“ਲੜਕਾ ਟੋਰਾਂਟੋ ਏਅਰਪੋਰਟ ’ਤੇ ਉਡੀਕ ਰਿਹਾ ਹੁੰਦਾ ਹੈ ਤੇ ਲੜਕੀ ਵੈਨਕੂਵਰ ਉੱਤਰ ਕੇ ...”
(11 ਮਾਰਚ 2021)
(ਸ਼ਬਦ: 980)
ਨਿਊਜ਼ੀਲੈਂਡ, ਆਸਟਰੇਲੀਆ ਅਤੇ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ਸਬੰਧੀ ਉਦਾਰ ਨੀਤੀ ਨੇ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਲਈ ਤਰੱਕੀ ਦੇ ਨਵੇਂ ਦਿਸਹੱਦੇ ਖੋਲ੍ਹ ਦਿੱਤੇ ਹਨ। ਦਿਨੋਂ ਦਿਨ ਨਿੱਘਰਦੀ ਜਾ ਰਹੀ ਖੇਤੀਬਾੜੀ, ਬੇਰੋਜ਼ਗਾਰੀ ਅਤੇ ਉੱਜਲ ਭਵਿੱਖ ਲਈ ਹਰ ਸਾਲ ਹਜ਼ਾਰਾਂ ਵਿਦਿਆਰਥੀ ਇਨ੍ਹਾਂ ਦੇਸ਼ਾਂ ਦਾ ਰੁਖ ਕਰ ਰਹੇ ਹਨ। ਭਾਰਤ ਵਿੱਚੋਂ ਵਿਦੇਸ਼ ਪੜ੍ਹਨ ਲਈ ਜਾਣ ਵਾਲੇ ਕੁਲ ਵਿਦਿਆਰਥੀਆਂ ਦੀ 50% ਤੋਂ ਵੀ ਵੱਧ ਗਿਣਤੀ ਇਕੱਲੇ ਪੰਜਾਬ ਨਾਲ ਸਬੰਧਿਤ ਹੈ। ਇਸਦਾ ਸਭ ਤੋਂ ਵੱਡਾ ਕਾਰਨ ਪੰਜਾਬੀਆਂ ਦੀ ਬਾਕੀ ਭਾਰਤ ਦੀ ਨਿਸਬਤਨ ਵਧੀਆ ਆਰਥਿਕ ਹਾਲਤ ਅਤੇ ਵੇਚਣ ਜਾਂ ਗਹਿਣੇ ਧਰਨ ਜੋਗੀ ਉਪਜਾਊ ਜ਼ਮੀਨ ਦੀ ਹੋਂਦ ਹੈ। ਇਸ ਵੇਲੇ ਹਰੇਕ ਪਿੰਡ ਵਿੱਚੋਂ ਦਰਜ਼ਨਾਂ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ। ਜਦੋਂ ਉਨ੍ਹਾਂ ਦੇ ਮਾਪੇ ਸੱਥ ਵਿੱਚ ਬੈਠ ਕੇ ਆਪਣੇ ਪੁੱਤਰ ਧੀ ਵੱਲੋਂ ਕਮਾਏ ਜਾ ਰਹੇ ਡਾਲਰਾਂ ਬਾਰੇ ਫੜ੍ਹਾਂ ਮਾਰਦੇ ਹਨ ਤਾਂ ਬਾਕੀਆਂ ਦਾ ਦਿਲ ਵੀ ਕੈਨੇਡਾ ਜਾ ਕੇ ਡਾਲਰ ਹੂੰਝਣ ਲਈ ਲਲਚਾ ਉੱਠਦਾ ਹੈ। ਭਾਵੇਂ ਕਿ ਅਸਲੀਅਤ ਵਿੱਚ ਉੱਥੇ ਡਾਲਰ ਕਮਾਉਣਾ ਇੰਨਾ ਸੌਖਾ ਨਹੀਂ ਹੈ। ਕੈਨੇਡਾ ਸਰਕਾਰ ਨੂੰ ਸਿਰਫ ਵਿੱਦਿਆ ਦੇ ਖੇਤਰ ਤੋਂ ਹੀ ਹਰ ਸਾਲ ਅਰਬਾਂ ਡਾਲਰ ਦੀ ਕਮਾਈ ਹੋ ਰਹੀ ਹੈ। ਕੈਨੇਡਾ ਦੇ ਹਰ ਸ਼ਹਿਰ ਵਿੱਚ ਖੁੰਬਾਂ ਵਾਂਗ ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ। ਕਰੋਨਾ ਕਾਲ ਵਿੱਚ ਵਿਦਿਆਰਥੀਆਂ ਦੇ ਵੀਜ਼ੇ ਬੰਦ ਹੋਣ ਕਾਰਨ ਕੈਨੇਡਾ ਦੇ ਦਰਜ਼ਨਾਂ ਕਾਲਜ ਅਤੇ ਯੂਨੀਵਰਸਿਟੀਆਂ ਦਿਵਾਲੀਆ ਹੋ ਗਏ ਹਨ, ਕਿਉਂਕਿ ਉੱਥੇ ਭਾਰਤ ਵਾਲਾ ਹਿਸਾਬ ਨਹੀਂ ਕਿ ਜੇ ਸਕੂਲ ਕਾਲਜ ਬੰਦ ਹਨ ਤਾਂ ਟੀਚਰਾਂ ਦੀ ਤਨਖਾਹ ਕੱਟ ਲਉ।
ਇਸ ਸਮੇਂ ਦੌਰਾਨ ਸਭ ਤੋਂ ਬੁਰੀ ਗੱਲ ਇਹ ਹੋ ਰਹੀ ਹੈ ਕਿ ਆਈਲੈਟਸ ਕਰਨ ਵਾਲੇ ਕਈ ਲੜਕੇ ਅਤੇ ਲੜਕੀਆਂ ਏਜੰਟਾਂ ਨਾਲ ਮਿਲ ਕੇ ਠੱਗੀਆਂ ਮਾਰਨ ਲੱਗ ਪਏ ਹਨ। ਕਿਸੇ ਲੜਕੇ ਲੜਕੀ ਦੇ ਛੇ ਬੈਂਡ ਆਉਂਦੇ ਸਾਰ ਰਿਸ਼ਤਿਆਂ ਦਾ ਹੜ੍ਹ ਆ ਜਾਂਦਾ ਹੈ। ਜਿਹੜੇ ਲੜਕੇ ਕਿਸੇ ਕਾਰਨ ਕੈਨੇਡਾ ਜਾਣ ਲਈ ਜ਼ਰੂਰੀ ਬੈਂਡ ਹਾਸਲ ਨਹੀਂ ਕਰ ਸਕਦੇ, ਉਹ ਅਜਿਹੀਆਂ ਲੜਕੀਆਂ ਦੀ ਭਾਲ ਵਿੱਚ ਰਹਿੰਦੇ ਹਨ ਜੋ ਉਨ੍ਹਾਂ ਨੂੰ ਵਿਆਹ ਕਰਵਾ ਕੇ ਸਪਾਊਸ ਵੀਜ਼ੇ ’ਤੇ ਕੈਨੇਡਾ ਪਹੁੰਚਾ ਸਕਣ। ਇਸ ਸਬੰਧੀ ਅਨੇਕਾਂ ਲੜਕਿਆਂ ਵੱਲੋਂ ਰੋਜ਼ਾਨਾ ਅਖਬਾਰਾਂ ਵਿੱਚ ਇਸ਼ਤਿਹਾਰ ਛਪਵਾਏ ਜਾਂਦੇ ਹਨ ਕਿ ਛੇ ਬੈਂਡ ਲੜਕੀ ਦੀ ਜ਼ਰੂਰਤ ਹੈ ਜੋ ਲੜਕੇ ਨੂੰ ਕੈਨੇਡਾ ਲਿਜਾ ਸਕੇ। ਵਿਆਹ ਕੱਚਾ ਅਤੇ ਸਾਰਾ ਖਰਚਾ ਲੜਕੇ ਵੱਲੋਂ ਕੀਤਾ ਜਾਵੇਗਾ। ਜਦੋਂ ਰਿਸ਼ਤਾ ਹੋ ਪੱਕਾ ਜਾਂਦਾ ਹੈ ਤਾਂ ਸ਼ਗਨ ਅਤੇ ਵਿਆਹ ਤੋਂ ਲੈ ਕੇ ਲੜਕੀ ਦੀ ਟਿਕਟ, ਵੀਜ਼ਾ ਅਤੇ ਕੈਨੇਡਾ ਵਿੱਚ ਪੜ੍ਹਾਈ ਅਤੇ ਰਹਿਣ ਸਹਿਣ ਦਾ ਸਾਰਾ ਖਰਚਾ ਲੜਕੇ ਵੱਲੋਂ ਕੀਤਾ ਜਾਂਦਾ ਹੈ। ਇਸ ਸਭ ’ਤੇ ਲੜਕੇ ਵਾਲਿਆਂ ਦਾ 35 ਤੋਂ 50 ਲੱਖ ਤਕ ਖਰਚਾ ਆ ਜਾਂਦਾ ਹੈ। ਜਦੋਂ ਲੜਕੀ ਵਿਦੇਸ਼ ਪਹੁੰਚ ਜਾਂਦੀ ਹੈ ਤਾਂ ਲਾੜੇ ਵੱਲੋਂ ਖੁਸ਼ੀ ਖੁਸ਼ੀ ਅਟੈਚੀ ਬੰਨ੍ਹ ਕੇ ਸਪਾਊਸ ਵੀਜ਼ੇ ਦਾ ਇੰਤਜ਼ਾਰ ਸ਼ੁਰੂ ਹੋ ਜਾਂਦਾ ਹੈ।
ਇਸ ਤੋਂ ਬਾਅਦ ਕਈ ਵਾਰ ਗੜਬੜ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾਤਰ ਲੜਕੀਆਂ ਤਾਂ ਲੜਕਿਆਂ ਨੂੰ ਕੈਨੇਡਾ ਬੁਲਾ ਲੈਂਦੀਆਂ ਹਨ, ਪਰ ਕਈਆਂ ਦਾ ਉੱਥੇ ਜਾ ਕੇ ਮਨ ਬੇਈਮਾਨ ਹੋ ਜਾਂਦਾ ਹੈ। ਕਈਆਂ ਨੂੰ ਕੈਨੇਡਾ ਵਿੱਚ ਪੰਜਾਬ ਨਾਲੋਂ ਵੀ ਵਧੀਆ ਚੰਗੇ ਕਾਰੋਬਾਰੀ ਜਾਂ ਵਧੀਆ ਨੌਕਰੀਆਂ ਵਾਲੇ ਪੱਕੇ ਸਿਟੀਜ਼ਨ ਲੜਕੇ ਮਿਲ ਜਾਂਦੇ ਹਨ, ਜਿਨ੍ਹਾਂ ਨਾਲ ਵਿਆਹ ਕਰਵਾ ਕੇ ਪੀਆਰ ਮਿੰਟੋ ਮਿੰਟੀ ਮਿਲ ਜਾਂਦੀ ਹੈ। ਜਾਂ ਕਈਆਂ ਦਾ ਪੰਜਾਬ ਵਿੱਚ ਪਹਿਲਾਂ ਹੀ ਕੋਈ ਬੁਆਏ ਫ੍ਰੈਂਡ ਹੁੰਦਾ ਹੈ, ਜਿਸ ਨੂੰ ਬੁਲਾਉਣ ਦੀ ਉਨ੍ਹਾਂ ਨੇ ਸਾਈ ਵਧਾਈ ਲਗਾਈ ਹੁੰਦੀ ਹੈ। ਜਿਸ ਲਾੜੇ ਨੇ ਜ਼ਮੀਨ ਗਹਿਣੇ ਧਰ ਕੇ ਜਾਂ ਵੇਚ ਕੇ ਕੈਨੇਡਾ ਦੇ ਠੰਢੇ ਮੌਸਮ ਦੇ ਨਜ਼ਾਰੇ ਲੈਣ ਦੇ ਸੁਪਨੇ ਲਏ ਹੁੰਦੇ ਹਨ, ਉਹ ਝੋਨਾ ਲਗਾਉਣ ਲਈ ਟਰੈਕਟਰ ਵਾਹ ਰਿਹਾ ਹੁੰਦਾ ਹੈ ਤੇ ਜਿਸ ਨੇ ਇੱਕ ਪੈਸਾ ਨਹੀਂ ਖਰਚਿਆ ਹੁੰਦਾ, ਉਹ ਮੁਫਤੋ ਮੁਫਤੀ ਕੈਨੇਡਾ ਪਹੁੰਚ ਜਾਂਦਾ ਹੈ। ਇਹ ਧੋਖਾ ਇਕੱਲੇ ਆਈਲੈਟਸ ਵਾਲਿਆਂ ਨਾਲ ਹੀ ਨਹੀਂ, ਸਗੋਂ ਕੈਨੇਡਾ ਦੇ ਪੱਕੇ ਵਸਨੀਕਾਂ ਨਾਲ ਵੀ ਹੋ ਰਿਹਾ ਹੈ।
ਕੈਨੇਡਾ ਦੇ ਪੱਕੇ ਸਿਟੀਜ਼ਨ ਕਈ ਲਾੜੇ ਕੈਨੇਡਾ ਦੀਆਂ ਤੇਜ਼ ਤਰਾਰ ਲੜਕੀਆਂ ਨਾਲ ਵਿਆਹ ਕਰਵਾਉਣ ਦੀ ਬਜਾਏ ਪੰਜਾਬ ਵਿੱਚ ਵਿਆਹ ਕਰਵਾਉਣ ਪਸੰਦ ਕਰਦੇ ਹਨ ਤਾਂ ਜੋ ਲੜਕੀ ਕੈਨੇਡਾ ਪਹੁੰਚ ਕੇ ਇੱਕ ਤਾਂ ਉਨ੍ਹਾਂ ਦੇ ਅਹਿਸਾਨ ਥੱਲੇ ਦੱਬੀ ਰਹੇ ਤੇ ਦੂਸਰਾ ਉਨ੍ਹਾਂ ਦੇ ਮਾਂ ਬਾਪ ਦੀ ਸੇਵਾ ਕਰੇ। ਪਰ ਅਨੇਕਾਂ ਅਜਿਹੇ ਕੇਸ ਹੋਏ ਹਨ ਕਿ ਲੜਕਾ ਟੋਰਾਂਟੋ ਏਅਰਪੋਰਟ ’ਤੇ ਉਡੀਕ ਰਿਹਾ ਹੁੰਦਾ ਹੈ ਤੇ ਲੜਕੀ ਵੈਨਕੂਵਰ ਉੱਤਰ ਕੇ ਕਿਸੇ ਹੋਰ ਨਾਲ ਚਲੀ ਜਾਂਦੀ ਹੈ। ਇਸੇ ਕਾਰਨ ਹੁਣ ਕੈਨੇਡਾ ਸਰਕਾਰ ਨੇ ਕਾਨੂੰਨ ਸਖਤ ਕਰ ਦਿੱਤੇ ਹਨ। ਸਿਟੀਜ਼ਨਸ਼ਿੱਪ ਲੈਣ ਲਈ ਲੜਕੇ ਲੜਕੀ ਦਾ ਤਿੰਨ ਸਾਲ ਤਕ ਇਕੱਠੇ ਰਹਿਣਾ ਜ਼ਰੂਰੀ ਹੈ, ਨਹੀਂ ਵਾਪਸੀ ਦੀ ਟਿਕਟ ਕੱਟੀ ਜਾ ਸਕਦੀ ਹੈ। ਪਰ ਸਟੱਡੀ ਵੀਜ਼ੇ ’ਤੇ ਗਏ ਲੜਕੇ ਲੜਕੀ ਉੱਪਰ ਇਹ ਕਾਨੂੰਨ ਲਾਗੂ ਨਹੀਂ ਹੁੰਦਾ।
ਧੋਖੇਬਾਜ਼ ਲਾੜਿਆਂ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਪੰਜਾਬ ਵਿੱਚ ਅਨੇਕਾਂ ਸੰਸਥਾਵਾਂ ਸਰਗਰਮ ਹਨ ਪਰ ਧੋਖੇਬਾਜ਼ ਲਾੜੀਆਂ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਇੱਕ ਵੀ ਅਜਿਹੀ ਸੰਸਥਾ ਨਹੀਂ ਹੈ। ਲੜਕਿਆਂ ਨੂੰ ਹਮਦਰਦੀ ਦੀ ਬਜਾਏ ਸਗੋਂ ਮਖੌਲਾਂ, ਟਿੱਚਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੱਥ ਵਿੱਚ ਬੈਠੇ ਵਿਹਲੜ ‘ਹਾਂ ਭਾਈ, ਫਿਰ ਗਿਆ ਨਹੀਂ ਕੈਨੇਡਾ’ ਕਹਿ ਕੇ ਮਖੌਲ ਉਡਾਉਂਦੇ ਹਨ। ਪੁਲਿਸ ਥਾਣਿਆਂ ਵਿੱਚ ਵੀ ਬਹੁਤੀ ਸੁਣਵਾਈ ਨਹੀਂ ਹੁੰਦੀ। ਵੱਧ ਤੋਂ ਵੱਧ ਲੜਕੀ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਠੱਗੀ ਮਾਰਨ ਦਾ ਮੁਕੱਦਮਾ ਦਰਜ਼ ਕੀਤਾ ਜਾਂਦਾ ਹੈ, ਜੋ ਸਾਲਾਂ ਤਕ ਲਟਕਿਆ ਰਹਿੰਦਾ ਹੈ। ਲੜਕੀ ਵਾਪਸ ਨਹੀਂ ਆਉਂਦੀ ਤੇ ਲੜਕੇ ਵਾਲਿਆਂ ਨੂੰ ਅੱਧ ਪਚੱਧ ਪੈਸੇ ਲੈ ਕੇ ਰਾਜ਼ੀਨਾਮਾ ਕਰਨਾ ਪੈਂਦਾ ਹੈ।
ਇੱਕ ਸਰਵੇ ਦੇ ਮੁਤਾਬਕ ਹਰ ਸਾਲ ਪੰਜਾਬ ਵਿੱਚ 1500 ਤੋਂ ਵੱਧ ਅਜਿਹੀਆਂ ਧੋਖੇਬਾਜ਼ੀਆਂ ਹੋ ਰਹੀਆਂ ਹਨ। ਲੜਕੀਆਂ ਕੈਨੇਡਾ ਪਹੁੰਚ ਕੇ ਲੜਕੇ ਨਾਲ ਛੋਟੀ ਛੋਟੀ ਗੱਲ ’ਤੇ ਝਗੜਨਾ ਸ਼ੁਰੂ ਕਰ ਦਿੰਦੀਆਂ ਹਨ। ਇੱਕ ਕੇਸ ਵਿੱਚ ਤਾਂ ਲੜਕੀ ਨੇ ਆਪਣੇ ਨਾਲ ਲਿਵ ਇੰਨ ਰਿਲੇਸ਼ਨ ਵਿੱਚ ਰਹਿ ਰਹੇ ਲੜਕੇ ਨੂੰ ਕਹਿ ਕੇ ਆਪਣੇ ਪਤੀ ਨੂੰ ਆਪਣੀਆਂ ਅੰਤਰੰਗ ਪਲਾਂ ਦੀਆਂ ਫੋਟੋਆ ਹੀ ਭੇਜ ਦਿੱਤੀਆਂ ਤਾਂ ਜੋ ਤਲਾਕ ਜਲਦੀ ਹੋ ਜਾਵੇ। ਪਰ ਇਸ ਸਬੰਧੀ ਵੀ ਕੈਨੇਡਾ ਵਿੱਚ ਇੱਕ ਕਾਨੂੰਨ ਹੈ। ਜੇ ਲੜਕੀ ਦੇ ਪਾਸਪੋਰਟ ਵਿੱਚ ਪਤੀ ਦੇ ਤੌਰ ’ਤੇ ਲੜਕੇ ਦਾ ਨਾਮ ਲਿਖਿਆ ਹੋਵੇ ਤਾਂ ਤਦ ਤਕ ਤੱਕ ਪੀਆਰ ਨਹੀਂ ਹੁੰਦੀ, ਜਿੰਨੀ ਦੇਰ ਪੰਜਾਬ ਵਿੱਚ ਹੋਏ ਅਦਾਲਤੀ ਤਲਾਕ ਦੀ ਕਾਪੀ ਕੈਨੇਡੀਅਨ ਇੰਮੀਗਰੇਸ਼ਨ ਕੋਲ ਨਹੀਂ ਪਹੁੰਚਦੀ। ਇਸ ਲਈ ਅਸਲੀ ਜਾਂ ਨਕਲੀ ਵਿਆਹ ਤੋਂ ਬਾਅਦ ਲੜਕੇ ਲੜਕੀ ਦੇ ਪਾਸਪੋਰਟ ਵਿੱਚ ਪਤੀ-ਪਤਨੀ ਦਾ ਨਾਮ ਜ਼ਰੂਰ ਲਿਖਵਾ ਲੈਣਾ ਚਾਹੀਦਾ ਹੈ।
ਬਾਅਦ ਵਿੱਚ ਪਛਤਾਉਣ ਦੀ ਬਜਾਏ ਅਜਿਹਾ ਵਿਆਹ ਕਰਨ ਤੋਂ ਪਹਿਲਾਂ ਠੋਕ ਵਜਾ ਕੇ ਵੇਖ ਲੈਣਾ ਚਾਹੀਦਾ ਹੈ। ਕਦੇ ਵੀ ਏਜੰਟਾਂ ਦੇ ਢਹੇ ਚੜ੍ਹ ਕੇ ਅਣਜਾਣ ਲੜਕੇ ਲੜਕੀ ਨਾਲ ਰਿਸ਼ਤਾ ਨਹੀਂ ਕਰਨਾ ਚਾਹੀਦਾ। ਹਮੇਸ਼ਾ ਵਾਕਿਫ ਪਰਿਵਾਰਾਂ ਵਿੱਚ ਹੀ ਰਿਸ਼ਤਾ ਕਰਨਾ ਚਾਹੀਦਾ ਹੈ। ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਕਿਸੇ ਦੇ ਮੋਢਿਆਂ ’ਤੇ ਚੜ੍ਹ ਕੇ ਕੈਨੇਡਾ ਜਾਣ ਦੀ ਬਜਾਏ ਖੁਦ ਮਿਹਨਤ ਕਰ ਕੇ ਤੇ ਜਾਇਜ਼ ਤਰੀਕੇ ਨਾਲ ਹੀ ਵਿਦੇਸ਼ ਜਾਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2636)
(ਸਰੋਕਾਰ ਨਾਲ ਸੰਪਰਕ ਲਈ: