“ਚਾਰੇ ਪਾਸੇ ਤੋਂ ਵਰ੍ਹ ਰਹੀ ਮੌਤ ਤੋਂ ਬਚਣ ਲਈ ਜੀ ਭਿਆਣੇ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ...”
(ਅਪਰੈਲ 12, 2016)
ਬ੍ਰਿਟਿਸ਼ ਰਾਜ ਦੌਰਾਨ ਪੰਜਾਬ ਵਿੱਚ ਦੇਸ਼ਭਗਤਾਂ ਉੱਪਰ ਜ਼ੁਲਮ ਢਾਹੁਣ ਕਾਰਨ ਤਿੰਨ ਅੰਗਰੇਜ਼ ਅਫਸਰ ਬਹੁਤ ਬਦਨਾਮ ਹੋਏ ਸਨ। ਪਹਿਲਾ ਸੀ ਗੁਰੂ ਕੇ ਬਾਗ ਮੋਰਚੇ ਦੌਰਾਨ ਸਿੱਖ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਵਾਲਾ ਅੰਮ੍ਰਿਤਸਰ ਦਾ ਡੀ.ਐਸ.ਪੀ., ਐਸ.ਜੀ.ਐਮ. ਬੀਟੀ। ਉਸ ਨੇ ਅਜਿਹੇ ਵਹਿਸ਼ੀ ਕਾਰੇ ਕੀਤੇ ਕਿ ਪੰਜਾਬ ਦਾ ਮੁੱਖ ਪਾਦਰੀ ਸੀ.ਐੱਫ. ਐਂਡਰਿਊਜ਼ ਵੀ ਇਹ ਦਰਦਨਾਕ ਦ੍ਰਿਸ਼ ਵੇਖ ਕੇ ਕੁਰਲਾ ਉੱਠਿਆ। ਦੂਸਰੇ ਦੋ ਜ਼ਾਲਮ ਸਨ, 13 ਅਪਰੈਲ 1919 ਜਲ੍ਹਿਆਂਵਾਲਾ ਬਾਗ ਸਾਕੇ ਦੇ ਸੂਤਰਧਾਰ ਜਨਰਲ ਡਾਇਰ ਅਤੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਉੱਡਵਾਇਰ।
ਜਨਰਲ ਡਾਇਰ ਦਾ ਪੂਰਾ ਨਾਮ ਰੈਗੀਨਾਲਡ ਐਡਵਰਡ ਹੈਰੀ ਡਾਇਰ ਸੀ। ਉਸਦਾ ਜਨਮ 9 ਅਕਤੂਬਰ 1864 ਨੂੰ ਅਣਵੰਡੇ ਪੰਜਾਬ ਦੀ ਮਸ਼ਹੂਰ ਪਹਾੜੀ ਸੈਰਗਾਹ ਮਰੀ ਵਿੱਚ ਹੋਇਆ ਸੀ। ਉਸ ਦੇ ਬਾਪ ਦੀ ਮਰੀ ਦੇ ਨਜ਼ਦੀਕ ਘੋੜਾਗਲੀ ਕਸਬੇ ਵਿੱਚ ਸ਼ਰਾਬ ਬਣਾਉਣ ਦੀ ਛੋਟੀ ਜਿਹੀ ਫੈਕਟਰੀ ਸੀ। ਉਸ ਨੇ ਸਕੂਲੀ ਵਿੱਦਿਆ ਬਿਸ਼ਪ ਕਾਟਨ ਸਕੂਲ ਸ਼ਿਮਲਾ ਤੋਂ ਹਾਸਲ ਕੀਤੀ। ਰਾਇਲ ਮਿਲਟਰੀ ਕਾਲਜ ਸੈਂਡਹਰਸਟ (ਇੰਗਲੈਂਡ) ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ 1885 ਵਿੱਚ ਉਹ ਬ੍ਰਿਟਿਸ਼ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋ ਗਿਆ। ਜਲ੍ਹਿਆਂਵਾਲਾ ਬਾਗ ਕਾਂਡ ਵੇਲੇ ਉਸ ਦਾ ਅਸਲੀ ਰੈਂਕ ਕਰਨਲ ਸੀ ਪਰ ਉਸ ਨੂੰ ਬ੍ਰਿਗੇਡੀਅਰ ਜਨਰਲ ਦਾ ਆਰਜ਼ੀ ਅਹੁਦਾ ਮਿਲਿਆ ਹੋਇਆ ਸੀ। ਉਸ ਨੇ ਨੌਕਰੀ ਦੌਰਾਨ 39 ਬੰਗਾਲ ਇੰਨਫੈਂਟਰੀ, ਸੀਸਤਾਨ ਫੋਰਸ ਅਤੇ 25 ਪੰਜਾਬ ਰੈਜਮੈਂਟ ਆਦਿ ਯੂਨਿਟਾਂ ਦੀ ਕਮਾਂਡ ਕੀਤੀ ਅਤੇ ਤੀਸਰੀ ਐਂਗਲੋ-ਬਰਮਾ ਯੁੱਧ, ਚਿਤਰਾਲ ਬਗਾਵਤ ਅਤੇ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲਿਆ।
1919 ਈ. ਵਿੱਚ ਸਾਰੇ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਅਜ਼ਾਦੀ ਅੰਦੋਲਨ ਜ਼ੋਰਾਂ ’ਤੇ ਚੱਲ ਰਿਹਾ ਸੀ। ਪੰਜਾਬ ਵਿੱਚ ਸਭ ਤੋਂ ਜ਼ਿਆਦਾ ਧਰਨਾ ਪ੍ਰਦਰਸ਼ਨ ਅੰਮ੍ਰਿਤਸਰ ਸ਼ਹਿਰ ਵਿੱਚ ਹੋ ਰਹੇ ਸਨ। ਪੰਜਾਬ ਦਾ ਲੈ. ਗਵਰਨਰ ਮਾਈਕਲ ਉੱਡਵਾਇਰ ਇਸ ਅੰਦੋਲਨ ਤੋਂ ਕੁਝ ਜ਼ਿਆਦਾ ਹੀ ਤਕਲੀਫ ਮੰਨ ਰਿਹਾ ਸੀ। 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਨਿਵਾਸੀ ਹਿੰਦੂ-ਮੁਸਲਿਮ ਏਕਤਾ ਦੇ ਪ੍ਰਤੀਕ ਮਸ਼ਹੂਰ ਨੇਤਾ ਡਾ. ਸਤਿਆਪਾਲ ਅਤੇ ਸੈਫਉਦੀਨ ਕਿਚਲੂ ਵਕੀਲ ਨੂੰ ਰੌਲਟ ਐਕਟ ਅਧੀਨ ਨਜ਼ਰਬੰਦ ਕਰਕੇ ਸ਼ਹਿਰ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਆਪਣੇ ਮਹਿਬੂਬ ਲੀਡਰਾਂ ਦੀ ਗ੍ਰਿਫਤਾਰੀ ਤੋਂ ਸ਼ਹਿਰ ਵਾਸੀ ਭੜਕ ਉੱਠੇ। ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਦਸਤਿਆਂ ਦਰਮਿਆਨ ਭੰਡਾਰੀ ਪੁੱਲ ’ਤੇ ਟੱਕਰ ਹੋ ਗਈ ਤਾਂ ਫੌਜ ਨੇ ਗੋਲੀ ਚਲਾ ਦਿੱਤੀ। ਕਈ ਦੇਸ਼ ਭਗਤ ਮਾਰੇ ਗਏ ਅਤੇ ਅਨੇਕਾਂ ਜ਼ਖਮੀ ਹੋ ਗਏ। ਇਸ ਕਾਰਨ ਸਾਰੇ ਸ਼ਹਿਰ ਵਿੱਚ ਦੰਗੇ ਭੜਕ ਉੱਠੇ। ਲੋਕਾਂ ਨੇ ਅਨੇਕਾਂ ਸਰਕਾਰੀ ਬਿਲਡਿੰਗਾਂ ਅਤੇ ਦਫਤਰਾਂ ਦੀ ਭੰਨਤੋੜ ਕਰਕੇ ਅੱਗ ਦੇ ਹਵਾਲੇ ਕਰ ਦਿੱਤਾ। ਹਜ਼ੂਮ ਨੇ ਬ੍ਰਿਟਿਸ਼ ਨਾਗਰਿਕਾਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਹਿੰਸਾ ਵਿੱਚ ਹਾਲ ਬਜ਼ਾਰ ਦੀ ਇੱਕ ਬੈਂਕ ਵਿੱਚ ਕੰਮ ਕਰਦੇ ਤਿੰਨ ਬ੍ਰਿਟਿਸ਼ ਕਰਮਚਾਰੀ ਮਾਰੇ ਗਏ ਤੇ ਇੱਕ ਨੱਨ ਮਿਸ ਮਾਰਸੇਲਾ ਸ਼ੇਰਵੁੱਡ ਸਖਤ ਜ਼ਖਮੀ ਹੋ ਗਈ। ਉੱਡਵਾਇਰ ਨੇ ਸ਼ਹਿਰ ਵਿੱਚ ਮਾਰਸ਼ਲ ਲਾਅ ਲਗਾ ਕੇ ਹਰੇਕ ਪ੍ਰਕਾਰ ਦੀ ਮੀਟਿੰਗ ਅਤੇ ਧਰਨੇ ਪ੍ਰਦਰਸ਼ਨ ’ਤੇ ਪਾਬੰਦੀ ਲਗਾ ਦਿੱਤੀ।
ਡਾਇਰ ਦੀ ਪੋਸਟਿੰਗ ਉਸ ਵੇਲੇ ਜਲੰਧਰ ਛਾਉਣੀ ਸੀ। ਉਡਵਾਇਰ ਵੱਲੋਂ ਹੁਕਮ ਮਿਲਣ ’ਤੇ ਉਸ ਨੇ 11 ਅਪਰੈਲ 1919 ਨੂੰ ਅੰਮ੍ਰਿਤਸਰ ਪਹੁੰਚ ਕੇ ਫੌਜ ਅਤੇ ਸ਼ਹਿਰ ਦੀ ਕਮਾਂਡ ਸੰਭਾਲ ਲਈ। ਉਸ ਵਿੱਚ ਨਸਲੀ ਸਰਵਉੱਚਤਾ ਕੁੱਟ ਕੁੱਟ ਕੇ ਭਰੀ ਹੋਈ ਸੀ। ਉਸ ਨੇ ਆਉਂਦੇ ਹੀ ਅਧੀਨ ਫੌਜ ਨੂੰ ਸਪਸ਼ਟ ਕਰ ਦਿੱਤਾ ਕਿ ਉਸ ਨੂੰ ਸਿਰਫ ਅਤੇ ਸਿਰਫ ਬ੍ਰਿਟਿਸ਼ ਨਾਗਰਿਕਾਂ ਦੀ ਮੌਤ ਦਾ ਬਦਲਾ ਲੈਣ ਅਤੇ ਭਾਰਤੀਆਂ ਨੂੰ ਸਬਕ ਸਿਖਾਉਣ ਲਈ ਭੇਜਿਆ ਗਿਆ ਹੈ। ਇਹ ਮੌਕਾ ਉਸ ਨੂੰ ਦੋ ਦਿਨ ਬਾਅਦ 13 ਅਪਰੈਲ ਨੂੰ ਹੀ ਮਿਲ ਗਿਆ। 13 ਅਪਰੈਲ ਵਿਸਾਖੀ ਵਾਲੇ ਦਿਨ ਡਾਇਰ ਨੂੰ ਪਤਾ ਚੱਲਿਆ ਕਿ 20000 ਦੇ ਕਰੀਬ ਲੋਕ ਮਾਰਸ਼ਲ ਲਾਅ ਦੀ ਉਲੰਘਣਾ ਕਰਕੇ ਜਲ੍ਹਿਆਂਵਾਲੇ ਬਾਗ ਵਿੱਚ ਜਲਸਾ ਕਰ ਰਹੇ ਹਨ। ਉਸ ਦਿਨ ਵਿਸਾਖੀ ਸੀ ਤੇ ਹਜ਼ਾਰਾਂ ਸ਼ਰਧਾਲੂ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਏ ਹੋਏ ਸਨ। ਪਿੰਡਾਂ ਤੋਂ ਆਏ ਸ਼ਰਧਾਲੂ, ਜਿਹਨਾਂ ਨੂੰ ਸ਼ਹਿਰ ਦੇ ਹਾਲਾਤ ਅਤੇ ਮਾਰਸ਼ਲ ਲਾਅ ਬਾਰੇ ਕੋਈ ਗਿਆਨ ਨਹੀਂ ਸੀ, ਵੀ ਇਸ ਜਲਸੇ ਵਿੱਚ ਸ਼ਾਮਲ ਸਨ। ਖਬਰ ਮਿਲਣ ’ਤੇ ਡਾਇਰ ਫੌਰਨ 65 ਗੋਰਖਾ ਅਤੇ 25 ਬਲੋਚ ਸੈਨਿਕ ਲੈ ਕੇ ਆਪਣੀ ਬਦਲੇ ਦੀ ਅੱਗ ਸ਼ਾਂਤ ਕਰਨ ਲਈ ਬਾਗ ਵੱਲ ਨੂੰ ਚੱਲ ਪਿਆ।
ਲੋਕਾਂ ਦੀ ਚੰਗੀ ਕਿਸਮਤ ਸੀ ਕਿ ਬਾਗ ਦਾ ਪ੍ਰਵੇਸ਼ ਦੁਆਰ ਤੰਗ ਹੋਣ ਕਾਰਨ ਮਸ਼ੀਨਗੰਨ ਵਾਲੀਆਂ ਦੋ ਗੱਡੀਆਂ ਅੰਦਰ ਨਾ ਜਾ ਸਕੀਆਂ ਨਹੀਂ ਤਾਂ ਨੁਕਸਾਨ ਕਈ ਗੁਣਾਂ ਵੱਧ ਹੋਣਾ ਸੀ। ਸਾਰੀ ਫੌਜੀ ਟੁਕੜੀ .303 ਲੀ-ਇਨਫੀਲਡ ਰਾਈਫਲਾਂ ਨਾਲ ਲੈਸ ਸੀ। ਉਸ ਨੇ ਬਿਨਾਂ ਕਿਸੇ ਵਾਰਨਿੰਗ ਦੇ ਸ਼ਾਂਤੀਪੂਰਵਕ ਬੈਠੇ ਲੋਕਾਂ ’ਤੇ ਫਾਇਰਿੰਗ ਸ਼ੁਰੂ ਕਰਵਾ ਦਿੱਤੀ। ਜਦੋਂ ਕੁਝ ਸੈਨਿਕਾਂ ਨੇ ਹਵਾਈ ਫਾਇਰਿੰਗ ਕੀਤੀ ਤਾਂ ਉਸ ਨੇ ਡਾਂਟ ਕੇ ਕਿਹਾ ਕਿ ਤੁਹਾਨੂੰ ਇਸ ਕੰਮ ਲਈ ਨਹੀਂ ਲਿਆਂਦਾ ਗਿਆ, ਸਿੱਧੀਆਂ ਗੋਲੀਆਂ ਮਾਰੋ। ਉਸ ਨੇ ਵੱਧ ਤੋਂ ਵੱਧ ਪੰਜਾਬੀ ਕਤਲ ਕਰਨ ਲਈ ਜਾਣ ਬੁੱਝ ਕੇ ਸੰਘਣੀ ਭੀੜ ਵਾਲੀਆਂ ਥਾਵਾਂ ਵੱਲ ਫਾਇਰਿੰਗ ਕਰਵਾਈ। ਇਹ ਬਾਗ ਸਿਰਫ 6-7 ਏਕੜ ਵਿੱਚ ਬਣਿਆ ਹੋਇਆ ਹੈ। ਪੱਧਰਾ ਹੋਣ ਕਾਰਨ ਲੁਕਣ ਲਈ ਕੋਈ ਜਗ੍ਹਾ ਨਹੀਂ ਸੀ। ਚਾਰੇ ਪਾਸੇ ਤੋਂ ਵਰ੍ਹ ਰਹੀ ਮੌਤ ਤੋਂ ਬਚਣ ਲਈ ਜੀ ਭਿਆਣੇ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਬਾਅਦ ਵਿੱਚ ਸਿਰਫ ਇਸ ਖੂਨੀ ਖੂਹ ਵਿੱਚੋਂ ਹੀ ਬੇਗੁਨਾਹਾਂ ਦੀਆਂ 120 ਲਾਸ਼ਾਂ ਕੱਢੀਆਂ ਗਈਆਂ। ਕੰਧਾਂ ਟੱਪਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਵੀ ਚੁਣ ਚੁਣ ਕੇ ਮਾਰਿਆ ਗਿਆ। ਅਜੇ ਤੱਕ ਕੰਧਾਂ ’ਤੇ ਗੋਲੀਆਂ ਦੇ ਦਰਜ਼ਨਾਂ ਨਿਸ਼ਾਨ ਵੇਖੇ ਜਾ ਸਕਦੇ ਹਨ। ਇੱਥੋਂ ਤੱਕ ਕੇ ਡਰ ਕੇ ਲੰਮੇ ਪਏ ਲੋਕ ਵੀ ਨਾ ਬਖਸ਼ੇ ਗਏ। 10-15 ਮਿੰਟ ਤੱਕ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ। ਗੋਲੀਬਾਰੀ ਉਸ ਵੇਲੇ ਬੰਦ ਹੋਈ ਜਦੋਂ ਇਸ਼ੂ ਹੋਏ ਕੁੱਲ 1650 ਰੌਂਦ ਖਤਮ ਹੋ ਗਏ। ਕਰਫਿਊ ਕਾਰਨ ਸਾਰੀ ਰਾਤ ਕਿਸੇ ਨੂੰ ਮੈਡੀਕਲ ਸਹਾਇਤਾ ਜਾਂ ਪਾਣੀ ਦਾ ਘੁੱਟ ਨਾ ਮਿਲ ਸਕਿਆ। ਸੈਂਕੜੇ ਲੋਕ ਸਿਸਕ ਸਿਸਕ ਕੇ ਦਮ ਤੋੜ ਗਏ। ਸਰਕਾਰੀ ਰਿਪੋਰਟ ਅਨੁਸਾਰ 397 ਨਿਰਦੋਸ਼ ਮਾਰੇ ਗਏ ਤੇ 1000 ਜ਼ਖਮੀ ਹੋਏ। ਪਰ ਨਿਰਪੱਖ ਸੂਚਨਾਵਾਂ ਮੁਤਾਬਕ 1000 ਤੋਂ ਵੱਧ ਮਾਰੇ ਗਏ ਤੇ 1300 ਤੋਂ ਵੱਧ ਜ਼ਖਮੀ ਹੋਏ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਮਿੱਥ ਨੇ ਦੱਸਿਆ ਕਿ 1800 ਲੋਕ ਮਾਰੇ ਗਏ ਸਨ। ਡਾਇਰ ਨੇ ਲੋਕਾਂ ਦੇ ਦਿਲਾਂ ਵਿੱਚ ਡਰ ਭਰਨ ਅਤੇ ਸਬਕ ਸਿਖਾਉਣ ਲਈ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਪੁਲਿਸ-ਫੌਜ ਦੀਆਂ ਪਿਕਟਾਂ ਕਾਇਮ ਕਰ ਦਿੱਤੀਆਂ ਜਿੱਥੇ ਸ਼ਹਿਰੀਆਂ ਨੂੰ 200-250 ਮੀਟਰ ਤੱਕ ਢਿੱਡ ਭਾਰ ਘਿਸਰਨਾ ਪੈਂਦਾ ਸੀ।
ਡਾਇਰ ਦੀ ਇਸ ਘਿਣਾਉਣੀ ਕਰਤੂਤ ਕਾਰਨ ਭਾਰਤ ਅਤੇ ਬ੍ਰਿਟੇਨ ਵਿੱਚ ਹਾਹਕਾਰ ਮੱਚ ਗਈ। ਸਾਰੇ ਕੌਮੀ ਨੇਤਾਵਾਂ ਨੇ ਇਸ ਕਾਂਡ ਦੀ ਸਖਤ ਅਲੋਚਨਾ ਕੀਤੀ। ਰਵਿੰਦਰ ਨਾਥ ਟੈਗੋਰ ਨੇ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ। ਬ੍ਰਿਟਿਸ਼ ਪਾਰਲੀਮੈਂਟ ਨੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਨਿਖੇਧੀ ਕੀਤੀ। ਇਸ ਸਾਕੇ ਦੀ ਤਫਤੀਸ਼ ਲਈ ਬਣੀ ਹੰਟਰ ਕਮੇਟੀ ਨੇ ਡਾਇਰ ਨੂੰ ਦੋਸ਼ੀ ਮੰਨਿਆ। ਇੰਗਲੈਂਡ ਵਿੱਚ ਯੁੱਧ ਮੰਤਰੀ ਵਿਨਸਟਨ ਚਰਚਿਲ, ਜੋ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ, ਨੇ ਉਸ ਨੂੰ ਬੇਰਹਿਮ ਕਾਤਲ ਕਿਹਾ। ਪਰ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਸਰਕਾਰੀ ਝੋਲੀ ਚੁੱਕ ਸਰਬਰਾਹ ਸਰਦਾਰ ਬਹਾਦਰ ਅਰੂੜ ਸਿੰਘ ਨੰਗਲੀ ਨੇ ਉਸ ਨੂੰ ਅਕਾਲ ਤਖਤ ’ਤੇ ਬੁਲਾ ਕੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਵਿਸ਼ਵ ਪ੍ਰਸਿੱਧ ਪੁਸਤਕ “ਜੰਗਲ ਬੁੱਕ” ਦੇ ਅੰਗਰੇਜ਼ ਲੇਖਕ ਰੁਡਯਾਰਡ ਕਿਪਲਿੰਗ ਨੇ ਉਸ ਨੂੰ ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਰਾਖਾ ਗਰਦਾਨ ਕੇ 2600 ਪੌਂਡ ਰਕਮ ਇਕੱਠੀ ਕਰ ਕੇ ਭੇਂਟ ਕੀਤੀ। ਪਰ ਬ੍ਰਿਟਿਸ਼ ਸਰਕਾਰ ਨੂੰ ਉਸ ਦੀ ਵਹਿਸ਼ਿਆਨਾ ਕਰਤੂਤ ਹਜ਼ਮ ਨਾ ਹੋਈ। ਭਾਰਤ ਵਿੱਚ ਬ੍ਰਿਟਿਸ਼ ਫੌਜ ਦੇ ਪ੍ਰਧਾਨ ਸੈਨਾਪਤੀ ਸਰ ਚਾਰਲਸ ਮੁਨਰੋ ਨੇ ਉਸ ਨੂੰ ਕਰਨਲ ਦੇ ਅਹੁਦੇ ਤੋਂ ਜਬਰੀ ਰਿਟਾਇਰ ਕਰ ਦਿੱਤਾ। ਵਾਪਸ ਇੰਗਲੈਂਡ ਪਹੁੰਚਣ ’ਤੇ ਉਸ ਦਾ ਭਾਰੀ ਸਵਾਗਤ ਵੀ ਹੋਇਆ ਤੇ ਸਖਤ ਨੁਕਤਾਚੀਨੀ ਵੀ ਕੀਤੀ ਗਈ। ਬ੍ਰਿਟਿਸ਼ ਆਰਮੀ ਮਿਊਜ਼ੀਅਮ ਲੰਡਨ ਵਿੱਚ ਅਜੇ ਵੀ ਉਸ ਨੂੰ ਬਾਦਸ਼ਾਹ ਵੱਲੋਂ ਦਿੱਤਾ ਗਿਆ ਪ੍ਰਸੰਸਾ ਪੱਤਰ ਪ੍ਰਦਰਸ਼ਿਤ ਹੈ।
ਡਾਇਰ 1927 ਵਿੱਚ 62 ਸਾਲ ਦੀ ਉਮਰ ਵਿੱਚ ਇਕੱਲਤਾ ਦੀ ਹਾਲਤ ਵਿੱਚ ਬਹੁਤ ਬੁਰੀ ਮੌਤੇ ਮਰਿਆ। ਮੌਤ ਤੋਂ ਪਹਿਲਾਂ ਉਹ ਕਈ ਸਾਲ ਤੱਕ ਅਧਰੰਗ ਕਾਰਨ ਮੰਜੇ ਉੱਤੇ ਪਿਆ ਰਿਹਾ। ਉਸ ਦੀ ਪਤਨੀ ਅਤੇ ਬੱਚੇ ਉਸ ਨੂੰ ਛੱਡ ਗਏ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਲਿਖਿਆ, “ਕੁਝ ਲੋਕ ਕਹਿੰਦੇ ਹਨ ਕਿ ਮੈਂ ਜਲ੍ਹਿਆਂਵਾਲਾ ਬਾਗ ਵਿੱਚ ਠੀਕ ਕੀਤਾ ਪਰ ਕੁਝ ਕਹਿੰਦੇ ਹਨ ਕਿ ਮੈਂ ਗਲਤ ਕੀਤਾ। ਮੈਂ ਮਰ ਜਾਣਾ ਚਾਹੁੰਦਾ ਹਾਂ ਤਾਂ ਜੋ ਰੱਬ ਹੀ ਇਸ ਬਾਰੇ ਇਨਸਾਫ ਕਰ ਸਕੇ।” ਉਸ ਦੀ ਮੌਤ ਡਿਪਰੈਸ਼ਨ ਅਤੇ ਬਰੇਨ ਹੈਮਰੇਜ਼ ਕਾਰਨ ਹੋਈ।
ਜਲ੍ਹਿਆਂਵਾਲਾ ਬਾਗ ਸਾਕੇ ਦਾ ਦੂਸਰਾ ਜਿੰਮੇਵਾਰ ਸੀ ਉਸੇ ਵੇਲੇ ਦਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਉੱਡਵਾਇਰ। ਉੱਡਵਾਇਰ 1912 ਤੋਂ 1919 ਤੱਕ ਪੰਜਾਬ ਦਾ ਲੈ. ਗਵਰਨਰ ਰਿਹਾ ਸੀ। ਉਸ ਦਾ ਜਨਮ ਆਇਰਲੈਂਡ (ਇੰਗਲੈਂਡ) ਵਿੱਚ 8 ਅਪਰੈਲ 1864 ਨੂੰ ਇੱਕ ਸਧਾਰਨ ਪਰਿਵਾਰ ਵਿੱਚ ਪਿਤਾ ਜਾਹਨ ਉਡਵਾਇਰ ਅਤੇ ਮਾਤਾ ਮਾਰਗਰੇਟ ਦੇ ਘਰ ਹੋਇਆ। ਉਸ ਦੀ ਪਤਨੀ ਦਾ ਨਾਮ ਡੇਮ ਊਨਾ ਉਡਵਾਇਰ ਸੀ। ਉਹ ਆਪਣੇ ਮਾਂ ਬਾਪ ਦੇ 14 ਬੱਚਿਆਂ ਵਿੱਚੋਂ 6ਵੇਂ ਨੰਬਰ ’ਤੇ ਸੀ। ਉਸ ਨੇ ਸੇਂਟ ਸੇਟਾਨੀਸਲਾਸ ਕਾਲਜ ਟੁਲਾਮੋਰ ਤੋਂ ਗਰੈਜੂਏਸ਼ਨ ਕੀਤੀ ਤੇ 1886 ਵਿੱਚ ਭਾਰਤੀ ਸਿਵਲ ਸੇਵਾਵਾਂ ਲਈ ਚੁਣਿਆ ਗਿਆ।
ਭਾਰਤ ਵਿੱਚ ਨੌਕਰੀ ਦੌਰਾਨ ਉਸ ਨੇ ਰੈਵਿਨਿਊ ਦੇ ਮਸਲੇ ਹੱਲ ਕਰਨ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ। ਉਹ ਤਰੱਕੀ ਕਰਦਾ ਹੋਇਆ ਪੰਜਾਬ ਵਿੱਚ ਲੈਂਡ ਰਿਕਾਰਡ ਅਤੇ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਦੇ ਅਹੁਦੇ ’ਤੇ ਪਹੁੰਚ ਗਿਆ। ਉਸ ਨੇ ਸੂਬਾ ਸਰਹੱਦ, ਕੇਂਦਰੀ ਭਾਰਤ ਅਤੇ ਪੰਜਾਬ ਤੋਂ ਇਲਾਵਾ ਅਲਵਰ, ਭਰਤਪੁਰ ਅਤੇ ਹੈਦਰਾਬਾਦ ਸਟੇਟਾਂ ਲਈ ਵੀ ਰੈਵਿਨਿਊ ਦੇ ਖੇਤਰ ਵਿੱਚ ਵਧੀਆ ਕੰਮ ਕੀਤਾ। 1912 ਵਿੱਚ ਵਾਇਸਰਾਏ ਲਾਰਡ ਹਾਰਡਿੰਗ ਨੇ ਉਸ ਨੂੰ ਪੰਜਾਬ ਦਾ ਲੈ. ਗਵਰਨਰ ਨਿਯੁਕਤ ਕਰ ਦਿੱਤਾ ਤੇ 1913 ਵਿੱਚ ਉਸ ਨੂੰ ਨਾਈਟ ਦੀ ਉਪਾਧੀ ਪ੍ਰਦਾਨ ਕੀਤੀ ਗਈ। ਉਸ ਦੇ ਅਹਿਦ ਵਿੱਚ ਹੀ ਉਸ ਦੀ ਪੂਰੀ ਮਰਜ਼ੀ ਨਾਮ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ। ਐਨੇ ਭਿਆਨਕ ਕਤਲੇਆਮ ਦੇ ਬਾਵਜੂਦ ਉਸ ਨੇ ਪੂਰੀ ਬੇਸ਼ਰਮੀ ਨਾਲ ਡਾਇਰ ਦੀ ਹਮਾਇਤ ਜਾਰੀ ਰੱਖੀ।
ਜਲ੍ਹਿਆਂਵਾਲਾ ਬਾਗ ਸਾਕੇ ਦੇ ਵਿਰੋਧ ਵਿੱਚ ਗੁਜਰਾਂਵਾਲਾ ਸ਼ਹਿਰ ਵਿੱਚ ਵੀ ਬ੍ਰਿਟਿਸ਼ ਵਿਰੋਧੀ ਦੰਗੇ ਭੜਕ ਉੱਠੇ। ਜਦੋਂ ਉੱਡਵਾਇਰ ਸਥਿਤੀ ’ਤੇ ਕੰਟਰੋਲ ਨਾ ਕਰ ਸਕਿਆ ਤਾਂ ਉਸ ਨੇ ਹੱਦ ਕਰ ਦਿੱਤੀ। ਉਸ ਦੇ ਹੁਕਮ ਨਾਲ 15 ਅਪਰੈਲ 1919 ਨੂੰ ਚਾਰ ਜੰਗੀ ਹਵਾਈ ਜਹਾਜਾਂ ਨੇ ਗੁਜਰਾਂਵਾਲਾ ਸ਼ਹਿਰ ’ਤੇ ਬੰਬਾਰੀ ਕਰ ਦਿੱਤੀ। ਜਹਾਜਾਂ ਨੇ ਅੱਧੇ ਘੰਟੇ ਤੱਕ ਬੰਬਾਰੀ ਕੀਤੀ ਤੇ ਕਈ ਹੋਰ ਇਲਾਕਿਆਂ ਸਮੇਤ ਖਾਲਸਾ ਹਾਈ ਸਕੂਲ ਗੁਰੂ ਨਾਨਕਪੁਰਾ, ਗੁੱਜਰਾਂਵਾਲਾ ਨੂੰ ਤਬਾਹ ਕਰ ਦਿੱਤਾ। ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਸਮੇਤ ਦਰਜਨਾਂ ਲੋਕ ਮਾਰੇ ਗਏ।
ਉਸਦੀਆਂ ਇਹ ਕਰਤੂਤਾਂ ਬ੍ਰਿਟਿਸ਼ ਸਰਕਾਰ ਦੀ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਤਾਂ ਅਪਰੈਲ 1919 ਵਿੱਚ ਉਸ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ। ਬ੍ਰਿਟਿਸ਼ ਗ੍ਰਹਿ ਮੰਤਰੀ ਐਡਵਿਨ ਮੌਂਟਾਗੋ ਨੇ ਉਡਵਇਰ ਦੀ ਕਰੜੀ ਅਲੋਚਨਾ ਕੀਤੀ। ਅਜਿਹਾ ਪਾਪੀ ਇਨਸਾਨ ਆਖਰ ਸ਼ਹੀਦ ਊਧਮ ਸਿੰਘ ਦੁਆਰਾ 75 ਸਾਲ ਦੀ ਉਮਰ ਵਿੱਚ ਨਰਕਾਂ ਵੱਲ ਰਵਾਨਾ ਕਰ ਦਿੱਤਾ ਗਿਆ। ਉਹ 13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿੱਚ ਰਾਇਲ ਸੋਸਾਇਟੀ ਫਾਰ ਏਸ਼ੀਅਨ ਅਫੇਅਰਜ਼ ਦੀ ਮੀਟਿੰਗ ਵਿੱਚ ਹਿੱਸਾ ਲੈ ਰਿਹਾ ਸੀ। ਜਿਵੇਂ ਹੀ ਉੱਡਵਾਇਰ ਬੋਲ ਕੇ ਹਟਿਆ, ਊਧਮ ਸਿੰਘ ਨੇ ਗੋਲੀਆਂ ਮਾਰ ਕੇ ਆਪਣੀ ਕਸਮ ਪੂਰੀ ਕਰ ਵਿਖਾਈ। ਉਹ ਰਿਵਾਲਵਰ ਖਾਲੀ ਹੋਣ ਤੱਕ ਗੋਲੀਆਂ ਚਲਾਉਂਦਾ ਰਿਹਾ ਜਿਸ ਨਾਲ ਲੂਈਸ ਡੇਨ, ਲਾਰਡ ਜੱਟਲੈਂਡ, ਅਤੇ ਚਾਰਲਸ ਕੋਚਰੇਨ ਬੇਲੀ ਜ਼ਖਮੀ ਹੋ ਗਏ। ਊਧਮ ਸਿੰਘ ਨੇ 21 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੇ ਦੇਸ਼ ਦੀ ਬੇਇੱਜ਼ਤੀ ਦਾ ਬਦਲਾ ਆਖਰ ਲੈ ਲਿਆ।
*****
(251)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)