BalrajSidhu7“ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ...”
(ਨਵੰਬਰ 16, 2015  -  ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸੌਵਾਂ ਸ਼ਹੀਦੀ ਦਿਵਸ ਹੈ।)


KSSarabha7ਜਨਮ: 24 ਮਈ, 1896 (ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ)
ਸ਼ਹੀਦੀ: 16 ਨਵੰਬਰ, 1915 (ਲਾਹੌਰ) 

ਅੱਜ (16 ਨਵੰਬਰ 2015) ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਾ ਰੱਸਾ ਚੁੰਮੇ ਪੂਰੇ 100 ਸਾਲ ਹੋ ਗਏ ਹਨਭਾਰਤ ਵਿੱਚ ਸੈਂਕੜੇ ਬਹਾਦਰ ਕ੍ਰਾਂਤੀਕਾਰੀਆਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਪਰ ਜੋ ਦਰਜ਼ਾ ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਨੂੰ ਪ੍ਰਾਪਤ ਹੈ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਸਰਾਭਾ ਦੇ ਜੀਵਨ ਉੱਪਰ ਸੈਂਕੜੇ ਕਿਤਾਬਾਂ, ਲੇਖ, ਡਰਾਮੇ ਅਤੇ ਡਾਕੂਮੈਂਟਰੀਆਂ ਆਦਿ ਬਣ ਚੁੱਕੀਆਂ ਹਨ। ਉਸ ਨੇ ਛੋਟੀ ਜਿਹੀ ਉਮਰ ਵਿੱਚ ਹੀ ਭਾਰਤ ਦੇ ਰਾਜਨੀਤਕ ਖੇਤਰ ਵਿੱਚ ਤੂਫਾਨ ਲਿਆ ਦਿੱਤਾ ਸੀ। ਕਰਤਾਰ ਸਿੰਘ ਸਰਾਭਾ ਦਾ ਕ੍ਰਾਂਤੀਕਾਰੀਆਂ ਤੇ ਇੰਨਾ ਜ਼ਬਰਦਸਤ ਪ੍ਰਭਾਵ ਸੀ ਕਿ ਭਗਤ ਸਿੰਘ ਵੀ ਉਸ ਨੂੰ ਆਪਣਾ ਆਦਰਸ਼ ਅਤੇ ਗੁਰੂ ਮੰਨਦਾ ਸੀ ਅਤੇ ਉਸ ਦੀ ਫੋਟੋ ਹਮੇਸ਼ਾ ਆਪਣੇ ਕੋਲ ਰੱਖਦਾ ਸੀ।

ਇਸ ਸੂਰਮੇ ਦਾ ਜਨਮ 24 ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਗਰੇਵਾਲ ਪਰਿਵਾਰ ਵਿੱਚ ਹੋਇਆ ਸੀ। ਉਹ ਪਿਤਾ ਸ. ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਦਾ ਇਕਲੌਤਾ ਬੱਚਾ ਸੀ। ਛੋਟੀ ਉਮਰ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ। ਉਸਦਾ ਪਾਲਣ ਪੋਸ਼ਣ ਉਸ ਦੇ ਦਾਦਾ ਜੀ ਨੇ ਕੀਤਾ ਸੀ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਨ ਤੋਂ ਬਾਅਦ ਉਸ ਨੇ ਨੌਂਵੀਂ ਮਾਤ ਮਾਲਵਾ ਹਾਈ ਸਕੂਲ ਲੁਧਿਆਣਾ ਤੋਂ ਕੀਤੀ। ਇਸ ਤੋਂ ਬਾਅਦ ਉਹ ਆਪਣੇ ਇੱਕ ਰਿਸ਼ਤੇਦਾਰ ਕੋਲ ਉੜੀਸਾ ਚਲਾ ਗਿਆ। ਉੱਥੇ ਦਸਵੀਂ ਕਰਨ ਤੋਂ ਬਾਅਦ ਉਹ ਕਾਲਜ ਦੀ ਪੜ੍ਹਾਈ ਕਰਨ ਲੱਗਾ। ਉਹ ਸਾਹਿਤ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਇਸ ਨਾਲ ਉਸ ਦੇ ਗਿਆਨ ਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ।

