“ਘਰ ਦਾ ਸਾਰਾ ਕੂੜਾ ਅਤੇ ਹੋਰ ਗੰਦ ਮੰਦ ਸੜਕਾਂ ਉੱਤੇ ਖਿਲਾਰਦੇ ਹਾਂ ਤੇ ਫਿਰ ...”
(15 ਸਤੰਬਰ 2019)
ਭਾਰਤੀਆਂ ਦੇ ਸੁਭਾਅ ਵਿੱਚ ਸਭ ਤੋਂ ਬੁਰੀ ਆਦਤ ਹੈ ਕਿ ਕਿਸੇ ਵੀ ਚੰਗੇ ਮਾੜੇ ਵਿਅਕਤੀ ਦੀ ਨੁਕਤਾਚੀਨੀ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਚੰਗੇ ਭਲੇ ਬੰਦੇ ਵਿੱਚ ਵੀ ਕੋਈ ਨਾ ਕੋਈ ਕਮੀ ਕੱਢ ਹੀ ਲੈਂਦੇ ਹਨ। ਸਰਕਾਰੀ ਮਹਿਕਮਿਆਂ ਵਿੱਚ ਵੀ ਮਹਾਂ ਨਲਾਇਕ ਮੁਲਾਜ਼ਮ ਹਮੇਸ਼ਾ ਆਪਣੇ ਅਫਸਰ ਬਾਰੇ ਗਲਤ ਹੀ ਬੋਲਣਗੇ ਚਾਹੇ ਉਹ ਕਿੰਨਾ ਵੀ ਦਿਆਨਤਦਾਰ ਤੇ ਕਾਬਲ ਕਿਉਂ ਨਾ ਹੋਵੇ। ਸਿਆਸੀ ਲੋਕਾਂ ਦਾ ਤਾਂ ਧੰਦਾ ਹੀ ਇਸ ਕੰਮ ’ਤੇ ਚੱਲਦਾ ਹੈ। ਸਰਕਾਰ, ਆਪੋਜ਼ੀਸ਼ਨ ਪਾਰਟੀ ਅਤੇ ਵਿਰੋਧੀ ਨੇਤਾਵਾਂ ਦੀਆਂ ਕਮੀਆਂ ਪੁੱਟ ਪੁੱਟ ਕੇ ਲਿਆਉਣਗੇ। ਵੈਸੇ ਵੀ ਜੇ ਕਿਸੇ ਨੇ ਆਪਣੇ ਖਾਨਦਾਨ ਦੀ ਅਸਲੀਅਤ ਦਾ ਪਤਾ ਲਗਾਉਣਾ ਹੋਵੇ ਤਾਂ ਇੱਕ ਵਾਰ ਇਲੈਕਸ਼ਨ ਜਰੂਰ ਲੜਨੀ ਚਾਹੀਦੀ ਹੈ। ਵਿਰੋਧੀ ਤੁਹਾਡੀਆਂ ਸੱਤ ਪੀੜ੍ਹੀਆਂ ਦਾ ਇਤਿਹਾਸ ਫੋਲ ਕੇ ਦੱਸ ਦੇਣਗੇ। ਅਸਲ ਵਿੱਚ ਨੁਕਤਾਚੀਨੀ ਕਰਨੀ ਸੌਖੀ ਹੀ ਬਹੁਤ ਹੈ। ਕਿਸੇ ਵੀ ਵਿਅਕਤੀ ਦੇ ਸੈਂਕੜੇ ਨੁਕਸ ਮਿੰਟਾਂ ਵਿੱਚ ਕੱਢੇ ਜਾ ਸਕਦੇ ਹਨ।
ਜਦੋਂ ਅਸੀਂ ਘਰੋਂ ਤੁਰਦੇ ਹਾਂ ਤਾਂ ਸਿਰ ’ਤੇ ਹੈਲਮੈਟ ਜਾਂ ਕਾਰ ਦੇ ਕਾਗਜ਼ਾਤ ਨਾਲ ਰੱਖਣ ਦੀ ਬਜਾਏ ਕਿਸੇ ਰਿਸ਼ਤੇਦਾਰ ਨੇਤਾ ਜਾਂ ਪੁਲਿਸ ਵਾਲੇ ਦਾ ਫੋਨ ਨੰਬਰ ਜੇਬ ਵਿੱਚ ਰੱਖਣਾ ਜ਼ਿਆਦਾ ਜ਼ਰੂਰੀ ਸਮਝਦੇ ਹਾਂ। ਟਰੈਫਿਕ ਪੁਲਿਸ ਵਾਲੇ ਨੂੰ ਡਰਾਇਵਿੰਗ ਲਾਇਸੰਸ ਵਿਖਾਉਣ ਦੀ ਬਜਾਏ ਮੋਬਾਇਲ ਉਸ ਦੇ ਕੰਨ ਨੂੰ ਲਗਾ ਦੇਂਦੇ ਹਾਂ। ਜੇ ਹੈਲਮੈਟ ਨਾ ਪਾਉਣ ਕਾਰਨ ਸਿਰ ਫੁੱਟ ਜਾਵੇ ਜਾਂ ਉਵਰ ਸਪੀਡ ਕਰਦਿਆਂ ਸੀਟ ਬੈਲਟ ਨਾ ਲਗਾਉਣ ਕਾਰਨ ਸੱਟਾਂ ਲੱਗ ਜਾਣ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਨਾਕਸ ਟਰੈਫਿਕ ਪ੍ਰਬੰਧਾਂ ਅਤੇ ਮਾੜੀਆਂ ਸੜਕਾਂ ਕਾਰਨ ਪੁਲਿਸ/ਸਰਕਾਰ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਜੇ ਕੋਈ ਆਪਣੀ ਮਸਤੀ ਨਾਲ ਮਜ਼ੇ ਮਜ਼ੇ ਗੱਡੀ ਚਲਾ ਰਿਹਾ ਹੋਵੇ ਤਾਂ ਲੋਕ ਕਹਿਣਗੇ, “ਉਏ ਇਸ ਕੱਛੂਕੁੰਮੇ ਦੀ ਔਲਾਦ ਨੂੰ ਲਾਇਸੰਸ ਕਿਸ ਨੇ ਦੇ ਦਿੱਤਾ? ਨਾ ਆਪ ਤੁਰਦਾ ਨਾ ਕਿਸੇ ਨੂੰ ਤੁਰਨ ਦਿੰਦਾ।” ਜੇ ਕੋਈ ਅਨ੍ਹੇਵਾਹ ਗੱਡੀ ਨਠਾਈ ਜਾਵੇ ਤਾਂ ਫਿਰ, “ਹੂੰ! ਫੁਕਰਾ ਕਿਸੇ ਥਾਂ ਦਾ। ਆਪ ਤਾਂ ਮਰਨਾ, ਕਿਸੇ ਹੋਰ ਨੂੰ ਵੀ ਲੈ ਕੇ ਮਰੇਗਾ।” ਦੱਸੋ ਹੁਣ ਕੋਈ ਕੀ ਕਰੇ? ਅਸੀਂ ਹੋਰ ਕੌਮਾਂ ਨੂੰ ਭ੍ਰਿਸ਼ਟ ਕਰਨ ਵਿੱਚ ਵੀ ਕਸਰ ਨਹੀਂ ਛੱਡ ਰਹੇ। ਕੈਨੇਡਾ ਵਿੱਚ ਆਪਣੇ ਇੱਕ ਮਿੱਤਰ ਨੂੰ ਫਰੀ ਪਾਰਕਿੰਗ ਕਰਾਉਣ ਲਈ ਗਾਰਡਾਂ ਨੂੰ 5-10 ਡਾਲਰ ਦਾ ਲਾਲਚ ਦੇਣ ਦੀ ਕੋਸ਼ਿਸ਼ ਕਰਦਿਆਂ ਮੈਂ ਆਪਣੀ ਅੱਖੀਂ ਵੇਖਿਆ। ਪਰ ਇੱਕ ਵੀ ਵਿਦੇਸ਼ੀ ਨੇ ਉਸ ਦੀ ਰਿਸ਼ਵਤ ਸਵੀਕਾਰ ਨਾ ਕੀਤੀ।
ਅਸੀਂ ਰੱਜ ਕੇ ਹਵਾ-ਪਾਣੀ ਗੰਦਾ ਕਰਦੇ ਹਾਂ। ਪੂਰੀ ਬੇਸ਼ਰਮੀ ਨਾਲ ਨਹਿਰਾਂ, ਡਰੇਨਾਂ ਅਤੇ ਦਰਿਆਵਾਂ ਵਿੱਚ ਜ਼ਹਿਰ ਘੋਲਦੇ ਹਾਂ। ਉਹਨਾਂ ਨੂੰ ਪਵਿੱਤਰ ਰੱਖਣ ਦੀ ਬਜਾਏ ਘਰਾਂ ਵਿੱਚ ਆਰ.ਓ. ਲਗਾ ਕੇ ਸਾਫ ਪਾਣੀ ਪੀਣਾ ਜ਼ਿਆਦਾ ਬਿਹਤਰ ਸਮਝਦੇ ਹਾਂ। ਘਰ ਦਾ ਸਾਰਾ ਕੂੜਾ ਅਤੇ ਹੋਰ ਗੰਦ ਮੰਦ ਸੜਕਾਂ ਉੱਤੇ ਖਿਲਾਰਦੇ ਹਾਂ ਤੇ ਫਿਰ ਗੰਦਗੀ ਦਾ ਦੋਸ਼ ਪੰਚਾਇਤ ਅਤੇ ਮਿਊਂਸਪਲ ਕਮੇਟੀ ਦੇ ਸਿਰ ਮੜ੍ਹਦੇ ਹਾਂ। ਖਰੀਦਦਾਰ ਸਸਤੇ ਦੇ ਲਾਲਚ ਵਿੱਚ ਤੇ ਵਪਾਰੀ ਟੈਕਸ ਬਚਾਉਣ ਦੇ ਚੱਕਰ ਵਿੱਚ ਬਿੱਲ ਨਹੀਂ ਕੱਟਦੇ। ਇੱਕ ਦੂਸਰੇ ਨੂੰ ਲੁੱਟਣ ਦੇ ਚੱਕਰ ਵਿੱਚ ਦੇਸ਼ ਨੂੰ ਲੁੱਟੀ ਜਾਂਦੇ ਹਨ। ਜਦੋਂ ਬਿਨਾਂ ਬਿੱਲ ਦੀ ਵਸਤੂ ਖਰਾਬ ਨਿਕਲਣ ’ਤੇ ਵਪਾਰੀ ਵਾਪਸ ਨਹੀਂ ਕਰਦਾ ਤੇ ਨਾ ਹੀ ਕੰਜ਼ਿਊਮਰ ਕੋਰਟ ਸੁਣਦੇ ਹਨ, ਤਾਂ ਦੋਸ਼ ਫਿਰ ਸਰਕਾਰ ਦੇ ਸਿਰ ਥੋਪਿਆ ਜਾਂਦਾ ਹੈ। ਲੁੱਟਣ ਵਾਲੇ ਵੀ ਪੰਜਾਬੀ ਤੇ ਲੁਟਾਉਣ ਵਾਲੇ ਵੀ ਪੰਜਾਬੀ। ਸਾਡੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਬਦਲਣ ਦੀ ਬਜਾਏ ਬੇਗਾਨਿਆਂ ਦੇ ਬਦਲਣ ਦੀ ਆਸ ਜ਼ਿਆਦਾ ਰੱਖਦੇ ਹਾਂ। ਜਦੋਂ ਤੱਕ ਅਸੀਂ ਦੂਸਰਿਆਂ ਦੀ ਨੁਕਤਾਚੀਨੀ ਕਰਨ ਦੀ ਬਜਾਏ ਆਪਣੇ ਨੁਕਸ ਨਹੀਂ ਵੇਖਦੇ, ਸਮਾਜ ਕਦੇ ਵੀ ਸੁਧਰ ਨਹੀਂ ਸਕਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1736)
(ਸਰੋਕਾਰ ਨਾਲ ਸੰਪਰਕ ਲਈ: