ShingaraSDhillon7ਮੀਡੀਏ ’ਤੇ ਚੱਲ ਰਹੇ ਵੀਡੀਓ ਫੁਟੇਜ ਤੋਂ ਇਹ ਸਾਫ ਹੁੰਦਾ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਤਾਂ ...
(10 ਜਨਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 41.

 

ਭਾਰਤੀ ਸਿਆਸਤ ਵਿੱਚ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਅਕਸਰ ਹੀ ਹੁੰਦੀ ਰਹਿੰਦੀ ਹੈਸਿਆਸੀ ਵਿਰੋਧੀ ਪਾਰਟੀਆਂ ਆਪਸ ਵਿੱਚ ਬਿਨਾ ਸਿਰ ਪੈਰ ਦੀ ਦੂਸ਼ਣਬਾਜ਼ੀ ਕਰਦੀਆਂ ਰਹਿੰਦੀਆਂ ਹਨ, ਜਿਸ ਕਰਕੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਰਮਿਆਨ ਆਪਸੀ ਕੁੱਕੜਖੋਹੀ ਚਲਦੀ ਰਹਿੰਦੀ ਹੈਇਹ ਵੀ ਆਮ ਦੇਖਿਆ ਗਿਆ ਹੈ ਕਿ ਬਹੁਤੀ ਵਾਰ ਬਾਤ ਦਾ ਬਤੰਗੜ ਜਾਂ ਫਿਰ ਬਤੰਗੜ ਦੀ ਬਾਤ ਬਣਾ ਦਿੱਤੀ ਜਾਂਦੀ ਹੈਦੂਜੇ ਸ਼ਬਦਾਂ ਵਿੱਚ ਭਾਰਤੀ ਸਿਆਸਤ ਵਿੱਚ ਕਈ ਵਾਰ ਨਿੱਕੇ ਮੁੱਦੇ, ਪਾਸਕੂ ਮੀਡੀਏ ਦੀ ਸਹਾਇਤਾ ਨਾਲ ਰਾਸ਼ਟਰੀ ਪੱਧਰ ’ਤੇ ਉਭਾਰ ਦਿੱਤੇ ਜਾਂਦੇ ਹਨ ਕੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਬਹੁਤ ਵੱਡੇ ਮੁੱਦੇ ਠੰਢੇ ਬਸਤੇ ਵਿੱਚ ਪਾ ਦਿੱਤੇ ਜਾਂਦੇ ਹਨ, ਜਿਹਨਾਂ ਦੀ ਫਿਰ ਸਾਲਾਂ ਬੱਧੀ ਭਿਣਕ ਵੀ ਨਹੀਂ ਪੈਣ ਦਿੱਤੀ ਜਾਂਦੀ

ਪੰਜ ਜਨਵਰੀ ਦਿਨ ਬੁੱਧਵਾਰ ਨੂੰ ਫ਼ਿਰੋਜ਼ਪੁਰ ਵਿਖੇ ਰੱਖੀ ਗਈ ਭਾਜਪਾ ਰੈਲੀ ਨੂੰ ਲੈ ਕੇ ਜੋ ਘਟਨਾਕ੍ਰਮ ਸਾਹਮਣੇ ਆਇਆ, ਉਸ ਦੀ ਤਹਿ ਤਕ ਜਾਣ ਵਾਸਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਤਿੰਨ ਮੈਂਬਰੀ ਜਾਂਚ ਕਮੇਟੀਆਂ ਗਠਿਤ ਕਰ ਦਿੱਤੀਆਂ ਹਨ, ਜੋ ਤੱਥਾਂ ਦੀ ਛਾਣਬੀਣ ਕਰਨ ਤੋਂ ਬਾਅਦ ਆਪੋ ਆਪਣੀਆਂ ਰਿਪੋਰਟਾਂ ਪੇਸ਼ ਕਰਨਗੀਆਂਦੇਸ਼ ਦੀ ਸੁਪਰੀਮ ਕੋਰਟ ਵੀ ਇਸ ਸੰਬੰਧ ਵਿੱਚ ਕਾਰਵਾਈ ਕਰ ਰਹੀ ਹੈ ਭਾਜਪਾ ਵਲੋਂ ਰਾਸ਼ਰਪਤੀ ਤਕ ਪਹੁੰਚ ਕੀਤੀ ਜਾ ਚੁੱਕੀ ਹੈ, ਪਰ ਇਹਨਾਂ ਉਕਤ ਕਾਰਵਾਈਆਂ ਦੇ ਬਾਵਜੂਦ ਵੀ ਪੂਰੇ ਦੇਸ਼ ਵਿੱਚ ਭਾਜਪਾ ਵੱਲੋਂ ਪੰਜਾਬ ਵਿਰੋਧੀ ਲਹਿਰ ਪੈਦਾ ਕੀਤੀ ਜਾ ਰਹੀ ਹੈਪੰਜਾਬ ਵਾਸੀਆਂ ਨੂੰ ਇੱਕ ਵਾਰ ਫਿਰ ਉਸੇ ਤਰਜ਼ ’ਤੇ ਭੰਡਿਆ ਜਾ ਰਿਹਾ ਹੈ ਜਿਸ ਤਰਜ਼ ’ਤੇ 1984 ਵਿੱਚ ਇੰਦਰਾਗਾਂਧੀ ਦੀ ਹੱਤਿਆ ਤੋਂ ਪਹਿਲਾਂ ਤੇ ਬਾਅਦ ਵਿੱਚ ਭੰਡਿਆ ਗਿਆ ਸੀ ਤੇ ਹੁਣੇ ਜਿਹੇ ਸਮਾਪਤ ਹੋਏ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਮਾਓਵਾਦੀ ਤੇ ਖਾਲਿਸਤਾਨੀ ਆਦਿ ਕਹਿ ਕੇ ਭੰਡਿਆ ਗਿਆ ਸੀ

ਜਿੱਥੋਂ ਤਕ ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰੋਕੇ ਜਾਣ ਦਾ ਮਾਮਲਾ ਹੈ, ਦਰਅਸਲ ਇਹ ਦੋਵੇਂ ਅਲੱਗ ਅਲੱਗ ਮੁੱਦੇ ਹਨਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਵਿੱਚ ਭੀੜ ਦਾ ਇਕੱਠਾ ਨਾ ਹੋਣ ਦੇ ਮੁੱਖ ਤੌਰ ’ਤੇ ਤਿੰਨ ਕਾਰਨ ਮੰਨੇ ਜਾ ਸਕਦੇ ਹਨ ਜਿਹਨਾਂ ਵਿੱਚੋਂ ਪਹਿਲਾ ਕਾਰਨ ਖ਼ਰਾਬ ਮੌਸਮ, ਦੂਜਾ, ਕਿਸਾਨ ਅੰਦੋਲਨ ਪ੍ਰਤੀ ਪ੍ਰਧਾਨ ਮੰਤਰੀ ਦੀ ਬੇਰੁਖ਼ੀ, ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਦੀਆਂ ਹੋਈਆਂ ਮੌਤਾਂ ਤੇ ਉਹਨਾਂ ਬਾਰੇ ਦੋ ਸ਼ਬਦ ਅਫਸੋਸ ਤਕ ਦੇ ਨਾ ਬੋਲਣਾ ਤੇ ਤੀਜਾ ਕਾਰਨ ਭਾਜਪਾ ਨਾਲ ਪ੍ਰੇਮ ਪੀਂਘਾਂ ਪਾ ਕੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੇ ਸੁਪਨੇ ਦੇਖ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ

ਗੱਲ ਅੱਗੇ ਤੋਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਡੇ ਅਡੰਬਰ ਬਾਰੇ ਗੱਲ ਕਰਨੀ ਚਾਹੁੰਦਾ ਹੈਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਵੀ ਦੌਰਾ ਹੋਵੇ, ਉਸ ਦਾ ਸਕੈਜਿਉਲ ਤੇ ਰੂਟ ਪਲਾਨ ਬਿਲਕੁਲ ਗੁਪਤ ਹੁੰਦਾ ਹੈਇਸਦੇ ਬਾਰੇ ਸਿਰਫ ਦੇਸ਼ ਦੇ ਗ੍ਰਹਿ ਮੰਤਰਾਲੇ ਤੇ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਹੀ ਜਾਣਕਾਰੀ ਹੁੰਦੀ ਹੈਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜ਼ਿੰਮਾ ਮੁੱਖ ਤੌਰ ’ਤੇ SPG ਕੋਲ ਹੁੰਦਾ ਹੈ ਜੋ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕਾਰਜ ਕਰਦੀ ਹੈ

ਅਗਲੀ ਗੱਲ ਇਹ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਪੂਰੀ ਤਰ੍ਹਾਂ ਗੁਪਤ ਰੱਖ ਕੇ ਤੇ ਉਸ ਨੂੰ ਸੁਰੱਖਿਅਤ ਰੱਖਣ ਵਾਸਤੇ ਬਹੁਤ ਪੁਖ਼ਤਾ ਪ੍ਰਬੰਧ ਕੀਤੇ ਗਏ ਹੁੰਦੇ ਹਨਫ਼ਿਰੋਜ਼ਪੁਰ ਰੈਲੀ ਵਿੱਚ ਜਿਸ ਹੈਲੀਕਾਪਟਰ ਰਾਹੀਂ ਨਰਿੰਦਰ ਮੋਦੀ ਨੇ ਪਹੁੰਚਣਾ ਸੀ, ਮਿਲੀ ਜਾਣਕਾਰੀ ਮੁਤਾਬਿਕ ਉਹ ਇੱਕ ਅਜਿਹਾ ਚੌਪਰ ਹੈ ਜੋ ਬਣਾਇਆ ਹੀ ਖ਼ਰਾਬ ਮੌਸਮ ਵਿੱਚ ਚਲਾਉਣ ਵਾਸਤੇ ਹੈਉਸ ਵਿੱਚ ਇਸ ਤਰ੍ਹਾਂ ਦੇ ਯੰਤਰ ਫਿੱਟ ਕੀਤੇ ਗਏ ਹਨ ਜੋ ਖ਼ਰਾਬ ਮੌਸਮ ਦੌਰਾਨ ਵੀ ਹੈਲੀਕਾਪਟਰ ਨੂੰ ਮੰਜ਼ਿਲ ਤਕ ਸਹੀ ਸਲਾਮਤ ਪਹੁੰਚਾਉਣ ਵਾਸਤੇ ਸਮਰੱਥ ਹਨਦੂਜੀ ਗੱਲ ਇਹ ਹੈ ਕਿ ਜੇਕਰ ਮੌਸਮ ਖਰਾਬ ਸੀ, ਮੀਂਹ ਹਨੇਰੀ ਤੇ ਝਾਂਜੇ ਵਾਲਾ ਸੀ ਤਾਂ ਫਿਰ ਸੜਕੀ ਰਸਤਾ ਕਿਵੇਂ ਸੁਰੱਖਿਅਤ ਮੰਨਿਆ ਜਾ ਸਕਦਾ ਸੀ? ਇਹ ਵੀ ਇੱਕ ਵੱਡਾ ਸਵਾਲ ਹੈ ਜਿਸਦਾ ਉੱਤਰ ਜਾਂਚ ਏਜੰਸੀਆਂ ਨੂੰ ਲੱਭਣਾ ਪਵੇਗਾ

ਮੀਡੀਏ ’ਤੇ ਚੱਲ ਰਹੇ ਵੀਡੀਓ ਫੁਟੇਜ ਤੋਂ ਇਹ ਸਾਫ ਹੁੰਦਾ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਤਾਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਨੇੜੇ ਤੇੜੇ ਵੀ ਨਹੀਂ ਸਨ, ਹਾਂ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਪ੍ਰਧਾਨ ਮੰਤਰੀ ਦੇ ਬਿਲਕੁਲ ਨੇੜੇ ਹੋ ਕੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਇੱਡਾ ਹੀ ਖਤਰਾ ਸੀ ਤਾਂ ਫਿਰ ਉੱਥੇ ਰਸਤੇ ਦੇ ਵਿਚਕਾਰ ਵੀਹ ਮਿੰਟ ਖੜ੍ਹੇ ਰਹਿਣ ਦਾ ਕੀ ਅਰਥ ਸੀ? ਨੁਕਤਾ ਇਹ ਵੀ ਵਿਚਾਰਨਯੋਗ ਹੈ ਕਿ ਜਿਹਨਾਂ ਕਿਸਾਨਾਂ ਨੇ ਸਾਲ ਭਰ ਦਿੱਲੀ ਦੀਆਂ ਬਰੂਹਾਂ ’ਤੇ ਸ਼ਾਂਤਮਈ ਸੰਘਰਸ਼ ਕੀਤਾ, ਆਪਣੇ ਸੈਂਕੜੇ ਸਾਥੀਆਂ ਦਾ ਬਲੀਦਾਨ ਦਿੱਤਾ ਪਰ ਸਬਰ ਦਾ ਪੱਲਾ ਫੜਕੇ ਕਿਸੇ ਨੂੰ ਆਂਚ ਨਹੀਂ ਆਉਣ ਦਿੱਤੀ ਤੇ ਨਾ ਹੀ ਕੋਈ ਹਿੰਸਾ ਕੀਤੀ, ਉਹਨਾਂ ਲੋਕਾਂ ਨੂੰ ਅੱਤਵਾਦੀ ਜਾਂ ਖ਼ਤਰਨਾਕ ਕਿਵੇਂ ਮੰਨਿਆ ਜਾ ਸਕਦਾ ਹੈ?

ਇਸ ਸਾਰੇ ਘਟਨਾਕਰਮ ਨੂੰ ਜਦੋਂ ਨੀਝ ਨਾਲ ਦੇਖਿਆ ਜਾਂਦਾ ਹੈ ਤਾਂ ਇਹ ਸਭ ਬਣਾਈ ਹੋਈ ਘਟਨਾ ਵਜੋਂ ਸਾਹਮਣੇ ਆਉਂਦੀ ਹੈਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਉਸ ਵੇਲੇ ਨਰਿੰਦਰ ਮੋਦੀ ਦੀ ਜਾਨ ਜਾਂ ਫਿਰ ਦੇਸ਼ ਨੂੰ ਖਤਰਾ ਪੈਦਾ ਹੋ ਜਾਂਦਾ ਤੇ ਕੋਈ ਨਵਾਂ ਅਡੰਬਰ ਰਚ ਕੇ ਲੋਕਾਂ ਦੀ ਹਮਦਰਦੀ ਨੂੰ ਵੋਟਾਂ ਵਿੱਚ ਕੈਸ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਹੈਪਰ ਇਸ ਵਾਰ ਦਾ ਅਡੰਬਰ ਦੋਹਰੇ ਮਕਸਦ ਨਾਲ ਕੀਤਾ ਗਿਆ ਜਾਪਦਾ ਹੈਪਹਿਲਾ, ਇਸ ਨੂੰ ਪਾਰਟੀ ਦਾ ਸਿਆਸੀ ਡੈਮੇਜ ਕੰਟਰੋਲ ਤੇ ਦੂਸਰਾ ਰੈਲੀ ਵਿੱਚ ਲੋਕਾਂ ਦੀ ਗ਼ੈਰਹਾਜ਼ਰੀ ਕਾਰਨ ਹੋਣ ਵਾਲੀ ਬਦਨਾਮੀ ਤੋਂ ਬਚਣ ਦਾ ਉਪਰਾਲਾ

ਇਹ ਗੱਲ ਪੱਕੀ ਹੈ ਕਿ ਜੇਕਰ ਨਰਿੰਦਰ ਮੋਦੀ ਰੈਲੀ ਵਿੱਚ ਪਹੁੰਚਦਾ ਤਾਂ ਭੀੜ ਦੀ ਬਜਾਏ ਕੁਝ ਕੁ ਲੋਕਾਂ ਨੂੰ ਸੰਬੋਧਨ ਕਰਨ ਨਾਲ ਉਸ ਦੀ ਬਦਨਾਮੀ ਬਹੁਤ ਜ਼ਿਆਦਾ ਹੋਣੀ ਸੀ, ਦਿਸ ਕਾਰਨ ਅਗਲੇ ਮਹੀਨੇ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ’ਤੇ ਮਾੜਾ ਅਸਰ ਤਾਂ ਪੈਣਾ ਹੀ ਸੀ ਇਸਦੇ ਨਾਲ ਹੀ ਉਸ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਛਵ੍ਹੀ ਵੀ ਬਹੁਤ ਖ਼ਰਾਬ ਹੋਣੀ ਸੀ, ਜਿਸਦਾ ਤਤਵਕਤੀ ਸਿੱਧਾ ਫ਼ਾਇਦਾ ਪੰਜਾਬ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਮਿਲਣਾ ਸੀਸੋ ਇਸ ਸਭ ਤੋਂ ਬਚਣ ਵਾਸਤੇ ਤੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਫੇਲ੍ਹ ਦੱਸਕੇ ਪੂਰੇ ਮੁਲਕ ਵਿੱਚ ਬਦਨਾਮ ਕਰਕੇ ਦਰਅਸਲ ਸਿਆਸੀ ਰੋਟੀਆਂ ਸੇਕਣ ਦਾ ਜੁਗਾੜ ਹੀ ਬਣਾਇਆ ਗਿਆ ਸੀ ਜਿਸਦਾ ਸਬੂਤ ਬਠਿੰਡਾ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਸੰਬੋਧਿਨ ਕਰਕੇ ਬੋਲੇ ਗਏ ਪ੍ਰਧਾਨ ਮੰਤਰੀ ਦੇ ਇਹ ਬੋਲ ਹੀ ਕਾਫ਼ੀ ਹਨ, “ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਜਿੰਦਾ ਬਚਕੇ ਜਾ ਰਿਹਾ ਹਾਂ

ਇਹ ਉਕਤ ਬੋਲ ਦੇਸ਼ ਦੇ ਪ੍ਰਧਾਨ ਦੇ ਮੂੰਹੋਂ ਬਿਲਕੁਲ ਬਚਗਾਨਾ ਜਾਪਦੇ ਹਨਇਹਨਾਂ ਬੋਲਾਂ ਤੋਂ ਇਸ ਤਰ੍ਹਾਂ ਦਾ ਅਹਿਸਾਸ ਪੈਦਾ ਹੋ ਰਿਹਾ ਜਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਨੂੰ ਜਾਂ ਤਾਂ ਭਾਰਤ ਦਾ ਹਿੱਸਾ ਨਾ ਮੰਨਦਾ ਹੋਵੇ ਜਾਂ ਫਿਰ ਉਹ ਪੰਜਾਬ ਨੂੰ ਕੋਈ ਵਿਦੇਸ਼ੀ ਮੁਲਕ ਕਹਿ ਰਿਹਾ ਹੋਵੇਖ਼ਾਸ ਕਰ ਉਕਤ ਬੋਲ ਉਸ ਨਰਿੰਦਰ ਮੋਦੀ ਦੇ ਮੂੰਹੋਂ ਹੋਰ ਵੀ ਅਟਪਟੇ ਜਾਪਦੇ ਹਨ ਜੋ ਸਾਰੇ ਪਰੋਟੋਕੋਲ ਤੋੜਕੇ ਬਿਨਾ ਵੀਜ਼ਾ ਤੇ ਬਿਨਾ ਕਿਸੇ ਨਾਲ ਸਲਾਹ ਮਸ਼ਵਰਾ ਕੀਤਿਆਂ ਕੁਝ ਸਾਲ ਪਹਿਲਾਂ ਲਾਹੌਰ ਮੀਆਂ ਨਿਵਾਜ ਸ਼ਰੀਫ ਦੇ ਕੇਕ ਤੇ ਵਰਿਆਣੀ ਖਾਣ ਜਾ ਪਹੁੰਚਾ ਹੋਵੇ ਜਾਂ ਜਿਸ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕਰ ਰਹੇ ਆਪਣੇ ਹੀ ਦੇਸ਼ ਦੇ ਸ਼ਹਿਰੀਆਂ ਵਾਸਤੇ ਸਾਲ ਭਰ ਕੰਨ, ਅੱਖਾਂ ਤੇ ਮੂੰਹ ਬੰਦ ਰੱਖੇ ਹੋਣ

ਇਸ ਸਮੇਂ ਭਾਰਤ ਵਿੱਚ ਲੋਕਤੰਤਰ ਦੇ ਨਾਮ ’ਤੇ ਹੋ ਰਹੀ ਘਟੀਆ ਦਰਜੇ ਦੀ ਸਿਆਸਤ ਬਹੁਤ ਗਰਕ ਚੁੱਕੀ ਹੈ, ਸਾਜਿਸ਼ੀ ਮਾਹੌਲ ਭਾਰੂ ਹੈਕੁਰਸੀ ਦੀ ਲਾਲਸਾ ਪੂਰੀ ਕਰਨ ਤੇ ਪਦ ਬਣਾਈ ਰੱਖਣ ਵਾਸਤੇ ਇੱਥੋਂ ਦੇ ਬਹੁਤੇ ਨੇਤਾ (ਸਾਰੇ ਨਹੀਂ) ਕਿਸੇ ਵੀ ਹੱਦ ਤਕ ਜਾ ਸਕਦੇ ਹਨ, ਵੱਡੇ ਕਾਂਡ ਕਰਵਾ ਸਕਦੇ ਹਨ, ਫਿਰਕੂ ਦੰਗੇ ਭੜਕਾ ਸਕਦੇ ਹਨ, ਸਰਹੱਦਾਂ ’ਤੇ ਤਣਾਉ ਦਾ ਮਾਹੌਲ ਪੈਦਾ ਕਰਨ ਦਾ ਡਰਾਮਾ ਕਰ ਸਕਦੇ ਹਨ ਜਾਂ ਬੰਬ ਧਮਾਕੇ ਕਰਵਾ ਕੇ ਲੋਕ ਦੇ ਮਨਾਂ ਵਿੱਚ ਡਰ ਤੇ ਸਹਿਮ ਪੈਦਾ ਕਰ ਸਕਦੇ ਹਨ ਪਰ ਹੁਣ ਇਹ ਵੀ ਸੱਚ ਹੈ ਕਿ ਦੇਸ਼ ਦੇ ਲੋਕਾਂ ਨੇ ਹੀ ਸੋਚਣਾ ਹੈ ਕਿ ਚੋਣਾਂ ਵੇਲੇ ਇਸ ਤਰ੍ਹਾਂ ਦੇ ਸਿਆਸੀ ਗੰਦ ਨੂੰ ਕਿਵੇਂ ਸਾਫ ਕਰਨਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3269)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author