ਜਦੋਂ ਉਹ ਪੰਦਰਾਂ ਸਾਲ ਦਾ ਸੀ ਤਾਂ ਕੰਮ ਕਾਰ ਦੀ ਭਾਲ ਵਿੱਚ ਜਨਵਰੀ 1912 ਨੂੰ ਸਾਨ ਫਰਾਂਸਿਸਕੋ, ਅਮਰੀਕਾ ਪਹੁੰਚ ਗਿਆ। ਉੱਥੇ ਉਸ ਨੇ ਵੇਖਿਆ ਕਿ ਇੰਮੀਗ੍ਰੇਸ਼ਨ ਵਾਲੇ ਭਾਰਤੀਆਂ ਨਾਲ ਬਹੁਤ ਸਖਤੀ ਕਰਦੇ ਸਨ। ਜਦ ਉਸ ਨੇ ਆਪਣੇ ਸਾਥੀ ਯਾਤਰੀ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਆਪਾਂ ਗੁਲਾਮ ਦੇਸ਼ ਦੇ ਵਾਸੀ ਹਾਂ, ਇਸ ਲਈ ਸਾਡੇ ਨਾਲ ਅਜਿਹਾ ਮਾੜਾ ਸਲੂਕ ਹੁੰਦਾ ਹੈ। ਇਹ ਗੱਲ ਸਰਾਭੇ ਦਾ ਕਲੇਜਾ ਚੀਰ ਗਈ। ਉਸ ਵੇਲੇ ਅਮਰੀਕਾ ਵਿੱਚ ਨਸਲਵਾਦ ਜ਼ੋਰਾਂ ਤੇ ਸੀ। ਭਾਰਤੀਆਂ ਨੂੰ ਬਲੈਕ ਮੈਨ ਕਹਿ ਕੇ ਪੁਕਾਰਿਆ ਜਾਂਦਾ ਸੀ। ਕਈ ਥਾਈਂ ਰੋਜ਼ਗਾਰ ਖੁੱਸਣ ਦੇ ਡਰੋਂ ਗੋਰਿਆਂ ਵੱਲੋਂ ਭਾਰਤੀ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ। ਸਰਾਭੇ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਜੇ ਅਸੀਂ ਗੁਲਾਮ ਨਾ ਹੁੰਦੇ ਤਾਂ ਥਾਂ ਥਾਂ ਤੇ ਸਾਡੀ ਬੇਇੱਜ਼ਤੀ ਨਹੀਂ ਸੀ ਹੋਣੀ। ਸਰਾਭੇ ਨੇ ਕੈਲੇਫੋਰਨੀਆਂ ਯੂਨੀਵਰਸਿਟੀ, ਬਰਕਲੇ ਵਿੱਚ ਕੈਮਿਸਟਰੀ ਦੀ ਡਿਗਰੀ ਲੈਣ ਲਈ ਦਾਖਲਾ ਲੈ ਲਿਆ। ਆਪਣਾ ਖਰਚਾ ਚਲਾਉਣ ਲਈ ਉਹ ਖੇਤਾਂ ਅਤੇ ਬਾਗਾਂ ਵਿੱਚ ਮਜ਼ਦੂਰੀ ਕਰਦਾ ਸੀ।

