ। ਬੌਸ ਦੇ ਘਰ ਦੀਵਾਲੀ ਲੈ ਕੇ ਗਏ ਮਤਹਿਤਾਂ ਦੀ ਗਿਫਟ ਦੀ ਕੀਮਤ ਮੁਤਾਬਕ ਸੇਵਾ ਕੀਤੀ ਜਾਂਦੀ ਹੈ। ਕਿਸੇ ਨੂੰ ਡਰਾਈ ਫਰੂਟ-ਮਠਿਆਈ ਨਾਲ ਚਾਹ ਤੇ ਕਿਸੇ ਨੂੰ ਸਿਰਫ ਫੋਕਾ ਪਾਣੀ ਪਿਆ ਕੇ ਦਫਾ ਕਰ ਦਿੱਤਾ ਜਾਂਦਾ ਹੈ। ਮਲਾਈਦਾਰ ਪੋਸਟ ’ਤੇ ਲੱਗੇ ਹਰ ਅਫਸਰ ਨੂੰ ਇਸ ਦਿਨ ਆਪਣੇ ਸੀਨੀਅਰ ਨੂੰ ਗਿਫਟ ਦੇਣੀ ਹੀ ਪੈਂਦੀ ਹੈ, ਨਹੀਂ ਤਾਂ ਬਾਅਦ ਵਿੱਚ ਕੰਮ ਪੈਣ ’ਤੇ ਅਗਲਾ ਮੂੰਹ ਪਾੜ ਕੇ ਕਹਿ ਦਿੰਦਾ ਹੈ ਕਿ ਤੂੰ ਦੀਵਾਲੀ ’ਤੇ ਤਾਂ ਮਿਲਣ ਆਇਆ ਨਹੀਂ, ਹੁਣ ਕੀ ਕਰਨ ਆ ਗਿਆ ਹੈਂ? ਕੋਈ ਵਿਰਲਾ ਅਫਸਰ ਹੀ ਦੀਵਾਲੀ ਦੇ ਤੋਹਫਿਆਂ ਨੂੰ ਨਾਂਹ ਕਰਦਾ ਹੈ।
ਇੱਕ ਅਫਸਰ ਨੂੰ ਕੋਈ ਸੇਠ ਦੀਵਾਲੀ ਦੇਣ ਵਾਸਤੇ ਆਇਆ। ਉਸ ਕੋਲ ਕਈ ਅਫਸਰਾਂ ਨੂੰ ਦੇਣ ਵਾਲੇ ਪੈਕਟ ਗੱਡੀ ਵਿੱਚ ਰੱਖੇ ਹੋਏ ਸਨ। ਉਹਨਾਂ ਵਿੱਚੋਂ ਇੱਕ ਪੈਕਟ ਉਸ ਨੇ ਅਫਸਰ ਨੂੰ ਭੇਂਟ ਕਰ ਦਿੱਤਾ। ਅਜੇ ਉਹ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਘਾਤ ਲਗਾਈ ਬੈਠੇ ਅਫਸਰ ਦੇ ਬੱਚਿਆਂ ਨੇ ਪੈਕਟ ਉੱਪਰ ਹੱਲਾ ਬੋਲ ਦਿੱਤਾ ਤੇ ਮਿੰਟਾਂ ਵਿੱਚ ਹੀ ਪੈਕਟ ਕਮਲੀ ਦੇ ਝਾਟੇ ਵਾਂਗ ਖਿਲਾਰ ਦਿੱਤਾ। ਥੋੜ੍ਹੀ ਹੀ ਦੇਰ ਬਾਅਦ ਸੇਠ ਵਾਪਸ ਮੁੜ ਆਇਆ ਤੇ ਅਫਸਰ ਨੂੰ ਬੋਲਿਆ ਕਿ ਮੈਂ ਗਲਤੀ ਨਾਲ ਕਿਸੇ ਛੋਟੇ ਅਫਸਰ ਦਾ ਪੈਕਟ ਤੁਹਾਨੂੰ ਦੇ ਦਿੱਤਾ ਹੈ, ਤੁਹਾਡਾ ਪੈਕਟ ਤਾਂ ਇਹ ਹੈ। ਤੁਸੀਂ ਉਹ ਪੈਕਟ ਮੈਂਨੂੰ ਮੋੜ ਦਿਉ ਤੇ ਇਹ ਲੈ ਲਉ। ਜਦੋਂ ਅਫਸਰ ਨੇ ਅੰਦਰ ਜਾ ਕੇ ਪੈਕਟ ਦੀ ਹਾਲਤ ਵੇਖੀ ਤਾਂ ਉਹ ਮੋੜਨ ਯੋਗ ਨਹੀਂ ਸੀ ਰਿਹਾ। ਵਿਚਾਰੇ ਅਫਸਰ ਨੂੰ ਜੂਨੀਅਰ ਅਫਸਰ ਦੇ ਗਿਫਟ ਨਾਲ ਹੀ ਕੰਮ ਚਲਾਉਣਾ ਪਿਆ। ਸੇਠ ਦੇ ਜਾਣ ਤੋਂ ਬਾਅਦ ਉਸ ਨੇ ਬੱਚਿਆਂ ਦੀ ਚੰਗੀ ਤਰ੍ਹਾਂ ਮੁਰੰਮਤ ਕੀਤੀ ਕਿ ਤੁਹਾਡੀਆਂ ਸ਼ੈਤਾਨੀਆਂ ਕਾਰਨ ਮਹਿੰਗਾ ਗਿਫਟ ਮੇਰੇ ਹੱਥੋਂ ਨਿਕਲ ਗਿਆ ਹੈ।
ਇਸੇ ਤਰ੍ਹਾਂ ਦੇ ਕਿਸੇ ਅਫਸਰ ਕੋਲ ਦੀਵਾਲੀ ’ਤੇ ਚਾਂਦੀ ਦੇ ਵਾਹਵਾ ਭਾਂਡੇ ਇਕੱਠੇ ਹੋ ਗਏ। ਉਸ ਨੇ ਸੋਚਿਆ ਕਿ ਆਪਣੇ ਖਾਸ ਸੁਨਿਆਰੇ ਹੀਰਾ ਲਾਲ ਨੂੰ ਬੁਲਾ ਕੇ ਚਾਂਦੀ ਵੇਚ ਦਿੱਤੀ ਜਾਵੇ ਤੇ ਉਹਨਾਂ ਪੈਸਿਆਂ ਦਾ ਪਤਨੀ ਨੂੰ ਖੁਸ਼ ਕਰਨ ਲਈ ਕੋਈ ਵਧੀਆ ਜਿਹਾ ਸੋਨੇ ਦਾ ਸੈੱਟ ਬਣਾ ਦਿੱਤਾ ਜਾਵੇ। ਉਸ ਨੇ ਬੰਦਾ ਭੇਜ ਕੇ ਸੁਨਿਆਰੇ ਨੂੰ ਬੁਲਾਇਆ ਤੇ ਚਾਂਦੀ ਦੇ ਭਾਂਡਿਆਂ ਦਾ ਢੇਰ ਉਸ ਅੱਗੇ ਲਗਾ ਦਿੱਤਾ। ਸੁਨਿਆਰਾ 10-15 ਕਿੱਲੋ ਚਾਂਦੀ ਵੇਖ ਕੇ ਭੌਂਚੱਕਾ ਰਹਿ ਗਿਆ। ਦਿਲ ਹੀ ਦਿਲ ਵਿੱਚ ਅਫਸਰ ਨੂੰ ਗਾਲ੍ਹਾਂ ਕੱਢਦਾ ਹੋਇਆ ਸੋਚਣ ਲੱਗਾ ਕਿ ਇਹਨਾਂ ਸਾਲਿਆਂ ਨੂੰ ਮੌਜ ਹੈ। ਇੱਕ ਦੀਵਾਲੀ ਨੂੰ ਇੰਨਾ ਮਾਲ ਇਕੱਠਾ ਹੋ ਗਿਆ, ਬਾਕੀ ਦੀਵਾਲੀਆਂ ਨੂੰ ਪਤਾ ਨਹੀਂ ਕਿੰਨਾ ਕੁਝ ਮਿਲਿਆ ਹੋਵੇਗਾ? ਅਸੀਂ ਐਵੇਂ ਸਾਰਾ ਦਿਨ ਅੱਗ ਵਿੱਚ ਫੂਕਾਂ ਮਾਰ ਮਾਰ ਕੇ ਸਿਰ ਵਿੱਚ ਸੁਆਹ ਪਵਾਉਂਦੇ ਰਹਿੰਦੇ ਹਾਂ। ਅਫਸਰ ਨੇ ਰੇਟ ਪੁੱਛ ਕੇ ਸੁਨਿਆਰੇ ਨੂੰ ਚਾਂਦੀ ਤੋਲਣ ਲਈ ਕਿਹਾ। ਸੁਨਿਆਰੇ ਨੇ ਚਾਂਦੀ ਤੋਲੀ ਤਾਂ ਕੋਈ 12 ਕਿੱਲੋ ਹੋਈ। ਤੋਲ ਕੇ ਸੁਨਿਆਰਾ ਸਮਾਨ ਦੀ ਸ਼ੁੱਧਤਾ ਚੈੱਕ ਕਰਨ ਲੱਗ ਪਿਆ। ਅਫਸਰ ਦੀ ਉਤਸੁਕਤਾ ਵਧਦੀ ਜਾ ਰਹੀ ਸੀ। ਜਦੋਂ ਸੁਨਿਆਰੇ ਨੇ ਸਾਰਾ ਮਾਲ ਚੈੱਕ ਕਰ ਲਿਆ ਤਾਂ ਅਫਸਰ ਬੋਲਿਆ, “ਹਾਂ ਬਈ ਸੇਠ, ਦੱਸ ਕਿੰਨੇ ਪੈਸੇ ਬਣੇ?”
ਸੁਨਿਆਰਾ ਸ਼ੈਤਾਨੀ ਜਿਹੇ ਤਰੀਕੇ ਨਾਲ ਹੱਸਦਾ ਹੋਇਆ ਕਹਿਣ ਲੱਗਾ ਕਿ ਜਨਾਬ ਤੁਹਾਡੇ ਬਣੇ ਨੇ ਪੂਰੇ 8700 ਰੁਪਏ। ਅਫਸਰ ਤ੍ਰਬਕ ਕੇ ਬੋਲਿਆ, “ਕੁਝ ਸ਼ਰਮ ਕਰ ਯਾਰ, ਇੰਨੀ ਲੁੱਟ?” ਸੁਨਿਆਰੇ ਨੇ ਅੱਗੋਂ ਪੂਰੇ ਕਾਰੋਬਾਰੀ ਲਹਿਜ਼ੇ ਵਿੱਚ ਜਵਾਬ ਦਿੱਤਾ, “ਜਨਾਬ, ਤੁਹਾਡੇ ਸਾਰੇ ਕਬਾੜ ਵਿੱਚ ਸਿਰਫ ਸੱਤ ਚਿਮਚੇ, ਚਾਰ ਗਲਾਸ ਤੇ ਇੱਕ ਆਹ ਇੱਕ ਕੌਲੀ ਚਾਂਦੀ ਦੀ ਹੈ, ਬਾਕੀ ਸਾਰਾ ਗਿਲਟ ਤੇ ਪਲਾਸਟਿਕ ਹੈ, ਜਿਸ ਉੱਤੇ ਚਾਂਦੀ ਵਰਗੀ ਪਾਲਿਸ਼ ਕੀਤੀ ਹੋਈ ਹੈ।” ਸੁਣ ਕੇ ਅਫਸਰ ਨੂੰ ਦਿਲ ਦਾ ਦੌਰਾ ਪੈਣਾ ਵਾਲਾ ਹੋ ਗਿਆ। ਉਸ ਨੂੰ ਸਮਝ ਨਾ ਆਵੇ ਕਿ ਕਿਹੜਾ ਕਿਹੜਾ ਨਕਲੀ ਚਾਂਦੀ ਦੇ ਭਾਂਡੇ ਦੇ ਕੇ ਨਾਲੇ ਕੰਮ ਕਰਵਾ ਗਿਆ ਤੇ ਨਾਲੇ ਡਰਾਈ ਫਰੂਟ ਖਾ ਕੇ ਬੇਵਕੂਫ ਬਣਾ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1703)
(ਸਰੋਕਾਰ ਨਾਲ ਸੰਪਰਕ ਲਈ: