“ਜਦੋਂ ਲੋਕਾਂ ਵਿੱਚ ਹਾਹਾਕਾਰ ਮਚ ਗਈ ਤਾਂ ਅਸੀਂ ਅਜਿਹੇ ਕਈ ਜਮ੍ਹਾਂਖੋਰਾਂ ’ਤੇ ਮੁਕੱਦਮੇ ...”
(19 ਜਨਵਰੀ 2026)
ਇਸ ਵਾਰ ਪੰਜਾਬ ਵਿੱਚ ਜਦੋਂ ਹੜ੍ਹ ਆਏ ਸਨ ਤਾਂ ਲੋਕਾਂ ਨੇ ਸਹਾਇਤਾ ਵਾਲੀ ਕਮਾਲ ਕਰ ਦਿੱਤੀ ਸੀ। ਸਮਾਜ ਸੇਵੀ ਸੰਸਥਾਵਾਂ ਨੇ ਐਨੀ ਮਦਦ ਕੀਤੀ ਕਿ ਹੜ੍ਹ ਪੀੜਿਤਾਂ ਨੂੰ ਸਮਾਨ ਸੰਭਾਲਣਾ ਮੁਸ਼ਕਿਲ ਹੋ ਗਿਆ ਸੀ। ਇਹ ਸੇਵਾ ਅਜੇ ਵੀ ਖਾਦਾਂ, ਤੇਲ, ਬੀਜਾਂ ਅਤੇ ਟਰੈਕਟਰਾਂ ਦੇ ਰੂਪ ਵਿੱਚ ਜਾਰੀ ਹੈ। ਪਰ ਦੂਸਰੇ ਪਾਸੇ ਕੁਝ ਅਜਿਹੇ ਵੀ ਲੋਕ ਹਨ ਜੋ ਅਜਿਹੀਆਂ ਮੁਸੀਬਤਾਂ ਸਮੇਂ ਫਾਇਦਾ ਕਮਾਉਣ ਲਈ ਸਰਗਰਮ ਹੋ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਕਸ਼ਮੀਰ ਦੇ ਪ੍ਰਸਿੱਧ ਟੂਰਿਸਟ ਸਥਾਨ ਪਹਿਲਗਾਮ ਦੇ ਨਜ਼ਦੀਕ ਅੱਤਵਾਦੀਆਂ ਨੇ ਹਮਲਾ ਕਰ ਕੇ 26 ਮਾਸੂਮ ਸੈਲਾਨੀਆਂ ਦਾ ਕਤਲ ਕਰ ਦਿੱਤਾ ਸੀ। ਅਜਿਹੇ ਮੌਕੇ ਕਈ ਜ਼ਿੰਦਾ ਜ਼ਮੀਰ ਵਾਲੇ ਲੋਕ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਦੀ ਮਦਦ ਲਈ ਅੱਗੇ ਆਏ ਤੇ ਉਨ੍ਹਾਂ ਵਾਸਤੇ ਲੰਗਰ, ਰਿਹਾਇਸ਼ ਅਤੇ ਡਾਕਟਰੀ ਇਲਾਜ ਦਾ ਪ੍ਰਬੰਧ ਕੀਤਾ। ਪਰ ਕੁਝ ਬੇਜ਼ਮੀਰੇ a ਤੇ ਪੱਥਰ ਦਿਲ ਲੋਕਾਂ ਨੇ ਇਸ ਆਫਤ ਵੇਲੇ ਵੀ ਫਾਇਦਾ ਉਠਾਉਣ ਤੋਂ ਸ਼ਰਮ ਹਯਾ ਨਹੀਂ ਸੀ ਕੀਤੀ। ਇਸ ਕੌਮੀ ਆਫਤ ਵੇਲੇ ਸਭ ਤੋਂ ਜ਼ਿਆਦਾ ਬੇਸ਼ਰਮੀ ਏਅਰਲਾਈਨਾਂ ਨੇ ਵਿਖਾਈ ਸੀ। ਜਦੋਂ ਇਹ ਅੱਤਵਾਦੀ ਹਮਲਾ ਹੋਇਆ ਤਾਂ ਉਸ ਵੇਲੇ ਭਾਰੀ ਬਾਰਸ਼ਾਂ ਕਰ ਕੇ ਹੋਈ ਲੈਂਡਸਲਾਈਡ ਕਾਰਨ ਜੰਮੂ ਅਤੇ ਸ੍ਰੀ ਨਗਰ ਰਾਸ਼ਟਰੀ ਰਾਜ ਮਾਰਗ ਬੰਦ ਹੋ ਗਿਆ ਸੀ। ਡਰੇ ਹੋਏ ਸੈਲਾਨੀ ਜਲਦੀ ਤੋਂ ਜਲਦੀ ਕਸ਼ਮੀਰ ਛੱਡ ਕੇ ਆਪਣੇ ਘਰ ਪਹੰਚਣਾ ਚਾਹੁੰਦੇ ਸਨ। ਏਅਰਲਾਈਨਾਂ ਨੇ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਇਆ ਅਤੇ ਕਿਰਾਏ ਦਸ ਗੁਣਾ ਤਕ ਵਧਾ ਦਿੱਤੇ। ਸ੍ਰੀਨਗਰ ਤੋਂ ਜ਼ਿਆਦਾ ਟਰੈਫਿਕ ਵਾਲੇ ਸ਼ਹਿਰਾਂ ਜਿਵੇਂ ਦਿੱਲੀ, ਕੋਲਕੱਤਾ ਅਤੇ ਮੁੰਬਈ ਆਦਿ ਵਾਸਤੇ ਤਾਂ 5000 ਰੁਪਏ ਵਾਲੀ ਟਿਕਟ 50,000 ਰੁਪਏ ਤਕ ਵੇਚੀ ਗਈ। ਜਦੋਂ ਇਸ ਗੱਲ ਦਾ ਅਖਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਰੌਲਾ ਪਿਆ ਤਾਂ ਕੇਂਦਰੀ ਹਵਾਬਾਜ਼ੀ ਮੰਤਰੀ ਨੇ ਏਅਰਲਾਈਨਾਂ ਨੂੰ ਡਾਂਟ ਮਾਰੀ ਪਰ ਕੋਈ ਫਰਕ ਨਾ ਪਿਆ।
ਜਿਸ ਵੇਲੇ ਸਾਰਾ ਦੇਸ਼ ਕਰੋਨਾ ਦੇ ਕਹਿਰ ਨਾਲ ਜੂਝ ਰਿਹਾ ਸੀ, ਉਸ ਵੇਲੇ ਵੀ ਅਨੇਕਾਂ ਲਾਲਚੀ ਲੋਕ ਪੀੜਿਤਾਂ ਦੀ ਮਦਦ ਕਰਨ ਦੀ ਬਜਾਏ ਮਰੀਜ਼ਾਂ ਦੇ ਇਲਾਜ ਲਈ ਬੇਹੱਦ ਜ਼ਰੂਰੀ ਆਕਸੀਜਨ ਅਤੇ ਰੈਮੀਡੀਸੀਵੀਅਰ ਦਵਾਈ ਦੀ ਕਾਲਾਬਜ਼ਾਰੀ ਕਰਨ ਵਿੱਚ ਰੁੱਝੇ ਹੋਏ ਸਨ। ਇੱਕ ਪਾਸੇ ਤਾਂ ਕਈ ਧਾਰਮਿਕ ਸਥਾਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਕਸੀਜਨ ਦੇ ਫਰੀ ਲੰਗਰ ਲਾਏ ਜਾਣ ਦੀਆਂ ਖਬਰਾਂ ਆ ਰਹੀਆਂ ਸਨ ਤੇ ਦੂਸਰੇ ਪਾਸੇ ਅੱਠ ਦਸ ਹਜ਼ਾਰ ਦੀ ਕੀਮਤ ਵਾਲਾ ਆਕਸੀਜਨ ਦਾ ਸਿਲੰਡਰ ਇੱਕ ਲੱਖ ਰੁਪਏ ਅਤੇ ਤਿੰਨ ਚਾਰ ਹਜ਼ਾਰ ਦੀ ਕੀਮਤ ਵਾਲਾ ਰੈਮਡੈਸੀਵੀਅਰ ਦਾ ਟੀਕਾ ਪੈਂਤੀ ਚਾਲੀ ਹਜ਼ਾਰ ਤਕ ਵੇਚਣ ਵਰਗੀਆਂ ਘਟੀਆ ਕਰਤੂਤਾਂ ਕੀਤੀਆਂ ਜਾ ਰਹੀਆਂ ਸਨ। ਮਰਨ ਕਿਨਾਰੇ ਪਏ ਆਪਣੇ ਪਿਆਰਿਆਂ ਨੂੰ ਬਚਾਉਣ ਖਾਤਰ ਵਾਰਸ ਕੋਈ ਵੀ ਕੀਮਤ ਦੇਣ ਨੂੰ ਤਿਆਰ ਸਨ। ਪਰ ਕਾਲਾਬਜ਼ਾਰੀ ਕਰਨ ਵਾਲਿਆਂ ਲਈ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਹੈ, ਇਹ ਸਿਰਫ ਆਪਣਾ ਮੁਨਾਫਾ ਦੇਖਦੇ ਹਨ।
ਉਸ ਵੇਲੇ ਪ੍ਰਵਾਸੀ ਮਜ਼ਦੂਰਾਂ ਨੂੰ ਯੂ.ਪੀ.-ਬਿਹਾਰ ਲੈ ਕੇ ਜਾਣ ਵਾਲੀਆਂ ਅਨੇਕਾਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਵਾਲੇ ਰੱਜ ਕੇ ਗਰੀਬ ਪ੍ਰਵਾਸੀਆਂ ਖੂਨ ਨਿਚੋੜ ਰਹੇ ਸਨ। ਸਧਾਰਨ ਨਾਲੋਂ ਦੁੱਗਣਾ ਤਿੱਗਣਾ ਕਿਰਾਇਆ ਲੈ ਕੇ ਵੀ ਪ੍ਰਵਾਸੀਆਂ ਨੂੰ ਬੱਸਾਂ ਵਿੱਚ ਮੁਰਗਿਆਂ ਵਾਂਗ ਤੂਸ ਕੇ ਲਿਜਾਇਆ ਜਾ ਰਿਹਾ ਸੀ। 2010 ਵੇਲੇ ਜਦੋਂ ਲੱਦਾਖ ਵਿੱਚ ਹੜ੍ਹ ਆਏ ਸਨ ਤਾਂ ਉੱਥੇ ਫਸੇ ਹੋਏ ਸੈਲਾਨੀਆਂ ਨੂੰ ਕੱਢਣ ਸਮੇਂ ਵੀ ਏਅਰਲਾਈਨਾਂ ਨੇ ਕਮਾਲ ਦੀ ਬੇਸ਼ਰਮੀ ਵਿਖਾਈ ਸੀ। ਲੋਕਾਂ ਦੀ ਮਦਦ ਕਰਨ ਦੀ ਬਜਾਏ ਕਿੰਗਫਿਸ਼ਰ ਅਤੇ ਏਅਰ ਇੰਡੀਆ ਵਰਗੀਆਂ ਕਈ ਕੰਪਨੀਆਂ ਨੇ ਟਿਕਟਾਂ ਦਾ ਰੇਟ ਕਈ ਗੁਣਾ ਵਧਾ ਦਿੱਤਾ ਸੀ। ਉਹ ਗੱਲ ਵੱਖਰੀ ਹੈ ਕਿ ਐਨੀ ਕਮੀਨਗੀ ਵਿਖਾਉਣ ਦੇ ਬਾਵਜੂਦ ਵੀ ਕਿੰਗਫਿਸ਼ਰ ਬੰਦ ਹੋ ਚੁੱਕੀ ਹੈ ਤੇ ਏਅਰ ਇੰਡੀਆ ਦਿਵਾਲੀਆ ਹੋਣ ਕਾਰਨ ਟਾਟਾ ਨੂੰ ਵਿਕ ਚੁੱਕੀ ਹੈ।
1988 ਅਤੇ 1993 ਵਿੱਚ ਪੰਜਾਬ ਵਿੱਚ ਭਿਆਨਕ ਹੜ੍ਹ ਆਏ ਸਨ। ਸਮਾਜ ਸੇਵੀ ਸੰਸਥਾਵਾਂ ਨੇ ਪੀੜਿਤ ਲੋਕਾਂ ਦੀ ਅਥਾਹ ਸੇਵਾ ਕੀਤੀ ਸੀ ਪਰ ਉਸ ਸਮੇਂ ਵੀ ਜਮ੍ਹਾਂਖੋਰਾਂ ਨੇ ਰੱਜ ਕੇ ਮੁਨਾਫਾ ਕਮਾਇਆ ਸੀ। ਰਾਤੋ ਰਾਤ ਖੰਡ ਪੱਤੀ ਅਤੇ ਹੋਰ ਜ਼ਰੂਰੀ ਨਿੱਤ ਪ੍ਰਤੀ ਦੀ ਵਰਤੋਂ ਵਾਲੀਆਂ ਵਸਤੂਆਂ ਦੇ ਰੇਟ ਕਈ ਗੁਣਾ ਚੁੱਕ ਦਿੱਤੇ ਸਨ।
1993 ਵਿੱਚ ਪਟਿਆਲਾ, ਸੰਗਰੂਰ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਘੱਗਰ ਨਦੀ ਨੇ ਹੜ੍ਹਾਂ ਕਾਰਨ ਤਬਾਹੀ ਮਚਾ ਦਿੱਤੀ ਸੀ। ਮੈਂ ਉਸ ਵੇਲੇ ਇੱਕ ਥਾਣੇ ਵਿੱਚ ਐੱਸ.ਐੱਚ.ਓ. ਲੱਗਾ ਹੋਇਆ ਸੀ। ਇੱਕ ਪਾਸੇ ਸਮਾਜ ਸੇਵੀ ਪੀੜਿਤਾਂ ਲਈ ਮਦਦ ਭੇਜ ਰਹੇ ਸਨ ਪਰ ਦੂਸਰੇ ਪਾਸੇ ਕਈ ਦੁਕਾਨਦਾਰਾਂ ਨੇ ਪ੍ਰਚੂਨ ਵਸਤੂਆਂ ਦੇ ਰੇਟ ਦੂਣੇ ਕਰ ਦਿੱਤੇ ਤੇ ਸਭ ਤੋਂ ਜ਼ਰੂਰੀ ਵਸਤੂ ਤਰਪਾਲ ਨੂੰ ਤਾਂ ਬਜ਼ਾਰ ਵਿੱਚੋਂ ਗਾਇਬ ਹੀ ਕਰ ਦਿੱਤਾ ਸੀ। ਜਦੋਂ ਲੋਕਾਂ ਵਿੱਚ ਹਾਹਾਕਾਰ ਮਚ ਗਈ ਤਾਂ ਅਸੀਂ ਅਜਿਹੇ ਕਈ ਜਮ੍ਹਾਂਖੋਰਾਂ ’ਤੇ ਮੁਕੱਦਮੇ ਦਰਜ਼ ਕੀਤੇ ਤਾਂ ਜਾ ਕੇ ਹਾਲਾਤ ਵਿੱਚ ਸੁਧਾਰ ਆਇਆ ਸੀ। ਅਜਿਹੇ ਲੋਕਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਇਨਸਾਨੀ ਗਿਰਝਾਂ (ਹਿਊਮਨ ਵਲਚਰ) ਮੱਧ ਕਾਲ ਸਮੇਂ ਯੂਰਪ ਵਿੱਚ ਇਜਾਦ ਹੋਇਆ ਸੀ। ਉਸ ਸਮੇਂ ਹਜ਼ਾਰਾਂ ਲੋਕਾਂ ਦੇ ਅਜਿਹੇ ਗਰੋਹ ਸਾਰੇ ਯੂਰਪ ਵਿੱਚ ਫੈਲੇ ਹੋਏ ਸਨ, ਜੋ ਫੌਜਾਂ ਦੇ ਪਿੱਛੇ ਪਿੱਛੇ ਚਲਦੇ ਸਨ। ਮੱਧ ਕਾਲ ਯੂਰਪ ਵਿੱਚ ਅਸ਼ਾਂਤੀ ਦਾ ਕਾਲ ਸੀ ਤੇ ਕਈ ਦੇਸ਼ਾਂ ਦਰਮਿਆਨ ਲਗਾਤਾਰ ਯੁੱਧ ਚੱਲ ਰਹੇ ਸਨ। ਜੰਗ ਖਤਮ ਹੋਣ ਤੋਂ ਬਾਅਦ ਇਨਸਾਨੀ ਗਿਰਝਾਂ ਜੰਗ ਦੇ ਮੈਦਾਨ ਵਿੱਚ ਪਹੁੰਚ ਜਾਂਦੀਆਂ ਤੇ ਜ਼ਖਮੀ ਫੌਜੀਆਂ ਦੀ ਸਾਂਭ ਸੰਭਾਲ ਅਤੇ ਮ੍ਰਿਤਕਾਂ ਨੂੰ ਦਫਨਾਉਣ ਵਿੱਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਦਾ ਸਮਾਨ ਚੋਰੀ ਕਰ ਲੈਂਦੀਆਂ ਸਨ। ਫਰਾਂਸ ਦੇ ਬਾਦਸ਼ਾਹ ਲੂਈ ਚੌਧਵੇਂ (ਸ਼ਾਸਨ 1643 ਤੋਂ 1715 ਈਸਵੀ) ਸਮੇਂ ਇਹ ਵਰਤਾਰਾ ਐਨਾ ਵਧ ਗਿਆ ਸੀ ਕਿ ਇਸਦੀ ਰੋਕਥਾਮ ਲਈ ਫਰਾਂਸ ਦੀ ਫੌਜ ਨੇ ਅਜਿਹੀਆਂ ਹਜ਼ਾਰਾਂ ਗਿਰਝਾਂ ਨੂੰ ਸੂਲੀ ’ਤੇ ਲਟਕਾ ਦਿੱਤਾ ਸੀ। ਆਧੁਨਿਕ ਗਿਰਝਾਂ ਨਾਲ ਵੀ ਕਾਨੂੰਨ ਅਨੁਸਾਰ ਸਖਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