21 ਅਪ੍ਰੈਲ 1913 ਨੂੰ ਅਮਰੀਕਾ ਵਿੱਚ ਵਸਦੇ ਕ੍ਰਾਂਤੀਕਾਰੀਆਂ ਨੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਹਥਿਆਰਬੰਦ ਘੋਲ ਰਾਹੀਂ ਅਜ਼ਾਦ ਕਰਾਉਣ ਲਈ ਲਾਲਾ ਹਰਦਿਆਲ ਦੀ ਅਗਵਾਈ ਹੇਠ ਗਦਰ ਪਾਰਟੀ ਦੀ ਸਥਾਪਨਾ ਕੀਤੀ। ਬਾਬਾ ਸੋਹਣ ਸਿੰਘ ਭਕਨਾ ਇਸ ਦਾ ਪਹਿਲਾ ਪ੍ਰਧਾਨ ਬਣਿਆ ਤੇ ਸਰਾਭਾ ਸ਼ੁਰੂਆਤੀ ਮੈਂਬਰ। ਗਦਰ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਪਾਰਟੀ ਨੇ ‘ਗਦਰ ਦੀ ਗੂੰਜ’ ਨਾਮਕ ਅਖਬਾਰ ਕੱਢਿਆ ਜੋ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪਸ਼ਤੋ ਭਾਸ਼ਾ ਵਿੱਚ ਛਪਦਾ ਸੀ। ਕਰਤਾਰ ਸਿੰਘ ਸਰਾਭਾ ਇਸ ਅਖਬਾਰ ਦਾ ਸਾਰਾ ਕੰਮਕਾਰ ਸੰਭਾਲਦਾ ਸੀ। ਇਸ ਵਿੱਚ ਅੰਗਰੇਜ਼ਾਂ ਵੱਲੋਂ ਭਾਰਤੀਆਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਭਾਂਡਾ ਭੰਨਿਆ ਜਾਂਦਾ ਸੀ। ਇਸ ਨੂੰ ਡਾਕ ਰਾਹੀਂ ਭਾਰਤ ਸਮੇਤ ਅਨੇਕਾਂ ਦੇਸ਼ਾਂ ਵਿੱਚ ਪਹੁੰਚਾਇਆ ਜਾਂਦਾ ਸੀ। ਇਸ ਅਖਬਾਰ ਰਾਹੀਂ ਦੇਸ਼ ਭਗਤਾਂ ਨੂੰ ਅੰਗਰੇਜਾਂ ਖਿਲਾਫ ਬਗਾਵਤ ਕਰਨ ਲਈ ਹਥਿਆਰ ਚਲਾਉਣ ਅਤੇ ਬੰਬ ਬਣਾਉਣ ਦੇ ਤਰੀਕੇ ਸਿਖਾਏ ਜਾਂਦੇ ਸਨ। ਕੁਝ ਹੀ ਸਮੇਂ ਵਿੱਚ ਗਦਰ ਪਾਰਟੀ ਭਾਰਤੀਆਂ ਵਿੱਚ ਮਸ਼ਹੂਰ ਹੋ ਗਈ, ਸੈਂਕੜੇ ਨੌਜਵਾਨ ਇਸ ਵੱਲ ਖਿੱਚੇ ਗਏ।

1914 ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ। ਇੰਗਲੈਂਡ ਜੰਗ ਵਿੱਚ ਬੁਰੀ ਤਰ੍ਹਾਂ ਉਲਝ ਗਿਆ। ਗਦਰ ਪਾਰਟੀ ਨੇ ਸੋਚਿਆ ਕਿ ਭਾਰਤ ਨੂੰ ਅਜ਼ਾਦ ਕਰਾਉਣ ਦਾ ਇਹ ਸੁਨਹਿਰੀ ਮੌਕਾ ਹੈ। ਗਦਰ ਅਖਬਾਰ ਨੇ ਆਪਣੇ 5 ਅਗਸਤ 1914 ਦੇ ਅੰਕ ਵਿੱਚ ਅੰਗਰੇਜ਼ੀ ਸ਼ਾਸਨ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਇਸ ਅਖਬਾਰ ਦੀਆਂ ਹਜ਼ਾਰਾਂ ਕਾਪੀਆਂ ਪਿੰਡਾਂ, ਸ਼ਹਿਰਾਂ ਅਤੇ ਫੌਜੀ ਛਾਉਣੀਆਂ ਵਿੱਚ ਵੰਡੀਆਂ ਗਈਆਂ। ਪਾਰਟੀ ਦੇ ਹੁਕਮ ਅਨੁਸਾਰ ਕਰਤਾਰ ਸਿੰਘ ਸਰਾਭਾ, ਸਤਿਅਮ ਸੇਨ ਤੇ ਵਿਸ਼ਣੂ ਗਣੇਸ਼ ਪਿੰਗਲੇ ਅਨੇਕਾਂ ਸਾਥੀਆਂ ਸਮੇਤ ਸਮੁੰਦਰੀ ਰਸਤੇ ਕਲਕੱਤਾ ਆਣ ਪਹੁੰਚੇ। ਵੱਖ ਵੱਖ ਰਸਤਿਆਂ ਰਾਹੀਂ ਹੋਰ ਵੀ ਸੈਂਕੜੇ ਗਦਰੀ ਭਾਰਤ ਆ ਗਏ। ਜਤਿਨ ਮੁਖਰਜੀ ਦੀ ਚਿੱਠੀ ਲੈ ਕੇ ਸਰਾਭਾ ਅਤੇ ਪਿੰਗਲੇ ਯੁਗਾਂਤਰ ਪਾਰਟੀ ਦੇ ਨੇਤਾ ਰਾਸ ਬਿਹਾਰੀ ਬੋਸ ਨੂੰ ਬਨਾਰਸ ਜਾ ਕੇ ਮਿਲੇ। ਉਹਨਾਂ ਨੇ ਉਸ ਨੂੰ ਦੱਸਿਆ ਕਿ 20000 ਹੋਰ ਗਦਰੀ ਬਹੁਤ ਜਲਦੀ ਭਾਰਤ ਪਹੁੰਚ ਜਾਣਗੇ। ਪਰ ਅਮਰੀਕਨ ਖੁਫੀਆ ਵਿਭਾਗ ਵੱਲੋਂ ਗਦਰੀਆਂ ਦੀਆਂ ਸਰਗਰਮੀਆਂ ਬਾਰੇ ਖਬਰਾਂ ਲਗਾਤਾਰ ਅੰਗਰੇਜ਼ ਹਕੂਮਤ ਨੂੰ ਭੇਜਣ ਕਾਰਨ ਅਨੇਕਾਂ ਗਦਰੀ ਬੰਦਰਗਾਹਾਂ ਤੇ ਹੀ ਪਕੜੇ ਗਏ।

ਕਰਤਾਰ ਸਿੰਘ ਸਰਾਭਾ ਨੇ ਭਾਰਤ ਪਹੁੰਚ ਕੇ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ। ਕਦੀ ਉਹ ਬਗਾਵਤ ਲਈ ਫੌਜੀਆਂ ਨੂੰ ਮਿਲਣ ਛਾਉਣੀਆਂ ਵਿੱਚ ਜਾਂਦਾ ਤੇ ਕਦੇ ਹਥਿਆਰ ਖਰੀਦਣ ਲਈ ਕਲਕੱਤਾ ਪਹੁੰਚ ਜਾਂਦਾ। ਪਰ ਸਭ ਤੋਂ ਵੱਡੀ ਮੁਸ਼ਕਲ ਪੈਸੇ ਦੀ ਆ ਰਹੀ ਸੀ। ਇਸ ਦਾ ਹੱਲ ਕਰਨ ਵਾਸਤੇ ਗਦਰ ਪਾਰਟੀ ਦੀ ਇੱਕ ਮੀਟਿੰਗ ਲੁਧਿਆਣੇ ਨੇੜੇ ਲਾਡੋਵਾਲ ਵਿੱਚ ਹੋਈ। ਪੈਸੇ ਦੀ ਕਮੀ ਦੂਰ ਕਰਨ ਲਈ ਅਮੀਰਾਂ ਅਤੇ ਸਰਕਾਰੀ ਝੋਲੀ ਚੁੱਕਾਂ ਕੋਲੋਂ ਜਬਰਦਸਤੀ ਪੈਸੇ ਉਗਰਾਹੁਣ ਦਾ ਮਤਾ ਉਲੀਕਿਆ ਗਿਆ। ਅਨੇਕਾਂ ਕਾਮਯਾਬ ਐਕਸ਼ਨ ਕੀਤੇ ਗਏ। ਇਸ ਕੰਮ ਦਾ ਗਦਰ ਪਾਰਟੀ ਨੂੰ ਉਲਟਾ ਨੁਕਸਾਨ ਹੀ ਹੋਇਆ। ਸਰਕਾਰ ਨੇ ਉਹਨਾਂ ਨੂੰ ਡਾਕੂ ਲੁਟੇਰੇ ਕਹਿ ਕੇ ਬਦਨਾਮ ਕਰ ਦਿੱਤਾ। ਸਾਰੇ ਅਮੀਰ, ਜ਼ੈਲਦਾਰ, ਸਫੈਦਪੋਸ਼ ਅਤੇ ਪੁਲਿਸ ਹੱਥ ਧੋ ਕੇ ਗਦਰੀਆਂ ਪਿੱਛੇ ਪੈ ਗਏ।

