ShingaraSDhillon7ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਨਾ ਕਿ ਲੋਕ ਸਰਕਾਰ ਵਾਸਤੇ ਹੁੰਦੇ ਹਨਸ਼ਾਂਤਮਈ ਢੰਗ ਨਾਲ ...
(8 ਫਰਵਰੀ 2021)
(ਸ਼ਬਦ: 1110)

 

ਰਿਆਨਾ ਦਾ ਪੂਰਾ ਨਾਮ ਰੋਬਨ ਰਿਆਨਾ ਫੈਂਟੀ ਹੈ ਇਹ ਉਹ ਨਾਮ ਹੈ ਜੋ ਅਮਰੀਕੀ ਸੰਗੀਤ ਦੇ ਖੇਤਰ ਵਿੱਚ ਵਿਸ਼ਵ ਦਾ ਇੱਕ ਬਹੁਤ ਬੁਲੰਦ ਸਿਤਾਰਾ ਹੈਉਹ ਹਰ ਭਲੇ ਕਾਰਜਾਂ ਵਿੱਚ ਮੋਹਰੀ ਹੈਉਸ ਨੂੰ ਮਾਨਵਤਾ ਨਾਲ ਪਿਆਰ ਹੈ ਅਤੇ ਉਹ ਦੁਖੀਆਂ ਦੇ ਦੁੱਖ ਵੰਡਾਉਣ ਤੇ ਉਹਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਨੂੰ ਆਪਣਾ ਫਰਜ਼ ਸਮਝਦੀ ਹੈ ਤੇ ਮਾਣ ਵੀਉਸ ਨੇ ਕੋਵਿਡ 19 ਦੇ ਚੱਲਦਿਆਂ ਮਨੁੱਖਤਾ ਦੇ ਭਲੇ ਵਾਸਤੇ ਕਰੋੜਾਂ ਡਾਲਰਾਂ ਦਾ ਯੋਗਦਾਨ ਪਾ ਕੇ ਇਸ ਔਖੀ ਘੜੀ ਵਿੱਚ ਮੋਹਰੀ ਦੀ ਭੂਮਿਕਾ ਨਿਭਾਈਉਹ ਅੱਠ ਵਾਰ ਦੁਨੀਆ ਦਾ ਮਾਣਮੱਤਾ ਸਨਮਾਨ ਜਿਸ ਨੂੰ ‘ਗਰੈਮੀ ਅਵਾਰਡ’ ਕਿਹਾ ਜਾਂਦਾ ਹੈ, ਜਿੱਤ ਚੁੱਕੀ ਹੈ

32 ਸਾਲਾਂ ਦੀ ਰਿਆਨਾ ਬਾਰਬੇਡੋਜ਼ ਦੀ ਧੀ ਹੈਉਹ ਇਸ ਵੇਲੇ ਪੂਰੀ ਦੁਨੀਆ ਵਿੱਚ ਆਪਣੀ ਕਲਾ ਦਾ ਸਿੱਕਾ ਮਨਵਾ ਰਹੀ ਹੈਪਿਛਲੇ ਦਿਨੀਂ ਭਾਰਤ ਵਿੱਚ ਤਿੰਨ ਕਾਲੇ ਕਾਨੂਨਾਂ ਸੰਬੰਧੀ ਪੰਜ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਉਸ ਵੱਲੋਂ ਕੀਤੇ ਗਏ ਇੱਕ ਛੋਟੇ ਜਿਹੇ ਟਵੀਟ ਰੂਪੀ ਸਵਾਲ ਕਿ “ਅਸੀਂ ਭਾਰਤ ਵਿੱਚ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਬਾਰੇ ਗੱਲ ਕਿਉਂ ਨਹੀਂ ਕਰਦੇ? ਨੇ ਪੂਰੇ ਵਿਸ਼ਵ ਦੇ ਭਾਈਚਾਰੇ ਅੱਗੇ ਬਹੁਤ ਵੱਡਾ ਸਵਾਲ ਖੜ੍ਹਾ ਕਰਕੇ ਉਸ ਦਾ ਧਿਆਨ ਕਿਸਾਨ ਸੰਘਰਸ਼ ਵੱਲ ਖਿੱਚਿਆਇਹ ਉਹ ਸਵਾਲ ਹੈ ਜਿਸ ਵਿੱਚੋਂ ਕਿਰਤੀਆਂ ਅਤੇ ਕਿਸਾਨਾਂ ਦਾ ਦਰਦ ਝਲਕਦਾ ਹੈ, ਉਹਨਾਂ ਵਾਸਤੇ ਹਾਅ ਦਾ ਨਾਅਰਾ ਹੈ ਤੇ ਇਸਦੇ ਨਾਲ ਹੀ ਮੌਕੇ ਦੇ ਭਾਰਤੀ ਹਾਕਮਾਂ ਨੂੰ ਲਾਹਨਤਾਂ ਅਤੇ ਫਿਟਕਾਰਾਂ ਵੀ ਹਨ

ਰਿਆਨਾ ਨਾ ਹੀ ਪੰਜਾਬ, ਹਰਿਆਣਾ ਤੇ ਯੂ ਪੀ ਦੀ ਧੀਅ ਹੈ, ਨਾ ਹੀ ਉਸ ਦੀ ਭਾਰਤ ਦੇ ਕਿਰਤੀ ਕਿਸਾਨ ਲੋਕਾਂ ਨਾਲ ਕੋਈ ਰਿਸ਼ਤੇਦਾਰੀ ਹੈ ਤੇ ਨਾ ਹੀ ਇਸ ਮੁਲਕ ਵਿੱਚ ਉਸ ਦੀ ਕੋਈ ਬਹੁਤੀ ਵੱਡੀ ਫੈਨ ਫੌਲੋਇੰਗ ਹੈ ਪਰ ਹਾਂ! ਇਹ ਗੱਲ ਜ਼ਰੂਰ ਹੈ ਕਿ ਪੂਰੀ ਦੁਨੀਆ ਦੇ ਸੋਸ਼ਲ ਮੀਡੀਏ ਉੱਤੇ ਉਸ ਦੇ ਅਰਬਾਂ ਫੈਨ ਹਨ ਇਕੱਲੇ ਟਵਿਟਰ ਉੱਤੇ ਹੀ ਉਸ ਦਾ ਸੌ ਕਰੋੜ ਫੈਨ ਹੈ ਇਸ ਪੱਖੋਂ ਦੇਖੀਏ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ ਕੱਦ ਬੁੱਤ ਵਿੱਚ ਉਸ ਲੜਕੀ ਦੇ ਗਿੱਟਿਆਂ ਬਰਾਬਰ ਵੀ ਨਹੀਂ ਖੜ੍ਹਦਾ

ਰਿਆਨਾ ਨੇ ਆਪਣੇ ਇੱਕ ਟਵੀਟ ਨਾਲ ਹੀ ਭਾਰਤੀ ਕਿਰਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਪੂਰੇ ਵਿਸ਼ਵ ਵਿੱਚ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ, ਜਿਸਦਾ ਅਸਰ ਬਾਲੀਵੁੱਡ ਵਿੱਚ ਬੈਠੇ ਭਾਰਤੀ ਤੋਤਿਆ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਤੰਦੂਆ ਚੁੱਪ ਧਾਰੀ ਬੈਠੇ ਸਨ, ’ਤੇ ਵੀ ਪਿਆ ਹੈ। ਉਹਨਾਂ ਆਪਣੇ ਆਕਾ ਦੇ ਇੱਕ ਇਸ਼ਾਰੇ ’ਤੇ ਬਿਨਾ ਮਤਲਬ ਤੇ ਬਿਨਾ ਸੋਚੇ ਵਿਚਾਰੇ ਟੈਂ-ਟੈਂ ਕਰਨੀ ਸ਼ੁਰੂ ਕਰ ਦਿੱਤੀਇਹ ਕਹਿਣਾ ਸ਼ੁਰੂ ਕਰ ਦਿੱਤਾ, “ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ, ਇਹ ਸਾਡੇ ਮੁਲਕ ਦਾ ਅੰਦਰੂਨੀ ਮਸਲਾ ਹੈ, ਕਿਸੇ ਵਿਦੇਸ਼ੀ ਨੂੰ ਇਸ ਮਸਲੇ ਵਿੱਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ” ਆਦਿਪਰ ਹੈਰਾਨੀ ਉਦੋਂ ਹੋਈ ਜਦੋਂ ਇਹ ਸਚਿਨ, ਕੰਗਣਾ ਤੇ ਅਕਸ਼ੇ ਆਦਿ ਰੂਪੀ ਤੋਤੇ ਇੱਕ ਦੂਸਰੇ ਦੇ ਟਵੀਟ ਕਾਪੀ ਪੇਸਟ ਕਰਕੇ ਕੰਮ ਸਾਰਦੇ ਦੇਖੇ ਗਏ, ਜਿਸ ਤੋਂ ਉਹਨਾਂ ਦਾ ਮਾਨਸਿਕ ਦੀਵਾਲੀਆਪਨ ਵੀ ਸਾਹਮਣੇ ਆ ਗਿਆ

ਦੂਸਰੇ ਪਾਸੇ ਪ੍ਰਸਿੱਧ ਬੌਲੀਵੁੱਡ ਸਿਤਾਰੇ ਨਸੀਰੂਦੀਨ ਸ਼ਾਹ ਤੇ ਸ਼ਤਰੂਘਨ ਸਿੰਨ੍ਹਾ ਵੀ ਨੰਗੇ ਧੜ ਸਾਹਮਣੇ ਆਏ ਤੇ ਉਹਨਾਂ ਨੇ ਕਿਰਤੀ ਕਿਸਾਨਾਂ ਦੇ ਹੱਕ ਵਿੱਚ ਹਿੱਕ ਠੋਕ ਕੇ ਆਵਾਜ਼ ਦਿੱਤੀਪੂਰੇ ਵਿਸ਼ਵ ਵਿੱਚ ਨਵੀਂ ਚਰਚਾ ਛਿੜ ਪਈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ, ਨਿਊਯਾਰਕ ਤੇ ਕੈਲੀਫੋਰਨੀਆ ਦੇ ਮੇਅਰਾਂ ਸਮੇਤ ਹੋਰ ਕਈ ਅਮਰੀਕੀ ਮੰਤਰੀਆਂ ਨੇ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਧੱਕੇ ਵਿਰੁੱਧ ਆਪਣੀ ਆਵਾਜ਼ ਉਠਾਈ ਦੁਨੀਆ ਦੇ 149 ਮੁਲਕਾਂ ਦੀ ਸਿਰਮੌਰ ਜਥੇਬੰਦੀ ਯੂ ਐੱਨ ਓ ਵੀ ਹਰਕਤ ਵਿੱਚ ਆਈ ਤੇ 26 ਜਨਵਰੀ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਦਿੱਲੀ ਘੇਰੀ ਬੈਠੇ ਕਿਸਾਨਾਂ ਨੂੰ ਭੰਡਣ ਤੇ ਤੰਗ ਪਰੇਸ਼ਾਨ ਕਰਨ ਵਿਰੁੱਧ ਸਖ਼ਤ ਨੋਟਿਸ ਲੈਂਦਿਆਂ ਸਖ਼ਤ ਨਿਰਦੇਸ਼ ਦੇ ਕੇ ਪਾਣੀ, ਬਿਜਲੀ ਅਤੇ ਟਾਇਲਟਸ ਦੀਆਂ ਸਹੂਲਤਾਂ ਬਹਾਲ ਕਰਵਾਈਆਂ ਦਿੱਲੀ ਵੱਲ ਜਾਂਦੇ ਰਸਤਿਆਂ ’ਤੇ ਲਾਈਆਂ ਰੋਕਾਂ ਤੇ ਕੀਤੀ ਗਈ ਕਿਲੇਬੰਦੀ ਤੇ ਕਿੱਲਬੰਦੀ ਵਿਰੁੱਧ ਸਖ਼ਤ ਨੋਟਿਸ ਲੈਂਦਿਆਂ ਉਹਨਾਂ ਨੂੰ ਕੁਝ ਕੁ ਘੰਟਿਆਂ ਵਿੱਚ ਹੀ ਹਟਾਉਣ ਵਾਸਤੇ ਮਜਬੂਰ ਕੀਤਾ

ਇੱਕ ਕੰਗਣਾ ਨਾਮ ਦੀ ਚਵਲ਼ ਨੇ ਰਿਆਨਾ ਦੇ ਟਵੀਟ ਦਾ ਵਿਰੋਧ ਕਰਦਿਆਂ ਜਦ ਇਹ ਕਿਹਾ ਕਿ ਉਸ ਨੇ ਇਹ ਟਵੀਟ ਸੌ ਕਰੋੜ ਲੈ ਕੇ ਕੀਤਾ ਹੈ ਤਾਂ ਇਸ ਨਾਲ ਉਸ ਦੀ ਆਪਣੀ ਔਕਾਤ ਹੀ ਸਾਹਮਣੇ ਆ ਗਈ ਕਿ ਅਸਲ ਵਿੱਚ ਉਹ ਖ਼ੁਦ ਕੀ ਕਰ ਰਹੀ ਹੈਇਸ ਚਵਲ਼ ਦੀ ਸੋਸ਼ਲ ਮੀਡੀਆ ’ਤੇ ਖ਼ੂਬ ਰੇਲ ਬਣਾਈ ਜਾ ਰਹੀ ਹੈਰਹੀ ਗੱਲ ਬੌਲੀਵੁੱਡ ਦੇ ਮੋਦੀ ਤੋਤਿਆਂ ਦੀ, ਉਹਨਾਂ ਦੁਆਰਾ ਕੀਤੇ ਟਵੀਟਾਂ ਦਾ ਜਵਾਬ ਵੀ ਬੁੱਧੀਜੀਵੀਆਂ ਵੱਲੋਂ ਬਾਖੂਬੀ ਦਿੱਤਾ ਜਾ ਰਿਹਾ ਹੈ ਤੇ ਸਮਝਾਇਆ ਜਾ ਰਿਹਾ ਹੈ ਕਿ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਨਾ ਕਿ ਲੋਕ ਸਰਕਾਰ ਵਾਸਤੇ ਹੁੰਦੇ ਹਨ ਸ਼ਾਂਤਮਈ ਢੰਗ ਨਾਲ ਆਪਣਾ ਹੱਕ ਮੰਗਦੇ ਲੋਕਾਂ ਉੱਤੇ ਸਰਕਾਰੀ ਜਬਰ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਜੋ ਕਿਸੇ ਵੀ ਮੁਲਕ ਦਾ ਅੰਦਰੂਨੀ ਮਾਮਲਾ ਨਹੀਂ ਹੁੰਦਾ ਸਗੋਂ ਇਹ ਵਿਸ਼ਵ ਮਨੁੱਖੀ ਭਾਈਚਾਰੇ ਦੀ ਗਹਿਰੀ ਚਿੰਤਾ ਦਾ ਵਿਸ਼ਾ ਹੁੰਦਾ ਹੈ, ਜਿਸ ਵਿਰੁੱਧ ਆਵਾਜ਼ ਵਿਸ਼ਵ ਦੇ ਕੋਨੇ ਕੋਨੇ ਤੋਂ ਉੱਠਣੀ ਸੁਭਾਵਿਕ ਹੁੰਦੀ ਹੈ ਤੇ ਉਸ ਆਵਾਜ਼ ਵਿਰੁੱਧ ਟਿੱਪਣੀਆਂ ਜਾਂ ਟਵੀਟ ਕਰਨੇ ਅਕਲੋਂ ਪੈਦਲ ਹੋਣ ਦੀ ਨਿਸ਼ਾਨੀ ਹੁੰਦੀ ਹੈ

ਰਿਆਨਾ ਨੇ ਸੱਚਮੁੱਚ ਕਿਰਤੀ ਕਿਸਾਨ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ ਉਸ ਨੇ ਭਾਰਤ ਸਰਕਾਰ ਦਾ ਲੋਕ ਦੋਖੀ ਚਿਹਰਾ ਨੰਗਾ ਕਰਕੇ ਬਹੁਤ ਵੱਡਾ ਕਾਰਜ ਕੀਤਾ ਹੈ, ਜਿਸ ਕਰਕੇ ਉਸ ਦਾ ਕਿਰਤੀ ਕਿਸਾਨ ਭਾਈਚਾਰੇ ਬਹੁਤ ਸਤਿਕਾਰ ਹੋਇਆ ਹੈਕਰੋੜਾਂ ਲੋਕਾਂ ਨੇ ਉਸ ਦਾ ਇਸ ਨੇਕ ਕਾਰਜ ਵਾਸਤੇ ਧੰਨਵਾਦ ਕੀਤਾ ਹੈ ਤੇ ਲਗਾਤਾਰ ਕਰ ਰਹੇ ਹਨਰਾਤੋ ਰਾਤ ਉਸ ਨੂੰ ਲੱਖਾਂ ਪੰਜਾਬੀਆਂ ਦੇ ਸੁਨੇਹੇ ਪਹੁੰਚੇ ਹਨਰਿਆਨਾ ਪੰਜਾਬੀ ਨਹੀਂ ਜਾਣਦੀ ਤੇ ਨਾ ਹੀ ਪੰਜਾਬੀਆਂ ਬਾਰੇ ਬਹੁਤਾ ਕੁਝ ਜਾਣਦੀ ਹੈ, ਪਰ ਹੁਣ ਉਸ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਹ ਪੂਰੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਦੇ ਦਿਲਾਂ ਵਿੱਚ ਵਸ ਚੁੱਕੀ ਹੈਇਹੀ ਕਾਰਨ ਹੈ ਕਿ ਉਹ ਵਾਰ ਵਾਰ ਟਵੀਟ ਕਰਕੇ ਪੁੱਛ ਰਹੀ ਹੈ ਕਿ ਉਸ ਨੂੰ ਸ਼ੁਕਰੀਆ ਦਾ ਅੰਗਰੇਜ਼ੀ ਟਰਾਂਸਲੇਸ਼ਨ ਦੱਸਿਆ ਜਾਵੇ, ਕਿੱਦਾਂ ਸੋਹਣਿਓ, ਧੰਨਵਾਦ ਤੇ ਸਤਿਕਾਰ ਦੇ ਮਾਅਨੇ ਅੰਗਰੇਜ਼ੀ ਵਿੱਚ ਦੱਸੇ ਜਾਣ ਆਦਿਕਹਿਣ ਦਾ ਭਾਵ ਹੈ ਕਿ ਰਿਆਨਾ ਦਾ ਪੰਜਾਬੀ ਭਾਈਚਾਰੇ ਵਲ ਦਿਖਾਏ ਅਥਾਹ ਪਿਆਰ ਤੇ ਸਤਿਕਾਰ ਕਾਰਨ ਪੰਜਾਬੀਆਂ ਪ੍ਰਤੀ ਲਗਾਵ ਲਗਾਤਾਰ ਵਧ ਰਿਹਾ ਹੈਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਆਪਣੀ ਕਲਾ ਤੇ ਸੋਸ਼ਲ ਮੀਡੀਏ ਦੀ ਢੁੱਕਵੀਂ ਵਰਤੋਂ ਕਰਕੇ ਰਿਆਨਾ ਵਾਸਤੇ ਵਿਸ਼ੇਸ਼ ਤੌਰ ’ਤੇ ਉਸ ਦਾ ਧੰਨਵਾਦ ਕਰਨ ਵਾਸਤੇ ਇੱਕ ਗੀਤ ਵਾਇਰਲ ਕੀਤਾ ਹੈ ਜਿਸ ਨੂੰ ਲੱਖਾਂ ਦੀ ਗਿਣਤੀ ਵਿੱਚ ਪਸੰਦ ਕੀਤਾ ਜਾ ਰਿਹਾ ਹੈ

ਗੱਲ ਕੀ ਅੱਜ ਦੀ ਤਰੀਕ ਵਿੱਚ ਹਰ ਪਾਸੇ ਰਿਆਨਾ, ਰਿਆਨਾ ਹੋਈ ਪਈ ਹੈ, ਬੇਸ਼ਕ ਉਸ ਦਾ ਅਸਲੀ ਨਾਮ ਰਿਆਨਾ ਹੈ ਪਰ ਕਈ ਉਸ ਨੂੰ ਰਿਹਾਨਾ ਵੀ ਲਿਖੀ ਤੇ ਬੋਲੀ ਜਾ ਰਹੇ ਹਨਇਹ ਗੱਲ ਪੱਕੀ ਹੈ ਕਿ ਰਿਆਨਾ ਆਪਣੇ ਇੱਕ ਛੋਟੇ ਜਿਹੇ ਟਵੀਟ ਨਾਲ ਕਿਸਾਨ ਅੰਦੋਲਨ ਨੂੰ ਇੱਕ ਬਹੁਤ ਵੱਡੀ ਸਪੋਰਟ ਕਰ ਗਈ ਹੈ ਤੇ ਇਸਦੇ ਨਾਲ ਹੀ ਖ਼ੁਦ ਆਪ ਵੀ ਦੁਨੀਆ ਦੇ ਉਸ ਭਾਈਚਾਰੇ ਵਿੱਚ ਅਥਾਹ ਪਿਆਰ ਤੇ ਸਤਿਕਾਰ ਦੀ ਪਾਤਰ ਬਣ ਗਈ ਹੈ ਜਿਸ ਭਾਈਚਾਰੇ ਦਾ ਅਕਸ, ਸਖ਼ਤ ਮਿਹਨਤ, ਹਲੀਮੀ ਤੇ ਹੱਕਾਂ ਦੀ ਲੜਾਈ ਲੜਨ ਵਾਸਤੇ ਪੂਰੀ ਦੁਨੀਆ ਦੇ ਸਿਖਰਲੇ ਰਦੇ ’ਤੇ ਆਉਂਦਾ ਹੈ

ਰਿਆਨਾ, ਵੱਡੀ ਸ਼ਾਬਾਸ਼ ਦੀ ਹੱਕਦਾਰ ਹੈ, ਉਸ ਦੀ ਜਿੰਨੀ ਪਰਸੰਸਾ ਕੀਤੀ ਜਾਵੇ, ਉੰਨੀ ਹੀ ਥੋੜ੍ਹੀ ਹੈ ਕਿਉਂਕਿ ਉਸ ਨੇ ਸਫਲਤਾ ਦੇ ਅਕਾਸ਼ ਦੀ ਧੁਰ ਬੁਲੰਦੀ ’ਤੇ ਪਹੁੰਚਕੇ ਵੀ ਜ਼ਮੀਨੀ ਹਕੀਕਤਾਂ ਨਾਲ ਜੁੜੇ ਰਹਿਣ ਦਾ ਸਬੂਤ ਦਿੱਤਾ ਹੈ ਲੋਕ ਹਿਤਾਂ ਦੇ ਹੋ ਰਹੇ ਘਾਣ ਦਾ ਇੱਕ ਕੌੜਾ ਸੱਚ ਵਿਸ਼ਵ ਦੇ ਸਾਹਮਣੇ ਲਿਆਂਦਾ ਹੈ ਰਿਆਨਾ ਨੂੰ ਸਮੁੱਚੇ ਪੰਜਾਬੀਆਂ, ਕਿਰਤੀਆਂ ਅਤੇ ਕਿਸਾਨਾਂ ਵੱਲੋਂ ਬਹੁਤ ਬਹੁਤ ਸਤਿਕਾਰ ਤੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉਠਾਈ ਆਵਾਜ਼ ਲਈ ਸਲੂਟ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2574)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author