“ਮੈਂ ਜਾਂ ਮੇਰੇ ਸਾਥੀਆਂ ਨੇ ਕਈ ਵਾਰ ਉਸਦੇ ਸਾਹਮਣੇ ਐਵੇਂ ਫੜ੍ਹਾਂ ਮਾਰ ਦੇਣੀਆਂ ਕਿ ਅਸੀਂ ...”
(8 ਦਸੰਬਰ 2025)

ਕਈ ਵਿਅਕਤੀ ਐਨੇ ਨਿਮਰ ਅਤੇ ਮਿੱਠ ਬੋਲੇ ਹੁੰਦੇ ਹਨ ਕਿ ਤੁਸੀਂ ਪਛਾਣ ਹੀ ਨਹੀਂ ਸਕਦੇ ਕਿ ਇਸਨੇ ਕੀ ਕੀ ਕਾਰਨਾਮੇ ਕੀਤੇ ਹੋਏ ਹਨ। ਉਹ ਕਦੇ ਵੀ ਆਪਣੇ ਬਾਰੇ ਫੜ੍ਹਾਂ ਨਹੀਂ ਮਾਰਦੇ। 1996-97 ਵਿੱਚ ਮੈਂ ਥਾਣਾ ਮੋਹਾਲੀ ਫੇਜ਼ 1 ਵਿੱਚ ਬਤੌਰ ਐੱਸ.ਐੱਚ.ਓ. ਤਾਇਨਾਤ ਸੀ। ਉਸ ਵੇਲੇ ਮੋਹਾਲੀ ਵਿੱਚ ਸਿਰਫ ਦੋ ਹੀ ਥਾਣੇ ਹੀ ਹੁੰਦੇ ਸਨ, ਫੇਜ਼ 1 ਅਤੇ ਫੇਜ਼ 8 । ਫੇਜ਼ 8 ਉਪਰੇਸ਼ਨਲ ਥਾਣਾ ਸੀ ਤੇ ਉਸਦੀ ਐਫਆਈ.ਆਰ. ਫੇਜ਼ 1 ਵਿਖੇ ਦਰਜ਼ ਹੁੰਦੀ ਸੀ। ਮੈਂ ਜਿੰਨੇ ਵੀ ਥਾਣਿਆ ਵਿੱਚ ਤਾਇਨਾਤ ਰਿਹਾ ਸੀ, ਥਾਣਾ ਫੇਜ਼ 1 ਸਭ ਤੋਂ ਵੱਡੀ ਸਿਰਦਰਦੀ ਸੀ। ਨਾ ਦਿਨੇ ਚੈਨ ਮਿਲਦਾ ਸੀ, ਨਾ ਰਾਤ ਨੂੰ। ਇੱਕ ਰਾਤ ਵਿੱਚ 3-3, 4-4 ਚੋਰੀਆਂ ਹੁੰਦੀਆਂ ਸਨ ਤੇ ਚੰਡੀਗੜ੍ਹ ਬੈਠੇ ਅਫਸਰਾਂ ਦੀਆਂ ਵਗਾਰਾਂ ਵੱਖ ਪੈਂਦੀਆਂ ਸਨ। ਕਦੇ ਕਿਸੇ ਦਾ ਕੁੱਤਾ ਬਿਮਾਰ ਹੋ ਜਾਣਾ ਤੇ ਕਦੇ ਕਿਸੇ ਦੀ ਫੁੱਲਾਂ ਦੀ ਕਿਆਰੀ ਵਾਸਤੇ ਰੂੜੀ ਜਾਂ ਵਾੜ ਵਾਸਤੇ ਕਾਨੇ ਭੇਜਣੇ ਆਦਿ। ਮੇਰਾ ਖਿਆਲ ਹੈ ਕਿ ਡੇਢ ਸਾਲ ਦੀ ਪੋਸਟਿੰਗ ਵਿੱਚ ਮੈਂ 6, 7 ਅਫਸਰਾਂ ਦੇ ਮਾਪਿਆਂ ਦੇ ਤਾਂ ਭੋਗ ਹੀ ਪਵਾਏ ਹੋਣੇ ਹਨ। ਮੋਹਾਲੀ ਦਾ ਤਕਰੀਬਨ ਸਾਰਾ ਇੰਡਸਟਰੀਅਲ ਏਰੀਆ ਫੇਜ਼ 1 ਦੇ ਅਧੀਨ ਆਉਂਦਾ ਸੀ, ਜਿੱਥੇ ਕੋਈ ਨਾ ਕੋਈ ਪਵਾੜਾ ਪਿਆ ਹੀ ਰਹਿੰਦਾ ਸੀ। ਕਦੇ ਕਿਸੇ ਯੂਨੀਅਨ ਨੇ ਹੜਤਾਲ ਕਰ ਦੇਣੀ, ਕਦੇ ਕਿਸੇ ਨੇ ਭੰਨ ਤੋੜ।
ਜਦੋਂ ਮੈਂ ਥਾਣੇ ਦਾ ਚਾਰਜ ਲਿਆ ਤਾਂ ਉਸ ਵੇਲੇ ਮੋਹਾਲੀ ਵਿਖੇ ਗੋਦਰੇਜ਼ ਦੀ ਬਹੁਤ ਵੱਡੀ ਫੈਕਟਰੀ ਅਜੇ ਨਵੀਂ ਨਵੀਂ ਹੀ ਸਥਾਪਿਤ ਹੋਈ ਸੀ। ਪੰਜਾਬ ਸਰਕਾਰ ਉਸ ਨੂੰ ਆਪਣੀ ਇੱਕ ਅਹਿਮ ਪ੍ਰਾਪਤੀ ਵਜੋਂ ਪ੍ਰਚਾਰ ਰਹੀ ਸੀ ਕਿਉਂਕਿ ਉੱਥੇ ਸੈਂਕੜੇ ਪੰਜਾਬੀਆਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਸੀ। ਗੋਦਰੇਜ਼ ਭਾਰਤ ਦੀ ਚੋਟੀ ਦੀ ਕੰਪਨੀ ਹੈ ਜਿਸ ਕਾਰਨ ਉਹ ਮਜ਼ਦੂਰ ਯੂਨੀਅਨ ਜਾਂ ਹੋਰ ਪ੍ਰਸ਼ਾਸਨਿਕ ਝਗੜਿਆਂ ਸਮੇਂ ਮੁੱਖ ਮੰਤਰੀ ਤੋਂ ਘੱਟ ਕਿਸੇ ਨਾਲ ਗੱਲ ਨਹੀਂ ਸਨ ਕਰਦੇ। ਉਸ ਵੇਲੇ ਮੋਹਾਲੀ ਅਜੇ ਜ਼ਿਲ੍ਹਾ ਨਹੀਂ ਸੀ ਬਣਿਆ ਤੇ ਰੋਪੜ ਦੇ ਅਧੀਨ ਆਉਂਦਾ ਸੀ। ਰੋਪੜ ਦੇ ਉਸ ਸਮੇਂ ਦੇ ਐੱਸ.ਐੱਸ.ਪੀ. ਵੱਲੋਂ ਮੋਹਾਲੀ ਦੇ ਐੱਸ.ਪੀ. ਨੂੰ ਸਖਤ ਹੁਕਮ ਸਨ ਕਿ ਗੋਦਰੇਜ਼ ਫੈਕਟਰੀ ਦਾ ਖਾਸ ਧਿਆਨ ਰੱਖਣਾ ਹੈ। ਉਸ ਸਮੇਂ ਗੋਦਰੇਜ਼ ਦਾ ਚੀਫ ਸਕਿਉਰਟੀ ਅਫਸਰ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨਾਮਕ ਵਿਅਕਤੀ ਸੀ। 5 ਫੁੱਟ 8 ਕੁ ਇੰਚ ਲੰਮੇ ਤੇ ਪਤਲੇ ਜਿਹੇ ਚਾਂਦਪੁਰੀ ਵਰਗਾ ਨਿਮਰ ਅਤੇ ਮਿੱਠ ਬੋਲੜਾ ਵਿਅਕਤੀ ਮੈਂ ਅੱਜ ਤਕ ਨਹੀਂ ਦੇਖਿਆ।
