ShingaraSDhillon7ਅਧਿਆਪਕ ਦੁਆਰਾ ਬਖਸ਼ੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚੀ ਸੋਚ ਕਰਕੇ ...
(5 ਸਤੰਬਰ 2021)

 

ਅਧਿਆਪਨ ਸਿਰਫ ਇੱਕ ਅਧਿਆਪਕ ਦਾ ਕਿੱਤਾ ਹੀ ਨਹੀਂ ਹੁੰਦਾ ਸਗੋਂ ਇਹ ਉਸਦੀ ਰੋਜ਼ੀ ਰੋਟੀ ਤੋਂ ਅੱਗੇ ਉਸ ਦੁਆਰਾ ਆਪਣੇ ਕਿੱਤੇ ਰਾਹੀਂ ਕੀਤਾ ਗਿਆ ਪਰਉਪਕਾਰੀ ਕਾਰਜ ਵੀ ਹੁੰਦਾ ਹੈ। ਜੇਕਰ ਇਸ ਨੂੰ ਦੂਸਰੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਇੰਜ ਵੀ ਕਹਿ ਸਕਦੇ ਹਾਂ ਕਿ ਅਧਿਆਪਕ ਆਪਣੇ ਆਪ ਵਿੱਚ ਇੱਕ ਭਰੀ ਪੂਰੀ ਪਰਉਪਕਾਰੀ ਸੰਸਥਾ ਹੁੰਦੀ ਹੈ, ਜੋ ਆਪਣੇ ਆਪ ਵਿੱਚ ਗਿਆਨ ਦਾ ਅਥਾਹ ਭੰਡਾਰ ਸਮੋਈ ਹੁੰਦੀ ਹੈ, ਜਿਸ ਨੂੰ ਉਹ ਆਪਣੇ ਵਿਦਿਆਰਥੀਆਂ ਵਿੱਚ ਖੁੱਲ੍ਹੇ ਮਨ ਨਾਲ ਗੱਫਿਆਂ ਦੇ ਗੱਫੇ ਵੰਡਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਅਧਿਆਪਕ ਨੂੰ ਕੌਮ ਦਾ ਨਿਰਮਾਤਾ (The nation buider) ਵੀ ਕਿਹਾ ਜਾਂਦਾ ਹੈ।

ਪੁਰਾਣੇ ਸਮੇਂ ਵਿੱਚ ਅਧਿਆਪਕ ਨੂੰ ਪਰਮਾਤਮਾ ਤੋਂ ਉੱਚਾ ਰੁਤਬਾ ਦਿੱਤਾ ਜਾਂਦਾ ਰਿਹਾ ਹੈ। ਉਸ ਨੂੰ ਗੁਰੂ, ਗੁਰਦੇਵ ਜਾਂ ਅਚਾਰੀਆ ਕਹਿਕੇ ਸੰਬੋਧਿਤ ਕੀਤਾ ਜਾਂਦਾ ਸੀ। ਦਰਅਸਲ ਇਸਦਾ ਕਾਰਨ ਇਹ ਸੀ ਕਿ ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਸੀ। ਅਧਿਆਪਕ ਦੁਆਰਾ ਦਿੱਤੇ ਗਏ ਗਿਆਨ ਦੀ ਲੋਅ ਸਦਕਾ ਹੀ ਇੱਕ ਸਭਿਅਕ ਸਮਾਜ ਹੋਂਦ ਵਿੱਚ ਆਉਂਦਾ ਹੈ ਅਤੇ ਸਮਾਜ ਵਿੱਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ। ਮਨੁੱਖ ਆਪਣੇ ਆਪ ਨੂੰ ਅਧਿਆਪਕ ਦੁਆਰਾ ਬਖਸ਼ੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚੀ ਸੋਚ ਕਰਕੇ ਖ਼ੁਸ਼ਹਾਲ, ਸੁਖਾਲਾ, ਉੱਤਮ ਅਤੇ ਸੱਭਿਅਕ ਬਣਾਉਂਦਾ ਹੈ।

ਇਕ ਚੰਗੇ ਅਧਿਆਪਕ ਦੀ ਸ਼ਖਸੀਅਤ ਬਹੁਤ ਪ੍ਰਭਾਵੀ ਹੁੰਦੀ ਹੈ। ਵਿਦਿਆਰਥੀ ਉਸ ਦੇ ਬੋਲਾਂ ਤੋਂ ਵੀ ਪ੍ਰਭਾਵਤ ਹੁੰਦੇ ਹਨ ਤੇ ਸ਼ਖਸੀਅਤ ਤੋਂ ਵੀ। ਕਿਸੇ ਬਹੁਤ ਸੁਲ਼ਝੇ ਹੋਏ ਅਧਿਆਪਕ ਦੀ ਬੌਡੀ ਲੈਂਗੁਏਜ ਤੋਂ ਵਿਦਿਆਰਥੀ ਵਧੇਰੇ ਸਿੱਖਦੇ ਹਨ ਕਿਉਂਕਿ ਵਿਦਿਆਰਥੀ ਅਧਿਆਪਕ ਦੇ ਬੋਲਾਂ ਦੇ ਨਾਲ ਨਾਲ ਉਸ ਦੇ ਚਿਹਰੇ ਨੂੰ ਵੀ ਪੜ੍ਹਦੇ ਹਨ।

ਅੱਜ ਅਧਿਆਪਕ ਦਿਵਸ ਹੈ। ਹਰ ਸਾਲ 5 ਸਤੰਬਰ ਨੂੰ ਇਹ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹ ਆਪ ਇੱਕ ਬਹੁਤ ਉੱਚ ਕੋਟੀ ਦੇ ਅਧਿਆਪਕ ਸਨ। ਉਂਜ ਸੰਸਾਰ ਦੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਵੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ, ਪਰ ਉਹਨਾਂ ਮੁਲਕਾਂ ਵਿੱਚ ਇਹ ਦਿਵਸ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਦੇ ਮਾਣ-ਸਨਮਾਨ ਦਿਵਸ ਵਜੋਂ ਆਯੋਜਿਤ ਕੀਤਾ ਜਾਂਦਾ ਹੈ। ਇਸਦੇ ਨਾਲ ਬਿਲਕੁਲ ਰਲਦਾ ਮਿਲਦਾ ਅਧਿਆਪਕ ਦਿਵਸ 1994 ਤੋਂ ਹਰ ਸਾਲ ‘ਵਿਸ਼ਵ ਅਧਿਆਪਕ ਦਿਵਸ’ ਵਜੋਂ ਹਰ ਸਾਲ 5 ਅਕਤੂਬਰ ਨੂੰ ਵੀ ਮਨਾਇਆ ਜਾਂਦਾ ਹੈ। ਪਰ ਇਹ ਦਿਵਸ ਸੰਯੁਕਤ ਰਾਸ਼ਟਰ ਦੁਆਰਾ ਸਾਲ 1966 ਵਿੱਚ ਯੂਨੈਸਕੋ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਹੋਈ ਉਸ ਸਾਂਝੀ ਬੈਠਕ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਜਿਸ ਵਿੱਚ ਅਧਿਆਪਕਾਂ ਦੀ ਸਥਿਤੀ ਬਾਰੇ ਚਰਚਾ ਹੋਈ ਸੀ ਅਤੇ ਇਸਦੇ ਲਈ ਸੁਝਾ ਪੇਸ਼ ਕੀਤੇ ਗਏ ਸਨ।

ਅਧਿਆਪਕ ਦਿਵਸ ਮਨਾਉਣਾ ਬਹੁਤ ਚੰਗੀ ਗੱਲ ਹੈ, ਪਰ ਇਸ ਦਿਵਸ ਨੂੰ ਮਨਾਉਣ ਦਾ ਫ਼ਾਇਦਾ ਤਾਂ ਹੀ ਹੈ ਜੇਕਰ ਅਧਿਆਪਕਾਂ ਦੇ ਹਿਤਾਂ ਦਾ ਖਿਆਲ ਰੱਖਿਆ ਜਾਵੇ, ਉਹਨਾਂ ਨੂੰ ਉਹ ਮਾਣ ਸਤਿਕਾਰ ਦਿੱਤਾ ਜਾਵੇ, ਜਿਸਦੇ ਉਹ ਅਸਲ ਹੱਕਦਾਰ ਹੁੰਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਬਰਤਾਨੀਆ ਵਿੱਚ ਜੇਕਰ ਕੋਈ ਅਧਿਆਪਕ ਕਿਸੇ ਕੋਰਟ ਵਿੱਚ ਗਵਾਹੀ ਵਗੈਰਾ ਦੇਣ ਜਾਵੇ ਤਾਂ ਜੱਜ ਉਸਦੇ ਸਤਿਕਾਰ ਵਿੱਚ ਉੱਠ ਕੇ ਖੜ੍ਹਾ ਹੋ ਜਾਂਦਾ ਹੈ ਤੇ ਉਸ ਦੁਆਰਾ ਦਿੱਤੀ ਗਈ ਗਵਾਹੀ ਨੂੰ ਸਹੀ ਮੰਨਿਆ ਜਾਂਦਾ ਹੈ। ਪਰ ਭਾਰਤ ਵਿੱਚ ਅਧਿਆਪਕਾਂ ਦੇ ਹਾਲਾਤ ਬਹੁਤ ਵੱਖਰੇ ਹਨ। ਇੱਥੇ ਅਧਿਆਪਕਾਂ ਦੀਆਂ ਨਿਯੁਕਤੀਆਂ ਉਹਨਾਂ ਨੂੰ ਮੰਡੀ ਦੀ ਵਸਤ ਬਣਾ ਕੇ ਠੇਕੇ ਦੇ ਅਧਾਰ ’ਤੇ ਕੀਤੀਆਂ ਜਾਂਦੀਆਂ ਹਨ। ਬੇਰੁਜ਼ਗਾਰਾਂ ਦੀ ਕਤਾਰ ਵਿੱਚ ਉਹ ਸਭ ਤੋਂ ਅੱਗੇ ਹਨ। ਉਹਨਾਂ ਨੂੰ ਹੱਕ ਮੰਗਦਿਆਂ ਨੂੰ ਸਰਕਾਰਾਂ ਡੰਡੇ ਫੇਰਦੀਆਂ ਹਨ, ਪਾਣੀ ਦੀਆਂ ਬੁਛਾੜਾਂ ਨਾਲ ਭਜਾਉਂਦੀਆਂ ਹਨ, ਪੱਗਾਂ ਤੇ ਚੁੰਨੀਆਂ ਲਾਹ ਕੇ ਧੂਹ ਘਸੀਟ ਕਰਦੀਆਂ ਹਨ। ਕਈ ਕਈ ਮਹੀਨੇ ਉਹਨਾਂ ਨੂੰ ਬਿਨ ਤਨਖਾਹ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਬਣਦੇ ਮਿਹਨਤਾਨੇ ਦੀ ਬਜਾਏ ਮਾਮੂਲੀ ਮਿਹਨਤਾਨਾ ਦੇ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਹਨਾਂ ਤੋਂ ਅਧਿਆਪਨ ਦੇ ਕਾਰਜ ਦੀ ਬਜਾਏ ਸਰਕਾਰ ਹੋਰ ਫਾਲਤੂ ਦੇ ਕੰਮ, ਮਰਦਮ ਸ਼ੁਮਾਰੀ, ਟੀਕਾਕਰਨ ਮੁਹਿੰਮ, ਸਫਾਈ ਮੁਹਿੰਮ ਆਦਿ ਵਗਾਰਾਂ ਕਰਵਾਉਂਦੀ ਹੈ। ਅਜਿਹੀਆਂ ਹਾਲਤਾਂ ਵਿੱਚ ਅਧਿਆਪਕ ਦਿਵਸ ਮਨਾਉਣ ਦੀ ਕੋਈ ਸਾਰਥਿਕਤਾ ਨਹੀਂ ਰਹਿ ਜਾਂਦੀ। ਦਰਅਸਲ ਇਹ ਅਧਿਆਪਕ ਦਿਵਸ ਦੇ ਨਾਮ ’ਤੇ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਇੱਕ ਕੋਝਾ ਮਜ਼ਾਕ ਜਾਂ ਫਿਰ ਉਹਨਾਂ ਦੇ ਜਖਮਾਂ ’ਤੇ ਭੁੱਕਿਆ ਜਾ ਰਿਹਾ ਲੂਣ ਹੈ।

ਪੰਜਾਬ ਵਿੱਚ ਅੱਜ ਕੋਈ ਚਾਰ ਕੁ ਲੱਖ ਬੇਰੁਜ਼ਗਾਰ ਨੌਜਵਾਨ ਅਧਿਆਪਕ ਡਿਗਰੀਆਂ ਲੈਣ ਸਮੇਤ ਸਾਰੇ ਟੈਸਟ ਪਾਸ ਕਰਕੇ ਨੌਕਰੀਆਂ ਲਈ ਸੜਕਾਂ ਦੀ ਧੂੜ ਫੱਕ ਰਹੇ ਹਨ। ਈ ਟੀ ਟੀ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਕਾਫ਼ੀ ਲੰਮੇ ਸਮੇਂ ਤੋਂ ਲਗਾਤਾਰ ਚੱਲ ਰਿਹਾ ਹੈ। ਪੰਜਾਬ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਲੱਖਾਂ ਅਧਿਆਪਕ ਬੇਰੁਜ਼ਗਾਰ ਹਨ ਤੇ ਜੋ ਕੰਮ ਕਰਦੇ ਹਨ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਇਸ ਤੋਂ ਵੀ ਅੱਗੇ ਭਰਤੀ ’ਤੇ ਪਾਬੰਦੀ ਹੈ ਤੇ ਜੋ ਭਰਤੀ ਕੀਤੀ ਵੀ ਜਾ ਰਹੀ ਹੈ, ਉਹ ਬਣਦਾ ਮਿਹਨਤਾਨਾ ਦੇਣ ਦੀ ਬਜਾਏ ਬਹੁਤ ਮਾਮੂਲੀ ਮਿਹਨਤਾਨਾ ਦੇਣ ਦੀ ਲਿਖਤੀ ਸਹਿਮਤੀ ਨਾਲ ਕੀਤੀ ਜਾ ਰਹੀ ਹੈ।

