ShingaraSDhillon7ਅਸਤੀਫ਼ਾ ਦੇਣ ਤੋਂ ਬਾਦ ਉਹਨਾਂ ਨੇ ਜੋ ਕੁਝ ਵੀ ਬੋਲਿਆ, ਉਹ ਉਹਨਾਂ ਦੇ ...
(20 ਸਤੰਬਰ 2021)

 

ਦੋ ਦਿਨਾਂ ਦੇ ਲੰਮੇ ਘਟਨਾਕ੍ਰਮ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਦਲਿਤ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕਰਕੇ ਬਹੁਤ ਹੀ ਸੁਲਝਿਆ ਹੋਇਆ ਫੈਸਲਾ ਲਿਆ ਹੈਉਨ੍ਹਾਂ ਦੀ ਨਿਯੁਕਤੀ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਪੂਰੀ ਤਰ੍ਹਾਂ ਛਾਂਗਿਆ ਗਿਆ ਹੈ ਹੁਣ ਕੈਪਟਨ ਰਾਜ ਵਿੱਚ ਕਾਂਗਰਸ ਜਾਂ ਮੁੱਖ ਮੰਤਰੀ ਦੇ ਵਿਰੁੱਧ ਬਿਲਕੁਲ ਵੀ ਨਹੀਂ ਬੋਲ ਸਕਣਗੇ ਚਰਨਜੀਤ ਸਿੰਘ ਚੰਨੀ ਬੇਸ਼ਕ ਕੈਪਟਨ ਦੇ ਸਖਤ ਆਲੋਚਕ ਰਹੇ ਹਨ, ਉਹਨਾਂ ਦੀਆਂ ਕੈਪਟਨ ਵਿਰੋਧੀ ਸਟੇਟਮੈਂਟਾਂ ਕਰਕੇ ਕੈਪਟਨ ਵੱਲੋਂ ਉਨ੍ਹਾਂ ਨੂੰ ਇੱਕ ਵਾਰ ਬਰਖਾਸਤ ਕਰਨ ਦੇਣ ਦਾ ਮਨ ਵੀ ਬਣਾਇਆ ਗਿਆ ਸੀ ਪਰ ਕਾਂਗਰਸ ਹਾਈ ਕਮਾਂਡ ਨੇ ਅਜਿਹਾ ਕਰਨ ਤੋਂ ਕੈਪਟਨ ਨੂੰ ਵਰਜ ਦਿੱਤਾ ਸੀ

ਇਸ ਸਾਲ ਸ਼ੁਰੂ ਹੋਇਆ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਬੇਸ਼ਕ ਚੰਨੀ ਦੀ ਨਿਯੁਕਤੀ ਕਾਰਨ ਇਸ ਵੇਲੇ ਖਤਮ ਹੋ ਗਿਆ ਜਾਪਦਾ ਹੈ, ਪਰ ਜੇਕਰ ਪੰਜਾਬ ਕਾਂਗਰਸ ਦਾ ਸਿਆਸੀ ਪਿਛੋਕੜ ਦੇਖਿਆ ਜਾਵੇ ਤਾਂ ਚੰਨੀ ਦੀ ਮੁੱਖ ਮੰਤਰੀ ਵਜੋਂ ਤਿੰਨ ਚਾਰ ਮਹੀਨੇ ਵਾਸਤੇ ਕੀਤੀ ਗਈ ਨਿਯੁਕਤੀ ਪਾਰਟੀ ਹਾਈ ਕਮਾਂਡ ਵੱਲੋਂ ਇੱਕ ਸਿਆਸੀ ਪੱਤਾ ਖੇਡਣ ਵਾਲੀ ਖੇਡ ਤੋਂ ਵੱਧ ਹੋਰ ਕੁਝ ਵੀ ਨਹੀਂਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ, ਹਰਚਰਨ ਸਿੰਘ ਬਰਾੜ ਤੇ ਰਾਜਿੰਦਰ ਕੌਰ ਭੱਠਲ ਨੂੰ ਜਿਹਨਾਂ ਹਾਲਾਤ ਵਿੱਚ ਮੁੱਖ ਮੰਤਰੀਆਂ ਬਣਾਇਆ ਗਿਆ ਸੀ, ਉਹ ਬਿਲਕੁਲ ਪੰਜਾਬ ਕਾਂਗਰਸ ਦੇ ਅਜੋਕੇ ਹਾਲਾਤ ਨਾਲ ਮਿਲਦੇ ਜੁਲਦੇ ਹੀ ਸਨ ਤੇ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਡੰਮੀ ਹੀ ਸਾਬਤ ਹੋਏ ਸਨ ਹੁਣ ਚੰਨੀ ਨਾਲ ਵੀ ਇਹੀ ਕੁਝ ਹੋਣ ਵਾਲਾ ਹੈ

ਸਿੱਧੂ ਅਤੇ ਕੈਪਟਨ ਦੀ ਸਿਆਸੀ ਲੜਾਈ ਵਿੱਚ ਚੰਨੀ ਦੀ ਨਿਯੁਕਤੀ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਦੇ ਅਸ਼ੀਰਵਾਦ ਨਾਲ ਦੂਸਰੀ ਵੱਡੀ ਜਿੱਤ ਮੰਨੀ ਜਾ ਸਕਦੀ ਹੈਕਾਂਗਰਸ ਹਾਈ ਕਮਾਂਡ ਨੇ ਚੰਨੀ ਦੀ ਨਿਯੁਕਤੀ ਨੂੰ ਲੈ ਜਿੱਥੇ ਕੈਪਟਨ ਦੇ ਰਹਿੰਦੇ ਖੂੰਦੇ ਪਰ ਵੀ ਕੁਤਰ ਦਿੱਤੇ ਹਨ, ਉੱਥੇ ਭਾਜਪਾ ਦੁਆਰਾ ਪੰਜਾਬ ਦੀਆਂ ਅਗਾਮੀ ਚੋਣਾਂ ਜਿੱਤਣ ਦੀ ਸੂਰਤ ਵਿੱਚ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਉਣਾ, ਅਕਾਲੀ ਬਸਪਾ ਸਰਕਾਰ ਬਣਨ ’ਤੇ ਕਿਸੇ ਦਲਿਤ ਚਿਹਰੇ ਨੂੰ ਡਿਪਟੀ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਤੇ ਆਮ ਆਦਮੀ ਪਾਰਟੀ ਵੱਲੋਂ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਵਾਲੇ ਸਾਰੇ ਬਿਆਨਾਂ, ਐਲਾਨਾਂ ਦੀ ਫੂਕ ਕੱਢਕੇ ਰੱਖ ਦਿੱਤੀ ਹੈ

ਚੰਨੀ ਅਤੇ ਸਿੱਧੂ ਦੇ ਆਪਸ ਵਿੱਚ ਬਹੁਤ ਹੀ ਸੁਖਾਵੇਂ ਸੰਬੰਧ ਹਨਅਗਾਮੀ ਚੋਣਾਂ ਤੋਂ ਪਹਿਲਾਂ ਜੇਕਰ ਉਹ ਆਪਸੀ ਤਾਲਮੇਲ ਨਾਲ ਕੰਮ ਕਰਨਗੇ ਤਾਂ ਵੀ ਮੈਨੀਫੈਸਟੋ ਵਿੱਚ ਕੀਤੇ ਸਾਰੇ ਵਾਅਦੇ ਤਾਂ ਇੰਨੇ ਸਮੇਂ ਵਿੱਚ ਪੂਰੇ ਨਹੀਂ ਕਰ ਸਕਣਗੇ, ਪਰ ਲੋਕਾਂ ਵਿੱਚ ਚੰਗਾ ਪ੍ਰਭਾਵ ਛੱਡਣ ਵਿੱਚ ਕੁਝ ਹੱਦ ਤਕ ਸਫਲ ਜ਼ਰੂਰ ਹੋ ਸਕਦੇ ਹਨਦੋਵੇਂ ਨੌਜਵਾਨ ਹਨ, ਉੱਚੇ ਟੀਚਿਆ ਵਾਲੇ ਹਨ, ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਦੋਵੇਂ ਰਲਕੇ ਅਗਲੇ ਕੁਝ ਕੁ ਮਹੀਨਿਆਂ ਵਿੱਚ ਕੀ ਤੇ ਕਿਵੇਂ ਡਲਿਵਰ ਕਰਨਗੇ?

ਲੱਗਦੇ ਹੱਥ ਅਸਤੀਫ਼ੇ ਤੋਂ ਬਾਅਦ ਕੈਪਟਨ ਅਮਰਿੰਦਰ ਦੇ ਬਿਆਨਾਂ ਦੀ ਗੱਲ ਵੀ ਕਰ ਲੈਣੀ ਚਾਹੀਦੀ ਹੈਉਂਜ ਤਾਂ ਉਹ ਬੇਤੁਕੀਆਂ ਸਟੇਟਮੈਂਟਾਂ ਦਿੰਦੇ ਹੀ ਰਹਿੰਦੇ ਹਨ, ਪਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਦ ਉਹਨਾਂ ਨੇ ਜੋ ਕੁਝ ਵੀ ਬੋਲਿਆ, ਉਹ ਉਹਨਾਂ ਦੇ ਹਿੱਲੇ ਹੋਏ ਮਾਨਸਿਕ ਤਵਾਜ਼ਨ ਵੱਲ ਹੀ ਇਸ਼ਾਰਾ ਕਰਦਾ ਹੈਜੋ ਬਿਆਨ ਉਹਨਾਂ ਨੇ ਸਿੱਧੂ ਬਾਰੇ ਦਿੱਤੇ ਹਨ, ਉਹ ਅਸਲ ਵਿੱਚ ਉਹਨਾਂ ਦੀ ਆਪਣੀ ਹੈਸੀਅਤ ਤੋਂ ਬਾਹਰ ਹਨਉਹਨਾਂ ਨੇ ਕੇਂਦਰ ਸਰਕਾਰ ਨੂੰ ਸਲਾਹਾਂ ਦਿੱਤੀਆਂ ਤੇ ਕਾਂਗਰਸ ਹਾਈ ਕਮਾਨ ਨੂੰ ਆਪਣੀ ਹਾਈ ਕਮਾਂਡ ਮੰਨਣ ਦੇ ਬਾਵਜੂਦ ਵੀ ਉਹ ਵਾਰ ਵਾਰ ਦਿੱਲੀ ਸੱਦਣ ਨੂੰ ਜ਼ਲੀਲ ਹੋਣਾ ਤਸਲੀਮ ਕਰਦੇ ਰਹੇ ਉਹਨਾਂ ਦੇ ਬਿਆਨਾਂ ਤੋਂ ‘ਰੱਸੀ ਜਲ ਗਈ ਪਰ ਵੱਟ ਨਾ ਗਿਆ’ ਵਾਲੀ ਕਹਾਵਤ ਵਾਲਾ ਸੱਚ ਹੀ ਸਾਹਮਣੇ ਆਉਂਦਾ ਹੈ ਤੇ ਇਸਦੇ ਨਾਲ ਹੀ ਰਾਜੇ ਤੋਂ ਰੰਕ ਬਣ ਜਾਣ ਜਾਂ ਫਿਰ ਹੀਰੋ ਤੋਂ ਜ਼ੀਰੋ ਹੋ ਜਾਣ ਦਾ ਝੁਰੇਵਾਂ ਵੀ ਨਜ਼ਰ ਆਉਂਦਾ ਹੈ

ਪੰਜਾਬ ਦਾ ਮੁੱਖ ਮੰਤਰੀ ਬਦਲਣ ਨਾਲ ਹੁਣ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਗਾਮੀ ਵਿਧਾਨ ਸਭਾ ਚੋਣਾਂ ਵਾਸਤੇ ਆਪਣੀ ਮਨਪਸੰਦ ਦੇ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਕਰਨ ਵਾਸਤੇ ਵੀ ਖੁੱਲ੍ਹ ਪ੍ਰਾਪਤ ਹੋ ਗਈ ਹੈਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ ਪਰੇ ਕਰਕੇ ਤੇ ਚੰਨੀ ਦੀ ਮੁੱਖ ਮੰਤਰੀ ਵਜੋਂ ਨਿਯੁਕਤੀ ਕਰਕੇ ਦਰਅਸਲ ਸਿੱਧੂ ਉੱਤੇ ਭਰੋਸਾ ਕਰਕੇ ਉਸ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਇੱਕ ਤਰ੍ਹਾਂ ਨਾਲ ਅਜ਼ਾਦ ਕਰ ਦਿੱਤਾ ਹੈਹੁਣ ਚੋਣਾਂ ਨੂੰ ਜਿੱਤਣਾ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ, ਜਿਸ ਵਾਸਤੇ ਦੇਖਣਾ ਹੋਵੇਗਾ ਕਿ ਉਹ ਕਿੰਨੀ ਕੁ ਮਿਹਨਤ ਕਰਦਾ ਹੈ

ਪੰਜਾਬ ਕਾਂਗਰਸ ਵਿੱਚ ਇੱਕ ਦੋ ਦਿਨਾਂ ਤੋਂ ਚੱਲ ਰਹੇ ਘਟਨਾ ਚੱਕਰ ਨੇ ਇਹ ਸਾਬਤ ਕਰ ਦਿੱਤਾ ਕਿ ਸਿਆਸਤ ਵਿੱਚ ਕੁਝ ਵੀ ਸਥਿਰ ਨਹੀਂ, ਪਲ ਪਲ ਫ਼ੈਸਲੇ ਬਦਲਦੇ ਹਨਕੈਪਟਨ ਦੇ ਅਸਤੀਫ਼ੇ ਤੋਂ ਬਾਦ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਸੁਨੀਲ ਜਾਖੜ ਦੇ ਨਾਮ ਤੋਂ ਸ਼ੁਰੂ ਹੋ ਕੇ ਅੰਬਿਕਾ ਸੋਨੀ ਤੇ ਸੁਖਜਿੰਦਰ ਰੰਧਾਵਾ ਦੇ ਨਾਂਵਾਂ ਦੀ ਚਰਚਾ ਤੋਂ ਹੁੰਦਾ ਹੋਇਆ ਸ਼ਾਮ ਤਕ ਚਰਨਜੀਤ ਸਿੰਘ ਚੰਨੀ ਦੇ ਨਾਮ ਨੂੰ ਫ਼ਾਈਨਲ ਕਰਦਾ ਹੈਸਿਆਸਤ ਵਿੱਚ ਤਖਤ ਅਤੇ ਤਖਤਾ ਆਪਸ ਵਿੱਚ ਕਦੇ ਵੀ ਇੱਕ ਦੂਸਰੇ ਦੀ ਜਗਾ ਲੈ ਸਕਦੇ ਹਨ ਮਸਲਨ ਨਵਜੋਤ ਸਿੱਧੂ ਡੇਢ ਕੁ ਸਾਲ ਦੀ ਚੁੱਪ ਤੋਂ ਬਾਅਦ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਕੇ ਤਖਤ ’ਤੇ ਬੈਠ ਗਿਆ ਤੇ ਦੂਜੇ ਪਾਸੇ ਅਮਰਿੰਦਰ ਸਿੰਘ ਤਖਤ ਤੋਂ ਤਖ਼ਤੇ ’ਤੇ ਪਹੁੰਚ ਗਿਆ

ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਚੰਨੀ ਕੋਲ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਸਾਬਤ ਤੇ ਸਥਾਪਤ ਕਰਨ ਵਾਸਤੇ ਬਹੁਤ ਥੋੜ੍ਹਾ ਸਮਾਂ ਹੈਉਹ ਇੱਕ ਨਰਮ ਸੁਭਾਅ ਵਾਲਾ ਵਿਅਕਤੀ ਹੈ, ਸਖ਼ਤ ਫ਼ੈਸਲੇ ਲੈਣੇ ਉਸ ਵਾਸਤੇ ਕਠਿਨਾਈ ਪੂਰਵਕ ਹੋ ਸਕਦੇ ਹਨਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਇੱਕ ਡੰਮੀ ਮੁੱਖ ਮੰਤਰੀ ਵਜੋਂ ਵਿਚਰਨਾ ਪਵੇਦਰਅਸਲ ਉਸ ਸਮੇਂ, ਜਦੋਂ ਕਾਂਗਰਸ ਵੱਲੋਂ 2017 ਵੇਲੇ ਕੀਤੇ ਮੈਨੀਫੈਸਟੋ ਵਾਅਦਿਆਂ ਦੀ ਅਪੂਰਤੀ ਦਾ ਜਿੰਨ ਉਸ ਦੇ ਅੱਗੇ ਦਨਦਨਾ ਰਿਹਾ ਹੋਵੇ ਤੇ ਅਗਾਮੀ ਵਿਧਾਨ ਸਭਾ ਚੋਣਾਂ ਦਾ ਬਦਾਣ ਪਲ ਪਲ ਸਿਰ ’ਤੇ ਵੱਜ ਰਿਹਾ ਹੋਵੇ ਤਾਂ ਇਸ ਕੰਡਿਆਂ ਦੇ ਤਾਜ ਨੂੰ ਪਹਿਨਣਾ ਕਿਸੇ ਤਰ੍ਹਾਂ ਵੀ ਕਿਸੇ ਵੱਡੇ ਜੋਖਮ ਨੂੰ ਉਠਾਉਣ ਜਾਂ ਫਿਰ ਮੋਲ੍ਹਿਆਂ ਵਾਲੀ ਉੱਖਲ਼ੀ ਵਿੱਚ ਸਿਰ ਦੇਣ ਤੋਂ ਘੱਟ ਨਹੀਂਕਾਂਗਰਸ ਹਾਈ ਕਮਾਂਡ ਵੱਲੋਂ ਖੇਡਿਆ ਗਿਆ ਇਹ ਮਾਸਟਰ ਸਟਰੋਕ ਕਿੰਨਾ ਕੁ ਸਫਲ ਰਹਿੰਦਾ ਹੈ, ਇਸ ਸਵਾਲ ਦਾ ਉੱਤਰ ਤਾਂ ਅਜੇ ਸਮੇਂ ਦੇ ਗਰਭ ਵਿੱਚ ਹੈ ਪਰ ਫਿਰ ਵੀ ਚਰਨਜੀਤ ਸਿੰਘ ਚੰਨੀ ਨੂੰ ਅਸੀਂ ਵਧਾਈ ਦੇਣ ਦੇ ਨਾਲ ਨਾਲ ਆਪਣੀਆਂ ਸ਼ੁਭਕਾਮਨਾਵਾ ਵੀ ਪੇਸ਼ ਕਰਦੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3019)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author