25 ਜਨਵਰੀ 1915 ਨੂੰ ਰਾਸ ਬਿਹਾਰੀ ਬੋਸ ਅੰਮ੍ਰਿਤਸਰ ਪਹੁੰਚ ਗਿਆ। ਸਰਾਭਾ ਆਪਣੇ ਸਾਥੀਆਂ ਸਮੇਤ ਉਸ ਨੂੰ ਜਾ ਕੇ ਮਿਲਿਆ। 12 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਸਲਾਹ ਕੀਤੀ ਗਈ ਕਿ 21 ਫਰਵਰੀ ਨੂੰ ਬਗਾਵਤ ਕੀਤੀ ਜਾਵੇ। ਇਹ ਫੈਸਲਾ ਕੀਤਾ ਗਿਆ ਕਿ ਫਿਰੋਜ਼ਪੁਰ ਅਤੇ ਮੀਆਂ ਮੀਰ ਛਾਉਣੀਆਂ ਤੇ ਕਬਜ਼ਾ ਕਰਨ ਤੋਂ ਬਾਅਦ ਦਿੱਲੀ ਅਤੇ ਅੰਬਾਲੇ ਦੀਆਂ ਛਾਉਣੀਆਂ ਵਿੱਚ ਬਗਾਵਤ ਕਰਵਾਈ ਜਾਵੇਗੀ। ਸਰਾਭੇ ਨੂੰ ਗੱਦਾਰ ਕਿਰਪਾਲ ਸਿੰਘ ਦੀਆਂ ਸਰਗਰਮੀਆਂ ਤੇ ਸ਼ੱਕ ਹੋ ਗਿਆ ਸੀ। ਇਸ ਲਈ ਰਾਸ ਬਿਹਾਰੀ ਬੋਸ ਨਾਲ ਸਲਾਹ ਕਰਕੇ ਉਸ ਨੇ ਗਦਰ ਦੀ ਤਾਰੀਖ 19 ਫਰਵਰੀ ਕਰ ਦਿੱਤੀ।

ਪਰ ਘਰ ਦੇ ਭੇਤੀ ਦੇਸ਼ ਧ੍ਰੋਹੀ ਕਿਰਪਾਲ ਸਿੰਘ ਨੇ ਸਰਕਾਰ ਨੂੰ ਸਾਰੀ ਗੱਲ ਜਾ ਦੱਸੀ ਤੇ ਗਦਰ ਅਸਫਲ ਹੋ ਗਿਆ। ਕਰਤਾਰ ਸਿੰਘ ਸਰਾਭਾ ਮਿਥੇ ਸਮੇ ਤੇ 50-60 ਸਾਥੀਆਂ ਸਮੇਤ ਫਿਰੋਜ਼ਪੁਰ ਛਾਉਣੀ ਪਹੁੰਚ ਗਿਆ ਤੇ ਆਪਣੇ ਫੌਜੀ ਸਾਥੀਆਂ ਨੂੰ ਬਗਾਵਤ ਕਰਨ ਵਾਸਤੇ ਕਿਹਾ। ਪਰ 19 ਫਰਵਰੀ ਤੋਂ ਪਹਿਲਾਂ ਹੀ ਅਨੇਕਾਂ ਗਦਰੀ ਗ੍ਰਿਫਤਾਰ ਕਰ ਲਏ ਗਏ ਸਨ ਤੇ ਸਾਰੀਆਂ ਸ਼ੱਕੀ ਦੇਸੀ ਪਲਟਣਾਂ ਨੂੰ ਹਥਿਆਰ ਰਹਿਤ ਕਰ ਦਿੱਤਾ ਗਿਆ ਸੀ। ਇਸ ਲਈ ਫੌਜੀਆਂ ਨੇ ਬਗਾਵਤ ਕਰਨ ਤੋਂ ਇਨਕਾਰ ਕਰ ਦਿੱਤਾ। ਟੁੱਟੇ ਦਿਲ ਨਾਲ ਬੜੀ ਮੁਸ਼ਕਲ ਬਚ ਕੇ ਸਰਾਭਾ ਰਾਸ ਬਿਹਾਰੀ ਬੋਸ ਕੋਲ ਲਾਹੌਰ ਪਹੁੰਚਿਆ। ਇਸ ਦੁੱਖ ਦਾ ਮਾਰਿਆ ਉਹ ਕਈ ਦਿਨ ਮੰਜੇ ਤੋਂ ਨਾ ਉੱਠ ਸਕਿਆ। ਜਿਹੜੇ ਗਦਰੀ ਗ੍ਰਿਫਤਾਰੀ ਤੋਂ ਬਚ ਗਏ, ਉਹਨਾਂ ਨੂੰ ਹੁਕਮ ਹੋਇਆ ਕਿ ਉਹ ਦੇਸ਼ ਛੱਡ ਦੇਣ। ਸਰਾਭਾ, ਜਗਤ ਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਅਫਗਾਨਿਸਤਾਨ ਨੂੰ ਚੱਲ ਪਏ। ਪਰ ਰਸਤੇ ਵਿੱਚ ਸਰਾਭੇ ਦਾ ਮਨ ਬਦਲ ਗਿਆ। ਸਾਥੀਆਂ ਨੂੰ ਜੇਹਲਾਂ ਵਿੱਚ ਛੱਡ ਕੇ ਭੱਜਣ ਨੂੰ ਉਸ ਦਾ ਮਨ ਨਾ ਮੰਨਿਆ, ਉਹ ਵਾਪਸ ਮੁੜ ਆਇਆ। 2 ਮਾਰਚ 1915 ਨੂੰ ਸਾਥੀਆਂ ਸਮੇਤ ਗਦਰ ਦਾ ਪ੍ਰਚਾਰ ਕਰਨ ਲਈ ਉਹ ਸਰਗੋਧਾ ਛਾਉਣੀ ਪਹੁੰਚ ਗਿਆ। ਰਸਾਲਦਾਰ ਗੰਡਾ ਸਿੰਘ ਦੀ ਮੁਖਬਰੀ ਤੇ ਸਰਾਭਾ, ਜਗਤ ਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਗ੍ਰਿਫਤਾਰ ਕਰ ਲਏ ਗਏ। ਜਦੋਂ ਮੁਕੱਦਮਾ ਚੱਲਿਆ ਤਾਂ ਜੱਜ ਉਸ ਦੀ ਵਿਦਵਤਾ ਤੋਂ ਬਹੁਤ ਪ੍ਰਭਾਵਿਤ ਹੋਇਆ।