ਇਸ ਤਰ੍ਹਾਂ ਦੇ ਹਾਲਾਤ ਵਿੱਚ ਅਧਿਆਪਕ ਦਿਵਸ ਮਨਾਉਣਾ ਅਸਲ ਵਿੱਚ ਕਿਸੇ ਵੀ ਤਰ੍ਹਾਂ ਡਾ. ਰਾਧਾ ਕ੍ਰਿਸ਼ਨਨ ਦਾ ਅਪਮਾਨ ਕਰਨ ਨਾਲ਼ੋਂ ਘੱਟ ਨਹੀਂ। ਅਧਿਆਪਕ ਦਿਵਸ ਮਨਾਉਣ ਦੀ ਬਜਾਏ, ਸਰਕਾਰਾਂ ਆਪਣੀਆਂ ਅਧਿਆਪਕਾਂ ਪ੍ਰਤੀ ਬਣਾਈਆਂ ਗਈਆਂ ਗਲਤ ਨੀਤੀਆਂ ਦਾ ਚਿੰਤਨ ਮੰਥਨ ਕਰਨ, ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੇਣ, ਅਧਿਆਪਕਾਂ ਨੂੰ ਉਹਨਾਂ ਦੀ ਯੋਗਤਾ ਮੁਤਾਬਿਕ ਤਨਖਾਹਾਂ ਦੇਣ, ਅਧਿਆਪਕਾਂ ਤੋਂ ਵਗਾਰਾਂ ਕਰਾਉਣੀਆਂ ਬੰਦ ਕੀਤੀਆਂ ਜਾਣ। ਅਧਿਆਪਕਾ ਦਾ ਸ਼ੋਸ਼ਣ ਬੰਦ ਕੀਤਾ ਜੀਵੇ ਤੇ ਉਹਨਾਂ ਦੇ ਸਾਰੇ ਜਾਇਜ਼ ਹੱਕ ਬਹਾਲ ਕੀਤੇ ਜਾਣ। ਜੇਕਰ ਸਰਕਾਰਾਂ ਇਹ ਸਭ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਇਹ ਕਿਸੇ ਵੀ ਤਰ੍ਹਾਂ ਅਧਿਆਪਕ ਦਿਵਸ ਮਨਾਏ ਜਾਣ ਤੋਂ ਘੱਟ ਨਹੀਂ ਹੋਵੇਗਾ।

ਅਧਿਆਪਕ ਦਿਵਸ ਦੇ ਇਸ ਬਹੁਤ ਹੀ ਅਹਿਮ ਦਿਹਾੜੇ ’ਤੇ ਮੈਂ ਉਹਨਾਂ ਸਭ ਅਧਿਆਪਕਾਂ ਨੂੰ ਨਤਮਸਤਕ ਹਾਂ, ਜਿਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਤੇ ਆਪਣੇ ਵਿਦਿਆਰਥੀਆਂ ਨੂੰ ਇਸ ਕਾਬਲ ਬਣਾਇਆ ਕਿ ਉਹ ਜ਼ਿੰਦਗੀ ਵਿੱਚ ਦਰਪੇਸ਼ ਹਰ ਤਰ੍ਹਾਂ ਦੀਆਂ ਔਕੜਾਂ ਦਾ ਮੁਕਾਬਲਾ ਕਰਕੇ ਸਫਲਤਾ ਦੀ ਬੁਲੰਦੀ ’ਤੇ ਪਹੁੰਚੇ ਤੇ ਆਪਣੇ ਜੀਵਨ ਮਕਸਦ ਵਿੱਚ ਸਫਲ ਹੋਏ। ਅਧਿਆਪਕ ਦਾ ਮਨੁੱਖੀ ਜੀਵਨ ਵਿੱਚ ਯੋਗਦਾਨ ਮਹਾਨ ਹੈ। ਇਹੀ ਕਾਰਨ ਹੈ ਕਿ ਪੱਛਮੀ ਮੁਲਕਾਂ ਵਿੱਚ ਅਧਿਆਪਕ ਦਾ ਬਹੁਤ ਸਨਮਾਨ ਹੈ ਤੇ ਉਹਨਾਂ ਨੂੰ ਵਧੀਆ ਤੇ ਢੁੱਕਵੀਆਂ ਸਹੂਲਤਾਂ ਤੇ ਤਨਖਾਹਾਂ ਦੇਣ ਦਾ ਖਾਸ ਇੰਤਜ਼ਾਮ ਹੈ। ਕਾਸ਼! ਭਾਰਤ ਵਿੱਚ ਵੀ ਇਸ ਤਰ੍ਹਾਂ ਸੰਭਵ ਹੋ ਸਕੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2990)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author