ShingaraSDhillon7ਦਿੱਲੀ ਵਿਖੇ ਹੋ ਰਹੇ ਕਲੇਸ਼ ਨਿਵਾਰਨ ਮੰਥਨ ਵਿੱਚੋਂ ਨਿਕਲਕੇ ਕੀ ਬਾਹਰ ਆਉਂਦਾ ਹੈ ...
(2 ਜੂਨ 2021)

 

ਪੰਜਾਬ ਵਿੱਚ ਕਾਂਗਰਸ ਦਾ ਪਿਛੋਕੜ ਦੇਖਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਪਾਰਟੀ ਪਹਿਲਾਂ ਤੋਂ ਹੀ ਧੜੇਬਾਜ਼ੀ ਕਾਰਨ ਅੱਡੋ ਫਾੜ ਰਹੀ ਹੈਮਰਹੂਮ ਹਰਚਰਨ ਸਿੰਘ ਬਰਾੜ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਤਹਿ ਨਹੀਂ ਸੀ ਬੈਠਦੀ। ਬੀਬੀ ਰਾਜਿੰਦਰ ਕੌਰ ਭੱਠਲ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਕਈ ਵਾਰ ਸਿੰਗ ਫਸਦੇ ਰਹੇ ਹਨ। ਸ਼ਮਸ਼ੇਰ ਸਿੰਘ ਦੂਲੋ ਬਹੁਤੀ ਵਾਰ ਪੰਜਾਬ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਵਿਰੁੱਧ ਤਲਖ ਬਿਆਨਬਾਜ਼ੀ ਕਰ ਚੁੱਕਾ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਾਰੇ ਇਹ ਚਰਚਾ ਆਮ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਮਿਲਣਾ ਪਸੰਦ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਕਈ ਵਾਰ ਪਹਿਚਾਨਣੋ ਇਨਕਾਰ ਕਰਦਿਆਂ ‘ਕਿਹੜਾ ਸਿੱਧੂ?’ ਤੇ ‘ਇਹ ਸਿੱਧੂ ਹੈ ਕੀ ਚੀਜ਼?’ ਕਹਿ ਚੁੱਕਾ ਹੈ। ਇਸੇ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਜਿਹਨਾਂ ਵਿੱਚ ਕੁਲਵੰਤ ਸਿੰਘ ਜ਼ੀਰਾ, ਪ੍ਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਆਦਿ ਵੀ ਕੈਪਟਨ ਵਿਰੁੱਧ ਬਿਆਨਬਾਜ਼ੀ ਕਰਦੇ ਰਹੇ ਹਨ। ਪਰ ਨਵਜੋਤ ਸਿੰਘ ਸਿੱਧੂ ਨਾਲ ਮੁੱਖ ਮੰਤਰੀ ਦਾ ਜੋ 36 ਦਾ ਅੰਕੜਾ ਲੱਗਾ ਹੈ, ਇਸ ਤਰ੍ਹਾਂ ਕਾਂਗਰਸ ਵਿੱਚ ਪਹਿਲੀਵਾਰ ਹੋਇਆ ਹੈ

ਨਵਜੋਤ ਸਿੰਘ ਸਿੱਧੂ ਬੇਸ਼ਕ ਭਾਰਤੀ ਜਨਤਾ ਪਾਰਟੀ ਵਿੱਚੋਂ ਕਾਂਗਰਸ ਵਿੱਚ ਆਇਆ ਹੈ ਤੇ ਉਸ ਉੱਤੇ ਦਲ ਬਦਲੀ ਦਾ ਦੋਸ਼ ਲਾ ਕੇ ਉਸ ਦੀ ਭਰੋਸੇਯੋਗਤਾ ਉੱਤੇ ਸਵਾਲ ਵੀ ਆਮ ਹੀ ਉਠਾਇਆ ਜਾਂਦਾ ਹੈ ਤੇ ਉਸ ਬਾਰੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਉਹ ਇਹ ਸਭ ਡਰਾਮਾ ਸਿਰਫ ਉਪ ਮੁੱਖਮੰਤਰੀ ਦੀ ਕੁਰਸੀ ਹਥਿਆਉਣ ਵਾਸਤੇ ਕਰ ਰਿਹਾ ਹੈ। ਜਦ ਕਿ ਸੱਚ ਇਹ ਵੀ ਹੈ ਕਿ ਸਿੱਧੂ, ਭਾਜਪਾ ਵਿੱਚੋਂ ਵੀ ਕੁਰਸੀ ਨੂੰ ਲੱਤ ਮਾਰਕੇ ਆਇਆ ਸੀ ਤੇ ਕੈਪਟਨ ਦੀ ਸਰਕਾਰ ਵਿੱਚ ਵੀ ਉਸ ਨੇ ਦੋ ਵਾਰ ਕੁਰਸੀ ਨੂੰ ਲੱਤ ਮਾਰੀ ਹੈ ਬੇਸ਼ਕ ਸਿਆਸਤ ਵਿੱਚ ਨੇਤਾਵਾਂ ਦਾ ਰੁਤਬਾ ਕੁਰਸੀਆਂ ਤੇ ਰੁਤਬਿਆਂ ਨਾਲ ਮਾਪਿਆਂ ਜਾਂਦਾ ਹੈ ਪਰ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਇੱਥੇ ਰੌਲਾ ਇਕੱਲੀ ਕੁਰਸੀ ਦਾ ਹੀ ਨਹੀਂ ਹੈ, ਬਲਕਿ ਸਵੈਮਾਣ ਨੂੰ ਲੱਗੀ ਸੱਟ ਦਾ ਵੀ ਹੈ

ਸਿਆਣੇ ਕਹਿੰਦੇ ਹਨ ਕਿ ਸੱਪ ਦੇ ਨਾਲ ਸੱਪ ਲੜੇ ਤੇ ਫਿਰ ਜ਼ਹਿਰ ਕਿਸ ਨੂੰ ਚੜ੍ਹੇ, ਇਸ ਗੱਲ ਦਾ ਨਿਰਣਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈਹੁਣ ਇਹੀ ਗੱਲ ਪੰਜਾਬ ਦੀ ਕਾਂਗਰਸ ਵਿੱਚ ਸੱਚ ਸਾਬਤ ਹੋ ਰਹੀ ਹੈ। ਭਾਵ ਦੋ ਸਿੱਧੂਆਂ (ਅਮਰਿੰਦਰ ਸਿੰਘ ਤੇ ਨਵਜੋਤ ਸਿੰਘ) ਦੀ ਲੜਾਈ ਵਿੱਚ ਦੋਵੇਂ ਧਿਰਾਂ ਪਿਛਲੇ ਡੇਢ ਕੁ ਸਾਲ ਦੇ ਸਮੇਂ ਤੋਂ ਡਟੀਆਂ ਹੋਈਆਂ ਹਨ, ਦੋਹਾਂ ਵਿਚਕਾਰ ਨਾ ਹੀ ਕੋਈ ਸਮਝੌਤਾ ਹੋ ਰਿਹਾ ਹੈ ਤੇ ਨਾ ਹੀ ਦੋਵੇਂ ਧਿਰਾਂ ਵਿੱਚੋਂ ਕੋਈ ਨਰਮੀ ਦਾ ਰੁਖ ਇਖਤਿਆਰ ਕਰਨ ਨੂੰ ਤਿਆਰ ਹੈ ਇਸਦੇ ਸਿੱਟੇ ਵਜੋਂ ਦੋਹਾਂ ਵਿਚਕਾਰ ਵਧ ਰਹੀ ਤਲਖ਼ੀ ਦੀ ਅੱਗ ਦਾ ਸੇਕ ਪਾਰਟੀ ਦੇ ਅੰਦਰ ਨਿਰੰਤਰ ਫੈਲਦਾ ਜਾ ਰਿਹਾ ਹੈ

ਕੈਪਟਨ ਅਮਰਿੰਦਰ ਸਿੰਘ ਬੇਸ਼ਕ ਤਜਰਬੇਕਾਰ ਆਗੂ ਤੇ ਮੁੱਖ ਮੰਤਰੀ ਹਨ, ਪਰ ਦੂਸਰੇ ਪਾਸੇ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਦੇਖੀਏ ਤਾਂ ਇਹ ਗੱਲ ਸਪਸ਼ਟ ਤੌਰ ’ਤੇ ਕਹੀ ਜਾ ਸਕਦੀ ਹੈ ਕਿ ਹਾਂ! ਉਹ ਉਮਰ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ਼ੋਂ ਬੇਸ਼ਕ ਜ਼ਰੂਰ ਛੋਟੇ ਹਨ, ਪਰ ਲੋਕਾਂ ਵਿੱਚ ਉਸ ਦੀ ਛਵ੍ਹੀ ਕੈਪਟਨ ਅਮਰਿੰਦਰ ਸਿੰਘ ਨਾਲ਼ੋਂ ਵੱਧ ਹਰਮਨ ਪਿਆਰੀ ਤੇ ਅਸਰਦਾਰ ਹੈ

ਕਰਤਾਰਪੁਰ ਲਾਂਘੇ ਸਮੇਂ ਜੋ ਭੂਮਿਕਾ ਨਵਜੋਤ ਸਿੰਘ ਸਿੱਧੂ ਨੇ ਨਿਭਾਈ, ਉਸ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਪਰ ਜੋ ਗਲਤ ਤੇ ਬੇਢੱਬੀ ਬਿਆਨਬਾਜ਼ੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੇ ਨਵਜੋਤ ਸਿੱਧੂ ਵਿਰੁੱਧ ਕੀਤੀ, ਉਸ ਨਾਲ ਕੈਪਟਨ ਨੇ ਖ਼ੁਦ ਹੀ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਵਾਂ ਕਰ ਲਿਆ

ਭਾਵੇਂ ਕਾਂਗਰਸ ਵਿਚਲੇ ਚੱਲ ਰਹੇ ਕਲਾ ਕਲੇਸ਼ ਦੌਰਾਨ ਗੁਰੂ ਗਰੰਥ ਸਾਹਿਬ ਦਾ ਛੇ ਸਾਲ ਪੁਰਾਣਾ ਬੇਅਦਬੀ ਕਾਂਡ ਦਾ ਮੁੱਦਾ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ, ਪਰ ਇਸਦੇ ਨਾਲ ਹੀ ਗੁਟਕਾ ਸਾਹਿਬ ਦੀ ਕਸਮ ਖਾ ਕੇ ਨਸ਼ਿਆਂ ਦਾ ਲੱਕ ਤੋੜਨ ਵਾਲਾ ਵਾਅਦਾ, ਘਰ ਘਰ ਨੌਕਰੀ, ਕਿਸਾਨਾਂ ਦੇ ਕਰਜ਼ਿਆਂ ’ਤੇ ਲੀਕ ਮਾਰਨ, ਫ਼ੋਨ, ਲੈਪਟਾਪ ਆਦਿ ਵਾਅਦਿਆਂ ਦੀ ਅਪੂਰਤੀ ਵੀ ਕਲਾ ਦਾ ਮੁੱਖ ਕਾਰਨ ਹੈਅਗਾਮੀ ਅਸੰਬਲੀ ਚੋਣਾਂ ਸਿਰ ’ਤੇ ਹਨ। ਹੁਣ ਓਹੀ ਵਿਧਾਇਕ ਤੇ ਮੰਤਰੀ ਜੋ ਅਸੰਬਲੀ ਵਿੱਚ ਕਿਸੇ ਵੇਲੇ ਪੱਲਾ ਅੱਡ ਕੇ ਵਾਅਦੇ ਪੂਰੇ ਕਰਨ ਦੀ ਮੰਗ ਨਹੀਂ ਬਲਕਿ ਫ਼ਰਿਆਦ ਕਰਦੇ ਸਨ, ਮੁੱਖ ਮੰਤਰੀ ਨੂੰ ਸਵਾਲ ਕਰ ਰਹੇ ਹਨ

ਪਿਛਲੇ ਦੋ ਦਿਨਾਂ ਤੋਂ ਦਿਲੀ ਵਿੱਚ ਤਿੰਨ ਮੈਂਬਰੀ ਕਮੇਟੀ ਦਾ ਗਠਿਨ ਕਰਕੇ ਕਾਂਗਰਸ ਹਾਈ ਕਮਾਂਡ ਪੰਜਾਬ ਕਾਂਗਰਸ ਵਿਚਲੇ ਕਾਟੋ ਕਲੇਸ਼ ਨੂੰ ਸੁਲਝਾਉਣ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜੋ ਆਸਾਰ ਨਜ਼ਰ ਆ ਰਹੇ ਹਨ, ਉਹਨਾਂ ਮੁਤਾਬਿਕ ਜਾਪਦਾ ਨਹੀਂ ਕਿ ਮਸਲਾ ਪੂਰੀ ਤਰ੍ਹਾਂ ਰਫੂ ਹੋ ਜਾਵੇਗਾ ਕਿਉਂਕਿ ਤਿੰਨ ਮੈਂਬਰ ਪਾਰਲੀਮੈਂਟ ਅਤੇ 25 ਵਿਧਾਇਕ ਕੈਪਟਨ ਅਮਪਿੰਦਰ ਸਿੰਘ ਦੇ ਸਿੱਧੇ ਵਿਰੋਧ ਹਨ ਜਦ ਕਿ ਪੰਜਾਬ ਦੇ ਬਹੁਤੇ ਵਿਧਾਇਕ ਇਸ ਵੇਲੇ ਵਾਚ ਐਂਡ ਵੇਟ ਦੀ ਰਣਨੀਤੀ ’ਤੇ ਚੱਲ ਰਹੇ ਹਨ, ਜੋ ਕਦੇ ਵੀ ਕੈਪਟਨ ਨਾਲ਼ੋਂ ਮੁੱਖ ਮੋੜ ਸਕਦੇ ਹਨ

ਕੈਪਟਨ ਅਮਰਿੰਦਰ ਸਿੰਘ ਦੀਆਂ ਆਦਤਾਂ ਰਾਜਿਆਂ ਮਹਾਰਾਜਿਆਂ ਵਾਲੀਆਂ ਹਨਪਿਛਲੇ ਸਾਢੇ ਚਾਰ ਸਾਲਾਂ ਵਿੱਚ ਉਸ ਨੇ ਇੱਕ ਵਾਰ ਵੀ ਆਪਣੇ ਨਿੱਜੀ ਫਾਰਮ ਵਿੱਚੋਂ ਬਾਹਰ ਨਿਕਲਕੇ ਨਾ ਹੀ ਜਨਤਾ ਦੀ ਸਾਰ ਲਈ ਹੈ ਤੇ ਨਾ ਹੀ ਆਪਣੇ ਵਿਧਾਇਕਾਂ ਦੀਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦਾ ਮੋਰਚਾ ਪਿਛਲੇ ਛੇ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲ ਰਿਹਾ ਹੈ ਜਿਸ ਦੌਰਾਨ ਸਾਢੇ ਕੁ ਚਾਰ ਸੌ ਦੇ ਲਗਭਗ ਕਿਸਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ। ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਈ ਵਾਰ ਕਿਸਾਨਾਂ ਦਾ ਹਾਲ ਚਾਲ ਪੁੱਛਣ ਗਿਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਮਿਲਣ ਦਾ ਉਚੇਚਾ ਦੌਰਾ ਤਾਂ ਦੂਰ ਦੀ ਗੱਲ, ਦਿੱਲੀ ਜਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੁਪਤ ਮੀਟਿੰਗ ਕਰਕੇ ਕਿਸਾਨਾਂ ਨੂੰ ਬਿਨਾ ਮਿਲੇ ਵਾਪਸ ਆ ਗਿਆ, ਜਦ ਕਿ ਪਹਿਲਾਂ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਇਹ ਕਹਿ ਕੇ ਉਕਸਾਉਣ ਵਾਲਾ ਤੁਸੀਂ ਦਿੱਲੀ ਚੱਲੋ, ਮੈਂ ਵੀ ਤੁਹਾਡੇ ਨਾਲ ਚੱਲਾਂਗਾ” ਵੀ ਕੈਪਟਨ ਅਮਰਿੰਦਰ ਸਿੰਘ ਹੀ ਸੀ

ਮੁੱਕਦੀ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਇਸ ਵੇਲੇ ਬੁਰੀ ਤਰ੍ਹਾਂ ਫੁੱਟ ਦੀ ਸ਼ਿਕਾਰ ਹੈਹਾਈ ਕਮਾਂਡ ਨੇ ਦੋਹਾਂ ਸਿੱਧੂਆਂ ਵਿਚਕਾਰ ਬੇਸ਼ਕ ਸਮੇਂ ਸਮੇਂ ਸੁਲ੍ਹਾ ਸਫਾਈ ਕਰਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜੋ ਕਦੇ ਵੀ ਕਿਸੇ ਤਣ ਪੱਤਣ ਨਹੀਂ ਲੱਗੀਹੁਣ ਅਗਾਮੀ ਚੋਣਾਂ ਦੇ ਮੱਦੇਨਜ਼ਰ ਇੱਕ ਵਾਰ ਫੇਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਤੰਦ ਦੀ ਬਜਾਏ ਤਾਣੀ ਉਲਝ ਚੁੱਕੀ ਹੈ, ਦਿਲੀ ਦੂਰੀਆਂ ਬਹੁਤ ਵੱਧ ਚੁੱਕੀਆਂ ਹਨ। ਨਫ਼ਰਤ ਦੀਆਂ ਗੰਢਾਂ ਬਹੁਤ ਮਜ਼ਬੂਤ ਹੋ ਚੁੱਕੀਆਂ ਹਨ, ਜਿਸ ਕਰਕੇ ਅਗਾਮੀ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਜਾਣ ਵਾਲਾ ਆਰਜ਼ੀ ਸਮਝੌਤਾ ਹੁਣ ਉੰਨਾ ਚਿਰ ਸਾਰਥਿਕ ਨਹੀਂ ਹੋਵੇਗਾ, ਜਿੰਨਾ ਚਿਰ ਨਵਜੋਤ ਸਿੱਧੂ ਸਮੇਤ ਬਾਕੀ ਪੰਝੀ ਤੀਹ ਵਿਧਾਇਕਾਂ ਦੀ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ ਕਰਵਾਈ ਜਾਂਦੀ

ਇਹ ਗੱਲ ਵੀ ਸਪਸ਼ਟ ਹੈ ਕਿ ਇਸ ਵਾਰ ਪਰਸ਼ਾਂਤ ਕਿਸ਼ੋਰ ਵਾਲਾ ਫ਼ਾਰਮੂਲਾ ਕੰਮ ਨਹੀਂ ਕਰੇਗਾ ਤੇ ਇਸਦੇ ਨਾਲ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਦਾ ਵੀ ਪਾਰਟੀ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾਕੈਪਟਨ ਅਮਰਿੰਦਰ ਸਿੰਘ ਦੀ ਛਵ੍ਹੀ ਵੀ ਹੁਣ ਪਹਿਲਾ ਵਰਗੀ ਨਹੀਂ ਰਹੀ ਤੇ ਇਸਦੇ ਨਾਲ ਹੀ ਉਹਨਾਂ ਦੀ ਭਰੋਸੇਯੋਗਤਾ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨਕਹਿਣ ਦਾ ਭਾਵ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਬੇੜੀ ਕਲੇਸ਼ ਦੇ ਮੰਝਧਾਰ ਵਿੱਚ ਫਸੀ ਹੋਈ ਡਿੱਕੋਡੋਲੇ ਖਾ ਰਹੀ ਹੈਦਿੱਲੀ ਵਿਖੇ ਹੋ ਰਹੇ ਕਲੇਸ਼ ਨਿਵਾਰਨ ਮੰਥਨ ਵਿੱਚੋਂ ਨਿਕਲਕੇ ਕੀ ਬਾਹਰ ਆਉਂਦਾ ਹੈ, ਇਸਦੇ ਆਸਾਰ ਤਾਂ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਪੱਤਰਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲਮੋਲ ਸਟੇਟਮੈਂਟਾਂ ਤੋਂ ਸਾਹਮਣੇ ਆ ਹੀ ਰਹੇ ਹਨ। ਪਰ ਥੈਲੇ ਵਾਲੀ ਬਿੱਲੀ ਦਾ ਬਾਹਰ ਆਉਣਾ ਅਜੇ ਬਾਕੀ ਹੈ, ਜੋ ਇੱਕ ਦੋਂਹ ਦਿਨਾਂ ਤਕ ਬਾਹਰ ਆ ਹੀ ਜਾਵੇਗੀ ਇੱਕ ਗੱਲ ਇਸ ਸਾਰੇ ਕਲਾ ਕਲੰਦਰ ਵਿੱਚੋਂ ਇਹ ਵੀ ਬਹੁਤ ਹੀ ਸਪਸ਼ਟ ਹੋ ਗਈ ਹੈ ਕਿ ਜੇਕਰ ਪੰਜਾਬ ਸਰਕਾਰ ਚੋਣਾਂ ਵੇਲੇ ਕੀਤੇ ਆਪਣੇ ਵਾਅਦੇ ਪੂਰੇ ਕਰਨੋ ਅਸਫਲ ਰਹਿੰਦੀ ਹੈ ਤਾਂ ਫਿਰ ਅਗਾਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਹੁਤ ਹੀ ਹੈਰਾਨੀਜਨਕ ਹੋਣਗੇਸੋ ਪੰਜਾਬ ਕਾਂਗਰਸ ਦੇ ਵਾਸਤੇ ਇਸ ਵੇਲੇ ਬਹੁਤ ਹੀ ਮਾੜਾ ਸਮਾਂ ਚੱਲ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2820)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author