13 ਸਤੰਬਰ 1915 ਨੂੰ 63 ਗਦਰੀਆਂ ਦਾ ਸੈਂਟਰਲ ਜੇਲ੍ਹ ਲਾਹੌਰ ਵਿੱਚ ਲੱਗੀ ਸਪੈਸ਼ਲ ਅਦਾਲਤ ਵਿੱਚ ਲਾਹੌਰ ਸਾਜਿਸ਼ ਕੇਸ ਵਿੱਚ ਫੈਸਲਾ ਸੁਣਾਇਆ ਗਿਆ। ਸਰਾਭਾ ਸਭ ਤੋਂ ਛੋਟੀ ਉਮਰ ਦਾ ਸੀ। ਸਰਾਭੇ ਸਮੇਤ 24 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ, ਸਾਰੇ ਗਦਰੀਆਂ ਵਿੱਚ ਕਰਤਾਰ ਸਿੰਘ ਸਰਾਭਾ ਸਭ ਤੋਂ ਜ਼ਿਆਦਾ ਖਤਰਨਾਕ ਹੈ, ਇਸ ਨੂੰ ਆਪਣੇ ਕੀਤੇ ਕੰਮਾਂ ਉੱਤੇ ਸਭ ਤੋਂ ਜ਼ਿਆਦਾ ਮਾਣ ਹੈ। ਇਸ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਰਹਿਮ ਨਾ ਕੀਤਾ ਜਾਵੇਅਮਰੀਕਾ ਤੋਂ ਲੈ ਕੇ ਭਾਰਤ ਤੱਕ ਸਾਜਿਸ਼ ਦਾ ਕੋਈ ਅਜਿਹਾ ਭਾਗ ਨਹੀਂ, ਜਿਸ ਵਿੱਚ ਇਸ ਨੇ ਹਿੱਸਾ ਨਾ ਲਿਆ ਹੋਵੇ। ”ਮੁਕੱਦਮੇ ਤੇ ਚਾਨਣਾ ਪਾਇਆ ਅਤੇ ਆਪਣੀ ਸ਼ਮੂਲੀਅਤ ਬਾਰੇ ਖੁਦ ਇਕਬਾਲ ਕੀਤਾ। ਉਸ ਨੇ ਜੱਜ ਦੇ ਪੁੱਛਣ ਉੱਤੇ ਕਿ ਕੀ ਉਹ ਜਾਣਦਾ ਹੈ ਕਿ ਇਸ ਇਕਬਾਲੀਆ ਬਿਆਨ ਦਾ ਫੈਸਲੇ ਤੇ ਕੀ ਅਸਰ ਹੋਵੇਗਾ? ਕਰਤਾਰ ਸਿੰਘ ਨੇ ਹੱਸ ਕੇ ਕਿਹਾ, ਤੁਸੀਂ ਮੈਨੂੰ ਵੱਧ ਤੋਂ ਵੱਧ ਫਾਂਸੀ ਲਗਾ ਸਕਦੇ ਹੋ। ਜਿੰਨੀ ਜਲਦੀ ਮੈਨੂੰ ਫਾਂਸੀ ਲੱਗੇਗੀ, ਉੰਨੀ ਜਲਦੀ ਮੈਂ ਦੁਬਾਰਾ ਜਨਮ ਲੈ ਕੇ ਦੇਸ਼ ਦੀ ਸੇਵਾ ਲਈ ਵਾਪਸ ਆਵਾਂਗਾ।” 16 ਨਵੰਬਰ 1915 ਨੂੰ 19 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਉਸ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਉੱਤੇ ਲਟਕਾ ਦਿੱਤਾ ਗਿਆ।

ਉਹ ਬਹੁਤ ਵਧੀਆ ਲਿਖਾਰੀ ਵੀ ਸੀ। ਉਸ ਨੇ ਗਦਰ ਦਾ ਪ੍ਰਚਾਰ ਕਰਨ ਲਈ ਸੈਂਕੜੇ ਲੇਖ ਲਿਖੇ। ਇਹ ਮਸ਼ਹੂਰ ਕ੍ਰਾਂਤੀਕਾਰੀ ਗੀਤ ਉਸਦਾ ਹੀ ਲਿਖਿਆ ਹੋਇਆ ਹੈ:

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਦੀ ਸੇਵਾ ਵਿਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ”

ਇਹ ਗੀਤ ਕ੍ਰਾਂਤੀਕਾਰੀਆਂ ਲਈ ਕੁਰਬਾਨੀ ਤੇ ਦੇਸ਼ ਭਗਤੀ ਦਾ ਪ੍ਰਤੀਕ ਬਣ ਗਿਆ। ਨਾਨਕ ਸਿੰਘ ਨੇ ਉਸ ਦੀ ਜ਼ਿੰਦਗੀ ਤੇ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ ਲਿਖਿਆ ਹੈ। ਪਿੰਡ ਸਰਾਭੇ ਵਿੱਚ ਸ਼ਹੀਦ ਦਾ ਜੱਦੀ ਘਰ ਅਜੇ ਵੀ ਮੌਜੂਦ ਹੈ। ਪਰਿਵਾਰ ਵੱਲੋਂ ਇਸ ਮਕਾਨ ਨੂੰ ਕੌਮੀ ਸਮਾਰਕ ਦਾ ਦਰਜ਼ਾ ਦਿਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਸ਼ਹੀਦ ਦੀ ਯਾਦ ਵਿੱਚ ਪਿੰਡ ਵਿਖੇ ਦੋ ਏਕੜ ਜਗਾਹ ਵਿੱਚ ਉਸ ਦਾ ਸ਼ਾਨਦਾਰ ਬੁੱਤ, ਅਧੁਨਿਕ ਲਾਇਬਰੇਰੀ ਅਤੇ ਪਾਰਕ ਬਣਿਆ ਹੋਇਆ ਹੈ।

*****

(109)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author