ShingaraSDhillon7ਦਾਲ ਵਿੱਚ ਕਿਤੇ ਨਾ ਕਿਤੇ ਕੁਝ ਕਾਲਾ ਤਾਂ ਜ਼ਰੂਰ ਹੈ, ਸਰਕਾਰ ਦੇਸ਼ ਦੀ ਜਨਤਾ ਤੋਂ ...
(2 ਅਕਤੂਬਰ 2021)

 

ਬੀਤੇ ਦੋ ਕੁ ਹਫ਼ਤੇ ਤੋਂ ਬਰਤਾਨੀਆ ਦੇ ਪੈਟਰੋਲ ਪੰਪ ਸੋਕੇ ਦਾ ਸ਼ਿਕਾਰ ਹਨ, ਪੈਟਰੋਲ ਤੇ ਡੀਜ਼ਲ ਦਰਕਾਰ ਹੈਇਹਨਾਂ ਦੀ ਕਿੱਲਤ ਨਾਲ ਇੱਥੋਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਫੂਡ ਅਤੇ ਗਰੌਸਰੀ ਸਟੋਰਾਂ ਵਿੱਚ ਨਿੱਤ ਵਰਤੋਂ ਦੀ ਚੀਜ਼ਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਕੰਮਾਂ ਧੰਦਿਆ ’ਤੇ ਕੱਚੇ ਮਾਲ ਦੀ ਢੋਆ ਢੁਆਈ ਅਤੇ ਪੱਕੇ ਮਾਲ ਦੀ ਸਪਲਾਈ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਕਾਮਿਆਂ ਨੂੰ ਕੰਮ ’ਤੇ ਜਾਣ ’ਤੇ ਵਾਪਸ ਘਰ ਪਰਤਣ ਵਾਸਤੇ ਪਰੇਸ਼ਾਨੀ ਪੇਸ਼ ਆ ਰਹੀ ਹੈਕਹਿਣ ਦਾ ਭਾਵ ਇਹ ਹੈ ਕਿ ਕੋਵਿਡ 19 ਮਹਾਂਮਾਰੀ ਦਾ ਪਰਕੋਪ ਘਟਣ ਤੋਂ ਬਾਅਦ ਇੱਥੋਂ ਦੇ ਜਨਜੀਵਨ ਵਿੱਚ ਜੋ ਮੁੜ ਤੋਂ ਚਹਿਲ ਪਹਿਲ ਸ਼ੁਰੂ ਹੋਈ ਸੀ, ਸਕੂਲ, ਵਪਾਰਕ ਅਦਾਰੇ ਤੇ ਸਮਾਜਕ ਸਰਗਰਮੀਆਂ ਮੁੜ ਤੋਂ ਲੀਹੇ ਪੈਣ ਵੱਲ ਵਧਣ ਲੱਗੇ ਸਨ, ਪੈਟਰੋਲੀਅਮ ਪਦਾਰਥਾਂ ਦੀ ਘਾਟ ਨੇ ਇੱਕ ਵਾਰ ਮੁੜ ਤੋਂ ਮੁਲਕ ਵਿੱਚ ਵੱਡਾ ਸੰਕਟ ਖੜ੍ਹਾ ਕਰਕੇ ਦਰ੍ਹਮ ਬਰ੍ਹਮ ਕਰਕੇ ਰੱਖ ਦਿੱਤਾ ਹੈ

ਬੇਸ਼ਕ ਇਸ ਵੇਲੇ ਮੁਲਕ ਦੇ 60 ਫੀਸਦੀ ਦੇ ਲਗਭਗ ਪੈਟਰੋਲ ਸਟੇਸ਼ਨ ਬੰਦ ਹਨ, ਪਰ ਸਰਕਾਰ ਇਹ ਗੱਲ ਵਾਰ ਵਾਰ ਕਹਿ ਰਹੀ ਹੈ ਕਿ ਮੁਲਕ ਵਿੱਚ ਡੀਜ਼ਲ ਅਤੇ ਪੈਟਰੋਲ ਦੇ ਵੱਡੇ ਭੰਡਾਰ ਹਨ ਤੇ ਇਹਨਾਂ ਪਦਾਰਥਾਂ ਦੀ ਇੱਥੇ ਕੋਈ ਵੀ ਕਮੀ ਨਹੀਂਸਰਕਾਰ ਦਾ ਕਹਿਣਾ ਹੈ ਕਿ ਇਸ ਸਾਲ ਜਨਵਰੀ ਵਿੱਚ ਬਰੈਕਸਿਟ ਲਾਗੂ ਹੋ ਜਾਣ ਤੋਂ ਬਾਅਦ ਇਹਨਾਂ ਪਦਾਰਥਾਂ ਦੀ ਢੋਆ ਢੁਆਈ ਕਰਨ ਵਾਲੇ ਟੈਂਕਰਾਂ ਦੇ ਡਰਾਇਵਰ ਮੁਲਕ ਵਿੱਚੋਂ ਕੰਮ ਛੱਡ ਕੇ ਵਾਪਸ ਆਪੋ ਆਪਣੇ ਮੁਲਕਾਂ ਵਿੱਚ ਚਲੇ ਜਾਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ ਤੇ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਦੁਆਇਆ ਹੈ ਕਿ ਇਸ ਸਮੱਸਿਆ ਉੱਤੇ ਜਲਦੀ ਹੀ ਕਾਬੂ ਪਾ ਲਿਆ ਜਾਵੇਗਾਸਰਕਾਰ ਨੇ ਇਹ ਵੀ ਕਿਹਾ ਕਿ ਇਸ ਸਮੱਸਿਆ ਉੱਤੇ ਕਾਬੂ ਪਾਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਫੌਜ ਦੇ ਡਰਾਇਵਰਾਂ ਨੂੰ ਵੀ ਸਟੈਂਡ ਬਾਈ ਰੱਖਿਆ ਜਾ ਰਿਹਾ ਹੈ ਤੇ ਪੰਜ ਹਜ਼ਾਰ ਨਵੇਂ ਡਰਾਇਵਰਾਂ ਦੀ ਭਰਤੀ ਕੀਤੀ ਜਾ ਰਹੀ ਹੈ

ਚਲੋ ਜੇਕਰ ਇਹ ਮੰਨ ਲੈਂਦੇ ਹਾਂ ਕਿ ਸਰਕਾਰ ਸੱਚ ਕਹਿ ਰਹੀ ਹੋਵੇਗੀ, ਪਰ ਤਦ ਵੀ ਇਹ ਕੁਝ ਕੁ ਸਵਾਲ ਮੁਲਕ ਦੇ ਹਰ ਸ਼ਹਿਰੀ ਦੇ ਮਨ ਵਿੱਚ ਪੈਦਾ ਹੁੰਦੇ ਹਨ ਕਿ ਜਨਵਰੀ ਤੋਂ 9 ਮਹੀਨੇ ਬਾਅਦ ਇਹ ਹਾਲਾਤ ਇਕਦਮ ਪੈਦਾ ਕਿਉਂ ਹੋਏ? ਕੀ ਸਾਰੇ ਟੈਂਕਰ ਡਰਾਇਵਰ ਰਾਤੋ ਰਾਤ ਮੁਲਕ ਛੱਡ ਗਏ ਜਾਂ ਫਿਰ ਕਾਰਨ ਕੋਈ ਹੋਰ ਹੈ ਤੇ ਮੁਲਕ ਦੇ ਲੋਕਾਂ ਨੂੰ ਅਸਲ ਕਾਰਨ ਦੱਸਣ ਦੀ ਬਜਾਏ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ?

ਅਰਥ ਸ਼ਾਸ਼ਤਰ (Economics) ਦਾ ਇੱਕ ਸਿਧਾਂਤ ਹੈ ਜਿਸ ਨੂੰ ਮੰਗ ਤੇ ਸਪਲਾਈ (The theory of Demand & Suppy) ਦਾ ਸਿਧਾਂਤ ਕਿਹਾ ਜਾਂਦਾ ਹੈਇਸ ਸਿਧਾਂਤ ਦੇ ਮੁਤਾਬਿਕ ਜੇਕਰ ਬਜ਼ਾਰ ਵਿੱਚ ਕਿਸੇ ਵਸਤੂ ਦੀ ਮੰਗ ਵਧ ਜਾਂਦੀ ਹੈ ਤਾਂ ਉਸ ਦੀ ਸਪਲਾਈ ਵੀ ਵਧ ਜਾਂਦੀ ਹੈ। ਉਤਪਾਦਨ ਦਾ ਵਧਣਾ ਤਾਂ ਲਾਜ਼ਮੀ ਹੁੰਦਾ ਹੀ ਹੈਜੇਕਰ ਮੰਗ ਅਤੇ ਸਪਲਾਈ ਦੀ ਚੇਨ ਦੇ ਸੰਤੁਲਨ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਸੰਬੰਧਿਤ ਵਸਤ/ਵਸਤਾਂ ਦੀ ਕੀਮਤ ਸਥਿਰ ਰਹਿੰਦੀ ਹੈ। ਪਰ ਜੇਕਰ ਉਤਪਾਦਨ ਜਾਂ ਸਪਲਾਈ ਲੋੜ ਦੇ ਮੁਤਾਬਿਕ ਨਾ ਹੋਵੇ ਤਾਂ ਇਸ ਹਾਲਤ ਵਿੱਚ ਵੱਧ ਲੋੜ ਜਾਂ ਮੰਗ ਵਾਲੀ ਵਸਤ ਦੀ ਕੀਮਤ ਦਾ ਵਧਣਾ ਤੈਅ ਹੁੰਦਾ ਹੈ

ਬਰਤਾਨੀਆ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਘਾਟ ਹੈ ਜਾਂ ਨਹੀਂ, ਇਸ ਬਾਰੇ ਤਾਂ ਮੁਲਕ ਦੀ ਸਰਕਾਰ ਜਾਣਦੀ ਹੋਵੇਗੀ ਕਿ ਅਸਲ ਸਚਾਈ ਕੀ ਹੈ, ਪਰ ਤੇਲ ਦੀ ਢੋਆ ਢੁਆਈ ਕਰਨ ਵਾਲੇ ਟੈਂਕਰਾਂ ਦੇ ਡਰਾਇਵਰਾਂ ਦੀ ਇਕਦਮ ਘਾਟ ਪੈਦਾ ਹੋ ਜਾਣ ਨਾਲ ਅਰਥ ਸ਼ਾਸ਼ਤਰ ਦੇ ਸਿਧਾਂਤ ਮੁਤਾਬਿਕ ਮੰਗ ਤੇ ਸਪਲਾਈ ਦਾ ਸੰਤੁਲਨ ਬਿਲਕੁਲ ਵਿਗੜ ਚੁੱਕਾ ਹੈ, ਜਿਸ ਕਰਕੇ ਲੋਕਾਂ ਵਿੱਚ ਘਬਰਾਹਟ ਅਤੇ ਅਫਰਾ ਤਫਰੀ ਹੈ ਤੇ ਲੋਕ ਲੋੜ ਤੋਂ ਵਧੇਰੇ ਪੈਟਰੋਲੀਅਮ ਪਦਾਰਥ ਸਟੋਰ ਕਰ ਰਹੇ ਹਨਪੈਟਰੋਲੀਅਮ ਪਦਾਰਥਾਂ ਦੀ ਇਸ ਵਧੀ ਹੋਈ ਮੰਗ ਨੇ ਮੰਗ ਅਤੇ ਸਪਲਾਈ ਦਾ ਸੰਤੁਲਿਤ ਵਿਗਾੜਿਆ ਹੀ ਨਹੀਂ ਬਲਕਿ ਇਸ ਚੇਨ ਨੂੰ ਤੋੜਕੇ ਰੱਖ ਦਿੱਤਾ ਹੈ, ਜਿਸ ਨੂੰ ਦੇਖਦੇ ਹੋਏ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਮੇਤ ਰੋਜ਼ਾਨਾ ਵਰਤੋਂ ਦੀਆਂ ਹੋਰ ਵਸਤਾਂ ਦੀਆਂ ਕੀਮਤਾਂ ਦਾ ਵਧਣਾ ਆਉਣ ਵਾਲੇ ਦਿਨਾਂ ਵਿੱਚ ਲਗਭਗ ਤੈਅ ਹੈ

ਅਸੀਂ ਜਾਣਦੇ ਹਾਂ ਕਿ ਮੁਲਕ ਦੀ ਸਰਕਾਰ ਨੇ ਕੋਵਿਡ ਮਹਾਂਮਾਰੀ ਦੌਰਾਨ ਕਾਮਿਆਂ ਅਤੇ ਵਪਾਰੀਆਂ ਨੂੰ ਰਾਹਤ ਦੇਣ ਵਾਸਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਬਿੱਲੀਅਨ ਪੌਂਡ ਵੰਡੇ ਸਨ ਤੇ ਹੋ ਸਕਦਾ ਹੈ ਕਿ ਇਹ ਬਹਾਨਾ ਬਣਾਕੇ ਸਰਕਾਰ ਆਪਣੇ ਦਿੱਤੇ ਹੋਏ ਰਾਹਤ ਫੰਡ ਨੂੰ ਲੋਕਾਂ ਦੀਆਂ ਜੇਬਾਂ ਵਿੱਚੋਂ ਮੁੜ ਬਾਹਰ ਕਢਾ ਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਨ ਦਾ ਅਡੰਬਰ ਕਰ ਰਹੀ ਹੋਵੇ ਕਿਉਂਕਿ ਰਾਤੋ ਰਾਤ ਇਸ ਤਰ੍ਹਾਂ ਤੇਲ ਟੈਂਕਰਾਂ ਦੇ ਡਰਾਇਵਰਾਂ ਦੀ ਘਾਟ ਬਹੁਤ ਘੱਟ ਲੋਕਾਂ ਨੂੰ ਹਜ਼ਮ ਹੁੰਦੀ ਹੋਵੇਗੀਦੂਜੀ ਗੱਲ ਇਹ ਵੀ ਹੈ ਕਿ ਜੇਕਰ ਸਰਕਾਰ ਨੂੰ ਇਹਨਾਂ ਹਾਲਾਤ ਦੇ ਪੈਦਾ ਹੋਣ ਦਾ ਅਗਾਊਂ ਪਤਾ ਸੀ ਤਾਂ ਫਿਰ ਸਮਾਂ ਰਹਿੰਦੇ ਇੰਤਜ਼ਾਮ ਕਿਉਂ ਨਹੀਂ ਕੀਤੇ? ਜੇਕਰ ਡਰਾਇਵਰਾਂ ਦੀ ਕਮੀ ਸੀ ਤਾਂ ਫਿਰ ਪੈਟਰੋਲੀਅਮ ਪਦਾਰਥਾਂ ਵਰਗੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਬਰਕਰਾਰ ਰੱਖਣ ਵਾਸਤੇ ਫੌਜ ਦੀ ਸਹਾਇਤਾ ਕਿਉਂ ਨਹੀਂ ਲਈ ਗਈ? ਸਵਾਲ ਇਹ ਵੀ ਉੱਠਦਾ ਹੈ ਕਿ ਮੁਲਕ ਦੀ ਸਰਕਾਰ ਨੇ ਲੋਕਾਂ ਨੂੰ ਸਮੇਂ ਸਿਰ ਇਸ ਪੈਦਾ ਹੋਣ ਵਾਲੇ ਸੰਕਟ ਤੋਂ ਜਾਣੂ ਕਿਉਂ ਨਹੀਂ ਕਰਵਾਇਆ? ਇਹਨਾਂ ਸਾਰੇ ਸਵਾਲਾਂ ਤੋਂ ਇਹ ਤੌਖਲਾ ਪੈਦਾ ਹੋਣਾ ਸੁਭਾਵਿਕ ਹੈ ਕਿ ਦਾਲ ਵਿੱਚ ਕਿਤੇ ਨਾ ਕਿਤੇ ਕੁਝ ਕਾਲਾ ਤਾਂ ਜ਼ਰੂਰ ਹੈ, ਸਰਕਾਰ ਦੇਸ਼ ਦੀ ਜਨਤਾ ਤੋਂ ਕੁਝ ਨਾ ਕੁਝ ਲੁਕੋਅ ਰੱਖ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਹਿਰਨ ਚੁੰਗੀਆਂ ਭਰਦੀਆਂ ਹਨ ਤਾਂ ਸਾਫ ਹੋ ਜਾਵੇਗਾ ਕਿ ਅਰਥ ਸ਼ਾਸ਼ਤਰ ਦੇ ਸਿਧਾਂਤ ਦੀ ਥਿਊਰੀ ਦਾ ਸਹਾਰਾ ਲੈ ਕੇ ਬਰਤਾਨੀਆ ਸਰਕਾਰ ਆਪਣਾ ਖ਼ਜ਼ਾਨਾ ਵੀ ਭਰ ਰਹੀ ਹੈ ਤੇ ਵੱਡੇ ਵਪਾਰੀਆਂ ਦਾ ਢਿੱਡ ਵੀ ਇਸਦੇ ਨਾਲ ਹੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਵਧਣਗੇ, ਦੇਸ਼ ਦੀ ਜਨਤਾ ਦੀ ਲੁੱਟ ਹੋਵੇਗੀ। ਹਰ ਘਰ ਦਾ ਬਜਟ ਖਰਾਬ ਹੋਏਗਾ। ਰਿਟੇਲਰ ਮੌਜਾਂ ਕਰਨਗੇ ਤੇ ਢੋਲੇ ਦੀਆਂ ਗਾਉਣਗੇ। ਅੱਕੇ ਮੁਲਕ ਦੀ ਜਨਤਾ ਲੁੱਟੀ ਪੁੱਟੀ ਹੋਈ ਮਹਿਸੂਸ ਕਰੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3051)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author