ShingaraSDhillon7ਸੱਠਵਿਆਂ ਤੋਂ ਬਾਅਦ ਤਾਂ ਬੰਦੇ ਦੇ ਵੈਸੇ ਹੀ ਕੁੱਤੇ ਫੇਲ ਹੋ ਜਾਂਦੇ ਹਨ, ਬੱਸ ਇਸੇ ਨੂੰ ਹੀ ਇਸ ਮੁਲਕ ਵਿੱਚ ...
(8 ਅਗਸਤ 2021)

 

ਬਰਤਾਨੀਆ ਦੁਨੀਆ ਦਾ ਇੱਕ ਬੜਾ ਮਹਿੰਗਾ ਮੁਲਕ ਹੈਇੱਥੋਂ ਦੇ ਬਹੁਤੇ ਸ਼ਹਿਰੀ ਹਫ਼ਤੇ ਵਿੱਚ ਘੱਟੋ ਘੱਟ ਪੰਜ ਦਿਨ ਕੰਮ ਜ਼ਰੂਰ ਕਰਦੇ ਹਨ ਤੇ ਹਫ਼ਤੇ ਵਿੱਚ ਸਾਢੇ 37 ਘੰਟੇ ਕੰਮ ਕਰਨਾ ਉਹਨਾਂ ਵਾਸਤੇ ਲਾਜ਼ਮੀ ਵੀ ਹੈ। ਉਂਜ ਆਪਣੀ ਮਰਜ਼ੀ ਨਾਲ ਬੇਸ਼ਕ ਕੋਈ ਇਸ ਤੋਂ ਜ਼ਿਆਦਾ ਘੰਟੇ ਲਗਾਵੇ ਜਾਂ ਸੱਤੇ ਦਿਨ ਓਵਰਟਾਈਮ ਕਰੇ ਇਸਦੇ ਨਾਲ ਹੀ ਇਹ ਗੱਲ ਵੀ ਪੱਕੀ ਹੈ ਕਿ ਆਮਦਨ ਦੇ ਹਿਸਾਬ ਨਾਲ ਟੈਕਸ ਜੋ ਕਿ ਆਮ ਤੌਰ ’ਤੇ 20-40 ਫੀਸਦੀ ਅਤੇ ਨੈਸ਼ਨਲ ਇੰਸ਼ੋਰੈਂਸ 15 ਫੀਸਦੀ, ਭਾਵ ਕੁਲ ਆਮਦਨ ਦਾ 55% ਤੱਕ ਕੱਟ ਕੇ ਹਫਤਾਵਰ ਜਾਂ ਮਹੀਨਾਵਾਰ ਤਨਖ਼ਾਹ ਕੰਮਦਾਤਾ ਵੱਲੋਂ ਬੈਂਕ ਖਾਤੇ ਵਿੱਚ ਮਿਥੇ ਦਿਨ ਜਾਂ ਤਰੀਕ ਨੂੰ ਪਾ ਦਿੱਤੀ ਜਾਂਦੀ ਹੈਇੱਥੋਂ ਦੀ ਸਰਕਾਰ ਨੇ ਸਿਸਟਮ ਕੁਝ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਕਿ ਹੇਰਾ ਫੇਰੀ ਕਰਨਾ ਕੋਈ ਅਸਾਨ ਕੰਮ ਨਹੀਂ। ਪਰ ਫੇਰ ਵੀ ਅਜਿਹਾ ਕੰਮ ਕਰਨ ਵਾਲੇ ਨਵੇਂ ਤੋਂ ਨਵੇਂ ਰਸਤੇ ਕੱਢ ਕੇ ਇਹ ਕੰਮ ਕਰਦੇ ਰਹਿੰਦੇ ਹਨ। ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ, ਵਾਲੀ ਕਹਾਵਤ ਮੁਤਾਬਿਕ ਇੱਕ ਨਾ ਇੱਕ ਦਿਨ ਫੜੇ ਵੀ ਜਾਂਦੇ ਹਨ। ਹਾਥੀ ਪੂਛੋਂ ਫੜਕੇ ਪਿਛਾਂਹ ਧੂਹਣ ਵਾਲੀ ਗੱਲ ਵੀ ਹੁੰਦੀ ਆਮ ਹੀ ਦੇਖੀ ਜਾਂਦੀ ਹੈ। ਸਰਕਾਰਾਂ, ਹੇਰਾ ਫੇਰੀ ਕਰਨ ਵਾਲਿਆਂ ਤੋਂ ਸਾਰਾ ਕੁਝ ਅਗਲਾ ਪਿਛਲਾ ਹਿਸਾਬ ਕਿਤਾਬ ਬਿਆਜ ਸਮੇਤ ਵਸੂਲ ਕਰ ਲੈਂਦੀਆਂ ਹਨ

ਇੱਥੋਂ ਦਾ ਸਿਸਟਮ ਇਹੋ ਜਿਹਾ ਹੈ ਕਿ ਹਰ ਵਿਅਕਤੀ ਨਾ ਚਾਹੁੰਦੇ ਹੋਏ ਵੀ ਕੰਮ ਕਰਨ ਵਾਸਤੇ ਮਜਬੂਰ ਹੈ। ਮੀਂਹ ਹੋਵੇ ਜਾਂ ਹਨੇਰੀ, ਬਰਫ਼ ਪੈਂਦੀ ਹੋਵੇ ਜਾਂ ਧੁੰਦ, ਹਰ ਹਾਲਤ ਸਵੇਰੇ ਤੜਕੇ ਉੱਠ ਕੇ ਕੰਮ ’ਤੇ ਜਾਣਾ ਪੈਂਦਾ ਹੈਜੇਕਰ ਕੋਈ ਅਜਿਹਾ ਨਹੀਂ ਕਰੇਗਾ ਤਾਂ ਇਸ ਮੁਲਕ ਵਿੱਚ ਉਸ ਵਾਸਤੇ ਰਹਿਣਾ ਬੜਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਰਿਸ਼ਤੇਦਾਰ ਬਾਤ ਨਹੀਂ ਪੁੱਛਦੇ। ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਹਨ। ਜਾਂ ਫਿਰ ਇੰਜ ਕਹਿ ਲਓ ਕਿ ਉਹਨਾਂ ਨੂੰ ਆਪੋ ਆਪਣੇ ਤੋਰੀ ਫੁਲਕੇ ਦੇ ਜੁਗਾੜ ਦੀ ਫਿਕਰ ਹੁੰਦੀ ਹੈ ਤੇ ਸਰਕਾਰ ਨੂੰ ਜੇਕਰ ਕੰਮ ਨਾ ਕਰਨ ਦਾ ਕੋਈ ਠੋਸ ਬਹਾਨਾ ਨਾ ਦਿੱਤਾ ਜਾਵੇ ਤਾਂ ਉਹ ਉੰਨਾ ਚਿਰ ਵਿੱਤੀ ਮਦਦ ਤਾਂ ਦੂਰ ਦੀ ਗੱਲ ਹੈ, ਉਂਜ ਹੀ ਪੂਛੇ ਹੱਥ ਨਹੀਂ ਲਾਉਣ ਦਿੰਦੀ ਤੇ ਉੱਪਰੋਂ ਇੱਧਰ ਉੱਪਰਲੀਆਂ ਹੋਰ ਜ਼ਿੰਮੇਵਾਰੀਆਂ ਤੇ ਬਿੱਲਾਂ ਦੇ ਭੁਗਤਾਨਾਂ ਸਮੇਤ ਹਫਤਾਵਾਰ ਖਰਚਿਆਂ ਦਾ ਭੁਗਤਾਨ ਸਿਰ ’ਤੇ ਹਥੌੜੇ ਵਾਂਗ ਵੱਜਦਾ ਰਹਿੰਦਾ ਹੈ

ਇੱਥੇ ਬੰਦਾ ਸਿਸਟਮ ਵਿੱਚ ਕਿਵੇਂ ਬੱਝਦਾ ਹੈ, ਇਸਦੀ ਇੱਕ ਤਾਜ਼ਾ ਮਿਸਾਲ ਪੇਸ਼ ਕਰਨੀ ਜ਼ਰੂਰੀ ਜਾਪਦੀ ਹੈ ਕੁਝ ਸਮਾਂ ਪਹਿਲਾਂ ਪੰਜਾਬੋਂ ਵਿਆਹ ਦੇ ਅਧਾਰ ’ਤੇ ਪੱਕੇ ਤੌਰ ’ਤੇ ਆਇਆ ਇੱਕ ਨੌਜਵਾਨ ਗੁਰਦੁਆਰੇ ਮਿਲਿਆ। ਉਸਨੇ ਆਪਣੇ ਬਾਰੇ ਜਾਣ ਪਹਿਚਾਣ ਕਰਾਉਂਦਿਆਂ ਇਹ ਸਵਾਲ ਪੁੱਛਿਆ ਕਿ ਉਸ ਨੂੰ ਕੋਈ ਇਸ ਤਰ੍ਹਾਂ ਦਾ ਰਸਤਾ ਦੱਸਿਆ ਜਾਵੇ, ਜਿਸ ਨਾਲ ਉਹ ਛੇਤੀ ਤੋਂ ਛੇਤੀ ਇਸ ਮੁਲਕ ਵਿੱਚ ਪੂਰੀ ਤਰ੍ਹਾਂ ਸੈਟਲ ਹੋ ਜਾਵੇਉਸ ਦਾ ਸਵਾਲ ਸੁਣਕੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਹੁਣ ਤੱਕ ਕੰਮ ’ਤੇ ਲੱਗ ਗਿਆ ਹੈ ਜਾਂ ਨਹੀਂ, ਤਾਂ ਉਸ ਨੌਜਵਾਨ ਨੇ ਬਹੁਤ ਉਤਸ਼ਾਹ ਨਾਲ ਦੱਸਿਆ ਕਿ ਉਹ ਕੰਮ ’ਤੇ ਲੱਗ ਗਿਆ ਹੈ ਤੇ ਪੈਸੇ ਵੀ ਚੰਗੇ ਕਮਾ ਰਿਹਾ ਹੈ

ਹੁਣ ਉਸ ਦੇ ਅਸਲ ਸਵਾਲ ਦਾ ਉੱਤਰ ਦੇਣ ਵਜੋਂ ਮੈਂ ਉਸ ਨੂੰ ਸਮਝਾਇਆ ਕਿ ਇਸ ਮੁਲਕ ਵਿੱਚ ਸੈਟਲ ਹੋਣਾ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਹੈ, ਬੱਸ ਲੋੜ ਹੈ ਕਿ ਸਿਸਟਮ ਦਾ ਹਿੱਸਾ ਬਣਿਆ ਜਾਵੇ27-28 ਸਾਲ ਦਾ ਉਹ ਨੌਜਵਾਨ ਮੇਰੀ ਗੱਲ ਬਹੁਤ ਧਿਆਨ ਤੇ ਦਿਲਚਸਪੀ ਨਾਲ ਸੁਣ ਰਿਹਾ ਸੀ ਮੈਂ ਗੱਲ ਅੱਗੇ ਤੋਰੀ ਤੇ ਉਸ ਨੂੰ ਕਿਹਾ ਕਿ ਦੇਖ ਹੁਣ ਅੱਗੇ ਤੁਹਾਡੇ ਬੱਚੇ ਵੀ ਹੋਣਗੇ, ਜਿੱਥੇ ਤੇ ਜਿਹੜੇ ਰਿਸ਼ਤੇਦਾਰ ਨਾਲ ਇਸ ਸਮੇਂ ਰਹਿੰਦੇ ਹੋ, ਘਰ ਵਿੱਚ ਜੀਆਂ ਦੇ ਵਧਣ ਨਾਲ ਉਹ ਘਰ ਰਹਿਣ ਵਾਸਤੇ ਛੋਟਾ ਹੋ ਜਾਵੇਗਾ। ਦੂਸਰੀ ਗੱਲ, ਇੱਥੇ ਕੋਈ ਕਿਸੇ ਦਾ ਸਕਾ ਜਾਂ ਲਿਹਾਜ਼ੀ ਨਹੀਂ, ਸੋ ਇਹ ਵੀ ਹੋ ਸਕਦਾ ਹੈ ਕਿ ਰਿਸ਼ਤੇਦਾਰ ਤੁਹਾਨੂੰ ਆਪਣਾ ਵੱਖਰਾ ਬੰਦੋਵਾਸਤ ਕਰਨ ਵਾਸਤੇ ਕਹਿ ਦੇਣਇਸ ਕਰਕੇ ਪਹਿਲਾਂ ਆਪਣੇ ਵਾਸਤੇ ਰਹਿਣ ਦਾ ਪ੍ਰਬੰਧ ਕਰੋ। ਦੋ ਚਾਰ ਲੱਖ ਦੀ ਮੌਰਟਗੇਜ/ ਕਰਜ਼ਾ ਚੁੱਕੋ ਕੇ ਘਰ ਲਓ। ਕੰਮ ’ਤੇ ਜਾਣ ਆਉਣ ਵਾਸਤੇ ਕਾਰ ਜ਼ਰੂਰੀ ਹੈ, ਕਿਸ਼ਤਾਂ ’ਤੇ ਮਿਲ ਜਾਂਦੀ ਹੈ, ਉਹ ਵੀ ਜ਼ਰੂਰ ਲਓ। ਜਦ ਘਰ ਮਿਲ ਜਾਵੇਗਾ ਤਾਂ ਫਿਰ ਉਸ ਵਿੱਚ ਲੋੜ ਮੁਤਾਬਿਕ ਫ਼ਰਨੀਚਰ ਤਾਂ ਪਾਉਣਾ ਹੀ ਪਵੇਗਾ ਤੇ ਇਸਦੇ ਨਾਲ ਹੀ ਬਿਜਲੀ, ਪਾਣੀ, ਗੈਸ, ਟੈਲੀਵੀਜ਼ਨ, ਇੰਟਰਨੈੱਟ ਬਰਾਡਬੈਂਡ, ਕੌਂਸਲ ਟੈਕਸ ਵਗੈਰਾ ਦੇ ਬਿੱਲ ਤਾਂ ਆਪੇ ਹੀ ਡਿਗਣੇ ਸ਼ੁਰੂ ਹੋ ਜਾਣਗੇਨੌਜਵਾਨ ਨੇ ਬੜੀ ਦਿਲਚਸਪੀ ਨਾਲ ਹੁੰਗਾਰਾ ਭਰਦਿਆਂ ਪੁੱਛਿਆ, “ਫੇਰ!”

“ਫੇਰ ਕੀ? ਬੱਸ ਆਪਣੀ ਜ਼ਿੰਦਗੀ ਇਸ ਮੁਲਕ ਵਿੱਚ ਪੂਰੀ ਤਰ੍ਹਾਂ ਸੈਟਲ ਸਮਝੋ।” ਮੈਂ ਉਸ ਨੂੰ ਪੈਂਦੀ ਸੱਟੇ ਮੋੜਵਾਂ ਜਵਾਬ ਦਿੱਤਾ।

“ਉਹ ਕਿਵੇਂ, ਗੱਲ ਸਮਝ ਨਹੀਂ ਲੱਗੀ।” ਨੌਜਵਾਨ ਨੇ ਪੁੱਛਿਆ ਮੈਂ ਉਸ ਨੂੰ ਆਪਣੇ ਸੁਝਾਅ ਦਾ ਤੱਤਸਾਰ ਦੱਸਦਿਆਂ ਕਿਹਾ ਕਿ, ਦੇਖ, ਇਸ ਵੇਲੇ ਤੁਹਾਡੀ ਉਮਰ 27-28 ਹੈ। ਘਰ ਦਾ ਕਰਜ਼ਾ ਅਗਲੇ ਪੰਝੀ ਤੀਹ ਸਾਲ ਤੱਕ ਮੋੜਨ ਵਾਸਤੇ ਮਹੀਨਾਵਾਰ ਕਿਸ਼ਤ ਪੱਕੀ ਹੋ ਜਾਵੇਗੀ। ਜਿਸਦਾ ਭਾਵ ਹੈ ਕਿ ਉਹ ਕਰਜ਼ਾ ਸੱਠ ਸਾਲ ਦੀ ਉਮਰ ਤੱਕ ਤਿੰਨ ਚਾਰ ਗੁਣਾ ਹੋ ਕੇ ਵਾਪਸ ਮੁੜੇਗਾਇਸੇ ਤਰ੍ਹਾਂ ਕਾਰ ਦੀਆਂ ਕਿਸ਼ਤਾਂ ਵੀ ਪੰਜ ਦਸ ਸਾਲ ਵਾਸਤੇ ਚੱਲਦੀਆਂ ਰਹਿਣਗੀਆਂ। ਗਰੌਸਰੀ ਦੇ ਬਿੱਲ ਸਮੇਤ ਬਾਕੀ ਦੇ ਉਕਤ ਬਿੱਲ ਤੇ ਹੋਰ ਛੁੱਟ ਫੁੱਟ ਖ਼ਰਚੇ ਵੀ ਲਗਾਤਾਰ ਚੱਲਦੇ ਰਹਿਣਗੇ। ਬੱਚੇ ਹੋ ਜਾਣ ’ਤੇ ਉਹਨਾਂ ਦਾ ਖ਼ਰਚਾ ਵੀ ਸ਼ੁਰੂ ਹੋ ਜਾਵੇਗਾ ਤੇ ਇਸ ਸਾਰੇ ਕੁਝ ਦਾ ਮਤਲਬ ਸਾਫ ਹੈ ਕਿ ਤੂੰ ਹੁਣ ਇਸ ਮੁਲਕ ਵਿੱਚੋਂ ਕਿਧਰੇ ਵੀ ਨਹੀਂ ਜਾ ਸਕੇਂਗਾਦੂਜੇ ਸ਼ਬਦਾਂ ਵਿੱਚ ਤੂੰ ਹੁਣ ਇਸ ਮੁਲਕ ਵਿੱਚ ਪੂਰੀ ਤਰ੍ਹਾਂ ਸੈਟਲ ਹੋ ਗਿਆ। ਹੁਣ ਤੇਰੇ ਦਿਮਾਗ ਵਿੱਚ ਸਿਰਫ ਦੋ ਤਰ੍ਹਾਂ ਦੀਆਂ ਘੰਟੀਆਂ ਹੀ ਵੱਜਣਗੀਆਂ। ਪਹਿਲੀ, ਹਰ ਮਹੀਨੇ ਅਦਾ ਕੀਤੇ ਜਾਣ ਵਾਲੇ ਮਹੀਨਾਵਾਰ ਬਿੱਲਾਂ ਦੀ ਤੇ ਦੂਜੀ ਕੰਮ ’ਤੇ ਜਾ ਕੇ ਵੇਲੇ ਸਿਰ ਕਲੌਕ ਇਨ ਕਰਨ ਦੀ, ਤਾਂ ਕਿ ਉਕਤ ਖ਼ਰਚਿਆਂ ਦੀ ਭਰਪਾਈ ਵਾਸਤੇ ਪੈਸੇ ਦਾ ਇੰਤਜ਼ਾਮ ਕੀਤਾ ਜਾ ਸਕੇਇਹਨਾਂ ਦੋ ਘੰਟੀਆਂ ਦੀ ਟੁਣਕਾਰ ਵਿੱਚ ਜ਼ਿੰਦਗੀ ਦੇ ਸਾਲ, ਮਹੀਨੇ ਤੇ ਮਹੀਨੇ ਹਫ਼ਤੇ ਬਣਕੇ ਸਰਪੱਟ ਦੌੜਨਗੇ ਤੇ ਸੱਠ ਸਾਲ ਦੀ ਉਮਰ ਤੋਂ ਉੱਪਰ ਕਦ ਟੱਪ ਗਏ, ਪਤਾ ਵੀ ਨਹੀਂ ਲੱਗੇਗਾ। ਸੱਠਵਿਆਂ ਤੋਂ ਬਾਅਦ ਤਾਂ ਬੰਦੇ ਦੇ ਵੈਸੇ ਹੀ ਕੁੱਤੇ ਫੇਲ ਹੋ ਜਾਂਦੇ ਹਨ, ਬੱਸ ਇਸੇ ਨੂੰ ਹੀ ਇਸ ਮੁਲਕ ਵਿੱਚ ਸੈਟਲ ਹੋਣਾ ਕਹਿੰਦੇ ਹਨ

ਉਹ ਨੌਜਵਾਨ ਮੇਰੀ ਗੱਲ ਸੁਣਕੇ ਹੱਕਾ-ਬੱਕਾ ਰਹਿ ਗਿਆ ਤੇ ਡੌਰ ਭੌਰ ਹੋ ਕੇ ਮੇਰੇ ਵੱਲ ਟਿਕਟਿਕੀ ਲਾ ਕੇ ਤੱਕਣ ਲੱਗਾ। ਮੈਂ ਉਸ ਨੂੰ ਕਿਹਾ, “ਸਾਡੇ ਲੋਕਾਂ ਨੂੰ ਵੱਡੀਆਂ ਵੱਡੀਆਂ ਡੀਂਗਾਂ ਮਾਰਨ ਦੀ ਬਹੁਤ ਬੁਰੀ ਆਦਤ ਹੈ। ਦਿਖਾਵਾ ਕਰਨਾ ਸਾਡੀ ਆਦਤ ਬਣ ਚੁੱਕੀ ਹੈ, ਪਰ ਇਸ ਮੁਲਕ ਵਿੱਚ ਸੈਟਲ ਹੋਣ ਦਾ ਕੌੜਾ ਸੱਚ ਇਹੀ ਹੈਜੋ ਇਸ ਸਿਸਟਮ ਦਾ ਹਿੱਸਾ ਬਣ ਗਿਆ, ਸਮਝੋ ਸੈਟਲ ਹੋ ਗਿਆਥੋੜ੍ਹੇ ਜਿਹੇ ਸਾਲ ਇਹ ਸਿਸਟਮ ਬੜਾ ਔਖਾ ਲਗਦਾ ਹੈ, ਪਰ ਹੌਲੀ ਹੌਲੀ ਕੰਨ੍ਹ ਪੈ ਜਾਂਦੀ ਹੈ ਜਾਂ ਕਹਿ ਲਓ ਬਈ ਬੰਦਾ ਇਸ ਸਿਸਟਮ ਦੇ ਕੋਹਲੂ ਦਾ ਬਲਦ ਬਣ ਜਾਂਦਾ ਹੈਇਸ ਤਰ੍ਹਾਂ ਦੇ ਸਿਸਟਮ ਵਿੱਚ ਬੱਝਾ ਹੋਇਆ ਬੰਦਾ ਆਪਣੀਆਂ ਖਾਹਿਸ਼ਾਂ ਨੂੰ ਮਾਰ ਕੇ ਸਿਰਫ ਜ਼ਰੂਰਤਾਂ ਮੁਤਾਬਿਕ ਜੀਊਣਾ ਸਿੱਖ ਜਾਂਦਾ ਹੈਉਸ ਦੇ ਅਰਮਾਨ/ਜਜ਼ਬਾਤ ਸਭ ਕਾਫ਼ੂਰ ਹੋ ਜਾਂਦੇ ਹਨਸਿਸਟਮ ਵਿੱਚ ਬੱਝਾ ਬੰਦਾ ਕਿਸੇ ਮਸ਼ੀਨ ਦੇ ਕੱਲ-ਪੁਰਜ਼ੇ ਵਰਗਾ ਹੁੰਦਾ ਹੈ ਜਿਸਦਾ ਕੰਟਰੋਲ ਉਸ ਦੇ ਆਪਣੇ ਹੱਥ ਨਾ ਹੋ ਕੇ ਯਾਂਤਰਿਕ ਹੁੰਦਾ ਹੈਦਰਅਸਲ ਬਰਤਾਨੀਆ ਵਰਗੇ ਮੁਲਕਾਂ ਦਾ ਇਹ ਸਿਸਟਮ ਹੀ ਹੈ ਜੋ ਬੰਦਿਆਂ ਨੂੰ ਕੱਲ-ਪੁਰਜ਼ੇ ਬਣਾ ਦਿੰਦਾ ਹੈ ਤੇ ਉਹ ਕੱਲ-ਪੁਰਜ਼ੇ ਫਿਰ ਇੱਕ ਜਗਾ ’ਤੇ ਫਿੱਟ ਹੋ ਕੇ ਜ਼ਿੰਦਗੀ ਭਰ ਵਿਧੀਵਤ ਚੱਲਦੇ ਰਹਿੰਦੇ ਹਨਜਦ ਇਹ ਯਾਂਤਰਿਕ ਜ਼ਿੰਦਗੀ ਕਈ ਸਾਲ ਲਗਾਤਾਰ ਚਲਦੀ ਰਹਿੰਦੀ ਹੈ ਤਾਂ ਫਿਰ ਸੰਬੰਧਿਤ ਮਨੁੱਖ ਇਸ ਨੂੰ ਆਪਣੀ ਹੋਣੀ ਮੰਨ ਕੇ ਆਪਣਾ ਕੰਫਰਟ ਜ਼ੋਨ ਸਵੀਕਾਰ ਲੈਂਦਾ ਹੈ, ਜਿਸ ਕਾਰਨ ਅਜਿਹੀ ਬਿਰਤੀ ਵਾਲਾ ਮਨੁੱਖ ਜ਼ਿੰਦਗੀ ਜਿਊਂਦਾ ਤਾਂ ਜ਼ਰੂਰ ਹੈ, ਪਰ ਅਸਲ ਵਿੱਚ ਜ਼ਿੰਦਗੀ ਮਾਨਣ ਤੋਂ ਵਿਰਵਾ ਰਹਿ ਜਾਂਦਾ ਹੈ। ਵੱਡੇ ਮਕਾਨ, ਵਧੀਆ ਕਾਰਾਂ, ਪਹਿਰਾਵਾ, ਜਿਊਲਰੀ ਤੇ ਫ਼ਰਨੀਚਰ ਦਾ ਦਿਖਾਵਾ ਕਰਕੇ ਕਈ ਵਾਰ ਉਹ ਅਚੇਤ ਜਾਂ ਸੁਚੇਤ ਰੂਪ ਵਿੱਚ ਆਪਣੇ ਸਿਸਟਮ ਵਿੱਚ ਬੱਝੇ ਹੋਏ ਅੰਦਰਲੇ ਯਾਂਤਰਿਕ ਵਰਤਾਰੇ ਦੀ ਗੁਲਾਮੀ ਨੂੰ ਲੁਕਾਉਣ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ

ਇਸ ਵਿੱਚ ਕੋਈ ਰਤਾ ਮਾਤਰ ਵੀ ਸੰਦੇਹ ਨਹੀਂ ਕਿ ਬਰਤਾਨੀਆ ਦੁਨੀਆ ਦਾ ਇੱਕ ਬਹੁਤ ਹੀ ਅਮੀਰ ਦੇਸ਼ ਹੈ ਇਹਨਾਂ ਲੋਕਾਂ ਨੇ ਪੂਰੀ ਦੁਨੀਆ ਦੀਆਂ ਚੌਂਹ ਕੂਟਾਂ ਵਿੱਚ ਰਾਜ ਕੀਤਾ, ਜਿਸ ਕਰਕੇ ਇਹਨਾਂ ਦੇ ਰਾਜ ਸਮੇਂ ਇਹ ਗੱਲ ਆਮ ਹੀ ਕਹੀ ਜਾਂਦੀ ਸੀ ਕਿ ਗੋਰਿਆਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾਅੰਗਰੇਜ਼ਾਂ ਨੇ ਆਪਣੀ ਸਮਝ ਭਰੀ ਕੂਟਨੀਤੀ ਨਾਲ ਜਿੱਥੇ ਦੁਨੀਆ ਭਰ ਵਿੱਚ ਰਾਜ ਕੀਤਾ ਉੱਥੇ ਚੰਗੀਆਂ ਤੋਂ ਚੰਗੀਆਂ ਨੀਤੀਆਂ ਵੀ ਬਣਾ ਕੇ ਲਾਗੂ ਕੀਤੀਆਂਫ਼ਿਲਹਾਲ ਇਸ ਵਿਸ਼ੇ ’ਤੇ ਗੱਲ ਕਦੇ ਫੇਰ ਕਰਾਂਗੇ, ਹਥਲੀ ਚਰਚਾ ਦਾ ਵਿਸ਼ਾ ਇਹ ਰਹੇਗਾ ਕਿ ਬਾਹਰਲੇ ਮੁਲਕਾਂ ਵਿੱਚੋਂ ਇੱਥੇ ਆ ਕੇ ਵਸਣ ਵਾਲਿਆਂ ਵਾਸਤੇ, ਇੱਥੋਂ ਦੇ ਸਿਸਟਮ ਨੂੰ ਸਮਝਣਾ ਕਿਉਂ ਤੇ ਕਿੰਨਾ ਕੁ ਜ਼ਰੂਰੀ ਹੈ

