“ਅਚਾਨਕ ਬੱਚਾ ਉੱਛਲਿਆ ਤੇ ਮਾਂ ਹੱਥੋਂ ਛੁੱਟ ਕੇ ...”
(23 ਦਸੰਬਰ 2019)
ਸਾਡੇ ਦੇਸ਼ ਵਿੱਚ ਸਾਧਾਂ, ਬਾਬਿਆਂ ਅਤੇ ਤਾਂਤਰਿਕਾਂ ਕੋਲ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਸਭ ਤੋਂ ਵੱਡਾ ਹਥਿਆਰ ਹੈ, ਚੌਰਾਸੀ ਕੱਟਣ ਦਾ ਝਾਂਸਾ ਦੇਣਾ। ਜਿਸ ਵਿਅਕਤੀ ਨੇ ਸਾਰੀ ਉਮਰ ਭੁੱਖ ਨੰਗ ਨਾਲ ਘੁਲਦਿਆਂ, ਔਲਾਦ ਤੋਂ ਬੇਇੱਜ਼ਤੀ ਕਰਵਾਉਂਦਿਆਂ ਜਾਂ ਹੋਰ ਦੁੱਖਾਂ ਬਿਮਾਰੀਆਂ ਨਾਲ ਲੜਦਿਆਂ ਕੱਟੀ ਹੋਵੇ, ਉਹ ਵੀ ਚੌਰਾਸੀ ਲੱਖ ਜੂਨਾਂ ਦੇ ਚੱਕਰ ਵਿੱਚ ਪੈਣ ਦੀ ਬਜਾਏ ਸ਼ਾਰਟ ਕੱਟ ਨਾਲ ਦੁਬਾਰਾ ਮਨੁੱਖਾ ਜਨਮ ਲੈਣ ਲਈ ਤਤਪਰ ਹੋਇਆ ਪਿਆ ਹੈ। ਵੈਸੇ ਚੌਰਾਸੀ ਲੱਖ ਜੂਨਾਂ ਵਿੱਚ ਸਿਰਫ ਭਾਰਤੀ ਹੀ ਪੈਂਦੇ ਹਨ, ਬਾਕੀ ਧਰਮਾਂ ਦੀ ਫਿਲਾਸਫੀ ਵਿੱਚ ਅਜਿਹਾ ਕੋਈ ਵਿਸ਼ਵਾਸ ਨਹੀਂ ਹੈ ਅਤੇ ਨਾ ਹੀ ਉਹ ਕਰਮ ਸਿਧਾਂਤ ਜਾਂ ਪੁਨਰ ਜਨਮ ਨੂੰ ਮੰਨਦੇ ਹਨ। ਸਾਡੇ ਇੱਥੇ ਕੋਈ ਨਾ ਕੋਈ ਅਜਿਹਾ ਅਲੌਕਿਕ ਬੱਚਾ ਪੈਦਾ ਹੁੰਦਾ ਹੀ ਰਹਿੰਦਾ ਹੈ ਜੋ ਆਪਣੇ ਪਿਛਲੇ ਜਨਮ ਬਾਰੇ ਜਾਣਦਾ ਹੈ। ਮਿੰਟਾਂ ਵਿੱਚ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ, ਭਾਵੇਂ ਉਹ ਵਿਚਾਰਾ ਮਾਨਸਿਕ ਰੋਗੀ ਹੀ ਕਿਉਂ ਨਾ ਹੋਵੇ। ਹੈਰਾਨੀ ਵਾਲੀ ਗੱਲ ਹੈ ਇਹ ਹੈ ਕਿ ਬੱਚੇ ਦਾ ਪਿਛਲਾ ਜਨਮ ਵੀ ਉਸੇ ਦੀ ਭਾਸ਼ਾ ਬੋਲਣ ਵਾਲੇ ਕਿਸੇ ਨੇੜੇ ਤੇੜੇ ਰਹਿਣ ਵਾਲੇ ਪਰਿਵਾਰ ਵਿੱਚ ਹੀ ਹੋਇਆ ਹੁੰਦਾ ਹੈ। ਹਿੰਦੀ ਜਾਂ ਪੰਜਾਬੀ ਭਾਸ਼ੀ ਬੱਚਾ ਕਦੇ ਵੀ ਪਿਛਲੇ ਜਨਮ ਵਿੱਚ ਕੰਨੜ ਜਾਂ ਤੈਲਗੂ ਪਰਿਵਾਰ ਵਿੱਚ ਪੈਦਾ ਨਹੀਂ ਹੋਇਆ ਹੁੰਦਾ, ਕਿਉਂਕਿ ਵਿਚਾਰੇ ਨੂੰ ਉਹ ਭਾਸ਼ਾ ਸਮਝ ਨਹੀਂ ਸੀ ਆਉਣੀ। ਵੈਸੇ ਭਾਰਤ ਦੁਨੀਆਂ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਮੂਤ ਪੀਤਾ ਜਾਂਦਾ ਹੈ, ਘਿਉ ਅੱਗ ਵਿੱਚ ਸਾੜਿਆ ਜਾਂਦਾ ਹੈ ਤੇ ਦੁੱਧ ਪੱਥਰਾਂ ਉੱਤੇ ਵਹਾਇਆ ਜਾਂਦਾ ਹੈ।
ਕੀ ਸੱਚ ਹੀ ਚੌਰਾਸੀ ਲੱਖ ਜੂਨ ਹੁੰਦੀ ਹੈ? ਜੇ ਹੁੰਦੀ ਹੈ ਤਾਂ ਕੀ ਇਹ ਸਿਰਫ ਭਾਰਤੀਆਂ ਵਾਸਤੇ ਰਿਜ਼ਰਵ ਹੈ? ਕੀ ਪੱਛਮੀ ਦੇਸ਼ਾਂ ਦੇ ਲੋਕ ਵੀ ਮਰਨ ਤੋਂ ਬਾਅਦ ਇਸ ਚੱਕਰ ਵਿੱਚ ਪੈਂਦੇ ਹਨ? ਵੈਸੇ ਚੌਰਾਸੀ ਲੱਖ ਜੂਨ ਬਾਰੇ ਸਾਡੇ ਸਿਆਣਿਆਂ ਦਾ ਅੰਦਾਜ਼ਾ ਕਰੀਬ ਕਰੀਬ ਠੀਕ ਹੈ। ਸੰਸਾਰ ਵਿੱਚ ਧਰਤੀ ਅਤੇ ਪਾਣੀ ਦੇ ਜੀਵ ਮਿਲਾ ਕੇ ਹੁਣ ਤੱਕ ਕੁਲ 87 ਲੱਖ ਕਿਸਮਾਂ ਲੱਭੀਆਂ ਜਾ ਚੁੱਕੀਆਂ ਹਨ। ਇਹਨਾਂ ਵਿੱਚੋਂ 65 ਲੱਖ ਧਰਤੀ ਅਤੇ 22 ਲੱਖ ਪਾਣੀ ਵਿੱਚ ਨਿਵਾਸ ਕਰਦੇ ਹਨ। ਕਈਆਂ ਦੀ ਜ਼ਿੰਦਗੀ ਕੁਝ ਦਿਨਾਂ ਦੀ ਅਤੇ ਕੁਝ ਸੈਂਕੜੇ ਸਾਲ ਤੱਕ ਜ਼ਿੰਦਾ ਰਹਿੰਦੇ ਹਨ। ਧਰਤੀ ਉੱਪਰ ਸਭ ਤੋਂ ਘੱਟ ਸਮਾਂ ਜਿਉਣ ਵਾਲਾ ਜਾਨਵਰ ਮੇਫਲਾਈ ਨਾਮਕ ਕੀਟ ਹੈ ਜੋ ਚੌਵੀ ਘੰਟਿਆਂ ਵਿੱਚ ਹੀ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦਾ ਹੈ ਤੇ ਸਭ ਤੋਂ ਤੋਂ ਲੰਬਾ ਜਿਉਣ ਵਾਲੇ ਸੀਸ਼ੈਲਸ ਨਸਲ ਦੇ ਸਮੁੰਦਰੀ ਕੱਛੂ ਹਨ ਜਿਹਨਾਂ ਦੀ ਉਮਰ 190 ਸਾਲ ਤੱਕ ਹੋ ਸਕਦੀ ਹੈ। ਪਾਣੀ ਵਿੱਚ ਸਭ ਤੋਂ ਘੱਟ ਉਮਰ ਜਿਉਣ ਵਾਲਾ ਗੈਸਟਰੋਟਰਿੱਚ ਨਾਮਕ ਇੱਕ ਸੂਖਮ ਜੀਵ ਹੈ ਜੋ ਕੁਝ ਘੰਟੇ ਹੀ ਜਿਊਂਦਾ ਹੈ ਤੇ ਸਭ ਤੋਂ ਲੰਬਾ ਸਮਾਂ ਜਿਉਣ ਵਾਲੀ ਬੋਹੈੱਡ ਵੇਲ ਮੱਛੀ ਹੈ ਜੋ 200 ਸਾਲ ਤੱਕ ਉਮਰ ਭੋਗਦੀ ਹੈ। ਜੇ ਇਹਨਾਂ ਵੱਧ ਘੱਟ ਜਿਊਣ ਵਾਲੇ ਸਾਰੇ ਜਾਨਵਰਾਂ ਦੀ ਔਸਤ ਉਮਰ ਦੋ ਸਾਲ ਮੰਨ ਲਈਏ ਤਾਂ ਸਤਾਸੀ ਲੱਖ ਜੂਨਾਂ ਮੁਕੰਮਲ ਕਰਨ ਲਈ ਇੱਕ ਆਤਮਾ ਨੂੰ ਘੱਟੋ ਘੱਟ 174 ਲੱਖ ਸਾਲ ਚਾਹੀਦੇ ਹਨ। ਧਰਤੀ ਉੱਪਰ ਥਣਧਾਰੀ ਜੀਵ 21 ਲੱਖ ਸਾਲ ਅਤੇ ਸਮਝਦਾਰ ਮਨੁੱਖ 2-3 ਲੱਖ ਸਾਲ ਪਹਿਲਾਂ ਪੈਦਾ ਹੋਏ ਸਨ। ਇਸ ਹਿਸਾਬ ਨਾਲ ਅਜੇ ਤਾਂ ਚੌਰਾਸੀ ਦਾ ਪਹਿਲਾ ਚੱਕਰ ਹੀ ਨਹੀਂ ਪੂਰਾ ਹੋਇਆ, ਕਿਉਂਕਿ ਸਿਆਣਿਆਂ ਮੁਤਾਬਕ ਚੌਰਾਸੀ ਲੱਖ ਜੂਨ ਕੱਟ ਕੇ ਹੀ ਇਨਸਾਨੀ ਜਾਮਾ ਮਿਲਦਾ ਹੈ। ਮਨੁੱਖੀ ਜਾਮਾ 174 ਲੱਖ ਸਾਲ ਬਾਅਦ ਮਿਲਣਾ ਚਾਹੀਦਾ ਸੀ ਪਰ ਇਨਸਾਨਾਂ ਨੂੰ ਤਾਂ ਇਹ ਥਣਧਾਰੀ ਜੀਵਾਂ ਦੇ ਪੈਦਾ ਹੋਣ ਤੋਂ 19 ਲੱਖ ਸਾਲ ਬਾਅਦ ਹੀ ਪ੍ਰਾਪਤ ਹੋ ਗਿਆ। ਇਸ ਲਈ ਦੁਬਾਰਾ ਇਨਸਾਨੀ ਜਾਮਾ ਧਾਰਨ ਕਰਨ ਲਈ ਮਰਨ ਤੋਂ ਬਾਅਦ ਸਾਨੂੰ 174 ਲੱਖ ਸਾਲ ਹੋਰ ਇੰਤਜ਼ਾਰ ਕਰਨਾ ਪਏਗਾ। ਪਰ ਲੱਗਦਾ ਹੈ ਕਿ ਬਹੁਤਿਆਂ ਨੂੰ ਦੁਬਾਰਾ ਜਨਮ ਕਿਸੇ ਹੋਰ ਗ੍ਰਹਿ ਉੱਤੇ ਲੈਣਾ ਪਏਗਾ, ਕਿਉਂਕਿ ਧਰਤੀ ਦੇ ਜੋ ਹਾਲਾਤ ਅਸੀਂ ਪ੍ਰਦੂਸ਼ਣ ਨਾਲ ਕਰ ਦਿੱਤੇ ਹਨ, ਤਦ ਤੱਕ ਇਹ ਵੈਸੇ ਹੀ ਤਬਾਹ ਹੋ ਜਾਣੀ ਹੈ।
ਅੱਜ ਤੋਂ ਤਕਰੀਬਨ 45-46 ਸਾਲ ਪਹਿਲਾਂ ਦੀ ਗੱਲ ਹੈ, ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ ਸਰੋਵਰ ਦੀ ਸਫਾਈ ਵਾਸਤੇ ਕਾਰ ਸੇਵਾ ਚੱਲ ਰਹੀ ਸੀ। ਗਾਰ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਸੀ ਪਰ ਸਰੋਵਰ ਵਿੱਚ ਅਜੇ ਦੁਬਾਰਾ ਪਾਣੀ ਨਹੀਂ ਸੀ ਭਰਿਆ ਗਿਆ। ਪਾਣੀ ਸੁੱਕਣ ਕਾਰਨ ਦਰਬਾਰ ਸਾਹਿਬ ਦਾ ਪਾਣੀ ਹੇਠਲਾ ਹਿੱਸਾ ਦਿਸਣ ਲੱਗ ਪਿਆ ਸੀ। ਪੁਰਾਤਨ ਕਾਰੀਗਰਾਂ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਦੇ ਸਮੇਂ ਇਸ ਹੇਠਲੇ ਹਿੱਸੇ ਵਿੱਚ ਸੁਰੰਗਾਂ ਵਰਗਾ ਸਿਸਟਮ ਬਣਾਇਆ ਹੋਇਆ ਸੀ ਤਾਂ ਜੋ ਪਾਣੀ ਅਸਾਨੀ ਨਾਲ ਆਰ ਪਾਰ ਜਾਂਦਾ ਰਹੇ। ਜਦੋਂ ਉਹ ਸੁਰੰਗਾਂ ਵੀ ਨੰਗੀਆਂ ਹੋ ਗਈਆਂ ਤਾਂ ਕੁਝ ਵਹਿਮੀਆਂ ਨੇ ਰੌਲਾ ਮਚਾ ਦਿੱਤਾ ਕਿ ਜੋ ਵੀ ਵਿਅਕਤੀ ਇਹਨਾਂ ਸੁਰੰਗਾਂ ਵਿੱਚੋਂ ਗੁਜ਼ਰਦਾ ਹੈ, ਉਸ ਦੀ ਚੌਰਾਸੀ ਕੱਟੀ ਜਾਂਦੀ ਹੈ। ਚਿੱਕੜ ਕਾਰਨ ਸੁਰੰਗਾਂ ਵਿੱਚੋਂ ਗੁਜ਼ਰਨਾ ਔਖਾ ਸੀ ਤੇ ਰਸਤਾ ਬਹੁਤ ਭੀੜਾ ਸੀ, ਪਰ ਚੌਰਾਸੀ ਕੱਟਣ ਦੇ ਚਾਹਵਾਨ ਧੜਾਧੜ ਲੰਘ ਰਹੇ ਸਨ। ਮੈਂ ਉਦੋਂ 8-10 ਸਾਲ ਦਾ ਸੀ ਤੇ ਮਾਤਾ ਜੀ ਨਾਲ ਪਰਿਕਰਮਾ ਵਿੱਚ ਬੈਠਾ ਹੋਇਆ ਚੌਰਾਸੀ ਕੱਟਣ ਲਈ ਭੀੜ ਘਟਣ ਦਾ ਇੰਤਜ਼ਾਰ ਕਰ ਰਿਹਾ ਸੀ। ਕੁਦਰਤੀ ਮੇਰਾ ਧਿਆਨ ਇੱਕ ਨੌਜਵਾਨ ਔਰਤ ਵੱਲ ਗਿਆ ਜੋ ਆਪਣੀ ਬਜ਼ੁਰਗ ਸੱਸ ਸਮੇਤ, 6-7 ਮਹੀਨੇ ਦੇ ਦੁੱਧ ਚੁੰਘਦੇ ਬੱਚੇ ਨੰ ਕੁੱਛੜ ਚੁੱਕੀ ਘਿਸਰ ਘਿਸਰ ਕੇ ਭੀੜੇ ਰਸਤੇ ਤੋਂ ਚੌਰਾਸੀ-ਕੱਟੂ ਸੁਰੰਗ ਵੱਲ ਵਧ ਰਹੀ ਸੀ। ਅਚਾਨਕ ਬੱਚਾ ਉੱਛਲਿਆ ਤੇ ਮਾਂ ਹੱਥੋਂ ਛੁੱਟ ਕੇ ਹੇਠਾਂ ਇੱਕ ਖੱਡੇ ਵਿੱਚ ਖੜ੍ਹੇ ਪਾਣੀ ਵਿੱਚ ਡਿੱਗ ਕੇ ਗੋਤੇ ਖਾਣ ਲੱਗਿਆ। ਔਰਤਾਂ ਉਸ ਦੇ ਪਿੱਛੇ ਛਾਲ ਮਾਰਨ ਦੀ ਬਜਾਏ ਉੱਚੀ ਉੱਚੀ ਚੀਕਾਂ ਮਾਰ ਕੇ ਬਚਾਉ ਬਚਾਉ ਪੁਕਾਰਨ ਲੱਗ ਪਈਆਂ। ਥੋੜ੍ਹੀ ਹੀ ਦੂਰ ਗਾਰ ਕੱਢ ਰਹੇ ਕਾਰ ਸੇਵਕਾਂ ਨੇ ਭੱਜ ਕੇ ਬੱਚੇ ਨੂੰ ਮਰਨੋਂ ਬਚਾਇਆ ਤੇ ਚੁੱਕ ਕੇ ਮਾਂ ਦੇ ਹਵਾਲੇ ਕੀਤਾ। ਸਾਰਿਆਂ ਨੇ ਉਹਨਾਂ ਔਰਤਾਂ ਨੂੰ ਫਿਟਕਾਰਾਂ ਪਾਈਆਂ ਕਿ ਤੁਹਾਡੀ ਤਾਂ ਅੱਜ ਚੌਰਾਸੀ ਕੱਟ ਹੋ ਚੱਲੀ ਸੀ, ਬੱਚਾ ਵੀ ਮਰਵਾ ਬਹਿਣਾ ਸੀ ਤੇ ਘਰਦਿਆਂ ਕੋਲੋਂ ਜਿਹੜੀ ਸੇਵਾ ਹੋਣੀ ਸੀ ਉਹ ਅਲੱਗ। ਵਿਚਾਰੀਆਂ ਸ਼ਰਮਸਾਰ ਹੋਈਆਂ ਬੱਚੇ ਨੂੰ ਗਲ ਨਾਲ ਘੁੱਟ ਕੇ ਉੱਥੋਂ ਹੀ ਵਾਪਸ ਮੁੜ ਗਈਆਂ। ਉਹਨਾਂ ਦੀ ਹਾਲਤ ਵੇਖ ਕੇ ਡਰੇ ਹੋਏ ਮੇਰੀ ਮਾਤਾ ਤੇ ਮੈਂ ਬਿਨਾਂ ਚੌਰਾਸੀ ਕੱਟੇ ਹੀ ਵਾਪਸ ਆ ਗਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1856)
(ਸਰੋਕਾਰ ਨਾਲ ਸੰਪਰਕ ਲਈ: