“ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਅੱਜ ਇਹ ਬਿਆਨ ਦਿੱਤਾ ਹੈ ਕਿ ...”
(31 ਜਨਵਰੀ 2020)
ਬਰਤਾਨੀਆ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਸਾਢੇ ਕੁ ਤਿੰਨ ਸਾਲ ਤੋਂ ਚੱਲ ਰਿਹਾ ਬਰੈਗਜ਼ਿਟ ਨਾਮ ਦਾ ਡਰਾਮਾ ਅੱਜ ਰਾਤ ਠੀਕ ਗਿਆਰਾਂ ਵਜੇ ਉਸ ਵੇਲੇ ਸਮਾਪਤ ਹੋ ਜਾਵੇਗਾ ਜਦੋਂ ਬਰਤਾਨੀਆ ਯੋਰਪੀਅਨ ਯੂਨੀਅਨ ਤੋਂ ਅਲੱਗ ਹੋ ਜਾਵੇਗਾ।
ਅੱਜ ਰਾਤ ਗਿਆਰਾਂ ਵਜੇ ਬਰਤਾਨੀਆ ਦੇ ਪਰਧਾਨ ਮੰਤਰੀ ਬੋਰਿਸ ਜੌਹਨਸਨ ਕੌਮ ਦੇ ਨਾਮ ਸੰਦੇਸ਼ ਦੇਣਗੇ ਜਿਸ ਤੋਂ ਬਾਅਦ ਮੁਲਕ ਦੇ ਵੱਖ ਵੱਖ ਸ਼ਹਿਰਾਂ ਵਿੱਚ ਬਰੈਗਜ਼ਿਟ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਪਰਦਰਸ਼ਨ ਰੈਲੀਆ ਹੋਣਗੀਆਂ ਜਿਹਨਾਂ ਵਿੱਚ ਬਰੈਗਜ਼ਿਟ ਦੇ ਹਿਮਾਇਤੀ ਜਸ਼ਨ ਮਨਾਉਣਗੇ, ਜਦ ਕਿ ਵਿਰੋਧੀ ਰੋਸ ਪਰਦਰਸ਼ਨ ਕਰਨਗੇ।
47 ਸਾਲ ਬਾਦ ਯੂਰਪੀ ਯੂਨੀਅਨ ਤੋਂ ਵੱਖ ਹੋ ਰਹੇ ਬਰਤਾਨੀਆ ਦੇ ਨਾਗਰਿਕਾਂ ਦੀ ਖ਼ਾਸ ਗੱਲ ਇਹ ਰਹੇਗੀ ਕਿ ਸਿਆਸੀ ਵਖਰੇਵਾਂ ਹੋਣ ਦੇ ਬਾਵਜੂਦ ਵੀ ਸਾਰੇ ਬਰੈਗਜਿਟ ਹਿਮਾਇਤੀ ਤੇ ਵਿਰੋਧੀ ਅੱਜ ਰਾਤ ਗਿਆਰਾਂ ਵਜੇ ਬਰਤਾਨੀਆ ਦੇ ਵਧੀਆ ਭਵਿੱਖ ਦੀ ਆਸ ਅਤੇ ਦੁਆ ਦੀ ਸੋਚ ਨਾਲ ਇਕੱਠੇ ਹੋਣਗੇ। ਸਿਆਸੀ ਵਖਰੇਵੇਂ ਦੀ ਇਲਜ਼ਾਮਬਾਜ਼ੀ ਜਾਂ ਚਿਕੜਬਾਜ਼ੀ ਕਿਧਰੇ ਵੀ ਦੇਖਣ ਨੂੰ ਨਜ਼ਰ ਨਹੀਂ ਆਵੇਗੀ। ਖੁਸ਼ੀ ਅਤੇ ਰੋਸ, ਦੋਵੇਂ ਇਕੱਠੇ ਤੌਰ ਉੱਤੇ ਇੱਕੋ ਸਮੇਂ ਹੀ ਕੀਤੇ ਜਾਣਗੇ ਤੇ ਇਖਲਾਖੀ ਕਦਰਾਂ ਕੀਮਤਾਂ ਦੇ ਦਾਇਰੇ ਵਿੱਚ ਰਹਿ ਕੇ ਕੀਤੇ ਜਾਣਗੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਬੇਸ਼ਕ ਬਰਤਾਨੀਆ ਅੱਜ ਯੂਰਪੀ ਯੂਨੀਅਨ ਤੋਂ ਬਾਹਰ ਹੋ ਜਾਵੇਗਾ ਪਰ ਫਿਰ ਵੀ ਅਜੇ ਪੂਰਾ ਇੱਕ ਸਾਲ ਯੂਰਪੀ ਯੂਨੀਅਨ ਦੇ ਕਾਇਦੇ ਮੁਤਾਬਿਕ ਹੀ ਚਲਦਾ ਰਹੇਗਾ ਅਤੇ ਇਸਦੇ ਨਾਲ ਹੀ ਇਸ ਸਮੇਂ ਦੌਰਾਨ ਇੱਥੋਂ ਦੀ ਸਰਕਾਰ ਆਪਣੇ ਮੁਲਕ ਦੀਆਂ ਆਜ਼ਾਦ ਨੀਤੀਆਂ ਘੜਕੇ ਉਹਨਾਂ ਨੂੰ ਲਾਗੂ ਕਰਦੀ ਜਾਵੇਗੀ। ਜਿੱਥੋਂ ਤੱਕ ਯੂਰਪੀ ਯੂਨੀਅਨ ਦੇ ਨਾਗਰਿਕਾਂ ਦੇ ਵੀਜ਼ਾ ਮੁਕਤ ਲਾਂਘੇ ਦੀ ਗੱਲ ਹੈ, ਉਸ ਉੱਤੇ ਹੁਣ ਪੂਰਨ ਵਿਰਾਮ ਲੱਗ ਜਾਵੇਗਾ ਕਿਉਂਕਿ ਇੱਥੋਂ ਦੀ ਸਰਕਾਰ ਨੇ ਆਸਟਰੇਲੀਅਨ ਪੁਆਇੰਟ ਬੇਸਡ ਇੰਮੀਗਰੇਸ਼ਨ ਪਾਲਿਸੀ ਨੂੰ ਲਾਗੂ ਕਰਨ ਦਾ ਪੂਰਾ ਖਾਕਾ ਤਿਆਰ ਕਰ ਲਿਆ ਹੈ, ਜਿਸ ਮੁਤਾਬਿਕ ਬੈਂਡ ਸਿਸਟਮ ਦੇ ਅਧਾਰ ਉੱਤੇ ਸਿਰਫ ਨਿਪੁੰਨ ਕਾਮਿਆਂ ਨੂੰ ਹੀ ਬਰਤਾਨੀਆ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬਰੈਗਜ਼ਿਟ ਨੇ ਪਿਛਲੇ ਸਾਢੇ ਤਿੰਨ ਸਾਲ ਵਿੱਚ ਮੁਲਕ ਦੇ ਤਿੰਨ ਪ੍ਰਧਾਨ ਮੰਤਰੀਆਂ (ਡੇਵਿਡ ਕੈਮਰਨ, ਥਰੀਸਾ ਮੇਅ ਅਤੇ ਬੌਰਿਸ ਜੌਹਨਸਨ) ਦੀ ਬਲੀ ਲਈ ਜਿਹਨਾਂ ਵਿੱਚੋਂ ਬੌਰਿਸ ਜੌਹਨਸਨ ਨੇ ਦਸੰਬਰ 2019 ਵਿੱਚ ਇਸੇ ਮੁੱਦੇ ਉੱਤੇ ਦੂਸਰੀ ਵਾਰ ਭਾਰੀ ਬਹੁਮਤ ਪਰਾਪਤ ਕਰਕੇ ਦੁਬਾਰਾ ਸਰਕਾਰ ਬਣਾਈ ਤੇ ਲੋਕਾਂ ਦੁਆਰਾ 2016 ਵਿੱਚ ਦਿੱਤੇ ਗਏ ਬਰੈਗਜ਼ਿਟ ਰੂਪੀ ਫਤਵੇ ਨੂੰ ਸਫਲਤਾ ਸਹਿਤ ਸਿਰੇ ਚੜ੍ਹਾਇਆ।
ਉੱਧਰ ਬਰੈਗਜ਼ਿਟ ਦਾ ਰੈਫਰੈਂਡਮ ਕਰਾਉਣ ਵਾਲੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ (DavidCameron)ਨੇ ਅੱਜ ਇਹ ਬਿਆਨ ਦਿੱਤਾ ਹੈ ਕਿ ਭਵਿੱਖ ਵਿੱਚ ਜੇਕਰ ਦੁਬਾਰਾ ਉਸਦੀ ਸਰਕਾਰ ਬਣਦੀ ਹੈ ਤਾਂ ਉਹ ਇੱਕ ਵਾਰ ਫੇਰ ਰੈਫਰੈਂਡਮ ਕਰਵਾਏਗਾ ਜਿਸ ਵਿੱਚ ਲੋਕਾਂ ਦੀ ਦੁਬਾਰਾ ਰਾਇ ਲਈ ਜਾਵੇਗੀ ਕਿ ਉਹ ਯੂਰਪੀ ਯੂਨੀਅਨ ਨਾਲ ਰਹਿਣਾ ਪਸੰਦ ਕਰਦੇ ਹਨ ਜਾਂ ਫੇਰ ਯੂਰਪੀਨ ਯੂਨੀਅਨ ਤੋਂ ਬਾਹਰ ਰਹਿਣਾ ਚਾਹੁੰਦੇ ਹਨ।
ਬਰੈਗਜ਼ਿਟ ਦੇ ਲਾਗੂ ਹੋ ਜਾਣ ਨਾਲ ਅੱਜ ਤੋਂ ਹੀ ਬਰਤਾਨੀਆ ਅਤੇ ਯੂਰਪੀ ਮੁਲਕਾਂ ਦੀਆਂ ਬਹੁਤ ਸਾਰੀ ਕੰਪਨੀਆਂ ਦੇ ਵਪਾਰਕ ਸਬੰਧ ਵੀ ਬਦਲ ਜਾਣਗੇ। ਯੂਰਪ ਵਿੱਚ ਭੇਜੇ ਜਾਣ ਵਾਲੇ ਤੇ ਯੂਰਪ ਤੋਂ ਆਉਣ ਵਾਲੇ ਸਾਜੋ ਸਮਾਨ ਸਬੰਧੀ ਅਯਾਤ ਨਿਰਯਾਤ ਦੇ ਨਵੇਂ ਨਿਯਮ ਲਾਗੂ ਹੋ ਜਾਣਗੇ, ਜਿਹਨਾਂ ਤਹਿਤ ਕਸਟਮ ਡਿਊਟੀ ਅਤੇ ਹੋਰ ਸ਼ਰਤਾਂ ਵੀ ਬਦਲ ਜਾਣਗੀਆਂ। ਨਵੇਂ ਕੰਟਰੈਕਟ ਸਾਈਨ ਕੀਤੇ ਜਾਣਗੇ, ਜਿਸ ਕਰਕੇ ਹੁਣ ਇਹ ਸਾਰਾ ਕੁਝ ਨਵੇਂ ਸਿਰੇ ਤੋਂ ਨਵੇਂ ਡੈਟਾਬੇਸ ਅਤੇ ਫਾਰਮਾਂ ਉੱਤੇ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਉੱਤੇ ਲੰਡਨ ਬਰਿੱਜ ਵਿਖੇ ਲੱਗੇ ਬਿੱਗ ਬੈੱਨ ਨਾਮੀ ਘੜਿਆਲ ਨੂੰ ਵਜਾਉਣ ਦੀ ਵੀ ਕਾਫੀ ਚਰਚਾ ਹੁੰਦੀ ਰਹੀ ਹੈ। ਬਹੁਤ ਸਾਰੇ ਲੋਕ ਤੇ ਮੈਂਬਰ ਪਾਰਲੀਮੈਂਟ ਬਰੈਗਜ਼ਿਟ ਦੀ ਰਾਤ ਨੂੰ ਨਵੇਂ ਵਰ੍ਹੇ ਦੀ ਤਰਜ਼ ’ਤੇ ਮਨਾਉਣ ਵਾਸਤੇ ਘੜਿਆਲ ਵਜਾਉਣ ਤੇ ਆਤਿਸ਼ਬਾਜ਼ੀ ਕਰਨ ਦੀ ਮੰਗ ਕਰ ਰਹੇ ਸਨ, ਪਰ ਸਰਕਾਰ ਵਲੋਂ ਇਸ ਸਬੰਧੀ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਅੱਜ ਰਾਤ ਗਿਆਰਾਂ ਵਜੇ ਅਜਿਹਾ ਹੁੰਦਾ ਹੈ ਜਾਂ ਨਹੀਂ।
ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਬਰਤਾਨੀਆ ਅੱਜ ਰਾਤ ਦੇ ਗਿਆਰਾਂ ਵਜੇ ਤੋਂ ਬਾਅਦ ਨਵੇਂ ਮੋਡ ਵਿੱਚ ਆ ਜਾਵੇਗਾ ਜਿਸ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਮੁਲਕ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਨਜ਼ਰ ਆਉਣਗੀਆਂ।
ਬੌਰਿਸ ਜੌਹਨਸਨ ਸਰਕਾਰ ਬਪੈਗਜ਼ਿਟ ਨੂੰ ਵਧੀਆ ਢੰਗ ਨਾਲ ਹੈਂਡਲ ਕਰ ਲੈਣ ਤੋਂ ਬਾਅਦ, ਨੈਸ਼ਨਲ ਹੈਲਥ ਸਰਵਿਸਜ਼, ਇੰਮੀਗਰੇਸ਼ਨ ਪਾਲਿਸੀ, ਵਿੱਦਿਅਕ ਤੇ ਪੁਲਿਸ ਪਰਬੰਧ ਵਿੱਚ ਸੁਧਾਰ ਦੇ ਨਾਲ ਨਾਲ ਹੀ ਕਾਮਿਆਂ ਦੀ ਮੁੱਢਲੀ ਤਨਖਾਹ ਸਾਢੇ ਦਸ ਪੌਂਡ ਘੰਟਾ ਕਰਨ ਵਰਗੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਭਵਿੱਖ ਵਿੱਚ ਕਿਵੇਂ ਤੇ ਕੀ ਯਤਨ ਕਰਦੀ ਹੈ, ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਵੇਗਾ ਪਰ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਬੌਰਿਸ ਜੌਹਨਸਨ ਜਿਸ ਲਗਨ, ਇਮਾਨਦਾਰੀ ਤੇ ਉਤਸ਼ਾਹ ਨਾਲ ਕੰਮ ਕਰ ਰਿਹਾ ਹੈ, ਇਸ ਤਰ੍ਹਾਂ ਜਾਪਦਾ ਹੈ ਕਿ ਉਹ ਮੁਲਕ ਦੇ ਸ਼ਹਿਰੀਆ ਨਾਲ ਕੀਤੇ ਸਾਰੇ ਵਾਅਦੇ ਇੱਕ ਇੱਕ ਕਰਕੇ ਜ਼ਰੂਰ ਪੂਰੇ ਕਰੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1914)
(ਸਰੋਕਾਰ ਨਾਲ ਸੰਪਰਕ ਲਈ: