ShingaraSDhillon7ਪਹਿਲਾਂ ਧਾੜਵੀ ਤੇ ਲੁਟੇਰੇ ਬਾਹਰੋਂ ਆਉਂਦੇ ਸਨ ਪਰ ਹੁਣ ਆਪਣੇ ਹੀ ...
(13 ਅਪਰੈਲ 2021)


ਵੈਸਾਖੀ ਦਾ ਤਿਓਹਾਰ ਭਾਰਤ ਵਿੱਚ ਵਸਦੇ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਵੱਲੋਂ ਕਈ ਸਦੀਆਂ ਤੋਂ ਮਨਾਇਆ ਜਾਂਦਾ ਹੈ ਤੇ ਇਸਦੇ ਮਨਾਏ ਜਾਣ ਦੇ ਬਹੁਤ ਸਾਰੇ ਕਾਰਨ ਰਹੇ ਹਨ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕ ਆਪਣੀ ਮੰਗਲ ਕਾਮਨਾ ਵਾਸਤੇ ਇਸ ਤਿਓਹਾਰ ਵਾਲੇ ਦਿਨ ਆਪੋ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਪੂਜਾ ਅਰਚਨਾ ਵੀ ਕਰਦੇ ਹਨ। ਜਿੱਥੋਂ ਤਕ ਪੰਜਾਬ ਦਾ ਸੰਬੰਧ ਹੈ, ਇਹ ਤਿਉਹਾਰ ਪੰਜਾਬੀਆਂ ਵਾਸਤੇ ਜਿੱਥੇ ਖੁਸ਼ੀ ਤੇ ਹੁਲਾਸ ਦਾ ਤਿਓਹਾਰ ਹੈ, ਉੱਥੇ ਖਾਲਸੇ ਦਾ ਸਾਜਨਾ ਦਿਵਸ ਹੋਣ ਦੇ ਨਾਲ ਨਾਲ ਹੀ ਪੰਜਾਬੀਆਂ ’ਤੇ ਝੁੱਲੇ ਖੂਨੀ ਕਾਂਡਾਂ ਦਾ ਵੀ ਗਵਾਹ ਹੈ

13 ਅਪ੍ਰੈਲ 1699 ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਨੇ ਜੇਕਰ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਇਸਦਾ ਬਹੁਤ ਵੱਡਾ ਕਾਰਨ ਸੀ ਜ਼ਰਾ ਪਿਛੋਕੜ ਵੱਲ ਝਾਤੀ ਮਾਰਿਆਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਵਾਸੀਆਂ ’ਤੇ ਖੂਨੀ ਹਨੇਰੀਆਂ ਮੁੱਢ ਕਦੀਮੋ ਹੀ ਚੱਲਦੀਆਂ ਰਹੀਆਂ ਹਨ ਜਿਹਨਾਂ ਨੂੰ ਠੱਲ੍ਹ ਪਾਉਣ ਵਾਸਤੇ ਸ਼ੇਰਾਂ ਦੀ ਕੌਮ ਦੀ ਸਾਜਨਾ ਕੀਤੀ ਜਾਣੀ ਸਮੇਂ ਦੀ ਮੰਗ ਸੀ। ਗੁਰੂ ਸਾਹਿਬ ਨੇ ਸਿੱਖ ਧਰਮ ਦੀ ਬੁਨਿਆਦ ਆਪਣਾ ਸਰਬੰਸ ਵਾਰ ਕੇ ਬੰਨ੍ਹੀ ’ਤੇ ਮਜ਼ਲੂਮ ਹੋ ਚੁੱਕੀ ਕੌਮ ਵਿੱਚ ਨਵੀਂ ਰੂਹ ਫੂਕੀ। ਚਿੜੀਆਂ ਤੋਂ ਬਾਜ਼ ਤੁੜਾਉਣ ਦੀ ਜੁਗਤੀ ਸਿਖਾ ਕੇ ਡਾਢੇ ਜ਼ਾਲਮ ਨਾਲ ਲੋਹਾ ਲੈ ਕੇ ਹੱਕਾਂ ਦੀ ਰਾਖੀ ਕਰਨ ਦਾ ਬੱਲ ਸਿਖਾਇਆ। ਪਰ ਹੋਣੀ ਦੇਖੋ ਕਿ ਸਿੱਖ ਧਰਮ ਅੱਜ ਫੇਰ ਬਿਪਰਵਾਦ ਦਾ ਸ਼ਿਕਾਰ ਹੈ। ਜਿਹਨਾਂ ਨੂੰ ਗੁਰੂ ਸਾਹਿਬ ਨੇ ਸ਼ੇਰ ਦਾ ਦਰਜਾ ਦਿੱਤਾ ਸੀ, ਉਹਨਾਂ ਦੀ ਬਹੁ ਗਿਣਤੀ ਅੱਜ ਭੇਡਾਂ ਨਾਲ਼ੋਂ ਵੀ ਮਾੜੀ ਹਾਲਤ ਵਿੱਚ ਹੈਸਿੱਖ ਧਰਮ ਦੇ ਸਾਂਝੀਵਾਲਤਾ ਦੇ ਸਿਧਾਂਤ ਤੋਂ ਨਾਬਰ ਹੋ ਕੇ ਬਹੁਤੇ ਸਿੱਖ ਫਿਰਕਾਪ੍ਰਸਤੀ, ਆਪਸੀ ਫੁੱਟ ਤੇ ਡੇਰਾਵਾਦ ਦੇ ਸ਼ਿਕਾਰ ਹਨਇਹ ਗਹਿਰੀ ਚਿੰਤਾ ਤੇ ਸੋਚਣ ਦਾ ਵਿਸ਼ਾ ਹੈ। ਸਮਝ ਨਹੀਂ ਆਉਂਦੀ ਕਿ ਸਿੱਖ ਵੈਸਾਖੀ ਦਾ ਤਿਉਹਾਰ ਆਪਣੇ ਗੁਰੂ ਦੇ ਫ਼ਲਸਫ਼ੇ ਤੋਂ ਭਗੌੜੇ ਹੋ ਕੇ ਕਿਹੜੇ ਮੂੰਹ ਨਾਲ ਮਨਾ ਰਹੇ ਹਨ! ਜੇਕਰ ਗੁਰੂ ਦੇ ਫ਼ਲਸਫ਼ੇ ’ਤੇ ਅਮਲ ਨਹੀਂ ਕਰਨਾ ਤਾਂ ਫੇਰ ਅਜਿਹੇ ਤਿਉਹਾਰ ਮਨਾਉਣ ਦੀ ਕੋਈ ਤੁੱਕ ਬਾਕੀ ਨਹੀਂ ਰਹਿ ਜਾਂਦੀ। ਤੇ ਜੇਕਰ ਫੇਰ ਵੀ ਮਨਾਏ ਜਾਂਦੇ ਹਨ ਤਾਂ ਅਜਿਹੇ ਤਿਉਹਾਰ ਨੂੰ ਫੋਕਟ ਦੇ ਕਰਮ-ਕਾਂਡਾਂ ਤੋਂ ਕਿਸੇ ਵੀ ਤਰ੍ਹਾਂ ਨਿਖੇੜਕੇ ਨਹੀਂ ਦੇਖਿਆ ਜਾ ਸਕਦਾ

ਵੈਸਾਖੀ ਵਾਲੇ ਦਿਨ 1919 ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿੱਚ ਅੰਗਰੇਜ਼ ਸਾਮਰਾਜ ਨੇ ਖੂਨੀ ਸਾਕਾ ਵਰਤਾਇਆ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਪੰਜਾਬੀਆਂ ’ਤੇ ਬਿਨਾ ਕਿਸੇ ਚਿਤਾਵਣੀ ਤੋਂ ਜਨਰਲ ਡਾਇਰ ਨੇ ਗੋਰਖਾ ਰੈਜਮੈਂਟ ਦੇ 50 ਸਿਪਾਹੀਆਂ ਰਾਹੀਂ ਅੰਨ੍ਹੇਵਾਹ ਗੋਲੀਬਾਰੀ ਕਰਵਾ ਕੇ ਸੈਂਕੜੇ ਨਿਹੱਥਿਆਂ ਤੇ ਬੇਕਸੂਰਾਂ ਦੇ ਖੂਨ ਦੀ ਹੋਲੀ ਖੇਡੀਅੰਗਰੇਜ਼ਾਂ ਦਾ ਇਹ ਕਾਲਾ ਸਿਆਹ ਕਾਂਡ ਪੰਜਾਬੀ ਕਦੇ ਵੀ ਨਹੀਂ ਭੁੱਲ ਸਕਦੇ। ਬੇਸ਼ਕ ਸ਼ਹੀਦ ਊਧਮ ਸਿੰਘ ਸੁਨਾਮ ਨੇ ਇੱਕੀ ਸਾਲ ਬਾਦ 1940 ਨੂੰ ਜਨਰਲ ਡਾਇਰ ਨੂੰ ਇੰਗਲੈਂਡ ਦੇ ਕੈਕਸਟਨ ਹਾਲ ਵਿੱਚ ਮਾਰ ਕੇ ਇਸ ਖੂਨੀ ਕਾਂਡ ਦਾ ਬਦਲਾ ਵੀ ਲੈ ਲਿਆ ਸੀ ਪਰ ਫੇਰ ਵੀ ਅੰਗਰੇਜ਼ਾਂ ਦੇ ਗੋਰੇ ਚਿਹਰੇ ’ਤੇ ਇਹ ਸਿਆਹ ਕਲੰਕ ਜਿੱਥੇ ਤਾਰੀਖ਼ ਦਾ ਹਿੱਸਾ ਬਣ ਚੁੱਕਾ ਹੈ, ਉੱਥੇ ਪੰਜਾਬੀਆਂ ਦੇ ਸੀਨੇ ਵਿੱਚ ਹਮੇਸ਼ਾ ਲਈ ਟਸਕ ਰਿਹਾ ਹੈ ਤੇ ਟਸਕਦਾ ਰਹੇਗਾ

ਇਸੇ ਦਿਨ 1978 ਵਿੱਚ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਹੋਇਆ ਜਿਸ ਵਿੱਚ ਦਰਜਨ ਦੇ ਲਗਭਗ ਸਿੱਖ ਹਰਿਮੰਦਰ ਸਾਹਿਬ ਦੇ ਬਿਲਕੁਲ ਨੇੜੇ ਮਾਰੇ ਗਏ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲੱਗਾ। ਇਸ ਤੋਂ ਬਾਦ ਇਸੇ ਦਿਨ 1980 ਵਿੱਚ ਅਨੰਦਪੁਰ ਸਾਹਿਬ ਦਾ ਮੋਰਚਾ ਸ਼ੁਰੂ ਕੀਤਾ ਗਿਆ ਜੋ ਜੇਲ ਭਰੋ ਅੰਦੋਲਨ ਵਿੱਚੋਂ ਵਿਚਰਦਾ ਹੋਇਆ, ਮਰਜੀਵੜਿਆਂ ਦੀ ਫੌਜ ਤਿਆਰ ਕਰਨ ਤਕ ਪਹੁੰਚਿਆ ਤੇ ਫਿਰ 1984 ਦੇ ਹਰਿਮੰਦਰ ਸਾਹਿਬ ਘੱਲੂਘਾਰੇ ਤੋਂ ਹੁੰਦਾ ਹੋਇਆ ਇੰਦਰਾਗਾਧੀ ਦੀ ਹੱਤਿਆ ਤੋਂ ਬਾਦ ਦੇਸ਼ ਵਿੱਚ ਸਿੱਖਾਂ ਦੇ ਦਿੱਲੀ ਤੇ ਮੁਲਖ ਦੇ ਹੋਰ ਹਿੱਸਿਆਂ ਵਿੱਚ ਹੋਏ ਕਤਲੇਆਮ ਰੂਪੀ ਨਸਲਕੁਸ਼ੀ ਤਕ ਪਹੁੰਚਿਆਇਸ ਤੋਂ ਵੀ ਅੱਗੇ 1980 ਤੇ 1990 ਦੇ ਦਹਾਕੇ ਦਰਮਿਆਨ ਪੰਜਾਬ ਦੀ ਜਵਾਨੀ ਦਾ ਘਾਣ ਫਰਜ਼ੀ ਪੁਲਿਸ ਮੁਕਾਬਲਿਆਂ ਰਾਹੀਂ ਕੀਤਾ ਗਿਆ

ਮੈਂਨੂੰ ਸਮਝ ਨਹੀਂ ਆਉਂਦੀ ਕਿ ਮੈਂ ਵੈਸਾਖੀ ਕਿਵੇਂ ਮਨਾਵਾਂ? ਹਰ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਹੈਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਅਬਾਦੀ ਵਿੱਚ 60 ਲੱਖ ਪੜ੍ਹਿਆ ਲਿਖਿਆ ਨੌਜਵਾਨ ਵਰਗ ਬੇਕਾਰ ਘੁੰਮ ਰਿਹਾ ਹੈ। ਕਿਸਾਨ ਕਰਜ਼ੇ ਹੇਠ ਦੱਬਕੇ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਤੇ ਮੁਲਾਜ਼ਮ ਆਪਣੇ ਹੱਕਾਂ ਦੀ ਪਰਾਪਤੀ ਵਾਸਤੇ ਧਰਨੇ ਅਤੇ ਮੁਜ਼ਾਹਰੇ ਕਰਨ ਵਾਸਤੇ ਮਜਬੂਰ ਹਨ। ਔਰਤਾਂ ਬੇਪੱਤੀ ਤੇ ਬਲਾਤਕਾਰੀ ਦਾ ਸ਼ਿਕਾਰ ਹਨ। ਕੰਨਿਆ ਭਰੂਣ ਹੱਤਿਆ ਸਿਖਰਾਂ ’ਤੇ ਹੈ। ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਇੱਕ ਲੱਖ ਰੁਪਏ ਦਾ ਕਰਜ਼ਈ ਹੋ ਕੇ ਜੰਮ ਰਿਹਾ ਹੈ। ਪੰਜਾਬ ਵਿੱਚੋਂ ਸਨਅਤ ਦਾ ਭੋਗ ਪੈ ਚੁੱਕਾ ਹੈ। ਦਰਿਆਈ ਪਾਣੀਆਂ ’ਤੇ ਡਾਕਾ ਵੱਜ ਚੁੱਕਾ ਹੈ ਤੇ ਬਾਕੀ ਬਚਦੇ ਪਾਣੀਆਂ ਵਿੱਚ ਬੜੀ ਡੂੰਘੀ ਸਾਜ਼ਿਸ਼ ਤਹਿਤ ਰਸਾਇਣਿਕ ਜ਼ਹਿਰ ਘੋਲਿਆ ਜਾ ਰਿਹਾ ਹੈ। ਜ਼ਮੀਨਦੋਜ਼ ਪਾਣੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਧੜਾਧੜ ਤਾਲਾਬੰਦੀ, ਮਾਂ ਬੋਲੀ ਦੀ ਦੁਰਦਸ਼ਾ, ਗੱਲ ਕੀ ਜਿੱਧਰ ਵੀ ਨਜ਼ਰ ਮਾਰੋ, ਕਿਧਰੇ ਵੀ ਸਭ ਚੰਗਾ ਨਜ਼ਰ ਨਹੀਂ ਆਉਂਦਾ ਸਗੋਂ ਹਰ ਪਾਸੇ ਹਨੇਰਾ ਤੇ ਹਨੇਰ ਗਰਦੀ ਹੀ ਨਜ਼ਰ ਆਉਂਦੀ ਹੈ

ਮੈਂ ਵੈਸਾਖੀ ਕਿਵੇਂ ਮਨਾਵਾਂ? ਮੇਰਾ ਪੰਜਾਬੀ ਭਾਈਚਾਰਾ ਗ਼ੁਰਬਤ ਦਾ ਸ਼ਿਕਾਰ ਹੈ। ਨੌਜਵਾਨ ਫਰਸਟਰੇਟਡ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ। ਬੀਮਾਰੀਆਂ ਦੀ ਮਹਾਂਮਾਰੀ ਫੈਲ ਚੁੱਕੀ ਹੈ। ਰੋਜ਼ਾਨਾ ਕੈਂਸਰ ਦੇ ਮਰੀਜ਼ਾਂ ਦੀ ਰੇਲ ਭਰ ਕੇ ਰਾਜਸਥਾਨ ਇਲਾਜ ਵਾਸਤੇ ਜਾ ਰਹੀ ਹੈ। ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਲੋਕਾਂ ਦੇ ਚੁਣੇ ਸੇਵਕ ਲੱਠਮਾਰ ਬਣੇ ਹੋਏ ਹਨ। ਰੇਤ, ਬਜਰੀ, ਕੇਬਲ, ਟਰਾਂਸਪੋਰਟ ਤੇ ਭੂ-ਮਾਫੀਏ ਨੇ ਲੱਠਮਾਰਾਂ ਦੀ ਨਿਗਰਾਨੀ ਹੇਠ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ

ਮੈਂ ਵੈਸਾਖੀ ਕਿਵੇਂ ਮਨਾਵਾਂ? ਮੇਰੇ ਭਾਈਚਾਰੇ ਨੂੰ ਤਾਂ ਅੱਜ ਵੀ ਚਾਰੇ ਪਾਸੇ ਜਨਰਲ ਡਾਇਰ, ਅਡਵਾਇਰ, ਗਿੱਲ ਤੇ ਰਿਬੇਰੋ ਘੁੰਮਦੇ ਤੇ ਦਨ-ਦਨਾਉਂਦੇ ਹੋਏ ਦਹਿਸ਼ਤ ਦਾ ਤਾਂਡਵ ਮਚਾ ਰਹੇ ਨਜ਼ਰ ਆ ਰਹੇ ਹਨਇਹ ਵੱਖਰੀ ਗੱਲ ਹੈ ਅੱਜ ਉਹਨਾਂ ਦੇ ਚਿਹਰੇ ਬਦਲੇ ਹੋਏ ਹਨਪਹਿਲਾਂ ਧਾੜਵੀ ਤੇ ਲੁਟੇਰੇ ਬਾਹਰੋਂ ਆਉਂਦੇ ਸਨ ਪਰ ਹੁਣ ਆਪਣੇ ਹੀ ਬੁੱਕਲ਼ ਦੇ ਸੱਪ ਬਣੇ ਹੋਏ ਨੇ

ਹਾਂ! ਮੈਂਨੂੰ ਯਾਦ ਹੈ ਕਿ ਅੱਜ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਕਾਂਡ ਦਾ 102 ਸਾਲ ਪੂਰਾ ਹੋ ਗਿਆ ਹੈ, ਪਰ ਬਦਲਿਆ ਕੁਝ ਵੀ ਨਹੀਂ102 ਸਾਲ ਪਹਿਲਾਂ ਉੱਥੇ ਨਿਰਦੋਸ਼ਿਆ ਨੂੰ ਗੋਲੀ ਨਾਲ ਭੁੰਨ ਦਿੱਤਾ ਗਿਆ ਸੀ ਤੇ ਹੁਣ ਹਾਲਾਤ ਹੀ ਅਜਿਹੇ ਬਣਾ ਦਿੱਤੇ ਗਏ ਨੇ ਕਿ ਪੰਜਾਬੀਆਂ ਨੂੰ ਜੀਊਂਦਿਆ ਨੂੰ ਹੀ ਮਰਿਆਂ ਨਾਲ਼ੋਂ ਬਦਤਰ ਕਰ ਦਿੱਤਾ ਗਿਆ ਹੈਮਰਨ ਵਾਲਾ ਤਾਂ ਦੁਨੀਆ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਮੁਕਤ ਹੋ ਜਾਂਦਾ ਹੋਵੇਗਾ ਪਰ ਜਿਸ ਜ਼ਿੱਲਤ ਭਰੀ ਜ਼ਿੰਦਗੀ ਜੀਊਣ ਵਾਸਤੇ ਪੰਜਾਬੀ ਮਜਬੂਰ ਕਰ ਦਿੱਤੇ ਗਏ ਹਨ, ਇਹ ਨਿਸਚੈ ਹੀ ਸਾਡੇ ਵਾਸਤੇ ਵੈਸਾਖੀ ਦਾ ਤਿਉਹਾਰ ਮਨਾਉਣ ਨਾਲ਼ੋਂ ਵਧੇਰੇ ਗੰਭੀਰ ਚਿੰਤਾ ਦੀ ਵਿਸ਼ਾ ਹੈ

ਕਰੋਨਾ ਨਾਮ ਦਾ ਇੱਕ ਛੋਟਾ ਕੀਟਾਣੂ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਰਿਹਾ ਹੈਹਰ ਹਿਰਦੇ ਵਿੱਚ ਸਹਿਮ ਹੈਦੁਨੀਆ ਵਿੱਚ ਬਹੁਤ ਸਾਰਾ ਜਾਨੀ ਨੁਕਸਾਨ ਹੋ ਚੁੱਕਾ ਹੈ ਤੇ ਇਹ ਸਿਲਸਿਲਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲੌਕ ਡਾਊਨ ਤੇ ਕਰਫਿਊ ਕਾਰਨ ਲੋਕਾਂ ਦਾ ਪਰਿਵਾਰਕ ਤੇ ਸਮਾਜਿਕ ਜੀਵਨ ਬਿਖਰ ਕੇ ਰਹਿ ਗਿਆ ਹੈ। ਕੰਮ-ਕਾਜੀ ਅਦਾਰੇ ਬੰਦ ਹਨ, ਆਮਦਨ ਵਿੱਚ ਖੜੋਤ ਹੈ, ਹਰ ਪਾਸੇ ਆਰਥਿਕ ਮੰਦੀ ਹੈਇਸ ਤਰ੍ਹਾਂ ਦੇ ਡਰਾਉਣੇ ਮਾਹੌਲ ਵਿੱਚ ਕਿਸੇ ਚਿਹਰੇ ’ਤੇ ਰੌਣਕ ਭਲਾ ਕਿਵੇਂ ਆ ਸਕਦੀ ਹੈ?

ਸੋ ਮੈਂ ਇਸ ਵਾਰ ਵੈਸਾਖੀ ਕਿਵੇਂ ਮਨਾਵਾਂ! ਮੈਂ ਸਿਰਫ ਜਲਿਆਂ ਵਾਲੇ ਬਾਗ਼ ਦੇ ਖੂਨੀ ਕਾਂਡ ਦੇ 102 ਸਾਲਾ ਵਰ੍ਹੇਗੰਢ ਦੇ ਮੌਕੇ ’ਤੇ ਨਿਹੱਥੇ ਮਾਰੇ ਗਏ ਪੰਜਾਬੀਆਂ ਦਾ ਮਾਤਮ ਮਨਾਵਾਂਗਾ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਾਂਗਾ। ਕਰੋਨਾ ਕੀਟਾਣੂ ਤੋਂ ਸਭ ਦੀ ਮੁਕਤੀ ਤੇ ਤੰਦਰੁਸਤੀ ਦੀ ਕਾਮਨਾ ਕਰਦਾ ਹੋਇਆ ਸਮੁੱਚੇ ਪੰਜਾਬੀਆਂ ਦੇ ਅਤੇ ਸੰਸਾਰ ਵਾਸੀਆਂ ਦੇ ਭਲੇ ਲਈ ਅਰਦਾਸ ਕਰਾਂਗਾ। ਕਿਸਾਨ ਅੰਦੋਲਨ ਦੀ ਫ਼ਤਿਹ ਲਈ ਅਰਦਾਸ ਕਰਾਂਗਾ ਤਾਂ ਜੁ ਪੰਜਾਬ ਦੇ ਚੰਗੇ ਦਿਨ ਪਰਤ ਆਉਣ। ਅੱਜ ਮੈਂ ਪੰਜਾਬੀਆਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਜਾਗਣ ਦਾ ਹੋਕਾ ਦੇਵਾਂਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2706)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author