ShingaraSDhillon7ਅਸੀਂ ਜਾਇਦਾਦਾਂ ਤੇ ਪਦਾਰਥਾਂ ਨੂੰ ਜੱਫੇ ਮਾਰਨ ਦੇ ਧਿਆਨ ਵਿੱਚ ਇਹ ਭੁੱਲ ਗਏ ਹਾਂ ਕਿ ...
(17 ਜੁਲਾਈ 2020)

 

ਪ੍ਰਸਿੱਧ ਅਮਰੀਕੀ ਲੇਖਕ ਜੌਰਜ ਕਾਰਲਿਨ ਦਾ ਇੱਕ ਲੇਖ ਪੜ੍ਹਿਆ ਜਿਸ ਵਿੱਚ ਉਸਨੇ ਅਜੋਕੇ ਮਨੁੱਖੀ ਜੀਵਨ ਦੀਆਂ ਸਚਾਈਆਂ ਦੀ ਬਹੁਤ ਹੀ ਉਮਦਾ ਤਸਵੀਰ ਪੇਸ਼ ਕੀਤੀ ਹੈਜੌਰਜ ਕਾਰਲਿਨ ਲਿਖਦਾ ਹੈ ਕਿ ਸਾਡੇ ਜੁੱਗ ਦਾ ਵਿਰੋਧਾਭਾਸ ਇਹ ਹੈ ਕਿ ਅਸੀਂ ਮਹਿਲ ਮਾੜੀਆਂ ਤਾਂ ਬਹੁਤ ਵੱਡੇ ਵੱਡੇ ਉਸਾਰ ਲਏ, ਪਰ ਆਪਣੀ ਮਾਨਸਿਕਤਾ ਦਾ ਵਿਕਾਸ ਕਰਨਾ ਭੁੱਲ ਗਏ ਜਿਸ ਕਾਰਨ ਉਹ ਦਿਨੋ ਦਿਨ ਤੰਗ ਤੇ ਬੌਨੀ ਹੁੰਦੀ ਚਲੀ ਗਈ, ਜਿਸ ਕਾਰਨ ਅੱਜ ਅਸੀਂ ਈਰਖਾ, ਨਫ਼ਰਤ ਤੇ ਦਵੈਤ ਦੇ ਸਾੜੇ ਨਾਲ ਨੱਕੋ ਨੱਕ ਭਰੇ ਪਏ ਹਾਂ

ਲੰਮੇ ਲੰਮੇ ਮਾਰਗਾਂ ਨੇ ਸ਼ਹਿਰਾਂ ਨੂੰ ਸ਼ਹਿਰਾਂ ਨਾਲ ਬੇਸ਼ਕ ਮੇਲ ਦਿੱਤਾ, ਪਰ ਸਾਡਾ ਦ੍ਰਿਸਟੀਕੋਣ ਬਹੁਤ ਤੰਗ ਕਰ ਦਿੱਤਾ

ਅਸੀਂ ਬਹੁਤ ਖ਼ਰਚੀਲੇ ਹੋ ਗਏ ਹਾਂ, ਪਰ ਸਾਡੇ ਪੱਲੇ ਕੁਝ ਵੀ ਨਹੀਂ ਜਿਸ ਕਾਰਨ ਸਾਡੀ ਹਾਲਤ ਅੱਜ ਉੱਚਾ ਲੰਮਾ ਗੱਭਰੂ ਤੇ ਬੋਝੇ ਵਿੱਚ ਗਾਜਰਾਂ ਵਾਲੀ ਬਣ ਚੁੱਕੀ ਹੈ

ਅਸੀਂ ਵਧੇਰੇ ਖਰੀਦੋ ਫ਼ਰੋਖ਼ਤ ਕਰਨ ਦੇ ਬਾਵਜੂਦ ਵੀ ਬੇਚੈਨ ਹਾਂ, ਅਸੰਤੁਸ਼ਟ ਤੇ ਪਰੇਸ਼ਾਨ ਹਾਂਸਾਡਾ ਮਨ ਭਟਕਣ ਦਾ ਸ਼ਿਕਾਰ ਹੈ ਤੇ ਭੋਗ ਪਦਾਰਥਾਂ ਵਿੱਚੋਂ ਹੀ ਅਸਲੀ ਆਨੰਦ ਲੱਭਣ ਦੀ ਅੰਨ੍ਹੀ ਦੌੜ ਵਿੱਚ ਭਟਕ ਰਿਹਾ ਹੈ

ਅਸੀਂ ਵੱਡੇ ਵੱਡੇ ਮਹਿਲ ਉਸਾਰ ਕੇ ਵੀ ਇਕੱਲੇ ਹਾਂਸਾਂਝੇ ਪਰਿਵਾਰਾਂ ਦੀ ਪ੍ਰਥਾ ਕਦੋਂ ਦੀ ਖਤਮ ਕਰ ਲਈ ਹੈ, ਜਿਸ ਕਾਰਨ ਵੱਡੇ ਘਰਾਂ ਵਿੱਚ ਜਾਂ ਤਾਂ ਛੋਟੇ ਪਰਿਵਾਰਾਂ ਦਾ ਵਸੇਬਾ ਹੈ ਜਾਂ ਫਿਰ ਜਾਨਵਰਾਂ ਤੇ ਪੰਛੀਆਂ ਦਾ ਰੈਣ ਬਸੇਰਾ ਹੈ

ਸਾਡੀਆਂ ਯੂਨੀਵਰਸਿਟੀਆਂ ਹਰ ਸਾਲ ਹਜ਼ਾਰਾਂ ਡਿਗਰੀਆਂ ਵੰਡਦੀਆਂ ਹਨ, ਪਰ ਅਸਲ ਸੂਝ, ਸਿਆਣਪ ਤੇ ਅਕਲ ਦੀ ਸਿੱਖਿਆ ਦੇਣ ਵਾਲਾ ਅਸੀਂ ਅਜੇ ਤਕ ਇੱਕ ਵੀ ਸਕੂਲ ਨਹੀਂ ਉਸਾਰ ਸਕੇ

ਸਾਡੀ ਬਿਰਤੀ ਮੁਫ਼ਤ ਦੀਆਂ ਸਲਾਹਾਂ ਦੇਣ ਤਕ ਸੀਮਤ ਹੋ ਕੇ ਰਹਿ ਗਈ ਹੈਇਹੀ ਕਾਰਨ ਹੈ ਕਿ ਅਸੀਂ ਲੋੜਵੰਦਾਂ ਦੀ ਤਹਿ ਦਿਲੋਂ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਬਿਨਾ ਮੰਗੇ ਸਲਾਹਾਂ ਦੇ ਕੇ ਅਕਸਰ ਹੀ ਆਪਣੀ ਇੱਜ਼ਤ ਤੇ ਅਕਲ ਦਾ ਦੀਵਾਲਾ ਕੱਢਣ ਵਿੱਚ ਸ਼ਾਨ ਸਮਝਣ ਦੇ ਆਦੀ ਹੋ ਗਏ ਹਾਂ

ਸਾਡੇ ਆਲੇ ਦੁਆਲੇ ਮਾਹਿਰਾਂ ਦੀ ਭਰਮਾਰ ਹੈ, ਪਰ ਸਮੱਸਿਆਵਾਂ, ਬੀਮਾਰੀਆਂ ਤੇ ਮਹਾਮਾਰੀਆਂ ਵੀ ਅਪਾਰ ਹਨਸਾਡੇ ਘਰਾਂ ਵਿੱਚ ਅਲਮਾਰੀਆਂ ਦਵਾਈਆਂ ਦੀਆਂ ਡੱਬੀਆਂ ਨਾਲ ਭਰੀਆਂ ਪਈਆਂ ਹਨ, ਪਰ ਤੰਦਰੁਸਤੀ ਵਾਲੀ ਦਵਾਈ ਉਹਨਾਂ ਵਿੱਚ ਇੱਕ ਵੀ ਨਹੀਂ

ਨਸ਼ਿਆਂ ਦੀ ਵਰਤੋਂ ਕਰਨ ਦੇ ਅਸੀਂ ਆਦੀ ਬਣ ਚੁੱਕੇ ਹਾਂ, ਹੱਸਣ ਤੇ ਮੁਸਕਰਾਉਣ ਵਿੱਚ ਸਿਰੇ ਦੇ ਕੰਜੂਸ ਬਣ ਚੁੱਕੇ ਹਾਂ ਤੇ ਖੁਸ਼ੀਆਂ ਵੰਡਣ ਦੀ ਬਜਾਏ ਨਰਾਜ਼ਗੀਆਂ ਵੰਡਣ ਵਿੱਚ ਮਸਰੂਫ ਹਾਂ

ਰਾਤ ਦੇਰ ਨਾ ਸੌਂਦੇ ਹਾਂ, ਸਵੇਰੇ ਥੱਕੇ ਟੁੱਟੇ ਉੱਠਦੇ ਹਾਂ, ਜ਼ਿੰਦਗੀ ਨੂੰ ਆਪਣੀਆਂ ਪ੍ਰਾਪਤੀਆਂ ਵਿੱਚ ਗਿਣਨ ਮਿਣਨ ਦੀ ਬਜਾਏ ਸਾਲਾਂ ਵਿੱਚ ਗਿਣਦੇ ਹਾਂ, ਜ਼ਿੰਦਗੀ ਨੂੰ ਜੀਊਣ ਦੀ ਬਜਾਏ ਜ਼ਿੰਦਗੀ ਖਿੱਚ ਧੂਅ ਕੇ ਬਿਤਾਉਣ ਦੇ ਆਦੀ ਹੋ ਗਏ ਹਾਂ

ਸੱਚ ਦੀ ਕੌੜੀ ਦਵਾਈ ਲੈਣ ਤੋਂ ਬਿਲਕੁਲ ਹੀ ਨਾਬਰ ਹਾਂ ਤੇ ਇਸ ਨੂੰ ਅਸੀਂ ਹਰ ਵਾਰ ਨੈਗਟਿਵਟੀ ਦੱਸ ਕੇ ਸੱਚ ਬੋਲਣ ਵਾਲੇ ਨੂੰ ਭੰਡਣ ਤੇ ਆਪਣੇ ਆਪ ਨੂੰ ਝੂਠਾ ਦਿਲਾਸਾ ਦੇਣ ਦੇ ਆਦੀ ਹੋ ਚੁੱਕੇ ਹਾਂ

ਅਸੀਂ ਜਾਇਦਾਦਾਂ ਤੇ ਪਦਾਰਥਾਂ ਨੂੰ ਜੱਫੇ ਮਾਰਨ ਦੇ ਧਿਆਨ ਵਿੱਚ ਇਹ ਭੁੱਲ ਗਏ ਹਾਂ ਕਿ ਸਾਡੀ ਆਪਣੀ ਕੀਮਤ ਤਾਂ ਕਾਣੀ ਕੌਡੀ ਵੀ ਨਹੀਂ

ਅਸੀਂ ਚੰਦ ’ਤੇ ਪਹੁੰਚਣ ਦੇ ਦਾਅਵੇ ਠੋਕਦੇ ਹੋਏ ਪੂਰੇ ਬ੍ਰਹਿਮੰਡ ਦੀ ਥਹੁ ਪਾਉਣ ਦੀਆਂ ਡੀਂਗਾਂ ਮਾਰਦੇ ਹੋਏ ਇਹ ਭੁੱਲ ਗਏ ਹਾਂ ਕਿ ਆਪਣੇ ਗਵਾਂਢੀ ਨੂੰ ਤਾਂ ਸਾਡੇ ਪਾਸ ਮਿਸਣ ਦਾ ਸਮਾਂ ਤਕ ਨਹੀਂ ਰਿਹਾ

ਅਸੀਂ ਵੱਡੀਆਂ ਗੱਲਾਂ ਕਰਨ ਦੇ ਆਦੀ ਹੋ ਗਏ ਹਾਂ, ਪਰ ਚੰਗੀਆਂ ਗੱਲਾਂ ਤੇ ਚੰਗੇ ਆਚਾਰ ਵਿਵਹਾਰ ਤੋਂ ਦੂਰ ਹੋ ਗਏ ਹਾਂ

ਅਸੀਂ ਆਪਣਾ ਅੰਦਰ ਵੀ ਤੇ ਬਾਹਰ ਦਾ ਵਾਤਾਵਰਣ ਵੀ ਆਪਣੀ ਮਲੀਨ ਸੋਚ ਨਾਲ ਮੈਲਾ ਕਚੈਲਾ ਕਰ ਲਿਆ ਹੈਸਾਡੀ ਨੀਤ, ਨੀਤੀਆਂ ਅਤੇ ਨਿਸ਼ਾਨੇ ਸਪਸ਼ਟ ਨਹੀਂ ਹਨ, ਦੁਬਿਧਾ ਵਿੱਚ ਰਹਿਣਾ ਤੇ ਵਿਚਰਨਾ ਸਾਡੇ ਸੁਭਾਅ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ

ਅਸੀਂ ਆਪਣੇ ਸਮਾਜ ਨੂੰ ਸਾਫ ਸੁਥਰਾ ਤੇ ਸਭਿਅਕ ਰੱਖਣ ਦੀ ਬਜਾਏ ਮਲੀਨ ਕਰ ਲਿਆ ਹੈ ਜਿਸ ਕਰਕੇ ਕਲਾ ਕਲੰਦਰ, ਦੁਰਾਚਾਰ ਤੇ ਅਨਾਚਾਰ ਇਸ ਅੰਦਰਲਾ ਹੁਣ ਆਮ ਵਰਤਾਰਾ ਹੈ

ਪਦਾਰਥਾਂ ਨਾਲ ਯਾਰਾਨਾ ਗੰਢ ਕੇ ਅਸੀਂ ਸੁੱਚੇ ਰਿਸ਼ਤੇ ਤੇ ਦੋਸਤੀਆਂ ਦਾ ਭੋਗ ਪਾ ਚੁੱਕੇ ਹਨ

ਗੱਲ ਕੀ ਜੌਰਜ ਕਾਰਲਿਨ ਦਾ ਲੇਖ ਅਜੋਕੇ ਮਨੁੱਖੀ ਜੀਵਨ ਦੇ ਬਹੁਤ ਕੌੜੇ ਸੱਚ ਬਿਆਨ ਕਰ ਗਿਆ ਹੈ ਜੇ ਕਿ ਅਜੋਕੇ ਮਨੁੱਖ ਦੇ ਵਾਸਤੇ ਇੱਕ ਵੱਡੀ ਚਿਤਾਵਣੀ ਵੀ ਹੈ ਤੇ ਨਸੀਹਤ ਵੀ ਤਾਂ ਕਿ ਮਨੁੱਖ ਜ਼ਿੰਦਗੀ ਦੇ ਅਸਲ ਅਰਥ ਤੇ ਮਹੱਤਵ ਨੂੰ ਸਮਝਦਾ ਹੋਇਆ ਮੁੜ ਸਹੀ ਜ਼ਿੰਦਗੀ ਦੀ ਲੀਹ ਤੇ ਪਰਤ ਆਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2256)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author