ShingaraSDhillon7ਮੰਤਰੀ ਦੇ ਖੂਨੀ ਪੁੱਤਰ ਨੂੰ ਬਚਾਉਣ ਦੀਆਂ ਤਰਕੀਬਾਂ ਹੋ ਰਹੀਆਂ ਹਨ ਭਾਵੇਂ ਕਿ ਦੇਸ ਦੀ ਸੁਪਰੀਮ ਕੋਰਟ ਨੇ ...
(9 ਅਕਤੂਬਰ 2021)

 

ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਵੱਡੀ ਚਰਚਾ ਵਿੱਚ ਹੈ, ਹੋਵੇ ਵੀ ਕਿਉਂ ਨਾ, ਦੋ ਮਹੀਨੇ ਦਸ ਕੁ ਦਿਨ ਦੀ ਪ੍ਰਧਾਨਗੀ ਦੌਰਾਨ ਉਸ ਨੇ ਹੇਠਲੀ ਮਿੱਟੀ ਉੱਤੇ ਕਰ ਦਿੱਤੀ ਹੈ। ਬੁੱਲਡੋਜ਼ਰ ਵਰਗੇ ਅਮਰਿੰਦਰ ਸਿੰਘ ਨੂੰ ਪਟਕਣੀ ਦੇ ਕੇ ਕੁਰਸੀਓਂ ਥੱਲੇ ਸੁੱਟਕੇ ਪੈਦਲ ਕਰ ਦਿੱਤਾਜੋ ਵਿਅਕਤੀ ਕਦੇ ਸ਼ਿਸ਼ਮਾ ਫਾਰਮ ਹਾਊਸ ਵਿੱਚੋਂ ਬਾਹਰ ਨਹੀਂ ਸੀ ਨਿਕਲਦਾ, ਹੁਣ ਹਰ ਰੋਜ਼ ਸੜਕੋ ਸੜਕੀ ਤੇ ਮੁੜ੍ਹਕੋ ਮੁੜ੍ਹਕੀ ਹੋਇਆ ਪਿਆਜਿਸ ਕੋਲ ਮੁੱਖ ਮੰਤਰੀ ਦਾ ਅਹੁਦਾ ਹੁੰਦੇ ਹੋਏ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਸਮਾਂ ਨਹੀਂ ਸੀ, ਹੁਣ ਸਿਰਫ ਇੱਕ ਐੱਮ ਐੱਲ ਏ ਦੇ ਤੌਰ ’ਤੇ ਦਿੱਲੀ ਦੇ ਵੱਡੇ ਵੱਡੇ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਚਿੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈਕੱਲ੍ਹ ਅਮਿਤ ਸ਼ਾਹ ਦੇ ਕੋਲ ਬੈਠਾ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਨਰਿੰਦਰ ਮੋਦੀ ਨਾਲ ਦੁਪਹਿਰ ਦਾ ਭੋਜਨ ਕਰਨ ਦੀਆਂ ਕਨਸੋਆਂ ਹਨ

ਜਿਹੜਾ ਬੰਦਾ ਕਹਿੰਦਾ ਸੀ ਇਹ ਮੇਰੀ ਆਖਰੀ ਚੋਣ ਹੈ, ਉਹ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵਾਸਤੇ ਪੱਬਾਂ ਭਾਰ ਹੋ ਕੇ ਥਾਪੀਆਂ ਮਾਰਨ ਲੱਗ ਪਿਆ। ਹੁਣ ਉਸ ਨੂੰ ਰਾਜ ਦੇ ਭਲੇ ਦੀ ਕੋਈ ਚਿੰਤਾ ਨਹੀਂ, ਬੱਸ ਇੱਕ ਹੀ ਚਿੰਤਾ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤ ਖ਼ਤਰਨਾਕ ਬੰਦਾ ਹੈ ਤੇ ਉਹ ਮੁਲਕ ਵਾਸਤੇ ਬਹੁਤ ਵੱਡਾ ਖਤਰਾ ਹੈਪੰਜਾਬ ਸਰਹੱਦੀ ਸੂਬਾ ਹੈ ਤੇ ਉਹ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਵੇਗਾ ਪਰ ਇਸ ਤਰ੍ਹਾਂ ਦੇ ਬਿਆਨ ਦੇਣ ਸਮੇਂ ਉਹ ਖ਼ੁਦ ਇਹ ਇਹ ਭੁੱਲ ਜਾਂਦਾ ਹੈ ਕਿ ਪਾਕਿਸਤਾਨ ਦੇ ਨਾਲ ਨਾਜਾਇਜ਼ ਸੰਬੰਧ ਤਾਂ ਫਿਰ ਕਾਫ਼ੀ ਲੰਮੇ ਸਮੇਂ ਤੋਂ ਉਸ ਦੇ ਵੀ ਚੱਲ ਰਹੇ ਹਨ! ਇਸਦੇ ਨਾਲ ਹੀ ਇਹ ਸਵਾਲ ਵੀ ਉੱਠਦਾ ਹੈ ਕਿ ਸਿੱਧੂ ਇੰਨਾ ਹੀ ਖ਼ਤਰਨਾਕ ਹੈ ਤਾਂ ਫਿਰ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਉਸ ਉੱਤੇ ਦੇਸ਼ ਧ੍ਰੋਹੀ ਹੋਣ ਦਾ ਮੁਕੱਦਮਾ ਦਰਜ ਕਰਕੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਹੁਣ ਅਮਰਿੰਦਰ ਸਿੰਘ, ਨਵਜੋਤ ਸਿੱਧੂ ਉੱਤੇ ਇਹ ਦੋਸ਼ ਵੀ ਲਗਾ ਰਿਹਾ ਹੈ ਕਿ ਉਹ ਨਾ ਹੀ ਮੰਤਰੀ ਬਣਨ ਦੇ ਲਾਇਕ ਹੈ ਤੇ ਨਾ ਪ੍ਰਧਾਨਪਰ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਸਿੱਧੂ ਕਾਬਲ ਹੀ ਨਹੀਂ ਸੀ ਤਾਂ ਫਿਰ ਉਸ ਨੂੰ ਕੈਪਟਨ ਵੱਲੋਂ ਦੋ ਦੋ ਮੰਤਰਾਲੇ ਸੌਂਪਣ ਦੀ ਆਫਰ ਕਿਉਂ ਕੀਤੀ ਜਾਂਦੀ ਰਹੀ? ਸਿਰਫ ਅਸਤੀਫ਼ੇ ਤੋਂ ਬਾਅਦ ਹੀ ਸਿੱਧੂ ਕਿਉਂ ਖ਼ਤਰਨਾਕ ਜਾਪਣ ਲੱਗਾ? ਮੁੱਖ ਮੰਤਰੀ ਹੁੰਦਿਆਂ ਸਿੱਧੂ ਵਿਰੁੱਧ ਇਹੋ ਜਿਹੇ ਬਿਆਨ ਕਿਉਂ ਨਹੀਂ ਦਿੱਤੇ ਗਏ? ਇਹ ਉਹ ਅਹਿਮ ਸਵਾਲ ਹਨ ਜੋ ਲੋਕ ਮਨ ਮਸਤਕ ਵਿੱਚ ਲਗਾਤਾਰ ਦਸਤਕ ਦੇ ਰਹੇ ਹਨ

**

ਮੰਨਣਾ ਪਵੇਗਾ ਕਿ ਨਵਜੋਤ ਸਿੰਘ ਸਿੱਧੂ ਵਿੱਚ ਦਮ ਵੀ ਹੈ ਤੇ ਗੈਰਤ ਵੀ ---- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ   

ਚਲੋ ਮੰਨ ਲਿਆ ਕਿ ਬੰਦਾ ਬਹੁਤ ਮਾੜਾ, ਚੁੱਪ ਰਹਿਣ ਵਕਤ ਬੋਲਦਾ ਤੇ ਬੋਲਣ ਵਕਤ ਚੁੱਪ ਰਹਿੰਦਾ, ਪਾਰਟੀਆਂ ਬਦਲਦਾ, ਕਦੀ ਭਾਜਪਾ, ਅਕਾਲੀ ਤੇ ਕਦੀ ਕਾਂਗਰਸ, ਗੱਲ ਗੱਲ ’ਤੇ ਭੁੜਕਦਾ, ਭਾਵੁਕ ਹੁੰਦਾ, ਕਦੀ ਰਾਜ ਸਭਾ, ਕਦੀ ਕੈਬਨਿਟ ਮਨਿਸਟਰੀ ਤੇ ਕਦੀ ਪ੍ਰਧਾਨਗੀ ਦੀ ਕੁਰਸੀ ਨੂੰ ਠੋਕਰ ਮਾਰਦਾ, ਪਰ ਕੋਈ ਗੱਲ ਤਾਂ ਜ਼ਰੂਰ ਹੈ ਉਸ ਦੇ ਅੰਦਰ ਜਿਹੜੀ ਉਸ ਬੰਦੇ ਨੂੰ ਟਿਕਣ ਨਹੀਂ ਦਿੰਦੀ। ਉਂਜ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਹੁੰਦੀਆਂ ਹਨ, ਦੋਸ਼ ਲਾਉਣੇ ਬਹੁਤ ਆਸਾਨ ਹੁੰਦੇ ਹਨ, ਤੁਰਿਆਂ ਜਾਂਦਿਆਂ ਉਂਗਲੀ ਉਠਾ ਕਿ ਕਿਸੇ ਨੂੰ ਵੀ ਕੁਝ ਬੋਲ ਦੇਣਾ, ਬਦਨਾਮ ਕਰ ਦੇਣਾ ਬੜਾ ਸੌਖਾ, ਪਰ ਕੁਰਸੀ ਨੂੰ ਠੋਕਰ ਮਾਰ ਕੇ ਇਹ ਕਹਿਣਾ, “ਮੈਂਨੂੰ ਇਹਨਾਂ ਦੀ ਪ੍ਰਵਾਹ ਨਹੀਂ, ਜਿਸ ਕੁਰਸੀ ’ਤੇ ਬੈਠਣ ਨਾਲ ਮੇਰਾ ਦਮ ਘੁਟਦਾ ਹੋਵੇ, ਲੋਕਾਂ ਦਾ ਹਿਤ ਵਿੱਚ ਕੰਮ ਕਰਨ ਤੋਂ ਹੱਥ ਬੰਨ੍ਹ ਦਿੱਤੇ ਜਾਣ, ਉਸ ਕੁਰਸੀ ’ਤੇ ਬੈਠਣਾ ਤਾਂ ਕੀ ਸਗੋਂ ਉਸ ਦੇ ਨੇੜੇ ਖੜ੍ਹਨਾ ਵੀ ਮੇਰੇ ਵਾਸਤੇ ਧਿਰਕਾਰ ਹੈ।” ਬੜਾ ਔਖਾ ਤੇ ਜੋਖਮ ਭਰਿਆ ਕਾਰਜ ਹੈ।

ਨਵਜੋਤ ਸਿੰਘ ਸਿੱਧੂ ਨੂੰ ਕੋਈ ਕੁਝ ਵੀ ਸਮਝੇ, ਪਰ ਇੱਕ ਗੱਲ ਮੰਨਣੀ ਪਊ ਕਿ ਬੰਦੇ ਵਿੱਚ ਦਮ ਵੀ ਹੈ ਤੇ ਅਣਖ ਵੀ। ਸਹੀ ਮਾਅਨਿਆਂ ਵਿੱਚ ਉਸ ਦੀਆਂ ਰਗਾਂ ਵਿੱਚ ਸੁਤੰਤਰਤਾ ਸੰਗਰਾਮੀਆਂ ਦਾ ਲਹੂ ਦੌੜ ਰਿਹਾ ਹੈ, ਜਿਸ ਕਾਰਨ ਜਦ ਵੀ ਕਿਧਰੇ ਕੁਝ ਗਲਤ ਹੁੰਦਾ ਉਸ ਨੂੰ ਨਜ਼ਰ ਆਉਂਦਾ ਹੈ, ਲੋਕਾਂ ਦੇ ਹਿਤਾਂ ਦਾ ਘਾਣ ਹੁੰਦਾ ਹੈ ਤਾਂ ਉਸ ਦੀ ਰੂਹ ਤੜਪਦੀ ਹੈ ਤੇ ਉਹ ਗਲਤ ਕਰਨ ਵਾਲੇ ਨੂੰ ਜਾ ਲਲਕਾਰਦਾ ਹੈ।

ਵਿਰੋਧੀ ਸਿਆਸੀ ਪਾਰਟੀਆਂ ਦੇ ਨੇਤਾ ਉਸ ਨੂੰ ਮਿਸ ਗਾਈਡਡ ਮਿਸਾਈਲ ਕਹਿੰਦੇ ਹਨ। ਕੋਈ ਉਸ ਨੂੰ ਦੇਸੀ ਪਿਸਤੌਲ ਕਹਿੰਦਾ ਹੈ, ਉਸ ਨੂੰ ਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਦਾ ਮਿੱਤਰ ਹੋਣ ਕਾਰਨ ਮੁਲਕ ਵਾਸਤੇ ਖ਼ਤਰਨਾਕ ਹੋਣ ਦਾ ਟੈਗ ਦਿੱਤਾ ਜਾਂਦਾ ਹੈ। ਉਸ ਦੀ ਆਪਣੀ ਪਾਰਟੀ ਦਾ ਸਾਬਕਾ ਮੁੱਖ ਮੰਤਰੀ ਜਿਸ ਨੇ ਪਿਛਲੇ ਸਾਢੇ ਚਾਰ ਕੁ ਸਾਲਾਂ ਵਿੱਚ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ, ਉਸ ਨੂੰ “ਅਨਫਿਟ ਵਾਰ ਦੀ ਪੌਲਿਟਿਕਸ” ਕਹਿੰਦਾ ਹੈ।

ਸੱਚ ਇਹ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਕੰਮ ਕਿਸੇ ਹੋਰ ਤੋਂ 72 ਸਾਲ ਤਕ ਨਹੀਂ ਹੋਇਆ, ਉਹ ਉਸਨੇ ਆਪਣੇ ਰਸੂਖ਼ ਸਦਕਾ ਇੱਕ ਸਾਲ ਵਿੱਚ ਪੂਰਾ ਕਰਵਾ ਦਿੱਤਾ। ਕਹਿਣ ਨੂੰ ਕੋਈ ਬੇਸ਼ਕ ਕੁਝ ਵੀ ਕਹੀ ਜਾਵੇ ਕਿ ਉਸ ਦਾ ਕੀ ਯੋਗਦਾਨ ਹੈ, ਪਰ ਇਸ ਪੱਖੋਂ ਤਾਰੀਖ਼ ਵਿੱਚ ਉਸ ਦਾ ਨਾਮ ਹਮੇਸ਼ਾ ਵਾਸਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾ ਚੁੱਕਾ ਹੈ। ਪੰਜਾਬ ਵਿੱਚ ਨੀਲੇ ਚਿੱਟਿਆਂ ਦੀ ਪਿਛਲੇ ਪੰਜ ਛੇ ਦਹਾਕਿਆਂ ਤੋਂ ਜੋ ਢਕੀ ਰਿੱਝ ਰਹੀ ਸੀ, ‘ਉੱਤਰ ਕਾਟੋ ਹੁਣ ਮੇਰੀ ਵਾਰੀ’ ਦਾ ਖੇਡ ਚੱਲ ਰਿਹਾ ਸੀ, 75/25 ਦੇ ਹਿਸਾਬ ਕਿਤਾਬ ਵਾਲੀ ਨੂਰਾ ਕੁਸ਼ਤੀ ਚੱਲ ਰਹੀ ਸੀ, ਉਸ ਨੂੰ ਨੰਗਾ ਸਿਰਫ ਤੇ ਸਿਰਫ ਨਵਜੋਤ ਸਿੱਧੂ ਹੀ ਕਰ ਸਕਿਆ ਹੈ, ਦੂਜਾ ਕੋਈ ਨਹੀਂ। ਕੈਪਟਨ ਦੀਆਂ ਗੋਟੀਆਂ ਮੂਹਦੀਆਂ ਮਾਰਕੇ ਨਵਜੋਤ ਸਿੰਘ ਸਿੱਧੂ ਨੇ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਵਿੱਚ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਤੇ ਉਸ ਨੂੰ ਅੰਡਰ ਐਸਟੀਮੇਟ ਕਰਨ ਵਾਲੇ ਕਦੇ ਵੀ ਮੂਹਦੇ ਮੂੰਹ ਡਿਗ ਸਕਦੇ ਹਨ ਜਾਂ ਸੁੱਟੇ ਜਾ ਸਕਦੇ ਹਨ।

ਮਨੁੱਖ ਗਲਤੀਆਂ ਦਾ ਪੁਤਲਾ ਹੈ, ਇਸ ਸੰਸਾਰ ਵਿੱਚ ਦੁੱਧ ਧੋਤਾ ਕੋਈ ਵੀ ਨਹੀਂ। ਨਵਜੋਤ ਸਿੱਧੂ ਨੇ ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਉਹ ਮੇਰਾ ਕੋਈ ਸਕਾ ਨਹੀਂ ਨਾ ਹੀ ਮੇਰਾ ਕੋਈ ਰਿਸ਼ਤੇਦਾਰ, ਮਾਸੀ, ਭੂਆ ਦਾ ਪੁੱਤ ਹੈ, ਪਰ ਜਿੱਥੇ ਕੋਈ ਸਹੀ ਹੋਵੇ, ਉੱਥੇ ਉਸ ਦੇ ਹੱਕ ਵਿੱਚ ਡਟ ਕੇ ਖੜ੍ਹਨਾ ਅਣਖ ਤੇ ਜਾਗਦੀ ਜ਼ਮੀਰ ਵਾਲੇ ਹਰ ਬੰਦੇ ਦਾ ਪਹਿਲਾ ਕੰਮ ਹੁੰਦਾ ਹੈ। ਗ਼ੈਰ ਜ਼ਮੀਰੇ, ਵਿਕੇ ਹੋਏ ਜਾਂ ਮਰੀ ਹੋਈ ਜ਼ਮੀਰ ਵਾਲੇ ਇਹ ਕੰਮ ਕਦੇ ਵੀ ਨਹੀਂ ਕਰ ਸਕਦੇ ਤੇ ਨਾ ਹੀ ਉਹਨਾਂ ਤੋਂ ਅਜਿਹੀ ਕੋਈ ਆਸ ਹੀ ਰੱਖੀ ਜਾ ਸਕਦੀ ਹੈ। ਗੱਲ ਪਾਰਟੀ ਦੀ ਨਹੀਂ, ਬੰਦੇ ਦੀ ਹੋ ਰਹੀ ਹੈ। ਕਾਂਗਰਸ ਪਾਰਟੀ ਨੇ ਬੀਤੇ ਵਿੱਚ ਬਹੁਤ ਗਲਤ ਕੰਮ ਕੀਤੇ ਹੋਣਗੇ, ਪਰ ਸੱਚ ਤਾਂ ਇਹ ਵੀ ਹੈ ਕਿ ਬਾਕੀ ਸਿਆਸੀ ਪਾਰਟੀਆਂ ਕਿਹੜੀਆਂ ਦੁੱਧ ਧੋਤੀਆਂ ਹਨ? ਭਾਜਪਾ ਸਰਕਾਰ ਵਰਗੀ ਲੋਕਤੰਤਰ ਦੇ ਨਾਮ ’ਤੇ ਤਾਨਾਸ਼ਾਹ ਸਰਕਾਰ ਨੇ ਹੁਣ ਤਕ ਕਿਹੜਾ ਚੰਗਾ ਕੰਮ ਕੀਤਾ ਹੈ? ਪਿਛਲੇ ਇੱਕ ਸਾਲ ਤੋਂ ਸੜਕਾਂ ’ਤੇ ਰੁਲ਼ ਰਹੇ ਕਿਸਾਨਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸੀ, ਉਹਨਾਂ ਵਿੱਚੋਂ ਸਾਢੇ ਕੁ ਸੱਤ ਸੌ ਦੀਆਂ ਹੋ ਚੁੱਕੀਆਂ ਮੌਤਾਂ ’ਤੇ ਅਫ਼ਸੋਸ ਦੇ ਦੋ ਲਫ਼ਜ਼ ਵੀ ਪ੍ਰਧਾਨ ਮੰਤਰੀ ਨੇ ਨਹੀਂ ਉਚਰੇ। ਲਖੀਮਪੁਰ ਵਾਲੇ ਕਤਲੇਆਮ ’ਤੇ ਸਰਕਾਰਾਂ ਦਾ ਵਤੀਰਾ ਸਾਡੇ ਸਾਹਮਣੇ ਹੈ। ਸਰੇਆਮ ਕਾਨੂੰਨ ਨੂੰ ਠੁੱਠ ਦਿਖਾ ਕੇ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ ਜੋ ਕਿਰਤੀ/ਗਰੀਬ ਵਾਸਤੇ ਹੋਰ ਤੇ ਅਮੀਰ ਵਾਸਤੇ ਹੋਰ ਹਨ। ਮੰਤਰੀ ਦੇ ਖੂਨੀ ਪੁੱਤਰ ਨੂੰ ਬਚਾਉਣ ਦੀਆਂ ਤਰਕੀਬਾਂ ਹੋ ਰਹੀਆਂ ਹਨ ਭਾਵੇਂ ਕਿ ਦੇਸ ਦੀ ਸੁਪਰੀਮ ਕੋਰਟ ਨੇ ਵੀ ਹੁਣ ਆਪਣੇ ਤੌਰ ’ਤੇ ਸਖਤ ਐਕਸ਼ਨ ਲੈ ਲਿਆ ਹੈ। ਕਹਿਣ ਦਾ ਭਾਵ ਜ਼ਮਾਨਾ ਇੱਕੀਵੀਂ ਸਦੀ ਦਾ ਤੇ ਸੱਚ ਨੂੰ ਫਾਂਸੀ ਸ਼ੁਕਰਾਤ ਦੇ ਵੇਲੇ ਵੀ ਸੀ ਤੇ ਅੱਜ ਵੀ ਹੈ।

ਲਖੀਮਪੁਰ ਮਾਮਲੇ ’ਤੇ ਨਵਜਪਤ ਸਿੰਘ ਸਿੱਧੂ ਨੇ ਜੋ ਸਟੈਂਡ ਲਿਆ ਹੈ, ਬੇਸ਼ਕ ਇਸ ਨੂੰ ਸਿਆਸੀ ਦਾਅ ਪੇਚ ਜਾਂ ਪੈਂਤਰੇਬਾਜ਼ੀ ਹੀ ਕਿਹਾ ਜਾਵੇ, ਪਰ ਦੋਸ਼ੀਆਂ ਉੱਤੇ ਜਿੰਨਾ ਚਿਰ ਠੋਸ ਕਾਰਵਾਈ ਨਹੀਂ ਹੁੰਦੀ, ਉੰਨਾ ਚਿਰ ਭੁੱਖ ਹੜਤਾਲ ਅਤੇ ਮੋਨ ਵਰਤ ’ਤੇ ਬੈਠਣਾ, ਸਮੇਂ ਦੀ ਨਜ਼ਾਕਤ ਮੁਤਾਬਿਕ ਉਸ ਦੁਆਰਾ ਚੁੱਕਿਆ ਗਿਆ ਇੱਕ ਬਹੁਤ ਹੀ ਢੁਕਵਾਂ ਤੇ ਸਹੀ ਫੈਸਲਾ ਹੈ। ਇਸਦੀ ਤਾਰੀਫ ਉਸ ਦੀ ਪਾਰਟੀ ਵਾਲੇ ਤਾਂ ਕਰਨਗੇ ਹੀ ਸਗੋਂ ਆਮ ਲੋਕ ਵੀ ਕਰ ਰਹੇ ਹਨ। ਦਰਅਸਲ ਇਹ ਉਕਤ ਫੈਸਲਾ ਲੈ ਕੇ ਸਿੱਧੂ ਨੇ ਕਈਆਂ ਤੋਂ ਸਿਆਸੀ ਮੁੱਦਾ ਖੋਹ ਲਿਆ ਹੈ ਤੇ ਕਈ ਉਹਨਾਂ ਲੋਕਾਂ ਦੀ ਜ਼ਬਾਨ ਤਾਲੂ ਨੂੰ ਲਗਾ ਦਿੱਤੀ ਹੈ, ਜੋ ਸੁੱਤਿਆਂ ਜਾਗਦਿਆਂ ਹਰ ਸਮੇਂ ਉਸ ਦੇ ਵਿਰੁੱਧ ਬੋਲ ਕੇ ਨਫਰਤੀ ਜ਼ਹਿਰ ਉਗਲਦੇ ਰਹਿੰਦੇ ਸਨ।

ਪੰਜਾਬ ਕਾਂਗਰਸ ਪ੍ਰਧਾਨ ਦੀ ਕੁਰਸੀ ਤੋਂ ਅਸਤੀਫਾ ਦੇਣ ਦੇ ਬਾਵਜੂਦ ਵੀ ਪਾਰਟੀ ਨੂੰ ਲਖੀਮਪੁਰ ਵਿੱਚ ਅਗਵਾਈ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਸਿੱਧੂ ਤੋਂ ਪਾਰਟੀ ਨੂੰ ਬਹੁਤ ਆਸਾਂ ਹਨ। ਦੂਜੀ ਗੱਲ ਇਹ ਕਿ ਸਿੱਧੂ ਵੀ ਸਿਆਸਤ ਰਾਹੀਂ ਲੋਕ ਭਲੇ ਹਿਤ ਕੁਝ ਨਾ ਕੁਝ ਚੰਗਾ ਕਰਨਾ ਚਾਹੁੰਦਾ ਹੈ, ਪਰ ਬੰਨ੍ਹੇ ਹੋਏ ਹੱਥਾਂ ਨਾਲ ਜਾਂ ਕਿਸੇ ਦੇ ਇਸ਼ਾਰਿਆਂ ’ਤੇ ਤਾਲ ਮੇਲ ਕੇ ਨਹੀਂ, ਸਗੋਂ ਫਰੀ ਹੈਂਡ ਹੋ ਕੇ ਕਰਨਾ ਚਾਹੁੰਦਾ ਹੈ। ਸ਼ਾਇਦ ਕਾਂਗਰਸ ਹਾਈ ਕਮਾਂਡ ਉਸ ਦੀ ਇਸ ਭਾਵਨਾ ਨੂੰ ਕਿਸੇ ਹੱਦ ਤਕ ਹੁਣ ਸਮਝ ਚੁੱਕੀ ਹੈ। ਲਖੀਮਪੁਰ ਖੀਰੀ ਮਸਲੇ ’ਤੇ ਹਾਈ ਕਮਾਂਡ ਵੱਲੋਂ ਸਿੱਧੂ ਨੂੰ ਸੌਂਪੀ ਗਈ ਅਗਵਾਈ ਤਾਂ ਕੁਝ ਇਸੇ ਤਰ੍ਹਾਂ ਦੇ ਸੰਕੇਤ ਦੇ ਰਹੀ ਹੈ। ਕੁਝ ਵੀ ਹੈ, ਮੰਨਣਾ ਪਵੇਗਾ ਕਿ ਬੰਦੇ ਵਿੱਚ ਦਮ ਵੀ ਹੈ ਤੇ ਅਣਖ ਵੀ। ਇਹ ਇੱਕ ਤਲਖ ਹਕੀਕਤ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਸਾਡੇ ਵਿੱਚੋਂ ਬਹੁਤੇ ਅਜਿਹੇ ਹਨ ਜਿਹਨਾਂ ਵਿੱਚੋਂ ਇਹ ਉਕਤ ਭਾਵਨਾਵਾਂ ਗ਼ੈਰਹਾਜ਼ਰ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3069)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author