“ਅਸੀਂ ਪੂਛੋਂ ਪਕੜ ਕੇ ਹਾਥੀ ਅਸਮਾਨ ਵਿੱਚ ਉਡਾ ਦਿੱਤੇ ਜੋ ਅੱਜ ਤੱਕ ...”
(29 ਅਕਤੂਬਰ 2019)
ਤਿੰਨ ਕੁ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਦਿੜ੍ਹਬਾ ਨਜ਼ਦੀਕ ਤਿੰਨ ਛੋਟੇ ਬੱਚਿਆਂ ਨੇ ਨਹਿਰ ਵਿੱਚ ਕਿਸੇ ਵਹਿਮੀ ਵੱਲੋਂ ਵਹਾਏ ਗਏ ਨਾਰੀਅਲ ਫੜਨ ਲਈ ਛਲਾਂਗ ਲਗਾਈ। ਪਿੰਡ ਵਾਲਿਆਂ ਦੀ ਹਿੰਮਤ ਕਾਰਨ ਦੋ ਬੱਚੇ ਤਾਂ ਬਚਾਅ ਲਏ ਗਏ ਪਰ ਇੱਕ ਵਿਚਾਰਾ ਮਸੂਮ ਡੁੱਬਣ ਕਾਰਨ ਆਪਣੀ ਜਾਨ ਗਵਾ ਬੈਠਾ। ਕਿਸੇ ਠੱਗ ਜੋਤਸ਼ੀ ਵੱਲੋਂ ਕਸ਼ਟ ਟਾਲਣ ਲਈ ਦੱਸਿਆ ਗਿਆ ਉਪਾਅ, ਇੱਕ ਬੇਗੁਨਾਹ ਦੀ ਮੌਤ ਦਾ ਕਾਰਨ ਬਣ ਗਿਆ। ਚਾਹੀਦਾ ਤਾਂ ਇਹ ਸੀ ਕਿ ਉਸ ਜੋਤਸ਼ੀ ਅਤੇ ਉਪਾਅ ਕਰਨ ਵਾਲੇ ਵਹਿਮੀ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ਼ ਕੀਤਾ ਜਾਂਦਾ।
ਲੋਕ ਹਰ ਸਾਲ ਜੋਤਸ਼ੀਆਂ-ਤਾਂਤਰਿਕਾਂ ਦੇ ਕਹਿਣ ਉੱਤੇ ਹਜ਼ਾਰਾਂ ਮਣ ਨਾਰੀਅਲ, ਹਵਨ ਦੀ ਸਵਾਹ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ, ਮਰਨ ਵਾਲਿਆਂ ਦੀਆਂ ਅਸਥੀਆਂ, ਧਾਰਮਿਕ ਸਮਾਗਮਾਂ ਦਾ ਰਹਿੰਦ ਖੂੰਹਦ, ਕੋਲੇ, ਸਿੱਕਾ ਅਤੇ ਪੈਸੇ ਨਦੀਆਂ-ਨਾਲਿਆਂ ਵਿੱਚ ਸੁੱਟਦੇ ਰਹਿੰਦੇ ਹਨ। ਹਰੇਕ ਧਾਰਮਿਕ ਚੀਜ਼ ਨੂੰ ਜਲ ਪ੍ਰਵਾਹ ਕਰਨ ਦੀ ਘਟੀਆ ਰਵਾਇਤ ਨੇ ਭਾਰਤ ਦੇ ਪਾਣੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਇਹਨਾਂ ਜੋਤਸ਼ੀਆਂ ਨੇ ਕਿਸਾਨਾਂ ਨੂੰ ਵੀ ਬਹੁਤ ਦੁਖੀ ਕੀਤਾ ਹੋਇਆ ਹੈ। ਰੋਜ਼ ਨਹਿਰਾਂ, ਕੱਸੀਆਂ ਅਤੇ ਮੋਘਿਆਂ ਦਾ ਪਾਣੀ ਨਾਰੀਅਲ ਅਤੇ ਹੋਰ ਧਾਰਮਿਕ ਗੰਦਮੰਦ ਫਸਣ ਕਾਰਨ ਜਾਮ ਹੋ ਜਾਂਦਾ ਹੈ। ਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਬਹੁਤੇ ਕ੍ਰਿਆ ਕਰਮ ਹਵਾ ਅਤੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਨ ਵਾਲੇ ਹਨ। ਇੱਕ ਆਮ ਭਾਰਤੀ ਦੇ ਜੀਵਨ ਕਾਲ ਵਿੱਚ ਅਨੇਕਾਂ ਹਵਨ, ਯੱਗ, ਪਾਠ ਆਦਿ ਕੀਤੇ ਜਾਂਦੇ ਹਨ ਜਿਹਨਾਂ ਦੌਰਾਨ ਕਰੋੜਾਂ ਟਨ ਲੱਕੜਾਂ, ਘਿਉ ਅਤੇ ਹੋਰ ਖਾਣ ਯੋਗ ਸਮੱਗਰੀ ਫੂਕ ਦਿੱਤੀ ਜਾਂਦੀ ਹੈ। ਹੁਣ ਅੱਗ ਵਿੱਚ ਘਿਉ ਸਾੜਨ ਜਾਂ ਪਾਣੀ ਵਿੱਚ ਨਾਰੀਅਲ ਰੋੜ੍ਹਨ ਨਾਲ ਰੱਬ ਕਿਵੇਂ ਖੁਸ਼ ਹੋ ਸਕਦਾ ਹੈ? ਪਿੱਛੇ ਜਿਹੇ ਲੰਘੀਆਂ ਪਾਰਲੀਮੈਂਟ ਚੋਣਾਂ ਵਿੱਚ ਮੱਧ ਪ੍ਰਦੇਸ਼ ਦੇ ਇੱਕ ਪਖੰਡੀ ਬਾਬੇ ਨੇ ਇੱਕ ਨੇਤਾ ਨੂੰ ਜਿਤਾਉਣ ਲਈ ਭੁਪਾਲ ਵਿਖੇ ਹਵਨ ਕਰ ਕੇ ਕਈ ਮਣ ਲਾਲ ਮਿਰਚਾਂ ਸਾੜ ਸੁੱਟੀਆਂ। ਨਾਲ ਹੀ ਐਲਾਨ ਕੀਤਾ ਕਿ ਜੇ ਇਹ ਨੇਤਾ ਨਾ ਜਿੱਤਿਆ ਤਾਂ ਮੈਂ ਆਤਮ ਦਾਹ ਕਰ ਲਵਾਂਗਾ। ਪਰ ਜਦੋਂ ਉਹ ਨੇਤਾ ਹਾਰ ਗਿਆ ਤਾਂ ਬਾਬਾ ਪੂਰੀ ਬੇਸ਼ਰਮੀ ਨਾਲ ਮਰਨ ਤੋਂ ਮੁੱਕਰ ਗਿਆ।
ਜਦੋਂ ਵੀ ਕੋਈ ਭਾਰਤੀ ਮਰਦਾ ਹੈ ਤਾਂ ਚਿਤਾ ਦੇ ਰੂਪ ਵਿੱਚ 4-5 ਕਵਿੰਟਲ ਲੱਕੜਾਂ ਨਾਲ ਲੈ ਹੀ ਜਾਂਦਾ ਹੈ, ਦਰਖਤ ਭਾਵੇਂ ਉਸ ਨੇ ਸਾਰੀ ਉਮਰ ਕੋਈ ਨਾ ਲਗਾਇਆ ਹੋਵੇ।
ਭਾਰਤ ਵਿੱਚ ਜੋਤਸ਼ੀਆਂ-ਤਾਂਤਰਿਕਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਵਹਿਮਾਂ ਭਰਮਾਂ ਵਿੱਚ ਜਕੜਿਆ ਹੋਇਆ ਹੈ। ਕਈ ਲੋਕ ਇੰਨੇ ਵਹਿਮੀ ਹਨ ਕਿ ਜੋਤਸ਼ੀ ਨੂੰ ਪੁੱਛੇ ਬਗੈਰ ਬਾਥਰੂਮ ਤੱਕ ਨਹੀਂ ਜਾਂਦੇ। ਭਾਰਤ ਵਿੱਚ ਜੋਤਿਸ਼, ਤਾਂਤਰਿਕ, ਵਾਸਤੂਕਲਾ, ਪੁੱਛਾਂ ਦੇਣੀਆਂ ਅਤੇ ਭੂਤ ਕੱਢਣੇ ਕਰੋੜਾਂ ਰੁਪਏ ਦਾ ਕਾਰੋਬਾਰ ਬਣ ਚੁੱਕਾ ਹੈ। ਅਸੀਂ ਸਦੀਆਂ ਤੋਂ ਪਖੰਡਵਾਦ ਵਿੱਚ ਵਰਲਡ ਚੈਂਪੀਅਨ ਹਾਂ। ਜੇ ਅੰਗਰੇਜ਼ਾਂ ਨੇ ਕੰਪਿਊਟਰ ਬਣਾਇਆ ਤਾਂ ਅਸੀਂ ਵੱਖ ਵੱਖ ਧਰਮ ਅਤੇ ਦੇਵੀ ਦੇਵਤੇ ਬਣਾਏ। ਉਹਨਾਂ ਨੇ ਧਰਤੀ ਵਿੱਚੋਂ ਡੀਜ਼ਲ ਪੈਟਰੌਲ ਲੱਭਿਆ ਤਾਂ ਅਸੀਂ ਪੀਰਾਂ ਬਾਬਿਆਂ ਦੀਆਂ ਕਬਰਾਂ ਲੱਭੀਆਂ। ਉਹਨਾਂ ਨੇ ਹਵਾਈ ਜਹਾਜ਼ ਉਡਾਏ ਤਾਂ ਅਸੀਂ ਪੂਛੋਂ ਪਕੜ ਕੇ ਹਾਥੀ ਅਸਮਾਨ ਵਿੱਚ ਉਡਾ ਦਿੱਤੇ ਜੋ ਅੱਜ ਤੱਕ ਵਾਪਸ ਨਹੀਂ ਆਏ, ਹੋ ਸਕਦਾ ਸ਼ੁੱਕਰ ਗ੍ਰਹਿ ਉੱਤੇ ਘਾਹ ਚਰਦੇ ਹੋਣ। ਉਹਨਾਂ ਦੀਆਂ ਔਰਤਾਂ ਉਲੰਪਿਕ ਵਿੱਚ ਖੇਡਦੀਆਂ ਹਨ ਤਾਂ ਭਾਰਤੀ ਔਰਤਾਂ ਬਾਬਿਆਂ, ਸਾਧਾਂ ਅਤੇ ਤਾਂਤਰਿਕਾਂ ਕੋਲ ਖੇਡਦੀਆਂ ਹਨ। ਜੇ ਅੰਗਰੇਜ਼ਾਂ ਨੇ ਸਰਚ ਕਰਨ ਲਈ ਗੂਗਲ ਬਣਾਇਆ ਤਾਂ ਸਾਡੇ ਕੋਲ ਨਿਰਮਲ ਬਾਬਾ ਹੈ, ਜੋ ਸਭ ਕੁਝ ਪਹਿਲਾਂ ਹੀ ਦੱਸ ਦਿੰਦਾ ਹੈ।
ਵਾਸਤੂਕਲਾ ਵੀ ਬਹੁਤ ਵੱਡਾ ਪਖੰਡ ਹੈ। ਮੂਰਖ ਲੋਕ ਇਹਨਾਂ ਦੇ ਕਹਿਣ ਉੱਤੇ ਚੰਗੀਆਂ ਭਲੀਆਂ ਕੋਠੀਆਂ ਅਤੇ ਦਫਤਰ ਤੋੜ ਦਿੰਦੇ ਹਨ। ਖਾਸ ਤੌਰ ਉੱਤੇ ਸਿਆਸੀ ਲੋਕ ਮੰਤਰੀ ਬਣਦੇ ਸਾਰ ਪਹਿਲਾਂ ਸਰਕਾਰੀ ਕੋਠੀ ਅਤੇ ਦਫਤਰ ਦੀ ਤੋੜ ਭੰਨ ਹੀ ਕਰਵਾਉਂਦੇ ਹਨ, ਸਰਕਾਰੀ ਪੈਸਾ ਜੋ ਲੱਗਣਾ ਹੋਇਆ। ਵੈਸੇ ਸ਼ਰਾਬ ਦਾ ਠੇਕਾ ਭਾਵੇਂ ਮੜ੍ਹੀਆਂ ਵਿੱਚ ਰੱਖ ਲਉ, ਉਸ ਦਾ ਮੂੰਹ ਚੜ੍ਹਦੇ, ਲਹਿੰਦੇ, ਉੱਤਰ ਜਾਂ ਦੱਖਣ ਵੱਲ ਰੱਖ ਲਉ, ਉਸ ਨੇ ਕਾਮਯਾਬ ਹੋਣਾ ਹੀ ਹੈ। ਉਸ ਉੱਤੇ ਕੋਈ ਵਾਸਤੂ ਸ਼ਾਸ਼ਤਰ ਨਿਯਮ ਲਾਗੂ ਨਹੀਂ ਹੁੰਦਾ। ਕੀ ਵਾਸਤੂ ਸ਼ਾਸ਼ਤਰ ਮੁਤਾਬਕ ਬਣੇ ਘਰਾਂ ਵਿੱਚ ਮੌਤ ਜਾਂ ਬਿਮਾਰੀ ਨਹੀਂ ਆਉਂਦੀ?
ਚੰਡੀਗੜ੍ਹ ਦੇ ਵਹਿਮੀ ਆਰਕੀਟੈਕਟ ਲੀ ਕਰਬੂਜ਼ੀਏ ਨੇ 13 ਨੰਬਰ ਸੈਕਟਰ ਨਹੀਂ ਬਣਾਇਆ ਕਿਉਂਕਿ ਪੱਛਮੀ ਦੇਸ਼ਾਂ ਵਿੱਚ 13 ਨੰਬਰ ਨੂੰ ਮਨਹੂਸ ਸਮਝਿਆ ਜਾਂਦਾ ਹੈ। ਤਾਂ ਕੀ ਚੰਡੀਗੜ੍ਹ ਵਿੱਚ ਕੋਈ ਜੁਰਮ ਨਹੀਂ ਹੁੰਦੇ ਜਾਂ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ? ਇੱਥੇ ਤਾਂ ਸਗੋਂ ਰੋਜ਼ ਬੇਰੋਜ਼ਗਾਰਾਂ ਉੱਤੇ ਡਾਂਗ ਖੜਕਦੀ ਹੈ। ਕੁਦਰਤੀ ਆਫਤਾਂ ਆਉਣ ਉੱਤੇ ਵਾਸਤੂ ਸ਼ਾਸ਼ਤਰ ਵਾਲਾ ਮਕਾਨ ਵੀ ਬਾਕੀ ਮਕਾਨਾਂ ਵਾਂਗ ਹੀ ਤਬਾਹ ਹੋ ਜਾਂਦਾ ਹੈ।
ਅੱਜ ਤੱਕ ਕਦੀ ਕਿਸੇ ਜੋਤਸ਼ੀ ਨੇ ਸੁਨਾਮੀ, ਭੁਚਾਲ, ਹੜ੍ਹ ਅਤੇ ਜੰਗ ਆਦਿ ਦੀ ਭਵਿੱਖਬਾਣੀ ਨਹੀਂ ਕੀਤੀ। ਕੁਦਰਤੀ ਆਫਤਾਂ ਆਉਣ ਉੱਤੇ ਸੈਂਕੜੇ ਜੋਤਸ਼ੀ ਅਤੇ ਤਾਂਤਰਿਕ ਵੀ ਆਮ ਲੋਕਾਂ ਦੇ ਨਾਲ ਹੀ ਮਾਰੇ ਜਾਂਦੇ ਹਨ। ਜੇ ਜੋਤਿਸ਼ ਸੱਚ ਹੁੰਦਾ ਤਾਂ ਟੇਵੇ, ਲਗਨ ਅਤੇ ਕੁੰਡਲੀਆਂ ਮਿਲਾ ਕੇ ਕਰਵਾਏ ਗਏ ਸਾਰੇ ਵਿਆਹ ਸਫਲ ਹੁੰਦੇ, ਕਦੇ ਵੀ ਤਲਾਕ ਨਾ ਹੁੰਦਾ। ਅੱਜ ਤੱਕ ਕੋਈ ਜੋਤਸ਼ੀ, ਤਾਂਤਰਿਕ ਜਾਂ ਬਾਬਾ ਤਰਕਸ਼ੀਲਾਂ ਵੱਲੋਂ ਰੱਖਿਆ ਲੱਖਾਂ ਦਾ ਇਨਾਮ ਕਿਉਂ ਨਹੀਂ ਜਿੱਤ ਸਕਿਆ? ਕਈ ਥਾਵਾਂ ਉੱਤੇ ਜੋਤਸ਼ੀਆਂ ਨੇ ਇਹ ਕਹਿ ਕੇ ਕਿ ਤੇਰੇ ਘਰ ਫਲਾਣੇ ਨੇ ਟੂਣਾ ਕੀਤਾ ਹੈ, ਕਤਲ ਤੱਕ ਕਰਵਾ ਦਿੱਤੇ ਹਨ। ਕਿਸੇ ਨੂੰ ਵੱਸ ਕਰਨ ਵਾਲਾ ਕੋਈ ਤਵੀਤ ਨਹੀਂ ਹੁੰਦਾ, ਨਹੀਂ ਲੋਕ ਪ੍ਰਧਾਨ ਮੰਤਰੀ ਨੂੰ ਵੱਸ ਵਿੱਚ ਕਰ ਕੇ ਕਿਸੇ ਸਟੇਟ ਦੇ ਗਵਰਨਰ ਲੱਗ ਜਾਂਦੇ। ਜੇ ਨਜ਼ਰ ਲੱਗਣ ਨਾਲ ਨੁਕਸਾਨ ਹੋ ਸਕਦਾ ਹੁੰਦਾ ਤਾਂ ਟਾਟਾ, ਬਿਰਲਾ ਅਤੇ ਅੰਬਾਨੀ ਕਦੇ ਦਾ ਸੜਕਾਂ ਉੱਤੇ ਆ ਜਾਂਦੇ। ਜੇ ਜੋਤਸ਼ੀਆਂ-ਤਾਂਤਰਿਕਾਂ ਦੇ ਉਪਾਵਾਂ ਵਿੱਚ ਸ਼ਕਤੀ ਹੁੰਦੀ ਤਾਂ ਇਹਨਾਂ ਦੇ ਬੱਚੇ ਕਰੋੜਪਤੀ ਹੁੰਦੇ। ਜੇ ਧਾਰਮਿਕ ਗ੍ਰੰਥਾਂ ਦੇ ਪਾਠ ਕਰਨ ਨਾਲ ਰੱਬ ਮਿਲਦਾ ਹੁੰਦਾ ਤਾਂ ਸਾਰੇ ਪੰਡਤਾਂ-ਗ੍ਰੰਥੀਆਂ ਦਾ ਰੱਬ ਨਾਲ ਚਾਹ ਪਾਣੀ ਸਾਂਝਾ ਹੋਣਾ ਸੀ। ਸੂਰਜ ਨੂੰ ਚੜ੍ਹਾਇਆ ਪਾਣੀ ਉੱਥੇ ਪਹੁੰਚ ਜਾਂਦਾ ਤਾਂ ਹੁਣ ਤੱਕ ਸੂਰਜ ਠੰਢਾ ਹੋ ਜਾਣਾ ਸੀ।
