ShingaraSDhillon7ਅਕਸਰ ਹੀ ਦੇਖਿਆ ਜਾਂਦਾ ਰਿਹਾ ਹੈ ਕਿ ਉਹ ਬੋਲਣ ਸਮੇਂ ਚੁੱਪ ਰਹਿੰਦਾ ਹੈ ਤੇ ਜਿੱਥੇ ਚੁੱਪ ...
(20 ਜੁਲਾਈ 2021)

 

ਪਿਛਲੇ ਕਈ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਬਾਰੇ ਬਹੁਤ ਸਾਰੀਆਂ ਕਿਆਸ ਅਰਾਈਆਂ ਵੀ ਲੱਗਦੀਆਂ ਰਹੀਆਂ, ਅਫ਼ਵਾਹਾਂ ਵੀ ਫੈਲਦੀਆਂ ਰਹੀਆਂਗੱਲ ਜਿੰਨੇ ਮੂੰਹ ਓਨੀਆਂ ਗੱਲਾਂ ਵਾਲੀ ਬਣੀ ਰਹੀਪੰਜਾਬ ਦੇ ਟੀ ਵੀ ਚੈਨਲ ਕਿਸੇ ਵੀ ਕਾਂਗਰਸੀ ਆਗੂ ਨੂੰ ਫੜਦੇ ਰਹੇ ਤੇ ਉਸ ਦੇ ਕਹੇ ਹੋਏ ਬੋਲਾਂ ਨਾਲ ਮਿਰਚ ਮਸਾਲਾ ਲਾ ਕੇ ਵੱਡੀਆਂ ਖ਼ਬਰਾਂ ਅਤੇ ਵੱਡੇ ਵੱਡੇ ਡਿਬੇਟ ਪੇਸ਼ ਕਰਦੇ ਰਹੇ ਹਨ

ਨਵਜੋਤ ਸਿੰਘ ਸਿੱਧੂ ਡੇਢ ਕੁ ਸਾਲ ਜਿੰਨੇ ਕੁ ਮੋਨ ਵਿੱਚ ਰਹੇ, ਪਿਛਲੇ ਡੇਢ ਕੁ ਮਹੀਨੇ ਤੋਂ ਉਸ ਤੋਂ ਕਈ ਗੁਣਾ ਜ਼ਿਆਦਾ ਸਰਗਰਮ ਨਜ਼ਰ ਆਏ ਉਹਨਾਂ ਨੇ ਇਸ ਵਾਰ ਪੱਤਰਕਾਰਾਂ ਅੱਗੇ ਬਿਆਨਬਾਜ਼ੀ ਕਰਨ ਦੇ ਨਾਲ ਨਾਲ ਸੋਸ਼ਲ ਮੀਡੀਏ ਦੀ ਵੀ ਭਰਪੂਰ ਵਰਤੋਂ ਕੀਤੀ ਇੱਥੋਂ ਤਕ ਕਿ ਕਾਫ਼ੀ ਲੰਮੀਆਂ ਲੰਮੀਆਂ ਇੰਟਰਵਿਊ ਦੇਣ ਦੇ ਨਾਲ ਨਾਲ ਟਵਿਟਰ ਉੱਤੇ ਡੇਢ ਕੁ ਸੌ ਦੇ ਲਗਭਗ ਟਵੀਟ ਵੀ ਕੀਤਾ

ਕੈਪਟਨ ਅਮਰਿੰਦਰ ਸਿੰਘ, ਜੋ ਪਹਿਲਾਂ ਡਾਂਗ ਵਾਲੀ ਖਰ੍ਹਵੀ ਬੋਲੀ ਬੋਲਿਆ ਕਰਦੇ ਸਨ, ਇਸ ਸਮੇਂ ਬਹੁਤ ਡਰੇ ਤੇ ਘਬਰਾਏ ਹੋਏ ਨਜ਼ਰ ਆਏਇਸ ਲੰਮੇ ਸਮੇਂ ਦੌਰਾਨ ਉਹਨਾਂ ਨੇ ਕੁਰਸੀ ਅਤੇ ਸ਼ੋਹਰਤ ਦੇ ਮੋਹ ਨਾਲ ਸੰਬੰਧਿਤ ਸਿਆਣਿਆਂ ਦੁਆਰਾ ਕਹੀ ਹੋਈ ਉਹ ਗੱਲ ਕਿ ‘ਮਨੁੱਖ ਜਿਵੇਂ ਜਿਵੇਂ ਬੁਢਾਪੇ ਵੱਲ ਵਧਦਾ ਜਾਂਦਾ ਹੈ ਤਿਵੇਂ ਤਿਵੇਂ ਉਸਦੇ ਅੰਦਰ ਸ਼ੋਹਰਤ ਤੇ ਮਾਇਆਵੀ ਮੋਹ ਦੀ ਲਾਲਸਾ ਵਧਦੀ ਜਾਂਦੀ ਹੈ” ਵੀ ਸਹੀ ਸਾਬਤ ਕਰ ਦਿਖਾਈ ਇਹੀ ਕਾਰਨ ਹੈ ਕਿ ਇੱਕੋ ਸਮੇਂ ਮੁੱਖ ਮੰਤਰੀ ਦੀ ਕੁਰਸੀ ਸਮੇਤ ਪੰਜਾਬ ਸਰਕਾਰ ਦੇ ਬਹੁਤਿਆਂ ਪਦਾਂ ’ਤੇ ਕੁੰਡਲ਼ੀ ਮਾਰ ਕੇ ਬੈਠਣ ਦੇ ਨਾਲ ਨਾਲ ਹੀ ਸਮੇਂ ਸਮੇਂ ਬਣੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਾਂ ਨੂੰ ਵੀ ਉਹ ਟਿੱਚ ਕਰਕੇ ਜਾਣਦਾ ਰਹਿਣ ਵਾਲਾ ਤੇ 2017 ਦੀਆਂ ਚੋਣਾਂ ਨੂੰ ਆਪਣੀ ਆਖਰੀ ਸਿਆਸੀ ਪਾਰੀ ਦੱਸ ਕੇ ਤੇ ਝੂਠੀਆਂ ਸੌਹਾਂ ਖਾ ਕੇ ਲੋਕਾਂ ਤੋਂ ਵੋਟਾਂ ਮੰਗ ਕੇ ਹੁਣ ਅਗਾਮੀ ਚੋਣਾਂ ਵਾਸਤੇ ਵੀ ਗੱਦੀ ’ਤੇ ਟਿੱਕਿਆ ਰਹਿਣ ਵਾਸਤੇ ਤਰਲੋ-ਮੱਛੀ ਹੋ ਰਿਹਾ ਹੈ

ਅਸੀਂ ਜਾਣਦੇ ਹਾਂ ਕਿ ਸਿਆਸਤ ਵਿੱਚ ਕਦੇ ਵੀ ਕੁਝ ਵੀ ਪੱਕਾ ਜਾਂ ਸਥਿਰ ਨਹੀਂ ਹੁੰਦਾਇਸ ਵਿੱਚ ਵੱਡੇ ਛੋਟੇ ਦੀ ਅਹਿਮੀਅਤ ਨਹੀਂ ਬਲਕਿ ਯੋਗਤਾ ਅਤੇ ਜੁਗਾੜ ਦੀ ਕਦਰ ਹੁੰਦੀ ਹੈਸਿਆਸਤ ਵਿੱਚ ਕਈ ਵਾਰ ਨਹੀਂ, ਬਹੁਤ ਵਾਰ ਇਹ ਦੇਖਿਆ ਜਾਂਦਾ ਹੈ ਕਿ ਕਈ ਸਾਲਾਂ ਦੇ ਲੰਮੇ ਤਜਰਬੇ ਵਾਲੇ ਪਿੱਛੇ ਰਹਿ ਜਾਂਦੇ ਹਨ ਕਿਉਂਕਿ ਉਹ ਹੋਰ ਕਿਸੇ ਕਾਬਲੀਅਤ ਦੀ ਬਜਾਏ ਸਿਰਫ ਉਮਰ ਨੂੰ ਕਾਬਲੀਅਤ ਮੰਨ ਲੈਂਦੇ ਹਨਆਪਾਂ ਬਹੁਤਾ ਪਿੱਛੇ ਨਾ ਵੀ ਜਾਈਏ ਤਾਂ ਦੇਖ ਸਕਦੇ ਹਾਂ ਕਿ ਮੋਦੀ, ਲਾਲ ਕ੍ਰਿਸ਼ਨ ਅਡਵਾਨੀ ਨੂੰ ਠਿੱਬੀ ਲਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਜਾ ਬੈਠਾਭਗਵੰਤ ਮਾਨ ਨੇ ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਸਿੰਘ ਖਹਿਰਾ ਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਰੇ ਧੱਕ ਕੇ ਆਮ ਆਦਮੀ ਪਾਰਟੀ ਦੀ ਲਗਾਮ ਆਪਣੇ ਹੱਥ ਵਿੱਚ ਲੈ ਲਈਇਸੇ ਤਰ੍ਹਾਂ ਅਕਾਲੀ ਦਲ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਅਜਨਾਲਾ, ਭੂੰਦੜ ਤੇ ਸੁਖਦੇਵ ਸਿੰਘ ਢੀਂਡਸਾ ਦੀ ਸੁਖਬੀਰ ਬਾਦਲ ਮੰਜੀ ਠੋਕ ਗਿਆਕਹਿਣ ਦਾ ਭਾਵ ਇਹ ਹੈ ਕਿ ਸਿਆਸਤ ਵਿੱਚ ਉਮਰ ਦੀ ਬਜਾਏ ਜੁਗਾੜ ਨੂੰ ਵੱਡੀ ਯੋਗਤਾ ਮੰਨਿਆ ਜਾਂਦਾ ਹੈਇਸ ਵੇਲੇ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨਗੀ ਵਾਸਤੇ ਜੁਗਾੜ ਲੱਗ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਵੀ ਕਿਸੇ ਹੋਰ ਦਾ ਕਬਜ਼ਾ ਹੋ ਸਕਦਾ ਹੈ

ਸ਼ੇਖ ਸ਼ਾਹਦੀ ਇੱਕ ਬਹੁਤ ਵੱਡਾ ਦਾਨਸ਼ਵਰ ਹੋਇਆ ਹੈਉਸ ਦਾ ਕਹਿਣਾ ਹੈ ਕਿ ਕੌੜਾ ਬੋਲਣ ਵਾਲੇ ਦੀ ਖੰਡ ਵੀ ਨਹੀਂ ਵਿਕਦੀ ਜਦ ਕਿ ਮਿੱਠਾ ਬੋਲਣ ਵਾਲੇ ਦੀਆਂ ਮਿਰਚਾਂ ਵੀ ਮਹਿੰਗੇ ਭਾਅ ਵਿਕ ਜਾਂਦੀਆਂ ਹਨਪੰਜਾਬ ਅੰਦਰ ਕੱਲ੍ਹ ਤੋਂ ਜੋ ਕੁਝ ਚੱਲ ਰਿਹਾ ਹੈ, ਉਸ ਤੋਂ ਸ਼ੇਖ ਸ਼ਾਹਦੀ ਦੇ ਬੋਲ ਇੰਨ-ਬਿੰਨ ਸੱਚੇ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਕਾਂਗਰਸ ਵਿਚਲੇ ਬਹੁਤੇ ਵਿਧਾਇਕ ਜੋ ਕੈਪਟਨ ਅਮਰਿੰਦਰ ਸਿੰਘ ਦੀ ਖਰ੍ਹਵੀ ਬੋਲੀ ਤੋਂ ਅੰਦਰੋਂ ਔਖੇ ਸਨ ਪਰ ਮੁੱਖ ਮੰਤਰੀ ਹੋਣ ਕਰਕੇ ਉਸ ਦੇ ਨੇੜੇ ਹੋਣ ਦਾ ਨਾ ਚਾਹੁੰਦਿਆਂ ਹੋਇਆ ਵੀ ਡਰਾਮਾ ਕਰਦੇ ਰਹਿੰਦੇ ਸਨ, ਹੁਣ ਬੀਤੇ ਕੱਲ੍ਹ ਤੋਂ ਕੁਝ ਕੁ ਤਾਂ ਸਰੇਆਮ ਉਸ ਦੇ ਵਿਰੋਧ ਵਿੱਚ ਆ ਖੜ੍ਹੇ ਹਨ ਜਦ ਕਿ ਕੁਝ ਕੁ ਦੋਹੀਂ ਪਾਸੀਂ ਸੁਲ੍ਹਾ ਮਾਰ ਕੇ ਆਪਣੇ ਪੈਰ ਪੱਕੇ ਕਰਨ ਵਿੱਚ ਲੱਗੇ ਹੋਏ ਹਨਕਈ ਅਜਿਹੇ ਵੀ ਹਨ ਜੋ ਅਜੇ ਵੀ ਊਠ ਦੀ ਕਰਵਟ ਤੇ ਤੇਲ ਦੀ ਧਾਰ ਦੀ ਗਿਣਤੀ ਮਿਣਤੀ ਕਰਨ ਵਿੱਚ ਰੁੱਝੇ ਹੋਏ ਹਨ

ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਵੇਲੇ, ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸੇ ਵਿੱਚ ਲੈਣਾ ਤਾਂ ਦੂਰ ਦੀ ਗੱਲ ਰਹੀ ਬਲਕਿ ਉਸ ਨੂੰ ਫ਼ੈਸਲੇ ਦੇ ਆਖਰੀ ਸਮੇਂ ਤਕ ਭਿਣਕ ਤਕ ਵੀ ਨਹੀਂ ਪੈਣ ਦਿੱਤੀਹਾਂ, ਕੈਪਟਨ ਨੂੰ ਤਿੰਨ ਚਾਰ ਵਾਰ ਦਿੱਲੀ ਸੱਦ ਕੇ ਇਹ ਜ਼ਰੂਰ ਕਹਾ ਲਿਆ ਕਿ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ, ਉਹ ਉਸ ਫ਼ੈਸਲੇ ’ਤੇ ਬਿਨਾ ਕਿਸੇ ਉਜਰ ਫੁੱਲ ਚੜ੍ਹਾਏਗਾ ਪਰ ਆਪਣੇ ਬਚਨਾਂ ਤੋਂ ਉਲਟ ਹੁਣ ਉਹ ਕੱਲ੍ਹ ਦਾ ਮੂੰਹ ਲਟਕਾਈ ਬੈਠਾ ਹੈਸ਼ਾਇਦ ਢੀਠਤਾ ਤੇ ਕੁਰਸੀ ਮੋਹ ਦੀ ਪਕੜ ਉਸ ਦੇ ਮਨ ਮਸਤਿਕ ਉੱਤੇ ਬਹੁਤ ਮਜ਼ਬੂਤ ਹੋ ਚੁੱਕੀ ਹੈਨਹੀਂ ਤਾਂ ਇੰਨੀ ਕੁ ਹੋ ਜਾਣ ਤੋਂ ਬਾਅਦ ਕੋਈ ਵੀ ਭਲਾ ਬੰਦਾ ਇਸਤੀਫਾ ਦੇ ਕੇ ਪਰੇ ਹੋ ਜਾਂਦਾ ਹੈ

ਨਵਜੋਤ ਸਿੱਧੂ ਵਾਸਤੇ ਵੀ ਕਾਂਗਰਸ ਦੀ ਪ੍ਰਧਾਨਗੀ ਕੋਈ ਫੁੱਲਾਂ ਦਾ ਤਾਜ ਨਹੀਂਉਸ ਨੂੰ ਜਿੱਥੇ ਪੰਜਾਬ ਕਾਂਗਰਸ ਦੇ ਅੰਦਰੂਨੀ ਵਿਰੋਧ ਦਾ ਸਾਹਮਣਾ ਪੈਰ ਪੈਰ ’ਤੇ ਕਰਨਾ ਪਵੇਗਾ, ਵਿਰੋਧੀ ਸਿਆਸੀ ਪਾਰਟੀਆਂ ਲੱਤਾਂ ਖਿੱਚਣਗੀਆਂ, ਮੁਲਾਜ਼ਮ ਵਰਗ ਦੀਆਂ ਮੰਗਾਂ ਦਾ ਫਿਕਰ, 2017 ਵਿੱਚ ਕੀਤੇ 17 ਨੁਕਾਤੀ ਵਾਅਦਿਆਂ ਦਾ ਜਵਾਬ ਦੇਣਾ ਪਵੇਗਾ, ਉੱਥੇ ਇਸਦੇ ਨਾਲ ਹੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਵੀ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਸਿਰ ਤੋੜ ਮਿਹਨਤ ਕਰਨੀ ਪਵੇਗੀਇਹ ਕਹਿ ਲਓ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪਰਵਾਨ ਕਰਕੇ ਸਿੱਧੂ ਨੇ ਇੱਕ ਅਜਿਹੇ ਉੱਖਲ਼ ਵਿੱਚ ਸਿਰ ਦੇ ਲਿਆ ਹੈ ਜਿਸ ਵਿੱਚ ਚੌਪਾਸਿਓਂ ਹੀ ਮੂੰਗਲ਼ੀ ਦੀ ਮਾਰ ਪੈ ਰਹੀ ਹੈਇਸ ਮਾਰ ਨੂੰ ਸਹਿਣ ਵਾਸਤੇ ਉਸ ਨੂੰ ਆਪਣੇ ਕੰਨਾਂ ਵਿੱਚ ਕੌੜਾ ਤੇਲ ਪਾ ਕੇ, ਵਿਰੋਧੀਆਂ ਦੀਆਂ ਚੋਭਾਂ ਨੂੰ ਸੁਣਿਆ ਅਣਸੁਣਿਆ ਕਰਦੇ ਹੋਏ ਆਪਣਾ ਮੂੰਹ ਬੰਦ ਕਰਕੇ ਬਹੁਤ ਹੀ ਵੱਡਾ ਜੇਰਾ ਕਰਕੇ ਵਿਚਰਨਾ ਪਵੇਗਾ ਜੋ ਕਿ ਸਿੱਧੂ ਦੇ ਪਿਛੋਕੜ ਵੱਲ ਨਜ਼ਰ ਮਾਰ ਕੇ ਦੇਖੀਏ ਤਾਂ ਉਸ ਵਾਸਤੇ ਇੱਕ ਬਹੁਤ ਔਖਾ ਕਾਰਜ ਹੈਅਕਸਰ ਹੀ ਦੇਖਿਆ ਜਾਂਦਾ ਰਿਹਾ ਹੈ ਕਿ ਉਹ ਬੋਲਣ ਸਮੇਂ ਚੁੱਪ ਰਹਿੰਦਾ ਹੈ ਤੇ ਜਿੱਥੇ ਚੁੱਪ ਰਹਿਣ ਦੀ ਜ਼ਰੂਰਤ ਹੁੰਦੀ ਹੈ, ਉੱਥੇ ‘ਠੋਕੋ ਤਾਲੀ’ ਕਰਦਾ ਹੈ

ਅਲਬੱਤਾ, ਸਿੱਧੂ ਨੂੰ ਪ੍ਰਧਾਨਗੀ ਦੀ ਮੁਬਾਰਕ ਤੇ ਸ਼ੁਭ ਕਾਮਨਾਵਾਂ, ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਖੇਮੇ ਨੂੰ ਕੁਰਸੀ ਮੋਹ ਤੇ ਹਠ ਦਾ ਤਿਆਗ ਕਰਕੇ ਪੰਜਾਬ ਦੇ ਹਿਤਾਂ ਲਈ ਕੰਮ ਕਰਨ ਦੀ ਅਪੀਲ ਤੇ ਸਮੁੱਚੇ ਪੰਜਾਬੀਆਂ ਦੀ ਬਿਹਤਰੀ ਤੇ ਭਲੇ ਵਾਸਤੇ ਅਰਦਾਸ ਕਰਦਾ ਹਾਂਮੁੱਕਦੀ ਗੱਲ ਇਹ ਕਿ ਚੌਧਰ ਦੀ ਕੁਰਸੀ ਕਿਸੇ ਥੱਲੇ ਵੀ ਹੋਵੇ ਪਰ ਮੁੱਖ ਮੁੱਦਾ ਇਸ ਵੇਲੇ ਇਹ ਹੈ ਕਿ ਪੰਜਾਬ ਦੀ ਵਿਗੜੀ ਕੌਣ ਸਵਾਰਦਾ ਹੈ ਤੇ ਲੋਕ ਉਸ ਦੇ ਨਾਲ ਹੀ ਹੋਣਗੇ ਜੋ ਇਸ ਦਿਸ਼ਾ ਵਿੱਚ ਸਿਰਫ ਗੱਲਾਂ ਕਰਨ ਦੀ ਬਜਾਏ ਕੋਈ ਨਿੱਗਰ ਕੰਮ ਕਰੇਗਾਤੇ ਫਿਰ ਉਹ ਸਿੱਧੂ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਤੇ ਜਾਂ ਕੋਈ ਵੀ ਹੋਰਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਵਾਸਤੇ ਫੁੱਲਾਂ ਦਾ ਤਾਜ ਬਣਦੀ ਹੈ ਕਿ ਕੰਡਿਆਂ ਦਾ! ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸਿੱਧੂ ਨੂੰ ਇੱਕ ਮੌਕਾ ਮਿਲਿਆ ਹੈ ਜਿਸ ਬਾਰੇ ਦੇਖਣਾ ਇਹ ਹੋਵੇਗਾ ਕਿ ਕੀ ਉਹ ਇਸ ਮੌਕੇ ਨੂੰ ਸਫਲਤਾ ਵਿੱਚ ਬਦਲ ਸਕਣ ਦੇ ਸਮਰੱਥ ਹੁੰਦਾ ਹੈ ਕਿ ਨਹੀਂ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2907)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author