ਹਾਲਾਂਕਿ ਫੌਜ ਦੇ ਹਿਸਾਬ ਨਾਲ ਮੈਂ ਉਸਦੇ ਰੈਂਕ ਸਾਹਮਣੇ ਕੁਝ ਵੀ ਨਹੀਂ ਸੀ ਪਰ ਉਸਨੇ ਕਦੇ ਵੀ ਮੈਨੂੰ ਚਾਹ ਪਾਣੀ ਪੀਤੇ ਬਗੈਰ ਨਹੀਂ ਸੀ ਆਉਣ ਦਿੱਤਾ। ਉਸਦੇ ਮਿੱਠੇ ਸੁਭਾਅ ਕਾਰਨ ਮੈਂ ਜਦੋਂ ਵੀ ਉਸ ਪਾਸੇ ਗਸ਼ਤ ਕਰਨ ਜਾਣਾ ਤਾਂ ਉਸ ਨੂੰ ਜ਼ਰੂਰ ਮਿਲ ਕੇ ਆਉਣਾ। ਮੈਂ ਜਾਂ ਮੇਰੇ ਸਾਥੀਆਂ ਨੇ ਕਈ ਵਾਰ ਉਸਦੇ ਸਾਹਮਣੇ ਐਵੇਂ ਫੜ੍ਹਾਂ ਮਾਰ ਦੇਣੀਆਂ ਕਿ ਅਸੀਂ ਆਹ ਚੋਰ ਫੜਿਆ ਸੀ, ਆਹ ਕਤਲ ਕੇਸ ਹੱਲ ਕੀਤਾ ਹੈ, ਉਸਨੇ ਅੱਗੋਂ ਮਿੰਨ੍ਹਾ ਜਿਹਾ ਹੱਸ ਕੇ ਦਾਦ ਦੇ ਦੇਣੀ। ਉਸਨੇ ਸਾਡੇ ਸਾਹਮਣੇ ਕਦੇ ਵੀ ਇਹ ਭੇਤ ਨਹੀਂ ਸੀ ਖੋਲ੍ਹਿਆ ਕਿ ਉਸਨੇ 1971 ਦੀ ਜੰਗ ਵੇਲੇ ਰਾਜਸਥਾਨ ਬਾਰਡਰ (ਲੌਂਗੇਵਾਲਾ) ਵਿਖੇ 4 ਅਤੇ 5 ਦਸੰਬਰ ਦੀ ਦਰਮਿਆਨੀ ਰਾਤ ਨੂੰ ਸਾਰਾਗੜ੍ਹੀ ਦੀ ਜੰਗ (12 ਸਤੰਬਰ 1897) ਵਰਗਾ ਕਾਰਨਾਮਾ ਕੀਤਾ ਸੀ ਤੇ ਉਹ ਮਹਾਂਵੀਰ ਚੱਕਰ ਵਿਜੇਤਾ ਹੈ। ਨਾ ਹੀ ਦੱਸਿਆ ਕਿ ਉਸਨੇ 40 ਟੈਂਕਾਂ ਅਤੇ ਬਖਤਰਬੰਦ ਗੱਡੀਆਂ ਦੀ ਮਦਦ ਨਾਲ ਜੈਸਲਮੇਰ ’ਤੇ ਕਬਜ਼ਾ ਕਰਨ ਲਈ ਵਧ ਰਹੇ 3 ਹਜ਼ਾਰ ਪਾਕਿਸਤਾਨੀ ਸੈਨਿਕਾਂ ਦੇ ਸੁਪਨੇ ਪੰਜਾਬ ਰੈਜੀਮੈਂਟ ਦੇ ਸਿਰਫ 120 ਜਵਾਨਾਂ ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤੇ ਸਨ, ਸਵੇਰ ਹੋਣ ਤਕ ਹਵਾਈ ਮਦਦ ਮਿਲਣ ਤੋਂ ਪਹਿਲਾਂ ਪਾਕਿਸਤਾਨ ਦੇ ਕਰੀਬ 200 ਜਵਾਨ ਮਾਰ ਦਿੱਤੇ ਸਨ ਅਤੇ 12 ਟੈਂਕ ਤਬਾਹ ਕਰ ਦਿੱਤੇ ਸਨ। ਉਸਦਾ ਸਿਰਫ ਇੱਕ ਜਵਾਨ ਜਗਜੀਤ ਸਿੰਘ ਸ਼ਹੀਦ ਹੋਇਆ ਸੀ ਜੋ ਜੰਗ ਦੇ ਰੰਗ ਵਿੱਚ ਰੰਗਿਆ ਮੋਰਚੇ ਤੋਂ ਬਾਹਰ ਆ ਗਿਆ ਸੀ ਤੇ ਸਾਹਾਂ ਦੀ ਡੋਰ ਖਤਮ ਹੋਣ ਤਕ ਦੁਸ਼ਮਣਾਂ ਨੂੰ ਲਾਈਟ ਮਸ਼ੀਨਗੰਨ ਨਾਲ ਭੁੰਨਦਾ ਰਿਹਾ ਸੀ।
ਇੱਥੇ ਇਹ ਵਰਨਣਯੋਗ ਹੈ ਕਿ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਚਾਂਦਪੁਰੀ ਦੀ ਮਦਦ ਲਈ ਭਾਰਤੀ ਹਵਾਈ ਫੌਜ ਦੇ ਐੱਚ.ਐੱਫ-24 ਮਾਰੂਤ ਅਤੇ ਹਾਕਰ ਹੰਟਰ ਜਹਾਜ਼ ਚੜ੍ਹ ਆਏ ਸਨ ਤੇ ਉਨ੍ਹਾਂ ਨੇ ਟੀ-10 ਰਾਕਟ ਅਤੇ 30 ਮਿਲੀਮੀਟਰ ਤੋਪਾਂ ਨਾਲ ਅੱਗ ਵਰਸਾਉਣੀ ਸ਼ੁਰੂ ਕਰ ਦਿੱਤੀ ਸੀ। ਉਜਾੜ ਇਲਾਕੇ ਵਿੱਚ ਟੈਂਕ ਅਸਾਨ ਨਿਸ਼ਾਨਾ ਬਣਨ ਲੱਗੇ ਤੇ ਏਅਰ ਫੋਰਸ ਨੇ 22 ਟੈਂਕ ਹੋਰ ਤਬਾਹ ਕਰ ਦਿੱਤੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਖੈਰਪੁਰ ਸਟੇਸ਼ਨ ’ਤੇ ਖੜ੍ਹੀ ਟੈਂਕਾਂ, ਤੋਪਾਂ ਅਤੇ ਗੋਲਾ ਬਰੂਦ ਨਾਲ ਲੱਦੀ ਇੱਕ ਟਰੇਨ ਵੀ ਨਸ਼ਟ ਕਰ ਦਿੱਤੀ। ਭੱਜ ਰਹੇ ਪਾਕਿਸਤਾਨੀ ਫੌਜੀ ਲੌਂਗੇਵਾਲਾ ਪੋਸਟ ਤੋਂ ਵਰ੍ਹ ਰਹੀਆਂ ਗੋਲੀਆਂ ਦੀ ਵਾਛੜ ਨਾਲ ਡਿਗਣ ਲੱਗੇ। ਸਾਰੀ ਰਾਤ ਦੀ ਲੜਾਈ ਕਾਰਨ ਥੱਕੇ ਟੁੱਟੇ ਭਾਰਤੀ ਸੈਨਿਕਾਂ ਨੇ ਪਿੱਛਾ ਨਾ ਕੀਤਾ ਨਹੀਂ ਤਾਂ ਮਰਨ ਵਾਲੇ ਪਾਕਿ ਫੌਜੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਣੀ ਸੀ।