ਬਰਤਾਨੀਆ ਦੁਨੀਆ ਦੇ ਸਭ ਤੋਂ ਮਹਿੰਗੇ ਮੁਲਕਾਂ ਵਿੱਚੋਂ ਸਿਰਫ ਇੱਕ ਹੀ ਨਹੀਂ ਸਗੋਂ ਸਿਖਰਲੇ ਡੰਡੇ ਵਾਲਾ ਮੁਲਕ ਹੈਲੰਡਨ ਦੇ ਬਾਰੇ ਇਹ ਗੱਲ ਆਮ ਚਲਦੀ ਹੈ ਕਿ ਜੇਕਰ ਉੱਥੇ ਰਹਿਣ ਵਾਲਿਆਂ ਦੇ ਘਰੇ ਵੀਕਿੰਡ ’ਤੇ ਕੋਈ ਮਹਿਮਾਨ ਆ ਜਾਵੇ ਤਾਂ ਉਹਨਾਂ ਦਾ ਅਗਲੇ ਪੂਰੇ ਵੀਕ, ਤੇ ਕਈ ਵਾਰ ਪੂਰੇ ਮਹੀਨੇ ਦਾ ਬਜਟ ਹੀ ਖਰਾਬ ਹੋ ਜਾਂਦਾ ਹੈ

ਕੰਮ ਕਰਨ ਵਾਲਿਆਂ ਨੂੰ ਤਨਖ਼ਾਹ, ਟੈਕਸ, ਨੈਸ਼ਨਲ ਇੰਸੋਰੈਂਸ ਤੇ ਪੈਨਸ਼ਨ ਕੰਟਰੀਬਿਊਸ਼ਨ ਕੱਟ ਕੇ ਕੁਲ ਕਮਾਈ ਦਾ ਅੱਧਾ ਕੁ ਹਿੱਸਾ ਮਸਾਂ ਮਿਲਦੀ ਹੈਮੰਨ ਲਓ ਕੋਈ ਕਾਮਾ ਦਿਨ ਵਿੱਚ ਅੱਠ ਦੱਸ ਘੰਟੇ ਕੰਮ ਕਰਕੇ ਸੌ ਪੌਂਡ ਕਮਾਉਂਦਾ ਤਾਂ ਕੱਟ ਕਟਾ ਕੇ ਉਸ ਦੇ ਪੱਲੇ ਪੰਜਾਹ ਜਾਂ ਪਚਵੰਜਾ ਪੌਂਡ ਹੀ ਪੈਂਦੇ ਹਨ। ਫਿਰ ਜੇਕਰ ਹਿਸਾਬ ਲਾਇਆ ਜਾਵੇ ਤਾਂ ਇਹ ਹੈਰਾਨੀਜਨਕ ਤੱਥ ਸਾਹਮਣੇ ਆਉਂਦਾ ਹੈ ਕਿ ਉਹਨਾਂ ਪੰਜਾਹ ਜਾਂ ਪਚਵੰਜਾ ਪੌਂਡਾਂ ਉੱਤੇ ਫਿਰ ਰੋਜ਼ਾਨਾ ਦੀ ਖਰੀਦਦਾਰੀ ਸਮੇਂ VAT ਦੇ ਰੂਪ ਵਿੱਚ ਟੈਕਸ ਲਗਾਇਆ ਜਾਂਦਾ ਹੈ। ਕਾਰ ਦਾ ਪੈਟਰੋਲ/ਡੀਜ਼ਲ ਭਰਨ ਲੱਗਿਆ ਸੱਤਰ ਪ੍ਰਤੀਸ਼ਤ ਟੈਕਸ ਲਗਾ ਕੇ ਕਾਮੇ ਨੂੰ ਚੂੰਡਿਆ ਜਾਂਦਾ ਹੈਇਸ ਤੋਂ ਵੀ ਅੱਗੇ ਜੇਕਰ ਕੋਈ ਆਪਣਾ ਹੱਥ ਘੁੱਟ ਕੇ ਜਾਂ ਖ਼ਰਚਾ ਘੱਟ ਕਰਕੇ ਬੱਚਤ ਕਰਦਾ ਹੈ ਤਾਂ ਬੈਂਕ ਵਾਲੇ ਉਸਦੀ ਨੈੱਟ ਆਮਦਨ ਉੱਤੇ ਫਿਰ ਵੀਹ ਤੋਂ ਪੰਝੀ ਫੀਸਦੀ ਟੈਕਸ ਲਗਾ ਦਿੰਦੇ ਹਨਇੱਥੇ ਹੀ ਬੱਸ ਨਹੀਂ ਬਲਕਿ ਬੱਚਤ ’ਤੇ ਪਾਏ ਬਿਆਜ ਉੱਤੇ ਵੀ ਟੈਕਸ ਠੋਕਿਆ ਜਾਂਦਾ ਹੈ

ਕੌਂਸਲ ਟੈਕਸ, ਬਿਜਲੀ, ਗੈਸ ਆਦਿ ਸਭ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਹਰ ਸਾਲ ਚੁੱਪ ਚੁਪੀਤੇ ਹੀ ਚਾਰ ਪੰਜ ਪ੍ਰਤੀਸ਼ਤ ਵਧਾ ਦਿੱਤੀਆਂ ਜਾਂਦੀਆਂ ਹਨਘਰਾਂ, ਕਾਰਾਂ ਤੇ ਹੋਰ ਵਪਾਰਕ ਕਾਰਜਾਂ ਵਾਸਤੇ ਚੁੱਕੇ ਕਰਜ਼ਿਆਂ ਉੱਤੇ ਪਹਿਲਾ ਹੀ ਮਨਮਰਜ਼ੀ ਦਾ ਬਿਆਜ ਲਗਾਇਆ ਜਾਂਦਾ ਹੈ, ਜੋ ਸਾਲ ਦਰ ਸਾਲ ਰਿਵੀਊ ਕਰਕੇ ਵਧਾਇਆ ਜਾਂਦਾ ਰਹਿੰਦਾ ਹੈ ਮੁੱਕਦੀ ਗੱਲ ਇਹ ਕਿ ਇਸ ਮੁਲਕ ਵਿੱਚ ਅਸਲ ਰੂਪ ਵਿੱਚ ਕੁਝ ਵੀ ਮੁਫ਼ਤ ਨਹੀਂਆਮ ਸੁਣਿਆ ਜਾਂਦਾ ਹੈ ਕਿ ਕਈ ਵਾਰ ਇੱਥੋਂ ਦੇ ਬਾਸ਼ਿੰਦੇ ਇਹ ਕਹਿੰਦੇ ਹਨ ਕਿ ਸਿਹਤ ਸਹੂਲਤਾਂ ਤੇ ਹੋਰ ਲਾਭ ਸਰਕਾਰ ਵੱਲੋਂ ਮੁਫ਼ਤ ਦਿੱਤੇ ਜਾਂਦੇ ਹਨ ਜੋ ਕਿ ਬਿਲਕੁਲ ਗਲਤ ਅਤੇ ਸਰਾਸਰ ਝੂਠ ਹੈਦਰਅਸਲ ਨੈਸ਼ਨਲ ਇੰਸ਼ੋਰੈਂਸ ਦਾ ਸਤਾਰਾਂ ਫੀਸਦੀ ਹਰ ਕਾਮਾ ਆਪਣੀ ਹੱਡ-ਭੰਨਵੀਂ ਕਮਾਈ ਵਿੱਚੋਂ ਇਸੇ ਕਾਰਜ ਵਾਸਤੇ ਪੂਰੀ ਜ਼ਿੰਦਗੀ ਅਦਾ ਕਰਦਾ ਹੈ। ਤਾਂ ਫਿਰ ਇਹ ਸਹੂਲਤਾਂ ਮੁਫ਼ਤ ਕਿਵੇਂ ਹੋਈਆਂ?

ਪੁਲਿਸ, ਐਂਬੂਲੈਂਸ, ਫਾਇਰ ਬਿਰਗੇਡ ਤੇ ਸਾਫ ਸਫਾਈ ਵਾਸਤੇ ਹਰ ਸਾਲ ਕੌਂਸਲ ਟੈਕਸ ਦਾ ਬਿੱਲ ਅਦਾ ਕਰਨਾ ਪੈਂਦਾ ਹੈ ਜਿਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਇੱਥੋਂ ਦੇ ਵਾਸੀਆਂ ਨੂੰ ਆਪਣੇ ਘਰਾਂ ਦੀਆਂ ਟਾਇਲਟਸ ਵਰਤਣ ਵਾਸਤੇ ਵੀ ਕੀਮਤ ਅਦਾ ਕਰਨੀ ਪੈਂਦੀ ਹੈ

ਜੋ ਲੋਕ ਆਪੋ ਆਪਣੇ ਕੰਮ-ਕਾਰ ਕਰਦੇ ਹਨ, ਉਹਨਾਂ ਨੂੰ ਵੀ ਉਕਤ ਪ੍ਰਕਾਰ ਦੀਆਂ ਪਾਬੰਦੀਆਂ ਅਤੇ ਦੁਸ਼ਵਾਰੀਆਂ ਵਿੱਚੋਂ ਗੁਜ਼ਰ ਕੇ ਹੀ ਜ਼ਿੰਦਗੀ ਜੀਉਣੀ ਪੈਂਦੀ ਹੈਅੱਜ ਦੇ ਜ਼ਮਾਨੇ ਵਿੱਚ ਕਿਸੇ ਨਵੇਂ ਆਏ ਵਿਅਕਤੀ ਵਾਸਤੇ ਇਸ ਮੁਲਕ ਵਿੱਚ ਆ ਕੇ ਸੈਟਲ ਹੋਣਾ ਉੰਨਾ ਚਿਰ ਸੰਭਵ ਨਹੀਂ ਜਿੰਨਾ ਚਿਰ ਉਸਦੀ ਚੰਗੀ ਸਾਂਭ ਸੰਭਾਲ਼ ਕਰਨ ਵਾਲਾ ਉਸਦਾ ਕੋਈ ਵੈੱਲ ਸੈਟਲਡ ਰਿਸ਼ਤੇਦਾਰ ਇਸ ਮੁਲਕ ਵਿੱਚ ਨਹੀਂ

ਇਸਦੇ ਨਾਲ ਹੀ ਇਹ ਗੱਲ ਵੀ ਜ਼ਰੂਰ ਦੱਸਣੀ ਚਾਹਾਂਗਾ ਕਿ ਪੜ੍ਹੇ ਵਿਖੇ ਹੋਣਾ ਤੇ ਕਿਸ ਕਿੱਤੇ ਵਿੱਚ ਮਾਹਿਰ ਹੋਣਾ, ਦੋ ਅਲੱਗ ਅਲੱਗ ਪਹਿਲੂ ਹਨਇੱਥੇ ਸਕਿੱਲ ਦੀ ਕਦਰ ਹੈਜੇਕਰ ਕਿਸੇ ਨਵੇਂ ਆਏ ਕੋਲ ਸਕਿੱਲ ਹੈ ਤਾਂ ਉਸ ਨੂੰ ਕੰਮ ਜਲਦੀ ਮਿਲ ਜਾਵੇਗਾਜੇਕਰ ਕੋਈ ਬੀ.ਏ. ਜਾਂ ਐੱਮ ਏ ਪਾਸ ਹੈ ਤੇ ਬੇਸ਼ਕ ਉਸ ਨੇ ਪੀਐੱਚ ਡੀ ਵੀ ਕੀਤੀ ਹੋਈ ਹੈ, ਜੇਕਰ ਤਜਰਬਾ ਜਾਂ ਕੋਈ ਸਕਿੱਲ ਉਸ ਦੇ ਕੋਲ ਨਹੀਂ ਹੈ ਤਾਂ ਧੱਕੇ ਖਾਣ ਲਈ ਮਜਬੂਰ ਹੋਵੇਗਾਸਕਿੱਲ ਤੇ ਤਜਰਬਾ ਇਸ ਮੁਲਕ ਵਿੱਚ ਦੋ ਸਭ ਤੋਂ ਵੱਡੀਆਂ ਡਿਗਰੀਆਂ ਹਨ

ਅਗਲੀ ਗੱਲ ਇਹ ਕਿ ਕਾਰ ਤੋਂ ਬਿਨਾ ਇਸ ਮੁਲਕ ਵਿੱਚ ਕੋਈ ਵੀ ਬੰਦਾ ਅਪਾਹਜ ਹੀ ਮੰਨਿਆ ਜਾਂਦਾ ਹੈਕਾਰ ਦਾ ਡਰਾਇਵਿੰਗ ਲਾਇਸੰਸ ਲੈਣਾ ਬਰਤਾਨੀਆ ਵਿੱਚ ਕਿਸੇ ਵੀ ਤਰ੍ਹਾਂ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਨਾਲ਼ੋਂ ਘੱਟ ਨਹੀਂਲਾਇਸੰਸ ਪ੍ਰਾਪਤ ਕਰਨ ਵਾਸਤੇ ਪਹਿਲਾਂ ਲਰਨਿੰਗ ਲੈਸਨ ਤੇ ਫਿਰ ਪ੍ਰੈਕਟੀਕਲ ਟਰੇਨਿੰਗ ਤੋਂ ਬਾਦ ਟੈਸਟ ਦੇਣਾ ਹੁੰਦਾ ਹੈ, ਜਿਸ ’ਤੇ ਹਜ਼ਾਰਾਂ ਪੌਂਡਾਂ ਦਾ ਖ਼ਰਚਾ ਆਉਂਦਾ ਹੈਇਸ ਟੈਸਟ ਨੂੰ ਪਾਸ ਕਰਨ ਉਪਰੰਤ ਟਰਾਂਸਪੋਰਟ ਮਹਿਕਮੇ (DVLA) ਵਲੋਂ ਲਾਇਸੰਸ ਜਾਰੀ ਕਰ ਦਿੱਤਾ ਜਾਂਦਾ ਹੈਲਾਇਸੰਸ ਪਰਾਪਤ ਕਰਨ ਤੋਂ ਬਾਦ ਕਾਰ, ਕਾਰ ਦੀ ਇੰਸ਼ੋਰੈਂਸ, ਤੇਲ ਪਾਣੀ ਤੇ ਸਮੇਂ ਸਮੇਂ ਉਸ ਦੀ ਸਰਵਿਸ ਆਦਿ ਦੇ ਖ਼ਰਚੇ ਸ਼ੁਰੂ ਹੋ ਜਾਂਦੇ ਹਨਕਹਿਣ ਦਾ ਭਾਵ ਇਹ ਕਿ ਡਰਾਇਵਿੰਗ ਲਾਇਸੰਸ ਪ੍ਰਾਪਤ ਕਰਨ ਤੋਂ ਬਾਦ ਖ਼ਰਚੇ ਘਟਦੇ ਨਹੀਂ, ਸਗੋਂ ਵਧ ਜਾਂਦੇ ਹਨ

ਮੁੱਕਦੀ ਗੱਲ ਇਹ ਕਿ ਇਸ ਮੁਲਕ ਵਿੱਚ ਸੈਟਲ ਹੋਣਾ ਜੇਕਰ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਲ ਜ਼ਰੂਰ ਹੈ ਇਹੀ ਵੱਡਾ ਕਾਰਨ ਹੈ ਕਿ ਮੀਆਂ ਬੀਵੀ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਆਪਣੇ ਬਹੁਤ ਸਾਰੇ ਅਰਮਾਨਾਂ ਦਾ ਘਾਣ ਕਰਕੇ ਕੰਮ ਕਰਨਾ ਪੈਂਦਾ ਹੈ। ਘਰਾਂ ਵਿੱਚ ਕੋਈ ਨੌਕਰ ਚਾਕਰ ਨਹੀਂ ਰੱਖਦਾ। ਵਾਹ ਲਗਦੀ ਨੂੰ ਘਰੇਲੂ ਕੰਮਾਂ ਸਮੇਤ ਛੋਟੀ ਮੋਟੀ ਮੁਰੰਮਤ ਆਦਿ ਵੀ ਆਪ ਹੀ ਕਰਨੇ ਪੈਂਦੇ ਹਨ

ਬਹੁਤ ਸਾਰੇ ਹੋਰ ਵੀ ਅਜਿਹੇ ਪਹਿਲੂ ਹਨ ਜਿਹਨਾਂ ਬਾਰੇ ਇਸ ਮੁਲਕ ਵਿੱਚ ਵਸਣ ਦੇ ਮਕਸਦ ਨਾਲ ਆਏ ਕਿਸੇ ਵੀ ਨਵੇਂ ਵਿਅਕਤੀ ਨੂੰ ਜਾਣਕਾਰੀ ਹੋਣਾ ਲਾਜ਼ਮੀ ਹੈ, ਨਹੀਂ ਤਾਂ ਉਸ ਦੀ ਜ਼ਿੰਦਗੀ ਮੰਝਧਾਰ ਵਿੱਚ ਫਸ ਕੇ ਰਹਿ ਜਾਵੇਗੀ ਤੇ ਉਹ ਨਾ ਇੱਧਰਲਾ ਤੇ ਨਾ ਉੱਧਰਲਾ ਰਹੇਗਾਫਰੱਸਟਰੇਸ਼ਨ ਕਾਰਨ ਉਸਦੀ ਮਾਨਸਿਕਤਾ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗੀ ਜਿਸਦੇ ਨਤੀਜੇ ਕਦੇ ਵੀ ਚੰਗੇ ਨਹੀਂ ਹੋਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2939)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author