ਪਖੰਡੀਆਂ ਵਿੱਚੋਂ ਸਭ ਤੋਂ ਵੱਧ ਬੇਰਹਿਮ ਤਾਂਤਰਿਕ ਹੁੰਦੇ ਹਨ। ਚੰਗੇ ਭਲੇ ਘਰਾਂ ਦੀਆਂ ਔਰਤਾਂ ਉਸ ਮੁਸ਼ਟੰਡੇ ਸਾਹਮਣੇ ਸਿਰ ਮਾਰ ਮਾਰ ਕੇ ਖੇਡਦੀਆਂ ਹਨ, ਕਈ ਤਾਂ ਇੱਜ਼ਤ ਤੱਕ ਲੁਟਾ ਬੈਠਦੀਆਂ ਹਨ। ਇਹ ਤਾਂਤਰਿਕ ਭੂਤ ਕੱਢਣ ਦੇ ਨਾਮ ਉੱਤੇ ਮਾਨਸਿਕ ਤੌਰ ਉੱਤੇ ਬਿਮਾਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ। ਵਿਚਾਰਾ ਮਰੀਜ਼ ਡਰ ਦਾ ਮਾਰਾ ਹੀ ਕਹਿ ਦਿੰਦਾ ਹੈ ਕਿ ਮੈਂ ਫਲਾਣੇ ਦਾ ਭੂਤ ਹਾਂ ਤੇ ਇਸ ਨੂੰ ਛੱਡ ਕੇ ਜਾ ਰਿਹਾ ਹਾਂ। ਭੂਤ ਨੂੰ ਕਿਸੇ ਦੀ ਅਤ੍ਰਿਪਤ ਆਤਮਾ ਮੰਨਿਆ ਜਾਂਦਾ ਹੈ। ਜਦੋਂ ਆਤਮਾ ਮਰ ਹੀ ਨਹੀਂ ਸਕਦੀ ਤਾਂ ਤਾਂਤਰਿਕ ਵੱਲੋਂ ਕੀਤੀ ਕੁਟਾਈ ਦਾ ਭੂਤ ਉੱਤੇ ਕੀ ਅਸਰ? ਨਾਲੇ ਭੂਤ ਨੇ ਜੇ ਚੰਬੜਨਾ ਹੀ ਹੈ ਤਾਂ ਅਮਰੀਕਾ ਜਾ ਕੇ ਕਿਸੇ ਗੋਰੇ ਗੋਰੀ ਨੂੰ ਚੰਬੜੇ, ਐਵੇਂ ਗਵਾਂਢ ਦੀ ਝੁੱਗੀ ਵਿੱਚ ਕਿਸੇ ਗਰੀਬ ਔਰਤ ਨੂੰ ਚੰਬੜ ਕੇ ਗਰਮੀ ਨਾਲ ਮਰਨ ਦਾ ਕੀ ਫਾਇਦਾ?
ਤਾਂਤਰਿਕ ਲੋਕਾਂ ਨੂੰ ਕੰਮ ਸਿੱਧ ਕਰਨ, ਇਸ਼ਕ ਸਫਲ ਕਰਨ, ਦੁਸ਼ਮਣ, ਸੌਂਕਣ ਖਤਮ ਕਰਨ ਅਤੇ ਦੱਬੇ ਖਜ਼ਾਨੇ ਪੁਟਾਉਣ ਦੇ ਨਾਮ ਉੱਤੇ ਰੱਜ ਕੇ ਲੁੱਟਦੇ ਹਨ। ਕਈ ਅਖਬਾਰਾਂ ਵਿੱਚ ਲੁਧਿਆਣੇ ਦੇ ਤਾਂਤਰਿਕਾਂ ਦੇ ਇਸ਼ਤਿਹਾਰ ਆਉਂਦੇ ਹਨ ਜੋ ਸ਼ਰੇਆਮ ਦੁਸ਼ਮਣ ਨੂੰ ਖਤਮ ਕਰਨ ਦੀ ਗਰੰਟੀ ਦਿੰਦੇ ਹਨ। ਇਹਨਾਂ ਦੇ ਕਹਿਣ ਉੱਤੇ ਵਹਿਮੀ ਔਰਤਾਂ ਔਲਾਦ ਪ੍ਰਾਪਤ ਕਰਨ ਲਈ ਦੂਸਰਿਆਂ ਦੇ ਬੱਚਿਆਂ ਦੀ ਬਲੀ ਤੱਕ ਦੇ ਦਿੰਦੀਆਂ ਹਨ।
