ShingaraSDhillon7ਸਿਆਸਤ ਇੱਥੋਂ ਦੀ ਗੰਦੀ ਖੇਡ ਬਣ ਚੁੱਕੀ ਹੈ ਲੋਕ ਭਲਾਈ ਦੀ ਬਜਾਏ ...
(25 ਅਗਸਤ 2019)

 

ਪੰਜਾਬ, ਉਹ ਧਰਤੀ, ਜਿਸਦੇ ਜਾਇਆ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਤੇ ਇਹ ਸਿਲਸਿਲਾ ਅਜੇ ਵੀ ਕਿਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ, ਜੋ ਕਦੀ ਬਾਹਰੀ ਹਮਲਾਵਰਾਂ ਦੀ ਲੁੱਟ ਦਾ ਸ਼ਿਕਾਰ ਹੋਇਆ, ਜਿਸ ਨੇ ਆਪਣੇ ਪਿੰਡੇ ’ਤੇ ਕਦੇ ਖੂਨੀ ਹਨੇਰੀਆਂ ਹੰਢਾਈਆਂ, ਵੰਡ ਦੀਆਂ ਲਕੀਰਾਂ ਦਾ ਕਹਿਰ ਝੱਲਿਆ, ਸੱਭਿਆਚਾਰਕ ਉਜਾੜਾ ਹੰਢਾਇਆ, ਇਸਦੇ ਪਾਣੀਆਂ ਦੀ ਲੁੱਟ ਹੋਈ, ਇਸਦੀ ਬੋਲੀ ਅਤੇ ਸੱਭਿਆਚਾਰ ਦਾ ਗਲਾ ਘੁਟਿਆ ਗਿਆ, ਹਰੇ ਅਤੇ ਚਿੱਟੇ ਇਨਕਲਾਬ ਦੇ ਨਾਂ ’ਤੇ ਇਸਦੀ ਉਪਜਾਊ ਧਰਤ ਨੂੰ ਬਾਂਝ ਬਣਾਉਣ ਦੀ ਸ਼ਾਜਿਸ਼ ਕੀਤੀ ਗਈ, ਨੌਜਵਾਨੀ ਨੂੰ ਚਿੱਟੇ/ਪੀਲੇ ਅਤੇ ਹੋਰ ਕਈ ਰੰਗ ਬਿਰੰਗੇ ਨਸ਼ਿਆਂ ਦੀ ਜ਼ਹਿਰ ਦਾ ਟੀਕਾ ਲਗਾਇਆ ਗਿਆ, ਉਹ ਪੰਜਾਬ ਹੁਣ ਵਾਰ ਵਾਰ ਹੜ੍ਹਾਂ ਨਾਲ ਉੱਜੜਦਾ ਜਾਂ ਇੰਜ ਕਹਿ ਲਓ ਕਿ ਬਹੁਤ ਹੀ ਵਿਉਂਤਬੱਧ ਢੰਗ ਨਾਲ ਉਜਾੜਿਆ ਜਾ ਰਿਹਾ ਹੈ ਵਰਤਮਾਨ ਹੜ੍ਹ ਤੋਂ ਪਹਿਲਾਂ 1958 ਤੇ 1988 ਵਿੱਚ ਵੀ ਡੈਮਾਂ ਦੇ ਫੱਟੇ ਚੁੱਕ ਕੇ ਇਸ ਨੂੰ ਪਾਣੀ ਵਿੱਚ ਡੋਬਿਆ ਗਿਆ ਅੱਜ ਵਾਂਗ ਉਦੋਂ ਵੀ ਰਾਤੋ ਰਾਤ ਪੰਜਾਬ ਵਾਸੀ ਲੱਖੋਂ ਕੱਖਾਂ ਦੇ ਹੋਏ ਸਨ ਉਦੋਂ ਵੀ ਨੇਤਾਵਾਂ ਦੇ ਦੌਰੇ ਅਤੇ ਨੁਕਸਾਨ ਦੀਆਂ ਗਿਰਦਾਵਰੀਆਂ ਹੋਈਆ ਸਨ ਉਦੋਂ ਵੀ ਕਿਸੇ ਦੇ ਹੱਥ ਸਰਕਾਰਾਂ ਵੱਲੋਂ ਫੁੱਟੀ ਕੌਡੀ ਤੱਕ ਨਹੀਂ ਧਰੀ ਗਈ ਤੇ ਹੋਣਾ ਓੜਕ ਨੂੰ ਹੁਣ ਵੀ ਇਹੀ ਹੈ ਹੈਲੀਕਾਪਟਰਾਂ ਅਤੇ ਹੂਟਰ ਵਾਲੀਆਂ ਕਾਰਾਂ ਦੇ ਦੌਰੇ ਤਾਂ ਮੰਤਰੀਆਂ ਦੀ ਫੰਡ ਅਤੇ ਭੱਤੇ ਹਜ਼ਮ ਕਰਨ ਦੀ ਜੁਗਤ ਹੈ, ਉਂਜ ਇਹਨਾਂ ਦਾ ਹੜ੍ਹ ਪੀੜਤਾਂ ਨਾਲ ਕੋਈ ਦੂਰ ਦਾ ਵੀ ਲਾਗਾ ਦੇਗਾ ਜਾਂ ਵਾਹ ਵਾਸਤਾ ਨਹੀਂ ਹੈ

ਉੱਤੋ ਬੇਰੁਜ਼ਗਾਰੀ ਦੇ ਭੰਨੇ ਇਸ ਖਿੱਤੇ ਦੇ ਨੌਜਵਾਨ ਵਧੀਆ ਅਤੇ ਉਜਵਲ ਭਵਿੱਖ ਦਾ ਸੁਪਨਾ ਸੰਜੋਅ ਕੇ ਜਿੱਥੇ ਜਿਵੇਂ ਕਿਵੇਂ ਵਿਦੇਸਾਂ ਵੱਲ ਵਹੀਰਾਂ ਘੱਤ ਰਹੇ ਹਨ ਉੱਥੇ ਕਿਰਤੀ ਕਿਸਾਨ ਮਿਹਨਤ ਦਾ ਮੁੱਲ ਨਾ ਮਿਲਣ ਕਰਕੇ ਨਿਰੰਤਰ ਵਧ ਰਹੇ ਕਰਜ਼ੇ ਦੇ ਬੋਝ ਤੋਂ ਨਿਜਾਤ ਪਾਉਣ ਵਾਸਤੇ ਆਤਮ ਹੱਤਿਆਵਾਂ ਦਾ ਰਾਹ ਅਪਣਾ ਰਹੇ ਹਨ

ਹਰ ਪਾਸੇ ਲੁੱਟਤੰਤਰ ਹੈ, ਸਰਕਾਰ ਮੂਕ ਦਰਸ਼ਕ ਬਣਕੇ ਬੈਠੀ ਹੈ ਪੰਜਾਬ ਦੇ ਮੌਜੂਦਾ ਹਾਲਾਤ ਇਨਬਿਨ ਇਹ ਹਨ ਕਿ ਰੋਮ ਜਲ ਰਿਹਾ ਹੈ ਤੇ ਨੀਰੂ ਬੰਸਰੀ ਵਜਾ ਰਿਹਾ ਹੈ ਪੰਜਾਬ ਵਿੱਚ ਵਿਰੋਧੀ ਧਿਰ ਦਾ ਲੱਕ ਟੁੱਟ ਚੁੱਕਾ ਹੈ ਜਾਂ ਤੋੜਿਆ ਜਾ ਚੁੱਕਾ ਹੈ ਜੋ ਢਾਈ ਟੋਟਰੂ ਵਿਰੋਧੀ ਧਿਰ ਦੇ ਹਨ, ਉਹਨਾਂ ਦਾ ਬਹੁਤਾ ਸਮਾਂ ਇੱਕ ਦੂਸਰੇ ਨੂੰ ਤਾਹਨੇ ਮਿਹਣੇ ਮਾਰਨ ਵਿੱਚ ਹੀ ਬੀਤਦਾ ਹੈ, ਪੰਜਾਬ ਦੇ ਮੁੱਦਿਆਂ ਦੀ ਗੱਲ ਸਿਰਫ ਅਤੇ ਸਿਰਫ ਚੋਣਾਂ ਵੇਲੇ ਵੋਟਾਂ ਇਕੱਠੀਆਂ ਕਰਨ ਦੇ ਮਨੋਰਥ ਨਾਲ ਕੀਤੀ ਜਾਂਦੀ ਹੈ ਇਸ ਵੇਲੇ ਪੰਜਾਬ ਜਿਸ ਗ਼ੁਰਬਤ ਵਿੱਚੋਂ ਵਿਚਰ ਰਿਹਾ ਹੈ, ਉਸ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਅਰਬਾਂ ਦੇ ਕਰਜੇ ਹੇਠ ਦੱਬਿਆ ਜਾ ਚੁੱਕਾ ਇਹ ਸੂਬਾ ਆਉਣ ਵਾਲੇ ਇੱਕ ਦਹਾਕੇ ਵਿੱਚ ਬੰਜਰ ਅਤੇ ਵੈਰਾਨ ਹੋ ਜਾਵੇਗਾ ਇਸ ਖ਼ਿੱਤੇ ਵਿੱਚ ਉੱਪਰਲਾ ਪਾਣੀ ਪੀਣ ਯੋਗ ਨਹੀਂ ਤੇ ਹੇਠਲਾ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਇਸਦੇ ਨਾਲ ਹੀ ਹਰ ਵਰ੍ਹੇ ਛਿਮਾਹੀ ਡੈਮਾਂ ਦੇ ਫਲੱਡ ਗੇਟ ਖੋਲ੍ਹਕੇ ਜਲ ਥਲ ਇੱਕ ਕਰਕੇ ਬਰਬਾਦ ਕੀਤਾ ਜਾ ਰਿਹਾ ਹੈ। ਇੱਥੋਂ ਦਾ ਨੌਜਵਾਨ ਇੱਥੇ ਰਹਿ ਕੇ ਹੀ ਖੁਸ਼ ਨਹੀਂ

ਭ੍ਰਿਸ਼ਟਾਚਾਰ ਦਾ ਤਾਂਡਵ ਹੈ, ਚੋਰਾਂ ਦੀਆਂ ਲਾਠੀਆਂ ਦੇ ਗਜ਼ ਬਣੇ ਹੋਏ ਹਨ ਤੇ ਡਾਢੇ ਦਾ ਸੱਤੀਂ ਵੀਹੀ ਸੌ ਗਿਣਿਆ ਜਾ ਰਿਹਾ ਹੈ ਸੂਬੇ ਦੇ ਲੋਕਾਂ ਨੂੰ ਸਮਝ ਨਹੀ ਆ ਰਹੀ ਕਿ ਉਹ ਕੀ ਕਰਨ ਵੱਡੇ ਲਾਰਿਆਂ ਦੇ ਭਰਮਾਏ ਹਰ ਵਾਰ ਚੋਣਾਂ ਮੌਕੇ ਜਿਸ ਨੂੰ ਚੁਣਦੇ ਹਨ, ਫ਼ੌਰਨ ਬਾਦ ਲੁੱਟੇ ਪੁੱਟੇ ਤੇ ਠੱਗੇ ਹੋਏ ਮਹਿਸੂਸ ਕਰਦੇ ਹਨ ਹਰ ਪੰਜ ਸਾਲ ਬਾਅਦ ਧੋਖਾ ਖਾਂਦੇ ਹਨ ਕੇ ਫਿਰ ਪੰਜ ਸਾਲਾਂ ਵਾਸਤੇ ਲੁੱਟ ਤੇ ਕੁੱਟ ਦਾ ਸ਼ਿਕਾਰ ਹੁੰਦੇ ਹਨ

ਸਿਆਸਤ ਇੱਥੋਂ ਦੀ ਗੰਦੀ ਖੇਡ ਬਣ ਚੁੱਕੀ ਹੈ ਲੋਕ ਭਲਾਈ ਦੀ ਬਜਾਏ ਲੋਕਾਂ ਦੇ ਪੈਸੇ ਦੀ ਲੁੱਟ ਕਰਕੇ ਐਸ਼-ਅਯਾਸ਼ੀ ਕਰਨੀ ਨੇਤਾ ਲੋਕਾਂ ਦਾ ਮੁੱਖ ਮਨੋਰਥ ਬਣ ਚੁੱਕਾ ਹੈ ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ

ਇਸ ਖ਼ਿੱਤੇ ਦੇ ਵਾਤਾਵਰਨ ਦਾ ਪੂਰੀ ਤਰ੍ਹਾਂ ਸੱਤਿਆਨਾਸ ਕਰ ਦਿੱਤਾ ਗਿਆ ਹੈ ਪੁਰੇ ਦੀ ਹਵਾ ਹੁਣ ਤਾਜ਼ੀ ਹਵੇ ਦੇ ਬੁੱਲੇ ਨਹੀਂ ਸਗੋਂ ਕੀਟਨਾਸ਼ਕ ਦਵਾਈ ਦੀ ਜ਼ਹਿਰ ਦੇ ਫਨੀਅਰ ਫੁੰਕਾਰੇ ਹਨ ਪਾਣੀਆਂ ਵਿੱਚ ਗੰਦਗੀ ਅਤੇ ਰਸਾਇਣਾਂ ਦੀ ਜ਼ਹਿਰ ਸ਼ਰੇਆਮ ਦਿਨ ਦਿਹਾੜੇ ਘੋਲੀ ਦਾ ਰਹੀ ਹੈ ਲਾਇਲਾਜ ਜਾਨ ਲੇਵਾ ਬੀਮਾਰੀਆਂ ਨਾਲ ਨਿੱਤ ਮੌਤਾਂ ਹੋ ਰਹੀਆਂ ਹਨ ਤੇ ਰਹਿੰਦੀ ਖੂੰਹਦੀ ਕਸਰ ਆਰਥਿਕ ਤੰਗੀ ਕਾਰਨ ਹੋ ਰਹੀਆਂ ਖ਼ੁਦਕੁਸ਼ੀਆਂ ਅਤੇ ਬੇਲਗਾਮ ਸੜਕੀ ਯਾਤਾਯਾਤ ਵਿੱਚ ਹੁੰਦੇ ਹਾਦਸਿਆਂ ਨਾਲ ਪੂਰੀ ਹੋ ਰਹੀ ਹੈ ਜੇ ਇਹ ਕਹਿ ਲਈਏ ਕਿ ਅੱਜ ਦਾ ਪੰਜਾਬ ਬਿਮਾਰ, ਲੁੱਟਿਆ ਪੁੱਟਿਆ, ਠੱਗਿਆ, ਕੁੱਟਿਆ ਤੇ ਸਾਜ਼ਿਸ਼ਾਂ ਦਾ ਸ਼ਿਕਾਰ, ਹਰ ਤਰ੍ਹਾਂ ਪੱਛਿਆ ਹੋਇਆ, ਬੁਰੀ ਤਰ੍ਹਾਂ ਤੜਪ ਰਿਹਾ ਹੈ, ਜਿਸਦਾ ਆਉਣ ਵਾਲੇ ਸਮੇਂ ਵਿੱਚ ਦੂਰ ਦੂਰ ਤੱਕ ਇਸ ਵੇਲੇ ਅਜੇ ਕੋਈ ਵੀ ਇਲਾਜ ਕਰਨ ਵਾਲਾ ਨਜ਼ਰ ਨਹੀਂ ਆ ਰਿਹਾ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ ਫਿਰ ਵੀ ਕਾਮਨਾ ਹੈ ਪੰਜਾਬ ਦੇ ਚੰਗੇਰੇ ਭਵਿੱਖ ਦੀ, ਵਿਸ਼ਵਾਸ ਹੈ ਕਿ ਉਹ ਸਮਾਂ ਜਲਦੀ ਆਵੇਗਾ ਜਦ ਪੰਜਾਬ, ਸਚਮੁੱਚ ਇੱਕ ਵਾਰ ਫਿਰ ਪੰਜਾਬ ਬਣੇਗਾ!! ਪੰਜਾਬੀ, ਉਕਾਬ ਬਣਨਗੇ ਤੇ ਇਸ ਉੱਤੇ ਝੁੱਲਦੇ ਝੱਖੜਾਂ ਦਾ ਮੁਕਾਬਲਾ ਕਰਨਗੇ, ਪੰਜਾਬ ਕਾਲੀ ਬੋਲੀ ਰਾਤ ਵਿੱਚੋਂ ਬਾਹਰ ਨਿਕਲਕੇ ਚਿੱਟੇ ਦੁੱਧ ਰੂਪੀ ਚਾਨਣ ਦੀ ਫ਼ਿਜ਼ਾ ਦਾ ਆਨੰਦ ਮਾਣੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1711)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author