ShingaraSDhillon7ਇਹ ਇੱਕ ਘਟਨਾ ਜਿੱਥੇ ਮੇਰੇ ਮਨ ਮਸਤਕ ਅੰਦਰਲੀਆਂ ਕਈ ਤਾਰਾਂ ਛੇੜ ਗਈਉੱਥੇ ਇਸਦੇ ਨਾਲ ਹੀ ...
(31 ਜਨਵਰੀ 2022)

 

(1)       ਕਾਰ ’ਚ ਐਕਸੀਅਨ ਸਾਹਿਬ ਬੈਠੇ ਹਨ

ਆਪਣੀ ਹੁਣਵੀ ਪੰਜਾਬ ਫੇਰੀ ਦੌਰਾਨ ਫਰੀਦਕੋਟ ਤੋਂ ਫਗਵਾੜਾ ਜਾਣ ਵਾਸਤੇ ਟੈਕਸੀ ਕੀਤੀਟੈਕਸੀ ਡਰਾਇਵਰ, ਜਿਸ ਨੇ ਕਰੜ ਬਰੜੀ ਖਸਖਸੀ ਦਾੜ੍ਹੀ ਰੱਖੀ ਹੋਈ ਸੀ, ਦੇਖਣ ਪਾਖਣ ਨੂੰ ਬਿਲਕੁਲ ਬਿਜਲੀ ਮਹਿਕਮੇ ਦਾ ਕੋਈ ਕਰਮਚਾਰੀ ਲਗਦਾ ਸੀਕਾਰ ਦੀ ਸਵਾਰੀ ਕਰਨ ਵੇਲੇ ਮੈਂਨੂੰ ਉਸ ਨੇ ਇਹ ਕਹਿਕੇ ਪਿਛਲੀ ਸੀਟ ’ਤੇ ਬੈਠਣ ਵਾਸਤੇ ਕਿਹਾ ਕਿ ਉੱਥੇ ਬਿਨਾ ਸੀਟ ਬੈਲਟ ਪਹਿਨਿਆ ਅਰਾਮ ਨਾਲ ਬੈਠਿਆ ਜਾ ਸਕੇਗਾ, ਪਰ ਮੈਂ ਉਸ ਨੂੰ ਕਿਹਾ ਕਿ ਸੀਟ ਬੈਲਟ ਤਾਂ ਆਪਣੀ ਸੇਫਟੀ ਵਾਸਤੇ ਲਾਉਣੀ ਹੁੰਦੀ ਹੈ ਤੇ ਮੈਂ ਅਗਲੀ ਸੀਟ ’ਤੇ ਬੈਠਣਾ ਪਸੰਦ ਕਰਦਾ ਹਾਂ ਤਾਂ ਕਿ ਸਫਰ ਦੌਰਾਨ ਤੁਹਾਡੇ ਨਾਲ ਗੱਲ-ਬਾਤ ਕਰਕੇ ਲੰਮੇ ਸਫਰ ਦੌਰਾਨ ਸਫਰ ਦੀ ਬੋਝਲਤਾ ਤੋਂ ਬਚ ਸਕਾਂ

ਸਾਰਾ ਰਸਤਾ ਪੰਜਾਬ ਵਿੱਚ ਅਗਲੇ ਮਹੀਨੇ ਆ ਰਹੀਆਂ ਚੋਣਾਂ ਬਾਰੇ ਤੇ ਪੰਜਾਬ ਦੇ ਤਾਜ਼ਾ ਹਾਲਾਤ ਬਾਰੇ ਗੱਲਬਾਤ ਚਲਦੀ ਰਹੀਡਰਾਇਵਰ ਗੱਲਬਾਤ ਕਰਦਾ ਰਿਹਾ ਤੇ ਮੈਂ ਇੱਕ ਵਧੀਆ ਸਰੋਤਾ ਬਣਕੇ ਸੁਣਦਾ ਰਿਹਾਪਤਾ ਨਹੀਂ ਕਿਉਂ, ਡਰਾਇਵਰ ਨੂੰ ਇੰਜ ਲੱਗ ਰਿਹਾ ਸੀ ਕਿ ਮੈਂ ਕਿਸੇ ਸਰਕਾਰੀ ਵਿਭਾਗ ਦਾ ਕੋਈ ਵੱਡਾ ਅਫਸਰ ਹਾਂ, ਜਿਸ ਕਰਕੇ ਉਹ ਪੰਜਾਬ ਬਾਰੇ ਗੱਲਬਾਤ ਕਰਦਾ ਕਦੇ ਕਦੇ ਮੈਂਨੂੰ ਇਹ ਵੀ ਪੁੱਛ ਲੈਂਦਾ ਕਿ ਬਾਬੂ ਜੀ, ਤੁਸੀਂ ਕੀ ਕੰਮ ਕਰਦੇ ਹੋ? ਤੇ ਮੈਂ ਆਨੇ ਬਹਾਨੇ ਕਰਕੇ ਉਸ ਨੂੰ ਟਾਲ਼ ਜਾਂਦਾ ਤੇ ਇਸਦੇ ਨਾਲ ਹੀ ਇਹ ਵੀ ਖਿਆਲ ਰੱਖਦਾ ਕਿ ਅੰਗਰੇਜ਼ੀ ਦਾ ਕੋਈ ਲਫ਼ਜ਼ ਨਾ ਬੋਲਾਂ ਤਾਂ ਕਿ ਉਸ ਨੂੰ ਮੇਰੇ ਐੱਨ ਆਰ ਆਈ ਹੋਣ ਦਾ ਕਿਧਰੇ ਸ਼ੱਕ ਨਾ ਪੈ ਜਾਵੇ

ਕਾਰ ਸਰਪੱਟ ਦੌੜਦੀ ਰਹੀ। ਡਰਾਇਵਰ ਦੀ ਵਾਰਤਾਲਾਪ ਚਲਦੀ ਰਹੀ। ਪਹਿਲਾ ਟੋਲ ਨਾਕਾ ਆਉਣ ’ਤੇ ਕਾਰ ਹੌਲੀ ਹੋਈ, ਨਾਕੇ ’ਤੇ ਖੜ੍ਹੇ ਮੁਲਾਜ਼ਮ ਨੇ ਬੈਰੀਕੇਡ ਖਿੱਚਿਆ, ਕਾਰ ਰੁਕ ਗਈ। ਜਦ ਮੁਲਾਜ਼ਮ ਨੇ ਟੋਲ ਅਦਾ ਕਰਨ ਦੀ ਮੰਗ ਕੀਤੀ ਤਾਂ ਡਰਾਇਵਰ ਨੇ ਉਸ ਨੂੰ ਦੱਸਿਆ ਕਿ ਉਸ ਦੇ ਨਾਲ ਐਕਸੀਅਨ ਸਾਹਿਬ ਬੈਠੇ ਹਨ। ਡਰਾਇਵਰ ਦਾ ਇਹ ਉੱਤਰ ਸੁਣਕੇ ਟੋਲ ਮੁਲਾਜ਼ਮ ਨੇ ਫਟਾਫਟ ਨਾਕੇ ਵਾਲਾ ਬੈਰੀਕੇਡ ਖੋਲ੍ਹ ਦਿੱਤਾ।

ਕਾਰ ਦੁਬਾਰਾ ਰਫ਼ਤਾਰ ਫੜਕੇ ਹਵਾ ਨਾਲ ਗੱਲਾਂ ਕਰਨ ਲੱਗੀਇਸਦੇ ਨਾਲ ਹੀ ਡਰਾਇਵਰ ਨੇ ਪੰਜਾਬ ਮਸਲੇ ’ਤੇ ਆਪਣੀ ਗੱਲਬਾਤ ਦੁਬਾਰਾ ਸ਼ੁਰੂ ਕਰ ਦਿੱਤੀਫਗਵਾੜੇ ਤਕ ਪਹੁੰਚਦਿਆਂ ਉਸ ਨੇ ਪੰਜ ਦੇ ਲਗਭਗ ਟੋਲ ਨਾਕੇ ਪਾਸ ਕੀਤੇ ਤੇ ਹਰ ਨਾਕੇ ਟੋਲ ਟੈਕਸ ਅਦਾ ਕਰਨ ਦੀ ਬਜਾਏ ਨਾਕੇ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਇੱਕ ਹੀ ਉੱਤਰ ਦਿੱਤਾ ਕਿ ਕਾਰ ਵਿੱਚ ‘ਐਕਸੀਅਨ ਸਾਹਿਬ ਬੈਠੇ ਹਨ’ ਇੱਕ ਟੋਲ ਨਾਕੇ ’ਤੇ ਤਾਇਨਾਤ ਮੁਲਾਜ਼ਮ ਨੇ ਜਦ ਟੈਕਸੀ ਡਰਾਇਵਰ ਤੋਂ ਇਹ ਪੁੱਛਿਆ ਕਿ ਕਿਹੜੇ ਮਹਿਕਮੇ ਦੇ ਐਕਸੀਅਨ ਸਾਹਿਬ ਕਾਰ ਵਿੱਚ ਬੈਠੇ ਹਨ ਤਾਂ ਉਸ ਨੇ ਘਬਰਾਏ ਹੋਏ ਨੇ ਪੀ ਡਬਲਿਊ ਡੀ ਕਹਿਣ ਦੀ ਬਜਾਏ ਪੀ ਡੀ ਡਬਲਿਊ ਡਿਪਾਰਟਮੈਂਟ ਕਹਿ ਦਿੱਤਾ ਤੇ ਅੱਗੇ ਟੋਲ ਨਾਕੇ ਵਾਲਾ ਮੁਲਾਜ਼ਮ ਪੂਰਬੀਆ ਹੋਣ ਕਰਕੇ ਉਸ ਦੀ ਪੰਜਾਬੀ ਤੋਂ ਅਣਜਾਣ ਹੋਣ ਕਰਕੇ ਫਟਾਫਟ ਇੱਕ ਨਜ਼ਰ ਮੇਰੇ ਵੱਲ ਦੇਖਕੇ ਬੈਰੀਕੇਡ ਉੱਪਰ ਚੁੱਕਕੇ ਕੇ ਲੰਘ ਜਾਣ ਦਾ ਇਸ਼ਾਰਾ ਕਰ ਗਿਆਇੱਕ ਹੋਰ ਨਾਕੇ ’ਤੇ ਤਾਇਨਾਤ ਮੁਲਾਜ਼ਮ ਨੇ ਮੇਰੀ ਟੈਕਸੀ ਦੇ ਡਰਾਇਵਰ ਨੂੰ ਜਦ ਇਹ ਕਿਹਾ ਕਿ ਐਕਸੀਅਨ ਸਾਹਿਬ ਆਪਣਾ ਆਈ ਡੀ ਕਾਰਡ ਦਿਖਾਉਣ ਤਾਂ ਡਰਾਇਵਰ ਨੇ ਉਸ ਨੂੰ ਝਿੜਕ ਦਿੱਤਾ ਕਿ ਅਫਸਰ ਤੋਂ ਨਾ ਹੀ ਆਈ ਡੀ ਮੰਗੀਦੀ ਹੈ ਤੇ ਨਾ ਹੀ ਉਹ ਦਿਖਾਉਂਦੇ ਹਨਰਸਤੇ ਵਿੱਚ ਮੈਂ ਡਰਾਇਵਰ ਨੂੰ ਆਪਣੇ ਮਨ ਦੀ ਤਸੱਲੀ ਵਾਸਤੇ ਜਦ ਇਹ ਪੁੱਛਿਆ ਕਿ ਪੀ ਡਬਲਿਊ ਡੀ ਦਾ ਕੀ ਭਾਵ ਹੁੰਦਾ ਹੈ ਤਾਂ ਉਸ ਨੇ ਪਟੱਕ ਦੇ ਕੇ ਜਵਾਬ ਦਿੱਤਾ, “ਇਹ ਸੜਕਾਂ ਬਣਾਉਣ ਵਾਲਾ ਮਹਿਕਮਾ ਹੁੰਦਾ ਹੈ ਤੇ ਟੋਲ ਟੈਕਸ ਇਹਨਾਂ ਦੇ ਘੇਰੇ ਵਿੱਚ ਹੀ ਆਉਂਦਾ ਹੈ।”

ਜਦ ਫਿਰ ਮੈਂ ਐਕਸੀਅਨ ਦਾ ਅਰਥ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਐਕਸੀਅਨ, ਪੀ ਡਬਲਿਊ ਡੀ ਮਹਿਕਮੇ ਦਾ ਵੱਡਾ ਅਫਸਰ ਹੁੰਦਾ ਹੈ।”

ਮੰਜ਼ਿਲ ’ਤੇ ਪਹੁੰਚਕੇ ਟੈਕਸੀ ਡਰਾਇਵਰ ਨੇ ਮੇਰਾ ਸਮਾਨ ਉਤਾਰਦਿਆਂ ਹੋਇਆ ਮੇਰਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ, “ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀ ਵਜਾਹ ਨਾਲ ਅੱਜ ਮੇਰਾ ਲਗਭਗ ਪੂਰਾ ਇੱਕ ਹਜ਼ਾਰ ਰੁਪਇਆ ਬਚ ਗਿਆ।”

ਉਸ ਦੇ ਇਹ ਬੋਲ ਸੁਣਕੇ ਮੈਂ ਉਸ ਨੂੰ ਕਿਹਾ ਕਿ ਤੁਹਾਡੇ ਪੈਸੇ ਬਚਾਉਣ ਵਿੱਚ ਮੇਰਾ ਤਾਂ ਕੋਈ ਯੋਗਦਾਨ ਹੀ ਨਹੀਂ। ਉਸ ਨੇ ਉੱਤਰ ਦਿੱਤਾ, “ਦਿੱਖ ਤੇ ਡੀਲ ਡੌਲ ਤੋਂ ਤੁਸੀਂ ਕੋਈ ਵੱਡੇ ਅਫਸਰ ਲੱਗਦੇ ਹੋ।”

ਮੈਂ ਉਸ ਦੇ ਇਸ ਜਵਾਬ ਦਾ ਸਿਰ ਹਿਲਾ ਕੇ ਜਵਾਬ ਦੇ ਕੇ ਆਪਣੇ ਮੇਜ਼ਬਾਨ ਦੇ ਘਰ ਅੰਦਰ ਪਰਵੇਸ਼ ਕਰ ਗਿਆ ਤੇ ਨਾਲ ਹੀ ਇਹ ਸੋਚ ਰਿਹਾ ਸੀ ਕਿ ਜੇਕਰ ਮੈਂ ਆਪਣੇ ਟੈਕਸੀ ਡਰਾਇਵਰ ਦਾ ਕਿਹਾ ਮੰਨਕੇ ਸੱਚਮੁੱਚ ਹੀ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਹੁੰਦਾ ਤਾਂ ਉਸ ਨੂੰ ਸ਼ਾਇਦ ਟੋਲ ਨਾਕਿਆਂ ਤੋਂ ਬਿਨਾ ਟੈਕਸ ਅਦਾ ਕੀਤਿਆਂ ਲੰਘਣ ਵਿੱਚ ਹੋਰ ਵੀ ਅਸਾਨੀ ਹੁੰਦੀਉਂਜ ਕੁਝ ਵੀ ਹੈ, ਹੁਣ ਜਦ ਵੀ ਮੈਂ ਉਸ ਡਰਾਇਵਰ ਬਾਰੇ ਸੋਚਦਾ ਹਾਂ ਤਾਂ “ਐਕਸੀਅਨ ਸਾਹਿਬ” ਵਾਲੀ ਫੀਲਿੰਗ ਲੈ ਕੇ ਮੈਂਨੂੰ ਇੱਕ ਬੜਾ ਅਜੀਬ ਜਿਹਾ ਅਹਿਸਾਸ ਤੇ ਆਨੰਦ ਆਉਂਦਾ ਹੈ ਤੇ ਇਸਦੇ ਨਾਲ ਹੀ ਮੇਰੀ ਵਜ੍ਹਾ ਨਾਲ ਇੱਕ ਮਿਹਨਤਕਸ਼ ਦੇ ਬੱਚਤ ਹੋਏ ਇੱਕ ਹਜ਼ਾਰ ਰੁਪਏ ’ਤੇ ਤਸੱਲੀ ਤੇ ਨਾਲ ਟੋਲ ਟੈਕਸ ਮਹਿਕਮੇ ਨਾਲ ਮੇਰੇ ਕਾਰਨ ਹੋਈ ਠੱਗੀ ’ਤੇ ਸ਼ਰਮਿੰਦਗੀ ਦਾ ਅਹਿਸਾਸ ਵੀ ਹੁੰਦਾ ਹੈਇਸਦੇ ਨਾਲ ਹੀ ਡਰਾਇਵਰ ਦੁਆਰਾ ਬੇਬਾਕੀ ਨਾਲ ਕੀਤੀ ਗਈ ਹੇਰਾ ਫੇਰੀ ਬਾਰੇ ਜਦ ਮੈਂ ਸੋਚਦਾ ਹਾਂ ਤਾਂ ਉਸ ਦੁਆਰਾ ਝੂਠ ਬੋਲਣ ਸਮੇਂ ਦਿਖਾਈ ਗਈ ਬੇਬਾਕੀ ਤੇ ਆਤਮ ਵਿਸ਼ਵਾਸ ਦੀ ਦਾਦ ਦੇਣ ਨੂੰ ਵੀ ਮਨ ਕਰਦਾ ਹੈਦਰਅਸਲ ਇਹ ਇੱਕ ਘਟਨਾ ਜਿੱਥੇ ਮੇਰੇ ਮਨ ਮਸਤਕ ਅੰਦਰਲੀਆਂ ਕਈ ਤਾਰਾਂ ਛੇੜ ਗਈ, ਉੱਥੇ ਇਸਦੇ ਨਾਲ ਹੀ ਪੰਜਾਬ ਤੇ ਭਾਰਤ ਅੰਦਰਲੀ ਗਰੀਬ ਆਰਥਿਕਤਾ ਵਾਲੀ ਲੋਕ ਮਾਨਸਿਕਤਾ ਬਾਰੇ ਵੀ ਤੇ ਇਸਦੇ ਨਾਲ ਹੀ ਸਰਕਾਰੀਤੰਤਰ ਦੁਆਰਾ ਟੋਲ ਟੈਕਸ ਦੇ ਨਾਮ ਹੇਠ ਲਗਾਏ ਗਏ ਲੁੱਟ ਨਾਕਿਆਂ ਬਾਰੇ ਸੋਚਣ ਵਾਸਤੇ ਵੀ ਮਜਬੂਰ ਕਰ ਗਈ।

***

(2)        ਵਤਨ ਦਾ ਮੋਹ

ਵਤਨ ਦਾ ਮੋਹਮਿੱਟੀ ਦੀ ਮਹਿਕ, ਜੰਮਣ ਭੋਂਇ ਦੀ ਕਸ਼ਿਸ਼ ਤੇ ਬਚਪਨ ਦੇ ਮਿੱਤਰਾਂ ਬੇਲੀਆ ਦਾ ਲਾਡ ਪਿਆਰ ਵਾਰ ਵਾਰ ਖਿੱਚਦਾ ਹੈ, ਵਤਨ ਗੇੜਾ ਮਾਰਨ ਵਾਸਤੇ ਮਜਬੂਰ ਕਰਦਾ ਹੈ। ਮੈਂ ਆਪਣੇ ਪਿੰਡ ਗਿਆ, ਬਹੁਤ ਸਾਰੀਆਂ ਯਾਦਾਂ ਤਾਜ਼ਾ ਕੀਤੀਆਂ। ਪੁਰਾਣੇ ਮਿੱਤਰਾਂ ਨੂੰ ਮਿਲਕੇ ਅੰਤਾਂ ਦੀ ਖ਼ੁਸ਼ੀ ਹੋਈ ਤੇ ਜੱਗੋਂ ਤੁਰ ਗਿਆਂ ਦਾ ਸੁਣਕੇ ਮਨ ਦੁਖੀ ਵੀ ਬਹੁਤ ਹੋਇਆ। ਦੁਆਬਾ ਸਾਰਾ ਵਿਦੇਸ਼ਾਂ ਵਿੱਚ ਜਾ ਬੈਠਾ ਤੇ ਬਾਕੀ ਰਹਿੰਦੀ ਨੌਜਵਾਨੀ ਵੀ ਫਟਾਫਟ ਆਈਲੈਟ ਕਰਕੇ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਜਾ ਰਹੀ ਹੈ। ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਦੇਖਕੇ ਮਨ ਬਹੁਤ ਖੁਸ਼ ਹੋਇਆ ਤੇ ਪਿੰਡ ਦੀ ਲਾਲ ਲੀਕ, ਫਿਰਨੀ ਦੇ ਅੰਦਰ ਖੰਡਰਾਤ ਹੋਏ ਘਰਾਂ ਨੂੰ ਦੇਖਕੇ ਮਨ ਖ਼ੂਨ ਦੇ ਹੰਝੂ ਵੀ ਰੋਇਆ।

ਪਿੰਡ ਦੇ ਚੌਂਕ ਚੁਰਸਤੇ ’ਚ ਬੈਠੇ ਕਈ ਬਜ਼ੁਰਗਾਂ ਨਾਲ ਗੱਲਬਾਤ ਕਰਨ ‘ਤੇ ਉਹਨਾਂ ਅੰਦਰ ਵਿਦੇਸ਼ ਚਲੇ ਗਏ ਉਹਨਾਂ ਦੇ ਬੱਚਿਆ ਤੋਂ ਵਿੱਛੜਨ ਦਾ ਵਿਗੋਚਾ ਤੇ ਉਹਨਾਂ ਨੂੰ ਮਿਲਣ ਦੀ ਤਾਂਘ ਦਾ ਝੁਰੇਵਾਂ ਵੀ ਉਹਨਾਂ ਦੇ ਚਿਹਰਿਆਂ ਤੇ ਬੋਲਾਂ ਤੋਂ ਸਾਫ ਝਲਕਦਾ ਨਜ਼ਰ ਆਇਆ । ਕੁਝ ਬਜ਼ੁਰਗਾਂ ਨੂੰ ਜਦ ਵਿਦੇਸ਼ ਜਾ ਕੇ ਆਪਣੇ ਬੱਚਿਆਂ ਪਾਸ ਰਹਿਣ ਬਾਰੇ ਪੁਛਿਆ ਗਿਆ ਤਾਂ ਬਹੁਤਿਆਂ ਨੇ ਅਜਿਹਾ ਕਰਨ ਤੋਂ ਨਾਂਹ ਵਿੱਚ ਸਿਰ ਫੇਰਿਆ ਜਦ ਕਿ ਦੋ ਸਿਆਣਿਆਂ ਦਾ ਕਹਿਣਾ ਸੀ ਕਿ ਉਹ ਕਨੇਡਾ ਦਾ ਗੇੜਾ ਮਾਰ ਆਏ ਹਨ ਤੇ ਬਜ਼ੁਰਗਾਂ ਦਾ ਉੱਥੇ ਰਹਿਣਾ ਬੱਝਕੇ ਰਹਿਣ ਬਰਾਬਰ ਹੈ। ਕੰਮਾਂ ਵਾਲੇ ਆਪੋ ਆਪਣੇ ਕੰਮਾਂ ’ਤੇ ਚਲੇ ਜਾਂਦੇ ਹਨ ਤੇ ਬਜ਼ੁਰਗ ਘਰਾਂ ਵਿੱਚ ਸਾਰਾ ਸਾਰਾ ਦਿਨ ਬੈਠੇ ਟੈਲੀਵੀਨ ਦੇਖਦੇ ਰਹਿੰਦੇ ਹਨ ।
ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਗੇੜਾ ਮਾਰਿਆ। ਉਹ ਕਲਾਸ ਰੂਮ ਦੇਖੇ ਜਿਨ੍ਹਾਂ ਵਿੱਚ ਟਾਟਾਂ ’ਤੇ ਬੈਠਕੇ ਫੱਟੀ ਬਸਤੇ ਨਾਲ ਊੜਾ ਐੜਾ ਸਿੱਖਿਆ ਸੀ। ਕਿਹੜੇ ਅਧਿਆਪਕਾਂ ਤੋਂ ਸਭ ਤੋਂ ਵੱਧ ਕੁੱਟ ਖਾਧੀ, ਇਹ ਸਭ ਚੇਤਿਆ ਦੀ ਚੰਗੇਰ ਵਿੱਚੋਂ ਮੁੜ ਯਾਦ ਆਇਆ ਤੇ ਮਨ ਕੁਝ ਭਾਵੁਕ ਵੀ ਹੋਇਆ।

ਇਸ ਸਮੇਂ ਦੋ ਬਹੁਤ ਹੀ ਨਾਮਵਰ ਸ਼ਖਸੀਅਤਾਂ ਪ੍ਰੋ. ਸੰਧੂ ਵਰਿਆਣਵੀ ਤੇ ਪ੍ਰੋ. ਅਸ਼ੋਕ ਚੱਢਾ ਵੀ ਮੇਰੇ ਨਾਲ ਸਨ। ਪਿੰਡ ਵਿੱਚ ਅੱਜ ਵੀ ਗਲੀਆਂ ਨਾਲੀਆਂ ਦਾ ਓਹੀ ਹਾਲ ਹੈ ਜੋ ਬਹੁਤ ਦੇਰ ਪਹਿਲਾਂ ਹੁੰਦਾ ਸੀ। ਕੁਝ ਪਿਆਰੇ ਸੱਜਣਾਂ ਨੇ ਪਿੰਡ ਬਾਰੇ ਲਿਖਣ ਦਾ ਸੁਝਾਅ ਵੀ ਦਿੱਤਾ। ਪਰ ਜਦ ਉਹਨਾਂ ਤੋਂ ਮੈਂ ਇਹ ਪੁੱਛਿਆ ਕਿ ਕੀ ਉਨ੍ਹਾਂ ਪਿੰਡ ਬਾਰੇ ਮੇਰੇ ਵੱਲੋਂ 2006 ਵਿੱਚ ਲਿਖੀ ਪੁਸਤਕ ‘ਮੇਰਾ ਪਿੰਡ – ਮੰਡੀ’ ਪੜ੍ਹੀ ਹੈ? ਤਾਂ ਸਭਨਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ ਜਦ ਕਿ ਨੇੜੇ ਖੜ੍ਹੇ ਇਕ ਨੌਜਵਾਨ ਨੇ ਗੋਡੀਂ ਹੱਥ ਵੀ ਲਾਇਆ ਤੇ ਸਾਰੀ ਪੁਸਤਕ ਦੋ ਵਾਰ ਪੜ੍ਹੀ ਹੋਣ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਉਕਤ ਪੁਸਤਕ ਪਿੰਡ ਦੀ ਲਾਇਬਰੇਰੀ ਵਿੱਚੋਂ ਲੈ ਕੇ ਪੜ੍ਹੀ ਜਾ ਸਕਦੀ ਹੈ। ਨੌਜਵਾਨ ਨੇ ਪੁਸਤਕ ਦੀ ਭਰਵੀਂ ਤਾਰੀਫ਼ ਵੀ ਕੀਤੀ, ਜਿਸ ਤੋਂ ਮਨ ਨੂੰ ਕੁਝ ਆਸ ਬੱਝੀ ਕਿ ਨਵੀਂ ਪੀੜ੍ਹੀ ਜੜ੍ਹਾਂ ਨਾਲ ਜੁੜਨ ਵਾਸਤੇ ਚੇਤਨ ਹੈ। ਕੁਲ ਮਿਲਾਕੇ ਇਸ ਵਾਰ ਲੰਮੇ ਸਮੇਂ ਬਾਅਦ ਪਿੰਡ ਜਾਣ ਅਤੇ ਜਨਮ ਭੂਮੀ ਨੂੰ ਚੁੰਮਣ ਦਾ ਇਕ ਰਲਿਆ ਮਿਲਿਆ ਪ੍ਰਭਾਵ ਮਿਲਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3322)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author