ਕਈ ਸਾਲ ਪਹਿਲਾਂ ਮੈਂ ਕਿਸੇ ਥਾਣੇ ਦਾ ਐੱਸ.ਐੱਚ.ਓ. ਲੱਗਾ ਹੋਇਆ ਸੀ। ਉੱਥੇ ਕੋਈ ਵਹਿਮੀ ਵਿਅਕਤੀ ਥਾਣੇ ਦੇ ਮੁਨਸ਼ੀ ਦਾ ਦੋਸਤ ਸੀ। ਉਸ ਨੂੰ ਕਿਸੇ ਜੋਤਸ਼ੀ ਨੇ ਭਰਮ ਪਾ ਦਿੱਤਾ ਕਿ ਤੇਰੀ ਕੁੰਡਲੀ ਵਿੱਚ ਜੇਲ ਯਾਤਰਾ ਲਿਖੀ ਹੈ, ਇਸ ਲਈ ਜਲਦੀ ਕਿਸੇ ਹਵਾਲਾਤ ਵਿੱਚ ਦੋ ਚਾਰ ਘੰਟੇ ਕੱਟ ਲੈ, ਤੇਰਾ ਕਸ਼ਟ ਟਲ ਜਾਵੇਗਾ। ਉਹ ਆਪਣੇ ਦੋਸਤ ਮੁਨਸ਼ੀ ਦੇ ਤਰਲੇ ਵਾਸਤੇ ਪਾ ਕੇ ਕੁਝ ਸਮੇਂ ਲਈ ਥਾਣੇ ਦੀ ਹਵਾਲਾਤ ਵਿੱਚ ਵੜ ਗਿਆ। ਥੋੜ੍ਹੀ ਦੇਰ ਬਾਅਦ ਹੀ ਉਸ ਮੁਨਸ਼ੀ ਦੀ ਡਿਊਟੀ ਬਦਲ ਗਈ ਤੇ ਰਾਤ ਵਾਲਾ ਮੁਨਸ਼ੀ ਆ ਗਿਆ। ਦਿਨ ਵਾਲਾ ਮੁਨਸ਼ੀ ਵਹਿਮੀ ਨੂੰ ਬਾਹਰ ਕੱਢਣਾ ਭੁੱਲ ਗਿਆ ਤੇ ਆਪਣੇ ਪਿੰਡ ਜਾ ਕੇ ਅਰਾਮ ਨਾਲ ਸੌਂ ਗਿਆ। ਵਹਿਮੀ ਰਾਤ ਨੂੰ ਚੀਕਾਂ ਮਾਰੇ ਕਿ ਮੈਂਨੂੰ ਬਾਹਰ ਕੱਢੋ। ਰਾਤ ਵਾਲਾ ਮੁਨਸ਼ੀ ਡਰਦਾ ਮਾਰਾ ਕੱਢੇ ਨਾ ਕਿ ਖੌਰੇ ਇਹ ਮੁਲਜ਼ਮ ਕਿਹੜੇ ਕੇਸ ਵਿੱਚ ਆਇਆ ਹੈ? ਵਿਚਾਰੇ ਨੂੰ ਸਾਰੀ ਰਾਤ ਹਵਾਲਾਤ ਵਿੱਚ ਮੱਛਰਾਂ-ਖਟਮਲਾਂ ਨਾਲ ਯੁੱਧ ਕਰਦੇ ਹੋਏ ਗੁਜ਼ਾਰਨੀ ਪਈ। ਵਹਿਮ ਜਿੰਨੇ ਵਧਾਈ ਜਾਉਗੇ, ਉੰਨੇ ਵਧੀ ਜਾਣਗੇ। ਇਸ ਲਈ ਆਪਣੀ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਜਾਉ, ਸਫਲਤਾ ਜਰੂਰ ਕਦਮ ਚੁੰਮੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1788)
(ਸਰੋਕਾਰ ਨਾਲ ਸੰਪਰਕ ਲਈ: