ShingaraSDhillon7ਜੇਕਰ ਸਾਲ ਦੇ 365 ਦਿਨ ਬੀਤ ਜਾਣ ਬਾਦ ਆਤਮ ਚਿੰਤਨ ਕਰਕੇ ਕੁਝ ਪੱਕੇ ਫ਼ੈਸਲੇ ਲੈ ਕੇ ...
(1 ਜਨਵਰੀ 2021)

 

2021 ਦਾ ਇਹ ਪਹਿਲਾ ਦਿਨ 31 ਦਸੰਬਰ 2020 ਨਾਲ਼ੋਂ ਕਿਸੇ ਵੀ ਤਰ੍ਹਾਂ ਵੱਖਰਾ ਨਹੀਂਕੌੜੀ ਹਕੀਕਤ ਇਹ ਹੈ ਕਿ ਆਸ ਪਾਸ ਦੇ ਲੋਕ ਵੀ ਓਹੀ ਹਨ, ਉਹਨਾਂ ਦੀ ਸੋਚ ਵਿੱਚ ਵੀ ਕੋਈ ਅੰਤਰ ਨਹੀਂ। ਸੌਣ ਵਾਸਤੇ ਚਾਰਪਾਈ ਵੀ ਓਹੀ ਕੱਲ੍ਹ ਵਾਲੀ, ਰਜਾਈ, ਗੱਦਾ ਤੇ ਸਿਰਹਾਣਾ ਵੀ ਓਹੀ। ਓਹੀ ਦਿਨ, ਰਾਤ, ਚੰਦ, ਸੂਰਜ ਤੇ ਸਿਤਾਰੇ, ਕੰਮ ਧੰਦੇ ਤੇ ਝਮੇਲੇ ਵੀ ਓਹੀ ਪਿਛਲੇ ਸਾਲ ਵਾਲੇ। ਜਿਹਨਾਂ ਸਿਰ ਕਰਜ਼ਾ ਹੈ, ਉਹ ਮੁਆਫ ਨਹੀਂ ਹੋਵੇਗਾ, ਉਸ ਦੀ ਕਿਸ਼ਤ ਨਿਰੰਤਰ ਅਦਾ ਕਰਨੀ ਪਵੇਗੀ ਤੇ ਨਾ ਅਦਾ ਕਰ ਸਕਣ ਦੀ ਸੂਰਤ ਵਿੱਚ ਕੁਰਕੀ ਦਾ ਡਰ ਹੁਣ ਵੀ ਬਰਕਰਾਰ ਰਹੇਗਾ।

ਸੜਕਾਂ ਵੀ ਓਹੀ ਹਨ ਤੇ ਉਹਨਾਂ ਉੱਤੇ ਯਾਤਾਯਾਤ ਵੀ ਓਹੀ। ਹਾਦਸੇ ਤੇ ਦੁਰਘਟਨਾਵਾਂ ਵੀ ਬਦਸਤੂਰ ਜਾਰੀ। ਮੁਲਾਜ਼ਮ, ਅਧਿਕਾਰੀ ਤੇ ਸਰਕਾਰ ਵੀ ਓਹੀ ਤੇ ਉਹਨਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਵੀ ਓਹੀਕੱਲ੍ਹ ਤੋਂ ਸਭ ਕੁਝ ਬੈਂਕ ਟੂ ਨਾਰਮਲ ਹੋ ਜਾਵੇਗਾ। ਜ਼ਿੰਦਗੀ ਵਾਪਸ ਪਹਿਲੀ ਲੀਹੇ ਰਵਾਂ-ਰਵੀਂ ਅੱਗੇ ਵਧਣਾ ਸ਼ੁਰੂ ਕਰ ਦੇਵੇਗੀ। ਵਧਾਈ ਵਾਲੇ ਕਾਰਡ ਅਗਲੇ ਕੁਝ ਕੁ ਦਿਨਾਂ ਵਿੱਚ ਗਾਰਬੇਜ ਵਿੱਚ ਸੁੱਟ ਦਿੱਤੇ ਜਾਣਗੇ। ਕ੍ਰਿਸਮਿਸ ਟਰੀ ਅਗਲੀ ਵਾਰ ਵਰਤਣ ਵਾਸਤੇ ਡੱਬਾ ਬੰਦ ਕਰਕੇ ਘਰ ਦੀ ਕਿਸੇ ਨੁੱਕਰ ਵਿੱਚ ਸੰਭਾਲ ਕੇ ਰੱਖ ਦਿੱਤੇ ਜਾਣਗੇ। ਵਟਸਐਪ, ਐੱਸਐੱਮਐੱਸ ਤੇ ਈ ਮੇਲ ਮੈਸੇਜ ਇੱਕ ਦੋ ਦਿਨਾਂ ਵਿੱਚ ਡਿਲੀਟ ਕਰ ਦਿੱਤੇ ਜਾਣਗੇਭਾਵ ਸੋਸ਼ਲ ਮੀਡੀਏ ਦੇ ਸ਼ੁਭ ਸੁਨੇਹੇ ਡਿਲੀਟ ਕਰ ਦਿੱਤੇ ਜਾਣਗੇ ਜਾਂ ਕੁਝ ਕੁ ਦਿਨਾਂ ਵਿੱਚ ਆਲੋਪ ਹੋ ਜਾਣਗੇ ਬੱਸ ਅਗਲੇ ਕੁਝ ਹੀ ਦਿਨਾਂ ਵਿੱਚ ਕੁਝ ਵੀ ਨਵਾਂ ਨਹੀਂ ਰਹੇਗਾ

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੁਝ ਵੀ ਨਹੀਂ ਬਦਲਿਆ ਤਾਂ ਫਿਰ ਇੱਡਾ ਵੱਡਾ ਅਡੰਬਰ ਕਰਨ ਜਾਂ ਰਚਣ ਦੀ ਕੀ ਜ਼ਰੂਰਤ ਸੀ? ਇਸ ਸਵਾਲ ਦਾ ਉੱਤਰ ਕਈ ਪਰਤੀ ਹੋ ਸਕਦਾ ਹੈਪਹਿਲਾ ਇਹ ਕਿ ਅੰਗਰੇਜ਼ਾਂ ਦੀ ਪਰੰਪਰਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਈਸਾ ਮਸੀਹ ਦਾ ਦਿਨ ਮਨਾਉਂਦੀ ਆ ਰਹੀ ਹੈ ਤੇ ਹੁਣ ਇਹ ਪਾਉਣ ਸਾਡੇ ਉੱਤੇ ਵੀ ਪੂਰੀ ਤਰ੍ਹਾਂ ਚੜ੍ਹ ਚੁੱਕੀ ਹੈ ਇਹੀ ਕਾਰਨ ਹੈ ਕਿ ਅਸੀਂ ਆਪਣੇ ਦਿਨ ਤਿਓਹਾਰ ਭੁੱਲਦੇ ਜਾ ਰਹੇ ਹਾਂ।

ਸਾਨੂੰ ਇਹ ਸਭ ਪਤਾ ਹੈ ਕਿ ਈਸਵੀ ਸਾਲ ਈਸਾ ਮਸੀਹ ਦੇ ਜਨਮ ਦਿਹਾੜੇ ਨਾਲ ਸ਼ੁਰੂ ਹੁੰਦਾ ਤੇ ਇਸਦੇ ਬਦਲਣ ਦਾ ਜਸ਼ਨ ਸਿਰਫ ਤੇ ਸਿਰਫ ਵਪਾਰੀ ਤਬਕੇ ਵੱਲੋਂ ਵੱਡੀ ਕਮਾਈ ਕਰਨ ਵਾਸਤੇ ਮਨਾਇਆ ਜਾਂਦਾ ਹੈ। ਕਹਿਣ ਦਾ ਭਾਵ ਇਹ ਕਿ ਇਸ ਪਿੱਛੇ ਸ਼ਰਧਾ ਘੱਟ ਤੇ ਵਪਾਰਕ ਲਾਭ ਦੀ ਇੱਛਾ ਵਧੇਰੇ ਹੁੰਦੀ ਹੈ। ਵਪਾਰੀਆਂ ਵਾਸਤੇ ਆਮ ਜਨਤਾ ਨੂੰ ਉੱਲੂ ਬਣਾ ਕੇ ਆਰਥਿਕ ਲਾਹਾ ਲੈਣ ਦਾ ਇਸ ਤੋਂ ਵਧੀਆ ਕੋਈ ਹੋਰ ਮੌਕਾ ਨਹੀਂ

ਇਸ ਦਿਨ ਦਾ ਤੀਜਾ ਕਾਰਨ ਮਨੋਵਿਗਿਆਨਿਕ ਤੌਰ ’ਤੇ ਲੋਕਾਂ ਨੂੰ ਅਗਲੇ ਸਾਲ ਵਿੱਚ ਸਖ਼ਤ ਮਿਹਨਤ ਵਾਸਤੇ ਤਿਆਰ ਕਰਨਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕਾਰਨ ਵੀ ਜ਼ਰੂਰ ਹੋਣਗੇ, ਪਰ ਕਾਰਨ ਕੋਈ ਵੀ ਹੋਣ, ਇੱਕ ਗੱਲ ਤਾਂ ਪੱਕੀ ਹੈ ਕਿ ਜੇਕਰ ਬਦਲਿਆ ਹੈ ਸਿਰਫ ਈਸਵੀ ਸਾਲ ਬਦਲਿਆ ਹੈ, ਸਮੇਂ ਦੀ ਕਾਲ ਵੰਡ (ਭੂਤ, ਵਰਤਮਾਨ ਤੇ ਭਵਿੱਖ) ਵਿੱਚ ਸਿਰਫ 12 ਮਹੀਨਿਆਂ ਦੇ ਇੱਕ ਈਸਵੀ ਸਾਲਾ ਵਾਧਾ ਹੋਇਆ ਹੈ। ਭੂਤ ਕਾਲ ਵਿੱਚ ਇੱਕ ਸਾਲ ਦਾ ਵਾਧਾ ਤੇ ਸਾਡੀ ਜ਼ਿੰਦਗੀ ਦੇ ਭਵਿੱਖ ਕਾਲ ਵਿੱਚ ਇੱਕ ਸਾਲ ਘਟ ਗਿਆ ਹੈ। ਪਰ ਲੋਕਾਂ ਦੀ ਸੋਚ ਤੇ ਕਾਰ ਵਿਹਾਰ ਵਿੱਚ ਨਾ ਹੀ ਕੋਈ ਤਬਦੀਲੀ ਵਾਪਰੀ ਹੈ ਤੇ ਨਾ ਹੀ ਅਜਿਹਾ ਹੋਣ ਦੀ ਕੋਈ ਸੰਭਾਵਨਾ ਹੈ। ਜੋ ਆਦਤਾਂ ਇੱਕ ਵਾਰ ਪੱਕ ਜਾਂਦੀਆਂ ਹਨ, ਉਹਨਾਂ ਨੂੰ ਬਦਲਣਾ ਜੇਕਰ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੁੰਦਾ ਹੈ।

ਜੋ ਲੋਕ ਅਰਾਮਗਾਹ ਵਿੱਚ ਬੈਠੇ ਹਨ, ਉਹ ਛੱਪੜ ਵਿੱਚ ਬੈਠੀ ਮੱਝ ਵਾਂਗ ਹਨ, ਜਿਹਨਾਂ ਨੂੰ ਥੋੜ੍ਹੇ ਕੀਤਿਆਂ ਨਾ ਹੀ ਉੱਥੋਂ ਉਠਾਇਆ ਜਾ ਸਕਦਾ ਹੈ ਤੇ ਨਾ ਹੀ ਉਹ ਉੱਠਣ ਵਾਸਤੇ ਥੋੜ੍ਹੇ ਕੀਤੇ ਤਿਆਰ ਹੋਣਗੇਇਸ ਕਰਕੇ ਸਾਲ ਈਸਵੀ, ਹਿਜਰੀ ਸੰਮਤ ਦਾ ਹੋਵੇ ਬਿਕਰਮੀ ਜਾਂ ਫੇਰ ਨਾਨਕਸ਼ਾਹੀ ਦਾ ਹੋਵੇ, ਬਦਲ ਜਾਣ ਨਾਲ ਲੋਕਾਂ ਦੀ ਸੋਚ ਬਦਲ ਜਾਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨਸ਼ੁਭ ਕਾਮਨਾਵਾਂ ਦਾ ਆਦਾਨ ਪ੍ਰਦਾਨ ਬਹੁਤੀਆਂ ਹਾਲਤਾਂ ਵਿੱਚ ਰਸਮੀ ਹੁੰਦਾ ਹੈ, ਭੇਡਚਾਲ ਹੁੰਦਾ ਹੈ ਜਿਸਦੇ ਅੰਤਰੀਵ ਭਾਵਾਂ ਨੂੰ ਸਮਝਣ ਵਾਲੇ ਬਹੁਤ ਘੱਟ ਹੁੰਦੇ ਹਨ

ਸਮਾਂ ਇੱਕ ਨਿਰੰਤਰ ਵਹਿੰਦੀ ਧਾਰਾ ਹੈਘੰਟੇ, ਮਿੰਟ, ਸਕਿੰਟ, ਹਫ਼ਤੇ, ਮਹੀਨੇ, ਸਾਲ ਤੇ ਸਦੀਆਂ ਇਸਦੀ ਨਿਰੰਤਰ ਗਤੀਸ਼ੀਲਤਾ ਦੇ ਹੀ ਸੂਚਕ ਹਨ, ਜੋ ਮਨੁੱਖ ਨੇ ਆਪਣੀ ਸਹੂਲਤ ਵਾਸਤੇ ਬਣਾ ਰੱਖੇ ਹਨ ਜਦ ਕਿ ਸਮੇਂ ਦੀ ਗਤੀਸ਼ਲਕਾ ਇੱਕ ਅਗਾਮੀ ਵਰਤਾਰਾ ਹੈ ਤੇ ਇਸ ਨੂੰ ਇਸੇ ਪ੍ਰਸੰਗ ਵਿੱਚ ਸਮਝਣਾ ਚਾਹੀਦਾ। ਸਮਾਂ ਸਾਲਾਂ, ਮਿੰਟਾਂ, ਸਕਿੰਟਾਂ ਤੇ ਮਿਲੀ ਸਕਿੰਟਾਂ ਵਿੱਚ ਵੀ ਚਲਾਇਮਾਨ ਹੈ ਤੇ ਬਦਲ ਰਿਹਾ ਹੈ

ਸਮਝਣ ਵਾਲੀ ਗੱਲ ਸਿਰਫ ਇੰਨੀ ਕੁ ਹੈ ਜੇਕਰ ਸਾਲ ਦੇ 365 ਦਿਨ ਬੀਤ ਜਾਣ ਬਾਦ ਆਤਮ ਚਿੰਤਨ ਕਰਕੇ ਕੁਝ ਪੱਕੇ ਫ਼ੈਸਲੇ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਿਆ ਜਾਵੇ, ਮਿੱਥੇ ਟੀਚੇ ਜਾਂ ਨਿਸ਼ਾਨੇ ਦੀ ਪੂਰਤੀ ਕੀਤੀ ਜਾਵੇ ਤਾਂ ਨਿਸ਼ਚੈ ਹੀ ਨਤੀਜੇ ਹੈਰਾਨਕੁਨ ਹੋ ਸਕਦੇ ਹਨ। ਪ੍ਰੰਤੂ ਜੇਕਰ ਸਾਲ ਦੇ ਬਦਲਣ ਨੂੰ ਇੱਕ ਆਮ ਵਰਤਾਰੇ ਵਜੋਂ ਲੈ ਕੇ ਸਿਰਫ ਰਸਮੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਕਾਰਡਾਂ, ਤੋਹਫ਼ਿਆਂ ਤੇ ਸ਼ੁਭ ਕਾਮਨਾਵਾਂ ਦਾ ਅਦਾਨ ਪ੍ਰਦਾਨ ਹੀ ਕੀਤਾ ਜਾਂਦਾ ਹੈ ਤਾਂ ਫੇਰ ਕੁਝ ਵੀ ਨਵਾਂ ਨਹੀਂ ਹੋਵੇਗਾਲੋੜ ਹੈ ਸਮੇਂ ਦੀ ਨਿਰੰਤਰਤਾ ਨੂੰ ਸਮਝਣ ਦੀ ਤੇ ਆਪਣੇ ਜੀਵਨ ਦੇ ਸੀਮਿਤ ਸਮੇਂ ਦੀ ਸਹੀ ਵਰਤੋਂ ਕਰਨ ਦੀ। ਆਪਣੀਆਂ ਪਰਿਵਾਰਕ, ਸਮਾਜਿਕ ਤੇ ਵਿਹਾਰਕ ਜ਼ਿੰਮੇਵਾਰੀਆਂ ਨੂੰ ਪੂਰੀ ਸਮਰੱਥਾ ਨਾਲ ਨਿਭਾ ਕੇ ਇੱਕ ਕਾਮਯਾਬ ਸ਼ਖਸੀਅਤ ਬਣਨ ਦੀ ਜਦੋਂ ਉਕਤ ਨੁਕਤਾ ਸਮਝ ਆ ਜਾਵੇਗਾ ਜਾ ਸਮਝ ਲਿਆ ਜਾਵੇਗਾ ਉਦੋਂ ਹੀ ਨਵੇਂ ਸਾਲ ਦੇ ਮਾਅਨੇ ਸਮਝੇ ਜਾ ਸਕਣਗੇ ਤੇ ਮਾਨਸਿਕ, ਪਰਿਵਾਰਕ, ਸਮਾਜਿਕ, ਵਿਹਾਰਕ, ਬੌਧਿਕ, ਰਾਜਨੀਤਕ, ਪ੍ਰਸ਼ਾਸਨਿਕ ਤੇ ਸੱਭਿਆਚਾਰਕ ਬਦਲਾਵ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਣਗੀਆਂ ਨਹੀਂ ਤਾਂ ਜੋ ਕੁਝ ਵੀ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਓਹੀ ਕੁਝ ਚੱਲਦਾ ਰਹੇਗਾ ਤੇ ਮਨੁੱਖੀ ਜੀਵਨ ਦੇ ਹਰ ਪਹਿਲੂ ਤੋਂ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਜਾਣਗੇ ਤੇ ਸਾਲ ਦੇ ਬਦਲਣ ਮੌਕੇ ਮਨਾਏ ਜਾਣ ਵਾਲੇ ਜਸ਼ਨ ਕਿਸੇ ਤਰ੍ਹਾਂ ਵੀ ਪ੍ਰਸੰਗਕ ਨਹੀਂ ਹੋਣਗੇ

ਤਿਉਹਾਰ ਮਨਾਉਣ ਦੇ ਪਿੱਛੇ ਜੋ ਭਾਵਨਾ ਜਾਂ ਉਦੇਸ਼ ਹੁੰਦਾ ਹੈ, ਉਸ ਨੂੰ ਸਮਝਣ ਦੀ ਬਹੁਤ ਲੋੜ ਹੁੰਦੀ ਹੈ, ਜਿੰਨਾ ਚਿਰ ਅਸੀਂ ਉਸ ਨੂੰ ਨਹੀਂ ਸਮਝਦੇ ਉੰਨਾ ਚਿਰ ਸਭ ਕਰਮਕਾਂਡੀ ਤੇ ਰਸਮੀ ਵਰਤਾਰਾ ਹੀ ਹੁੰਦਾ ਹੈ ਜਿਸਦਾ ਅਰਥ ਵਕਤ ਦੀ ਬਰਬਾਦੀ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੁੰਦਾ ਇਹ ਸਭ ਗੱਲਾਂ ਅੱਜ 2021 ਦੇ ਪਹਿਲੇ ਦਿਨ ਸਾਡੇ ਸਭਨਾਂ ਵਾਸਤੇ ਗੰਭੀਰਤਾ ਨਾਲ ਵਿਚਾਰਨਯੋਗ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2502)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author