ਇਸ ਸ਼ਰਮਨਾਕ ਲੱਕ ਤੋੜਵੀਂ ਹਾਰ ਕਾਰਨ ਪਾਕਿਸਤਾਨੀ ਫੌਜ ਦੁਬਾਰਾ ਅਜਿਹਾ ਸੰਗਠਿਤ ਹਮਲਾ ਨਾ ਕਰ ਸਕੀ। ਇਸ ਹਮਲੇ ਦੇ ਸੂਤਰਧਾਰ ਪਾਕਿਸਤਾਨੀ ਮੇਜਰ ਜਨਰਲ ਬੀ ਐੱਮ ਮੁਸਤਫਾ ਨੂੰ ਕੋਰਟ ਮਾਰਸ਼ਲ ਕਰ ਕੇ ਡਿਸਮਿਸ ਕਰ ਦਿੱਤਾ ਗਿਆ ਸੀ। ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਮਹਾਂਵੀਰ ਚੱਕਰ, ਸੂਬੇਦਾਰ ਰਤਨ ਸਿੰਘ ਅਤੇ ਸਿਪਾਹੀ ਜਗਜੀਤ ਸਿੰਘ ਨੂੰ ਵੀਰ ਚੱਕਰ, ਕੈਪਟਨ ਭੈਰੋਂ ਸਿੰਘ, ਨਾਇਬ ਸੂਬੇਦਾਰ ਮਥਰਾ ਦਾਸ ਅਤੇ ਸਿਪਾਹੀ ਬਿਸ਼ਨ ਦਾਸ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਏਅਰਫੋਰਸ ਦੇ 17 ਪਾਇਲਟਾਂ ਨੇ ਇਸ ਯੁੱਧ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 6 ਨੂੰ ਵੀਰ ਚੱਕਰ ਅਤੇ ਜੈਸਲਮੇਰ ਬੇਸ ਦੇ ਕਮਾਂਡਰ ਐੱਮ.ਐੱਸ. ਬਾਵਾ ਨੂੰ ਅਤਿ ਵਸ਼ਿਸ਼ਟ ਸੇਵਾ ਮੈਡਲ ਪ੍ਰਦਾਨ ਕੀਤੇ ਗਏ। ਇੱਕ ਸ਼ਾਨਦਾਰ ਸਮਾਰੋਹ ਵਿੱਚ 23 ਪੰਜਾਬ ਰੈਜਮੈਂਟ ਨੂੰ ਲੌਂਗੇਵਾਲਾ ਅਤੇ ਸਿੰਧ ਨਾਮਕ ਜੰਗੀ ਸਨਮਾਨ ਅਤੇ ਝੰਡੇ ਪ੍ਰਦਾਨ ਕੀਤੇ ਗਏ।
ਬਾਰਡਰ ਫਿਲਮ ਵਿੱਚ ਜਿਹੜੇ ਸੈਕੰਡ ਲੈਫਟੀਨੈਂਟ ਧਰਮਵੀਰ, ਹਵਾਲਦਾਰ ਮਥਰਾ ਦਾਸ ਅਤੇ ਨਾਇਬ ਸੂਬੇਦਾਰ ਰਤਨ ਸਿੰਘ ਆਦਿ ਸ਼ਹੀਦ ਹੋਏ ਵਿਖਾਏ ਗਏ ਹਨ, ਉਹ ਗਲਤ ਹੈ। ਇਹ ਵੀ ਵਰਨਣਯੋਗ ਹੈ ਕਿ ਚਾਂਦਪੁਰੀ ਵੱਲੋਂ ਮਦਦ ਮੰਗਣ ਲਈ ਕੀਤੇ ਵਾਇਰਲੈੱਸ ਮੈਸੇਜ਼ ਦੇ ਜਵਾਬ ਵਿੱਚ ਇਹ ਹੁਕਮ ਆਏ ਸਨ ਕਿ ਉਹ ਲੌਂਗੇਵਾਲਾ ਪੋਸਟ ਛੱਡ ਕੇ ਹੈੱਡਕਵਾਟਰ ’ਤੇ ਆ ਜਾਵੇ। ਪਰ ਇਸ ਯੋਧੇ ਨੇ ਦੇਸ਼ ਦੀ ਇੱਕ ਇੰਚ ਵੀ ਜਗ੍ਹਾ ਛੱਡਣ ਦੀ ਬਜਾਏ ਜੰਗ ਵਿੱਚ ਜੂਝਣ ਦਾ ਫੈਸਲਾ ਕੀਤਾ ਸੀ।
31 ਮਾਰਚ 1997 ਨੂੰ ਮੇਰੀ ਬਦਲੀ ਮੁੱਖ ਮੰਤਰੀ ਸੁਰੱਖਿਆ ਦੀ ਹੋ ਗਈ ਸੀ ਤੇ 13 ਜੂਨ 1997 ਨੂੰ ਸੰਨੀ ਦਿਉਲ ਦੀ ਸੁਪਰ ਹਿੱਟ ਫਿਲਮ ਬਾਰਡਰ ਰਿਲੀਜ਼ ਹੋਈ, ਜਿਸਨੇ ਬਾਕਸ ਆਫਿਸ ’ਤੇ ਤਰਥੱਲੀ ਮਚਾ ਦਿੱਤੀ। ਇਸ ਫਿਲਮ ਕਾਰਨ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਨਾਮ ਦੇਸ਼ ਦੇ ਕੋਨੇ ਕੋਨੇ ਵਿੱਚ ਫੈਲ ਗਿਆ। ਜਦੋਂ ਮੈਂ ਇਹ ਫਿਲਮ ਦੇਖੀ ਤਾਂ ਹੈਰਾਨ ਰਹਿ ਗਿਆ ਕਿ ਇਹ ਤਾਂ ਉਹ ਹੀ ਬੰਦਾ ਹੈ, ਜਿਸ ਨਾਲ ਮੈਂ ਚਾਹ ਪੀਂਦਾ ਰਿਹਾ ਸੀ। ਮੈਂ ਅਗਲੇ ਹੀ ਦਿਨ ਤਤਕਾਲੀ ਐੱਸ.ਐੱਚ.ਓ. ਫੇਜ਼ 1 ਨੂੰ ਫੋਨ ਕੀਤਾ ਕਿ ਮੈਂ ਬਰਗੇਡੀਅਰ ਚਾਂਦਪੁਰੀ ਨੂੰ ਮਿਲਣਾ ਹੈ, ਜ਼ਰਾ ਗੋਦਰੇਜ਼ ਫੈਕਟਰੀ ਤੋਂ ਪਤਾ ਕਰ ਦਿਉ। ਦੋ ਕੁ ਘੰਟਿਆਂ ਬਾਅਦ ਉਸਦਾ ਫੋਨ ਆਇਆ ਕਿ ਉਹ ਤਾਂ ਇੱਥੋਂ ਬਦਲ ਕੇ ਮੁੰਬਈ ਹੈੱਡਕਵਾਟਰ ਜਾ ਚੁੱਕਾ ਹੈ। ਉਸ ਤੋਂ ਬਾਅਦ ਵੀ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਦੁਬਾਰਾ ਮੇਲ ਨਹੀਂ ਹੋ ਸਕਿਆ। 17 ਨਵੰਬਰ 2018 ਨੂੰ ਇਹ ਸੂਰਮਾ ਸਵਰਗਵਾਸ ਹੋ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (