ShingaraSDhillon7ਇਸ ਵਾਰ ਜੇਕਰ ਇਹ ਮੋਰਚਾ ਨਾ ਜਿੱਤਿਆ ਗਿਆ ਤਾਂ ਫਿਰ ਭਵਿੱਖ ਵਿੱਚ ਸਰਕਾਰਾਂ ਆਪਣੀ ...
(23 ਦਸੰਬਰ 2020)

 

ਦਿੱਲੀ ਦੇ ਇੱਕ ਵਿਦਿਆਰਥੀ ਵੱਲੋਂ ਸੁਪਰੀਮ ਵਿੱਚ ਇਹ ਪਟੀਸ਼ਨ ਦਾਖਲ ਕੀਤੀ ਗਈ ਕਿ ਕਿਸਾਨ ਅੰਦੋਲਨ ਕਾਰਨ ਦਿੱਲੀ ਵਾਸੀਆਂ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ ਜਿਸ ਕਰਕੇ ਇਸ ਅੰਦੋਲਨ ਨੂੰ ਜਾਂ ਤਾਂ ਸਮਾਪਤ ਕਰਨ ਦਾ ਹੁਕਮ ਕੀਤਾ ਜਾਵੇ ਜਾਂ ਫਿਰ ਬਰਾੜੀ, ਜੰਤਰ ਮੰਤਰ ਜਾਂ ਨਿਰੰਕਾਰੀ ਭਵਨ ਸ਼ਿਫ਼ਟ ਕਰਨ ਦੇ ਅਦੇਸ਼ ਦਿੱਤੇ ਜਾਣ, ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਬਾਅਦ ਜੋ ਟਿੱਪਣੀ ਕੀਤੀ ਹੈ, ਉਹ ਬਹੁਤ ਹੀ ਕਾਬਲੇ ਗ਼ੌਰ ਹੈਸੁਪਰੀਮ ਕੋਰਟ ਨੇ ਜਿੱਥੇ ਇਹ ਕਿਹਾ ਕਿ ਕਿਸਾਨ ਅੰਦੋਲਨ ਲੋਕਤੰਤਰੀ ਰਿਵਾਇਤਾਂ ਦੇ ਮੁਤਾਬਿਕ ਹੈ, ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਉੱਥੇ ਰਸਤਾ ਕਿਸਾਨਾਂ ਨੇ ਨਹੀਂ ਬਲਕਿ ਦਿੱਲੀ ਤੇ ਹਰਿਆਣੇ ਦੀ ਪੁਲਿਸ ਨੇ ਰੋਕਿਆ ਹੋਇਆ ਹੈ ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਸੁਝਾ ਦਿੱਤਾ ਹੈ ਕਿ ਖੇਤੀ ਬਿੱਲਾਂ ਨੂੰ ਲਾਗੂ ਕਰਨ ਦੀ ਕਾਹਲ ਨਾ ਕਰਕੇ, ਇਹਨਾਂ ਸੰਬੰਧੀ ਇੱਕ ਸਾਂਝੀ ਕਮੇਟੀ ਬਣਾ ਕੇ ਮਸਲੇ ਨੂੰ ਜਲਦੀ ਤੋਂ ਜਲਦੀ ਸਮਾਪਤ ਕੀਤਾ ਜਾਵੇਸੁਪਰੀਮ ਕੋਰਟ ਦੀਆਂ ਉਕਤ ਟਿੱਪਣੀਆਂ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਫੇਲ ਕਰਨ ਵਾਸਤੇ ਹੁਣ ਕਿਸੇ ਵੀ ਤਰ੍ਹਾਂ ਦੇ ਬੱਲ ਦਾ ਪਰਯੋਗ ਕਦੇ ਵੀ ਨਹੀਂ ਕਰ ਸਕਦੀ

ਅੰਦੋਲਨ ਕਾਰਨ ਨਵੀਂ ਗੱਲ ਨਿਕਲ ਕੇ ਇਹ ਵੀ ਬਾਹਰ ਆਈ ਹੈ ਕਿ ਭਾਰਤ ਸਰਕਾਰ ਜਿਹਨਾਂ ਬਿੱਲਾਂ ਨੂੰ ਕਿਸਾਨ ਹਿਤੂ ਦੱਸਦੀ ਸੀ, ਹੁਣ ਖ਼ੁਦ ਮੰਨ ਰਹੀ ਹੈ ਕਿ ਤਿੰਨੇ ਖੇਤੀ ਬਿੱਲ ਅੱਸੀ ਫੀਸਦੀ ਕਾਣੇ ਹਨ, ਸਰਮਾਏਦਾਰਾਂ ਦੇ ਹਿਤਾਂ ਨੂੰ ਮੁੱਖ ਰੱਖਕੇ ਬਣਾਏ ਗਏ ਹਨਸੋਧਾਂ ਕਰਨ ਦੀ ਗੱਲ ਵੀ ਸਰਕਾਰ ਮੰਨ ਰਹੀ ਪਰ ਬਿੱਲਾਂ ਨੂੰ ਰੱਦ ਕਰਨ ਵਾਸਤੇ ਤਿਆਰ ਨਹੀਂ ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਇਹਨਾਂ ਬਿੱਲਾਂ ਨੂੰ ਪਾਸ ਕਰਨ ਜਾਂ ਕਰਾਉਣ ਪਿੱਛੇ ਕੋਈ ਬਹੁਤ ਵੱਡੀ ਡੀਲ ਹੋਈ

**

ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਖੇਤੀ ਬਿੱਲਾਂ ਸੰਬੰਧੀ ਯੂ ਟਰਨ ਮਾਰਕੇ ਵੱਡਾ ਸਿਆਸੀ ਪੈਂਤਰਾ ਖੇਡ ਗਿਆ ਹੈ, ਜਿਸ ਨਾਲ ਪੰਜਾਬ ਦਾ ਮੁੱਖ ਮੰਤਰੀ ਤੇ ਭਾਰਤ ਦੀ ਕੇਂਦਰ ਸਰਕਾਰ ਇੱਕ ਵਾਰ ਤਾਂ ਹੱਕੇ ਹੱਕੇ ਰਹਿ ਗਏ ਹਨਇੱਥੇ ਦੱਸਦੇ ਜਾਈਏ ਕਿ ਕੇਜਰੀਵਾਲ ਨੇ ਕੁਝ ਸਮਾਂ ਪਹਿਲਾ ਇਹਨਾਂ ਖੇਤੀ ਬਿੱਲਾਂ ਦਾ ਸਮਰਥਨ ਕਰਦਿਆਂ ਇਹਨਾਂ ਵਿੱਚੋਂ ਇੱਕ ਬਿੱਲ ਨੂੰ ਦਿੱਲੀ ਵਿੱਚ ਲਾਗੂ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ

**

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਤੇ ਹਰਿਆਣੇ ਦੇ ਕਲਾਕਾਰਾਂ ਨੇ ਇਸ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਲਗਾਤਾਰ ਪਾ ਵੀ ਰਹੇ ਹਨ, ਥੋੜ੍ਹੇ ਕੁ ਦਿਨ ਪਹਿਲਾਂ ਗੁਰਦਾਸ ਮਾਨ ਵੀ ਚਾਦਰਾ ਕਮੀਜ਼ ਪਹਿਨਕੇ ਤੇ ਸਿਰ ’ਤੇ ਪਰਨਾ ਬੰਨ੍ਹਕੇ ਵਹਿੰਦੀ ਗੰਗਾ ਵਿੱਚ ਹੱਥ ਧੋਣ ਵਾਸਤੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਜਾ ਹਾਜ਼ਰ ਹੋਇਆ ਸੀ, ਪਰ ਨਿਰਾਸ ਹੋ ਕੇ ਵਾਪਸ ਮੁੜਿਆ, ਪੰਜਾਬੀਆਂ ਨੇ ਮੂੰਹ ਹੀ ਨਹੀਂ ਲਾਇਆਗਲਤੀ ਮੰਨਣ ਗਿਆ ਪਰ ਈਗੋ ਅੜਿੱਕਾ ਬਣ ਗਈ

**

ਸਿਆਣੇ ਕਹਿੰਦੇ ਹਨ ਕਿ ਜੇਕਰ ਗਧੇ ਦੇ ਉੱਤੇ ਸਾਲੂ ਪਾ ਕੇ ਗੱਲ ਵਿੱਚ ਲਾਲ ਪਾ ਦੇਈਏ ਤਦ ਵੀ ਉਹ ਘੋੜੇ ਦੀ ਬਜਾਏ ਗਧਾ ਹੀ ਰਹਿੰਦਾ ਹੈ। ਠੀਕ ਉਸੇ ਤਰ੍ਹਾਂ ਇੱਕ ਅਨਪੜ੍ਹ ਤੇ ਅਕਲ ਤੋਂ ਪੈਦਲ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਬਣ ਸਕਦਾਕਿਸਾਨ ਅੰਦੋਲਨ ਨੇ ਮੋਦੀ ਦੇ ਬਾਰੇ ਉਕਤ ਧਾਰਨਾ ਬਿਲਕੁਲ ਸਹੀ ਸਾਬਤ ਕਰ ਦਿੱਤੀ ਹੈ

**

ਨਰਿੰਦਰ ਮੋਦੀ ਦਾ ਮੂੰਹ ਪੈ ਚੁੱਕਾ ਸੀ ਕਿ ਕਦੀ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਕੇ ਕਹਿ ਦਿੱਤਾ ਕਿ ਉੱਥੋਂ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ, ਕਦੀ ਨੋਟ ਬੰਦੀ ਤੇ ਜੀ ਐੱਸ ਟੀ ਲਾਗੂ ਕਰਕੇ ਲੋਕਾਂ ਨੂੰ ਗੁਮਰਾਹ ਕਰਦਾ ਰਿਹਾ ਤੇ ਆਖਿਰ ਖੇਤੀ ਬਿੱਲਾਂ ਨੂੰ ਪਾਸ ਕਰਨ ਬਾਅਦ ਰੌਲਾ ਪਾ ਦਿੱਤਾ ਕਿ ਇਹਨਾਂ ਤਿੰਨਾਂ ਖੇਤੀ ਬਿੱਲਾਂ ਦੇ ਪਾਸ ਹੋਣ ਨਾਲ ਕਿਸਾਨਾਂ ਨੂੰ ਬੜਾ ਫ਼ਾਇਦਾ ਮਿਲੇਗਾ ਪਰ ਹੁਣ ਫਸ ਗਿਆ ਹੈਕਿਸਾਨ ਪਿਛਲੇ ਤੇਈ ਦਿਨਾਂ ਤੋਂ ਦਿੱਲੀ ਘੇਰ ਕੇ ਬੈਠੇ ਹਨ। ਉਹ ਵਿਅਕਤੀ ਜਿਸਦਾ ਪਿਛਵਾੜਾ ਕਦੇ ਹਵਾਈ ਜਹਾਜ਼ ਤੋਂ ਥੱਲੇ ਨਹੀਂ ਸੀ ਲਗਦਾ, ਅੱਜ ਜੰਗਲ ਪਾਣੀ ਜਾਣ ਤੋਂ ਵੀ ਔਖਾ ਹੋਇਆ ਪਿਆ ਹੈ, ਵਿਦੇਸ਼ੀ ਦੌਰਾ ਤਾਂ ਬਹੁਤ ਦੂਰ ਦੀ ਗੱਲ ਰਹੀ

**

ਕਿਸਾਨ ਅੰਦੋਲਨ ਰਾਹੀਂ ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਇਹ ਸੁਨੇਹਾ ਪਹੁੰਚਾ ਦਿੱਤਾ ਕਿ ਉਹ ਅਤਿਵਾਦੀ ਨਹੀਂ ਸਗੋਂ ਸ਼ਾਂਤੀ ਪਸੰਦ ਹਨਭਾਈਚਾਰਾ ਤੇ ਸਾਂਝੀਵਾਲਤਾ ਉਹਨਾਂ ਦੀ ਰੂਹ ਵਿੱਚ ਵਸਦੀ ਹੈਹੱਕਾਂ ਵਾਸਤੇ ਉਹ ਡਟ ਜਾਂਦੇ ਹਨ ਤੇ ਵੱਡੀ ਤੋਂ ਵੱਡੀ ਕੁਰਬਾਨੀ ਵੀ ਕਰ ਜਾਂਦੇ ਹਨਪੰਜਾਬੀ ਆਪ ਪਹਿਲ ਨਹੀਂ ਕਰਦੇ ਪਰ ਜੇਕਰ ਕੋਈ ਉਹਨਾਂ ਦੀ ਅਣਖ ਨੂੰ ਵੰਗਾਰੇ ਤਾਂ ਫੇਰ ਬੁਰੇ ਦੇ ਘਰ ਤਕ ਵੀ ਚਲੇ ਜਾਂਦੇ ਹਨ ਤੇ ਇਸ ਵੇਲੇ ਬੁਰੇ ਦੇ ਘਰ ਦੀ ਨਾਕਾਬੰਦੀ ਕਰੀ ਬੈਠੇ ਹਨ

**

ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਸਿਆਸੀ ਲੋਕਾਂ ਉੱਤੇ ਖੁੱਲ੍ਹਕੇ ਬੇਭਰੋਸਗੀ ਜ਼ਾਹਿਰ ਕੀਤੀ ਹੈਕਿਸਾਨੀ ਅੰਦੋਲਨ ਦੀਆਂ ਸਟੇਜਾਂ ਤੋਂ ਇਹਨਾਂ ਨੂੰ ਦੂਰ ਰੱਖਿਆ ਹੈਇਸ ਵੇਲੇ ਪੰਜਾਬ ਵਿੱਚ ਅਕਾਲੀ, ਆਪ ਤੇ ਕਾਂਗਰਸ ਦੀ ਹਾਲਤ ਖਸਿਆਨੀ ਬਿੱਲੀ ਦੇ ਖੰਬਾ ਨੋਚਣ ਵਾਲੀ ਬਣ ਚੁੱਕੀ ਹੈ ਜਿਸ ਕਰਕੇ ਕਦੀ ਕੁਝ ਬਿਆਨ ਦੇ ਦਿੰਦੇ ਹਨ ਤੇ ਕਦੀ ਕੁਝਇਸ ਘਟਨਾਕ੍ਰਮ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਪੰਜਾਬ ਵਿੱਚ ਭਵਿੱਖ ਵਿੱਚ ਕੋਈ ਨਵਾਂ ਸਿਆਸੀ ਸਮੀਕਰਨ ਉੱਸਲਵੱਟੇ ਲੈ ਰਿਹਾ ਹੈ

**

ਕਿਰਤੀ ਕਿਸਾਨ ਅੰਦੋਲਨ ਨੇ ਇੱਕ ਗੱਲ ਇਹ ਵੀ ਜ਼ਾਹਿਰ ਕਰ ਦਿੱਤੀ ਹੈ ਸਿਆਸੀ ਲੋਕ ਸਿਰਫ ਤੇ ਸਿਰਫ ਆਪਣੇ ਨਿੱਜੀ ਹਿਤਾਂ ਨੂੰ ਹੀ ਅੱਗੇ ਰੱਖਦੇ ਹਨਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿਸਾਨਾਂ ਨੂੰ ਕਹਿੰਦਾ ਸੀ ਕਿ ਪੰਜਾਬ ਵਿੱਚ ਰੇਲਾਂ ਤੇ ਰਸਤੇ ਨਾ ਰੋਕੋ, ਜੋ ਕਰਨਾ ਹੈ, ਉਹ ਦਿੱਲੀ ਵਿੱਚ ਜਾ ਕੇ ਕਰੋ ਤੇ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂਹੁਣ ਪੰਜਾਬ ਸਾਰਾ ਪੋਹ ਮਹੀਨੇ ਦੀ ਠੰਢ ਵਿੱਚ ਦਿੱਲੀ ਦੀਆਂ ਸੜਕਾਂ ’ਤੇ ਬੈਠਾ ਹੈ ਤੇ ਅਮਰਿੰਦਰ ਸਿੰਘ ਘੁੱਗੂਬਾਟਾ ਹੋ ਗਿਆ ਹੈ ਤੇ ਮੂੰਹ ਵਿੱਚ ਘੁੰਗਣੀਆ ਪਾ ਕੇ ਬੈਠ ਗਿਆ ਹੈਉਸ ਨੇ ਕਿਸਾਨਾਂ ਤੇ ਕਿਰਤੀਆਂ ਦੇ ਨਾਲ ਤਾਂ ਕੀ ਜਾਣਾ ਸੀ, ਇੱਕ ਅੱਧੇ ਦਿਨ ਵਾਸਤੇ ਸੱਚਿਓਂ ਝੂਠਿਓਂ ਉਹਨਾਂ ਦਾ ਹਾਲ ਚਾਲ ਪੁੱਛਣ ਵੀ ਨਹੀਂ ਗਿਆ

**

ਕਿਸਾਨ ਅੰਦੋਲਨ ਨੂੰ ਚੱਲਦਿਆਂ ਢਾਈ ਕੁ ਮਹੀਨੇ ਦਾ ਸਮਾਂ ਹੋ ਗਿਆ ਹੈਇਸ ਸਮੇਂ ਦੌਰਾਨ ਕਿਸਾਨ ਜਿੰਨਾ ਚਿਰ ਪੰਜਾਬ ਵਿੱਚ ਰੇਲ ਰਸਤਾ ਰੋਕੋ ਕਰਦੇ ਰਹੇ, ਭਾਰਤ ਸਰਕਾਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ। ਪੰਜਾਬ ਵਿੱਚ ਰੇਲਾਂ ਦੀ ਆਵਾਜਾਈ ਰੁਕੀ ਹੋਣ ਕਾਰਨ ਪੈਦਾ ਹੋਣ ਵਾਲੇ ਸੰਕਟ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਮਾਲ ਗੱਡੀਆ ਵਾਸਤੇ ਰਸਤਾ ਖੋਲ੍ਹਣ ਉਪਰੰਤ ਯਾਤਰੀ ਗੱਡੀਆਂ ਚਲਾਉਣ ਦੀ ਸ਼ਰਤ ਰੱਖੀ ਗਈ, ਪਰ ਦਿੱਲੀ ਘੇਰਨ ਨਾਲ ਹਾਲਾਤ ਉਲਟੇ ਹੋ ਗਏ। ਜਿਹਨਾਂ ਮੰਤਰੀਆਂ ਕੋਲ ਕਿਸਾਨਾਂ ਨਾਲ ਗੱਲ ਕਰਨ ਦਾ ਸਮਾਂ ਨਹੀਂ ਸੀ, ਉਹ ਕਿਸਾਨਾਂ ਨਾਲ ਲਗਾਤਾਰ ਮੀਟਿੰਗਾਂ ਕਰਨ ਲੱਗੇ ਨੌਬਤ ਇੱਥੋਂ ਤਕ ਆ ਗਈ ਹੈ ਕਿ ਹੁਣ ਮੀਟਿੰਗਾਂ ਕਰਨ ਵਾਸਤੇ ਕੇਂਦਰੀ ਮੰਤਰੀ ਆਪ ਮਿੰਨਤਾਂ ਕਰ ਰਹੇ ਹਨ

**

ਬਾਦਲ ਅਕਾਲੀ ਦਲ ਨੋਟਬੰਦੀ, ਜੀ ਐੱਸ ਟੀ, ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਦੀ ਸਮਾਪਤੀ, ਬਿਜਲੀ ਬਿੱਲ 2020 ਸਮੇਤ ਤਿੰਨ ਖੇਤੀ ਬਿੱਲਾਂ ਨੂੰ ਪਾਸ ਕਰਨ ਦਾ ਜ਼ੋਰਦਾਰ ਸਮਰਥਨ ਕਰਦਾ ਰਿਹਾ ਹੈਪਾਰਲੀਮੈਂਟ ਦੀ ਫ਼ਸੀਲ ’ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਖੇਤੀ ਬਿੱਲਾਂ ਦੀ ਭਰਵੀਂ ਤਾਰੀਫ਼ ਕਰਦਿਆਂ ਕਿਹਾ ਸੀ ਕਿ ਇਹ ਬਿੱਲ ਕਿਸਾਨਾਂ ਦੇ ਭਲੇ ਵਾਸਤੇ ਹਨ ਇਹੀ ਗੱਲ ਬੀਬਾ ਹਰਸਿਮਰਤ ਤੇ ਬਾਬੇ ਪਰਕਾਸ਼ ਸਿੰਘ ਬਾਦਲ ਨੇ ਵੀ ਕਹੀ ਸੀ ਕਿਸਾਨ ਅੰਦੋਲਨ ਕਾਰਨ ਹਵਾ ਦਾ ਰੁਖ ਭਾਂਪਦਿਆਂ ਇਹਨਾਂ ਨੂੰ ਵੀ ਆਪਣੀ ਸਿਆਸੀ ਲਾਲਸਾ ਦੀ ਮਜਬੂਰੀ ਕਾਰਨ ਭਾਜਪਾ ਨਾਲੋਂ ਰਿਸ਼ਤਾ ਖਤਮ ਕਰਨਾ ਪਿਆ ਪਰ ਪੰਜਾਬ ਦੇ ਲੋਕ ਸ਼ਾਇਦ ਹੁਣ ਇਹਨਾਂ ਮਤਲਬ ਪ੍ਰਸਤ ਲੋਕਾਂ ’ਤੇ ਕਦੇ ਵੀ ਵਿਸ਼ਵਾਸ ਕਰਨ ਦੀ ਗਲਤੀ ਨਹੀਂ ਕਰਨਗੇ

**

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਪ੍ਰਤੀ ਜੋ ਪਹੁੰਚ ਅਪਣਾ ਰੱਖੀ ਹੈ, ਉਹ ਦੋ ਕਿਸ਼ਤੀਆ ਵਿੱਚ ਸਵਾਰ ਹੋ ਕੇ ਚੱਲਣ ਵਾਂਗ ਹੈਇਹ ਸ਼ਖਸ ਸੱਪ ਵੀ ਮਾਰਨਾ ਚਾਹੁੰਦਾ ਹੈ ਤੇ ਲਾਠੀ ਵੀ ਬਚਾਉਣੀ ਚਾਹੁੰਦਾ ਹੈਆਪਣੇ ਉੱਤੇ ਚੱਲ ਰਹੇ ਈ ਡੀ ਦੇ ਕੇਸਾਂ ਤੋਂ ਵੀ ਬਚਣਾ ਚਾਹੁੰਦਾ ਹੈ ਤੇ ਪੰਜਾਬ ਦੀ ਜਨਤਾ ਅੱਗੇ ਮਗਰਮੱਛ ਦੇ ਹੰਝੂ ਵਹਾ ਕੇ ਸੱਚਾ ਵੀ ਹੋਣਾ ਚਾਹੁੰਦਾ ਹੈਇਹ ਚਾਹੁੰਦਾ ਹੈ ਕਿ ਦੋਵੇਂ ਹੱਥੀਂ ਲੱਡੂ ਹੋਣਕੇਂਦਰ ਸਰਕਾਰ ਨਾਲ ਯਾਰੀ ਵੀ ਬਣੀ ਰਹੇ ਤੇ ਪੰਜਾਬ ਦੇ ਲੋਕ ਵੀ ਇਸਦੀਆਂ ਚਿਕਣੀਆਂ ਚੋਪੜੀਆਂ ਕਾਰਨ ਬੁੱਧੂ ਬਣੇ ਰਹਿਣ ਪਰ ਜ਼ਮਾਨਾ ਇੱਕੀਵੀਂ ਸਦੀ ਦਾ ਚੱਲ ਰਿਹਾ ਹੈ, ਸੋਸ਼ਲ ਮੀਡੀਆ ਆਪਣੇ ਪ੍ਰਭਾਵ ਦਾ ਜਾਦੂ ਦਿਖਾ ਰਿਹਾ ਹੈ ਕਿਸ ਨੇ ਪਹਿਲਾਂ ਕੀ ਬੋਲਿਆ ਤੇ ਹੁਣ ਉਹੀ ਵਿਅਕਤੀ ਕੀ ਬੋਲ ਰਿਹਾ ਹੈ, ਇਸ ਬਾਰੇ ਲੋਕਾਂ ਨੂੰ ਮਿੰਟੋ ਮਿੰਟੀ ਪਤਾ ਲੱਗ ਰਿਹਾ ਹੈਹੁਣ ਇਹੋ ਜਿਹੇ ਬੰਦਿਆਂ ਨੂੰ ਇਸ ਗੱਲ ਦਾ ਮਨੋ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਲੋਕ ਵਾਰ ਵਾਰ ਇਹਨਾਂ ਦੀਆਂ ਗੱਲਾਂ ਵਿੱਚ ਆਉਂਦੇ ਰਹਿਣਗੇਕਿਸਾਨ ਅੰਦੋਲਨ ਨੇ ਇਹ ਗੱਲ ਪਰਤੱਖ ਕਰ ਦਿੱਤੀ ਹੈ

**

ਕਿਸਾਨ ਅੰਦੋਲਨ ਤੋਂ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਦਾ ਨੌਜਵਾਨ ਜਾਗ ਚੁੱਕਾ ਹੈ ਤੇ ਪੂਰੇ ਜੋਸ਼ ਤੇ ਉਤਸਾਹ ਨਾਲ ਆਪਣੇ ਹੱਕਾਂ ਦੀ ਲੜਾਈ ਵਾਸਕੇ ਅੱਗੇ ਆ ਚੁੱਕਾ ਹੈਹੁਣ ਨੌਜਵਾਨੀ ਨੂੰ ਸਮਾਰਟ ਫੋਨ ਤੇ ਲੈਪਟਾਪ ਦੇ ਲਾਲਚ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾਕਿਸਾਨ ਅੰਦੋਲਨ ਵਿੱਚ ਨੌਜਵਾਨ ਦਾ ਜੋਸ਼ ਇਹ ਸਾਬਤ ਕਰ ਰਿਹਾ ਹੈ ਕਿ ਉਹ ਪੰਦਾਬ ਦੀ ਹੋਂਦ ਤੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹਨ, ਜੋ ਕਿ ਇੱਕ ਬਹੁਤ ਹੀ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ

**

ਪੰਜਾਬ ਦੀ ਆਮ ਆਦਮੀ ਪਾਰਟੀ ਇਸ ਸਮੇਂ ਬੇਸ਼ਕ ਖੱਖੜੀਆਂ ਕਰੇਲੇ ਹੈ ਤੇ ਇਸਦਾ ਨੇਤਾ ਹਰਪਾਲ ਚੀਮਾ ਇੰਨਾ ਸਮਰੱਥ ਨਹੀਂ ਕਿ ਇਸ ਸਮੇਂ ਪਾਰਟੀ ਵਾਸਤੇ ਕੋਈ ਮੁਆਰਕੇ ਵਾਲੀ ਭੂਮਿਕਾ ਨਿਭਾ ਸਕੇਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਹਰ ਗੱਲ ਚੁਟਕਲਿਆਂ ਵਿੱਚ ਗੁਆਚ ਕੇ ਰਹਿ ਜਾਂਦੀ ਹੈਉਸ ਦੀ ਸੰਜੀਦਾ ਗੱਲ ਨੂੰ ਵੀ ਆਮ ਲੋਕ ਚੁਟਕਲਾ ਹੀ ਸਮਝ ਬੈਠਦੇ ਹਨ ਤੇ ਬਾਕੀ ਰਹਿੰਦੀ ਖੂੰਹਦੀ ਕਸਰ ਅਰਵਿੰਦ ਕੇਜਰੀਵਾਲ ਡੱਡੂ ਟਪੂਸੀਆਂ ਮਾਰਕੇ ਕੱਢੀ ਜਾਂਦਾ ਹੈਉਹ ਪੰਜਾਬ ਵਿੱਚ ਆ ਕੇ ਜੋ ਕਹਿੰਦਾ ਹੈ, ਰਾਜਪੁਰਾ ਟੱਪਣ ਤੋਂ ਬਾਅਦ ਉਸ ਤੋਂ ਉਲਟ ਬੋਲਣਾ ਸ਼ੁਰੂ ਕਰ ਦਿੰਦਾ ਹੈ, ਪਰ ਤਦ ਵੀ ਕਿਸਾਨ ਅੰਦੋਲਨ ਨੂੰ ਹਿਮਾਇਤ ਦੇ ਕੇ ਇਸ ਪਾਰਟੀ ਨੇ ਕੁਝ ਤਾਂ ਵਾਹ ਵਾਹ ਖੱਟ ਹੀ ਲਈ ਹੈ, ਖਾਸ ਕਰਕੇ ਦਿੱਲੀ ਵਿੱਚ ਕਿਸਾਨਾਂ ਵਾਸਤੇ ਲੋੜੀਂਦੀਆਂ ਸਹੂਲਤਾਂ ਪਰਦਾਨ ਕਰਕੇ ਇਸ ਪਾਰਟੀ ਨੇ ਜੋ ਕਾਰਜ ਕੀਤਾ ਹੈ, ਉਸ ਦੀ ਨਿਰਸੰਕੋਚ ਪਰਸੰਸਾ ਕਰਨੀ ਬਣਦੀ ਹੈ

**

ਬਲਵੀਰ ਸਿੰਘ ਰਾਜੇਵਾਲ ਇੱਕ ਹੰਢਿਆ ਹੋਇਆ ਕਿਸਾਨ ਆਗੂ ਹੈ, ਪਰ ਪਿਛਲੇ ਦਿਨੀਂ ਇਹ ਆਗੂ ਨਿਹੰਗ ਸਿੰਘਾਂ ਬਾਰੇ ਇੱਕ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਕੇ ਵੱਡੀ ਆਲੋਚਨਾ ਦੀ ਚਰਚਾ ਦਾ ਵਿਸ਼ਾ ਬਣ ਗਿਆਉਸ ਦੇ ਬਿਆਨ ਕਿ “ਨਿਹੰਗ ਸਿੰਘ ਆਪਣੇ ਨਿਸ਼ਾਨ ਸਾਹਿਬ ਪੁਟ ਕੇ ਅੰਦੋਲਨ ਵਾਲੀ ਜਗਾਹ ਤੋਂ ਪਰੇ ਲੈ ਜਾਣ” ਉੱਤੇ ਬਹੁਤ ਹੋ ਹੱਲਾ ਹੋਇਆ ਜਿਸ ਕਾਰਨ ਉਸ ਨੂੰ ਸ਼ਪਸਟੀਕਰਨ ਦੇਣਾ ਪਿਆ ਤੇ ਮੁਆਫੀ ਵੀ ਮੰਗਣੀ ਪਈਰਾਜੇਵਾਲ ਬਾਰੇ ਇੱਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਉਹ ਕਿਸਾਨ ਦਾ ਇੱਕ ਬਹੁਤ ਹੀ ਸਮਝਦਾਰ ਆਗੂ ਹੈ ਤੇ ਜੇਕਰ ਕਿਸਾਨ ਉਸ ਦੀ ਅਗਵਾਈ ’ਤੇ ਭਰੋਸਾ ਕਰਨਗੇ ਤਾਂ ਉਹ ਉਹਨਾਂ ਦੇ ਭਰੋਸੇ ਤੇ ਖਰਾ ਉੱਤਰੇਗਾ, ਲੱਖੋਵਾਲ ਦੀ ਤਰ੍ਹਾਂ ਆਪਣੀ ਜ਼ਮੀਰ ਕਿਸੇ ਕੋਲ ਗਿਰਵੀ ਨਹੀਂ ਰੱਖੇਗਾ

**

ਹਰਿਆਣੇ ਵਿੱਚ ਭਾਜਪਾ ਦੀ ਸਰਕਾਰ ਹੈਮਨੋਹਰ ਲਾਲ ਖੱਟੜ ਬੜਾ ਕੱਟੜ ਨਿੱਕਰਧਾਰੀ ਹੈਕਿਸਾਨ ਅੰਦੋਲਨ ਨੂੰ ਅਸਫਲ ਬਣਾਉਣ ਵਾਸਤੇ ਉਸ ਨੇ ਹੁਣ ਤਕ ਪੂਰਾ ਤਾਣ ਲਗਾਇਆ ਹੈ ਤੇ ਅੱਗੋਂ ਵੀ ਲਗਾਉਂਦਾ ਰਹੇਗਾਪਹਿਲਾਂ ਕਿਸਾਨਾਂ ਉੱਤੇ ਅੱਤਵਾਦੀ, ਖਾਲਿਸਤਾਨੀ, ਪਾਕਿਸਤਾਨੀ, ਮਾਓਵਾਦੀ ਤੇ ਨਕਸਲਵਾਦੀ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਰਸਤਾ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਤੇ ਬਾਦ ਵਿੱਚ ਇਹ ਬਿਆਨ ਦਿੱਤੇ ਗਏ ਕਿ ਹਰਿਆਣੇ ਦੇ ਕਿਸਾਨ ਖੇਤੀ ਬਿੱਲਾਂ ਤੋਂ ਖੁਸ਼ ਹਨਹੁਣ ਨਕਲੀ ਕਿਸਾਨ ਯੂਨੀਅਨਾਂ ਬਣਾ ਕੇ ਉਹਨਾਂ ਤੋਂ ਖੇਤੀ ਬਿੱਲਾਂ ਦੇ ਹੱਕ ਵਿੱਚ ਧਰਨੇ ਤੇ ਮੁਜ਼ਾਹਰੇ ਕਰਾਉਣ ਦੀ ਪਲਾਨ ਬਣਾਉਣ ਦੇ ਨਾਲ ਨਾਲ ਹੀ ਸਤਲੁਜ ਜਮਨਾ ਲਿੰਕ ਨਹਿਰ ਦਾ ਮੁੱਦਾ ਉਠਾ ਰਿਹਾ ਹੈਕਹਿਣ ਦਾ ਭਾਵ ਇਹ ਕਿ ਕੇਂਦਰ ਸਰਕਾਰ ਦਾ ਇਹ ਪਿੱਠੂ ਕਿਸਾਨ ਅੰਦੋਲਨ ਨੂੰ ਵਾਹ ਲਗਦੀ ਹਰ ਪੱਖੋਂ ਢਾਹ ਲਾਉਣ ਦੀ ਕੋਸ਼ਿਸ਼ ਵਿੱਚ ਹੈ ਇਹ ਵੱਖਰੀ ਗੱਲ ਹੈ ਕਿ ਅਜੇ ਤਕ ਸਫਲ ਨਹੀਂ ਹੋ ਸਕਿਆਮੈਂ ਹਰਿਆਣੇ ਤੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਕਿਸਾਨ ਅੰਦੋਲਨ ਤੇ ਸਤਲੁਜ ਜਮਨਾ ਨਹਿਰ ਦਾ ਮੁੱਦਾ ਦੋ ਬਿਲਕੁਲ ਅਲੱਗ ਅਲੱਗ ਮੁੱਦੇ ਹਨਇਹਨਾਂ ਨੂੰ ਇੱਕ ਦੂਸਰੇ ਨਾਲ ਜੋੜਕੇ ਦੇਖਣਾ ਬਹੁਤ ਵੱਡੀ ਭੁੱਲ ਹੋਵੇਗੀਇਸ ਵਕਤ ਸਿਰਫ ਤਿੰਨ ਖੇਤੀ ਬਿੱਲਾਂ ਦਾ ਮਾਮਲਾ ਹੱਲ ਕਰਵਾਏ ਜਾਣ ਦੀ ਲੋੜ ਹੈ, ਪਰ ਹਰਿਆਣਾ ਭਾਜਪਾ, ਖੇਤੀ ਬਿੱਲਾਂ ਤੋਂ ਲੋਕਾਂ ਦਾ ਧਿਆਨ ਮੋੜਨ ਵਾਸਤੇ ਲਿੰਕ ਨਹਿਰ ਦਾ ਪੱਤਾ ਖੇਡ ਰਹੀ ਹੈ ਜਿਸ ਵਿੱਚ ਉਸ ਨੂੰ ਸਫਲਤਾ ਨਹੀਂ ਮਿਲੇਗੀ

**

ਦਿਲੀ ਦੇ ਬਾਰਡਰ ’ਤੇ ਲੱਗੇ ਧਰਨਿਆਂ ਵਿੱਚ ਸ਼ਾਮਿਲ ਹੋਣ ਜਾ ਰਹੇ ਪੰਜਾਬ, ਹਰਿਆਣਾ ਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਘਰੋਂ ਤੁਰਨ ਵਕਤ ਇਹ ਗੱਲ ਹਮੇਸ਼ਾ ਦਿਲੋਂ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ ਕਿ ਜੰਗਾਂ ਜੀਓ ਕੇ ਦਿੱਤੀਆਂ ਜਾਂਦੀਆਂ ਹਨ, ਇਸ ਕਰਕੇ ਆਪਣੀਆਂ ਟ੍ਰਾਲੀਆਂ ਤੇ ਵਾਹਨਾਂ ਉੱਤੇ ਰੈਫਲੈਕਟਰ ਜ਼ਰੂਰ ਲਗਵਾਏ ਜਾਣ ਤੇ ਕੋਸ਼ਿਸ਼ ਕੀਤੀ ਜਾਵੇ ਕਿ ਦਿਲੀ ਵੱਲ ਦਿਨ ਦੇ ਚੜ੍ਹਾ ਤੋਂ ਬਾਦ ਹੀ ਚਾਲੇ ਪਾਏ ਜਾਣ ਧੁੰਦ ਅਤੇ ਕੋਰੇ ਸਮੇਂ ਟ੍ਰੈਕਟਰ ਤੇ ਵਾਹਨ ਬਹੁਤ ਸਾਵਧਾਨੀ ਨਾਲ ਚਲਾਏ ਜਾਣ ਪਿੱਛੇ ਪਰਿਵਾਰ ਦੇ ਮੈਂਬਰ ਇੰਤਜ਼ਾਰ ਕਰ ਰਹੇ ਹਨ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ

**

ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਦੀਆਂ ਤੇ ਉਹਨਾਂ ਦੇ ਲੀਡਰਾਂ ਦੀਆਂ ਕਠਪੁਤਲੀਆ ਬਣਕੇ ਪਿਛਲੇ 73 ਸਾਲ ਤੋਂ ਜਿਵੇਂ ਉਹ ਨਚਾਉਂਦੇ ਰਹੇ, ਨੱਚਦੇ ਰਹੇ ਤੇ ਬਹੁਤ ਲੰਮਾ ਸਮਾਂ ਨੱਚਦੇ ਰਹੇਇਸਦਾ ਸਿੱਟਾ ਇਹ ਨਿਕਲਦਾ ਸੀ ਕਿ ਕਦੇ ਪੰਜ ਸਾਲ ਵਾਸਤੇ ‘ਨੀਲੇ’ ਆ ਕੇ ਪੰਜਾਬ ਨੂੰ ਲੁੱਟਦੇ ਰਹੇ ਤੇ ਕਦੇ ‘ਚਿੱਟੇ’ਕ੍ਰਿਕਟ ਦੀ ਖੇਡ ਵਾਂਗ ਤੇ ਉੱਤਰ ਕਾਟੋ ਹੁਣ ਮੇਰੀ ਵਾਰੀ ਵਾਂਗ ਇਹ ਵਰਤਾਰਾ ਬਹੁਤ ਲੰਮਾ ਸਮਾਂ ਚੱਲਦਾ ਰਿਹਾ ਪਰ ਕਿਸਾਨ ਅੰਦੋਲਨ ਤੋਂ ਇੱਕ ਅਜਿਹੀ ਕਰਾਂਤੀ ਪੈਦਾ ਹੋਈ ਹੈ ਜਿਸ ਨੇ ਉਕਤ ਸਿਆਸੀ ਖੇਡ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਹਨਾਂ ਸਭ ਪਾਰਟੀਆਂ ਨੂੰ ਪਾਸੇ ਕਰਕੇ ਲੋਕਾਂ ਨੇ ਆਪ ਸੰਘਰਸ਼ ਸ਼ੁਰੂ ਕੀਤਾ ਹੈਹੁਣ ਇਸ ਅੰਦੋਲਨ ਨੇ ਇਹ ਦੱਸ ਦਿੱਤਾ ਹੈ ਕਿ ਬਿਨਾ ਜਿੱਤ ਪ੍ਰਾਪਤ ਕੀਤਿਆਂ, ਦਿੱਲੀ ਬਾਰਡਰ ਤੋਂ ਵਾਪਸ ਜਾ ਕੇ ਪੰਜਾਬ ਵਿੱਚ ਲੀਡਰੀ ਦਾ ਦਾਅਵਾ ਠੋਕਣਾ ਕੋਈ ਖਾਲਾ ਜੀ ਦਾ ਵਾੜਾ ਨਹੀਂਸਹੀ ਗੱਲ ਤਾਂ ਇਹ ਹੈ ਕਿ ਕਿਸਾਨ ਅੰਦੋਲਨ ਨੇ ਪੰਜਾਬੀਆਂ ਨੂੰ ਉਹ ਜੁਗਤੀ ਸਿਖਾਈ ਹੈ ਕਿ ਲੀਡਰਾਂ ਨੂੰ ਆਪਣੀਆਂ ਕਠਪੁਤਲੀਆ ਕਿਵੇਂ ਬਣਾਉਣਾ ਤੇ ਅੱਜ ਲੀਡਰ ਤੇ ਸਿਆਸੀ ਪਾਰਟੀਆਂ ਲੋਕਾਂ ਦੀਆਂ ਕਠਪੁਤਲੀਆ ਬਣ ਚੁੱਕੇ ਹਨ ਇਹੀ ਕਾਰਨ ਹੈ ਕਿ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਸਤੇ ਤਰਲੇ ਤੇ ਹਾੜ੍ਹੇ ਕੱਢ ਰਹੇ ਹਨ

**

ਦਿੱਲੀ ਬਾਰਡਰ ’ਤੇ ਦਿੱਲੀ ਨੂੰ ਚੌਪਾਸਿਓਂ ਘੇਰਾ ਪਾਈ ਕਿਸਾਨਾਂ ਨੂੰ ਦੇਖ ਕੇ ਇਹ ਗੱਲ ਵਾਰ ਵਾਰ ਮਨ ਵਿੱਚ ਆਉਂਦੀ ਹੈ ਕਿ ਇਸ ਅੰਦੋਲਨ ਤੋਂ ਪਹਿਲਾਂ ਸਿਆਸੀ ਲੋਕਾਂ ਦਾ ਵਾਹ ਵਾਸਤਾ ਹਮੇਸ਼ਾ ਹੀ ਉਹਨਾਂ ਲੋਕਾਂ ਨਾਲ ਪੈਂਦਾ ਰਿਹਾ ਜੋ ਆਪਣੇ ਹੱਕਾਂ ਵਾਸਤੇ ਇੱਕ ਦਿਨ ਦਾ ਧਰਨਾ ਮਾਰਦੇ ਸਨ, ਕਿਸੇ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਦੇ ਸਨ ਜਾਂ ਫਿਰ ਕੁਝ ਕੁ ਦਿਨ ਦੀ ਭੁੱਖ ਹੜਤਾਲ ’ਤੇ ਬੈਠਦੇ ਸਨ ਤੇ ਅਖੀਰ ਵਿੱਚ ਪੁਲਿਸ ਦੇ ਡਾਂਗਾਂ ਸੋਟੇ ਖਾ ਕੇ, ਆਪਣੇ ਕੱਪੜੇ ਪੜਵਾ ਕੇ, ਪੱਗਾਂ ਲੁਹਾ ਕੇ ਤੇ ਧੂਹ ਘੜੀਸ ਕਰਵਾ ਕੇ ਮਸਲੇ ਦੇ ਬਿਨਾ ਕਿਸੇ ਹੱਲ ਤੋਂ ਘਰੋ ਘਰੀ ਪਰਤ ਜਾਂਦੇ ਸਨ ਪਰ ਕਿਸਾਨ ਅੰਦੋਲਨ ਪਹਿਲੀ ਮਿਸਾਲ ਹੈ ਜੋ ਧਰਨੇ ’ਤੇ ਵੀ ਅੜ ਕੇ ਬੈਠੇ ਹਨ

**

ਕਿਰਤੀ ਕਿਸਾਨ ਅੰਦੋਲਨ ਨੇ ਇੱਕ ਹੋਰ ਗੱਲ ਦਾ ਵੀ ਬਹੁਤ ਵਧੀਆ ਨਿਤਾਰਾ ਕੀਤਾ ਹੈ ਕਿ ਹਰ ਪਗੜੀਧਾਰੀ ਜਾਂ ਪਰਨਾ ਬੰਨ੍ਹਣ ਵਾਲਾ ਕਿਸਾਨ ਜਾਂ ਕਿਰਤੀ ਨਹੀਂ ਹੁੰਦਾ ਕੁਝ ਲੋਕ ਹਰਜੀਤ ਗਰੇਵਾਲ ਵਰਗੀਆਂ ਕਾਲੀਆਂ ਭੇਡਾਂ ਵੀ ਹੁੰਦੇ ਹਨ ਜੋ ਦੇਖਣ ਪਾਖਣ ਨੂੰ ਤਾਂ ਕਿਸਾਨ ਲੱਗਦੇ ਹਨ, ਪਰ ਉਹ ਕਿਸਾਨ ਹੋਣ ਦੀ ਬਜਾਏ ਕਿਸੇ ਦੇ ਟੁਕੜਿਆਂ ’ਤੇ ਪਲ ਰਹੇ ਟੁਕੜ-ਬੋਚ ਕੁੱਤੇ ਹੁੰਦੇ ਹਨ, ਜਿਹਨਾਂ ਤੋਂ ਹਮੇਸ਼ਾ ਚੌਕੰਨੇ ਰਹਿਣ ਦੀ ਲੋੜ ਹੁੰਦੀ ਹੈ

**

ਇਸ ਅੰਦੋਲਨ ਸੰਬੰਧੀ ਕਿਰਤੀ ਤੇ ਕਿਸਾਨਾਂ ਵੱਲੋਂ ਅਪਣਾਈ ਗਈ ਹਾਂ ਜਾਂ ਨਾਂਹ ਵਾਲੀ ਪਹੁੰਚ ਕਈਆਂ ਨੂੰ ਅਤਾਰਕਿਕ ਲੱਗ ਰਹੀ ਹੈ ਜਦ ਕਿ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸਲ ਲੜਾਈ ਸਰਕਾਰ ਵੱਲੋਂ ਆਪਣੀ ਮਨ ਮਰਜ਼ੀ ਨਾਲ ਲਾਗੂ ਕੀਤੇ ਬਿੱਲਾਂ ਨੂੰ ਰੱਦ ਕਰਾਉਣ ਦੀ ਨਹੀਂ ਸਗੋਂ ਇਸਦੇ ਨਾਲ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕ ਹਿਤਾਂ ਵਿਰੁੱਧ ਕੀਤੀ ਜਾ ਰਹੀਆਂ ਆਪ ਹੁਦਰੀਆਂ ਨੂੰ ਨੱਥ ਪਾਉਣ ਦੀ ਵੀ ਹੈ ਤੇ ਕਿਸਾਨਾਂ ਦੇ ਸਵੈਮਾਣ ਨੂੰ ਬਚਾਉਣ ਦੀ ਵੀ ਹੈਇਸ ਵਾਰ ਜੇਕਰ ਇਹ ਮੋਰਚਾ ਨਾ ਜਿੱਤਿਆ ਗਿਆ ਤਾਂ ਫਿਰ ਭਵਿੱਖ ਵਿੱਚ ਸਰਕਾਰਾਂ ਆਪਣੀ ਅਜਿਹੀ ਮਨਮਰਜ਼ੀ ਖੁੱਲ੍ਹੇਆਮ ਕਰਨਗੀਆਂ ਤੇ ਜੋ ਵਿਰੋਧ ਕਰੇਗਾ ਉਸ ਦਾ ਹਾਲ ਮੁਲਾਜ਼ਮ ਜਥੇਬੰਦੀਆਂ ਦੇ ਧਰਨਿਆਂ ਵਿੱਚ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਕੁੱਟ-ਮਾਰ ਤੋਂ ਵੀ ਮਾੜਾ ਹੋਵੇਗਾਸੋ ਇਸ ਸੰਘਰਸ਼ ਨੂੰ ਇੱਜ਼ਤ ਦਾ ਸਵਾਲ ਬਣਾ ਕੇ ਇਸ ਵਾਰ ਜਿੱਤਣਾ ਬਹੁਤ ਜ਼ਰੂਰੀ ਹੈ

**

ਭਾਰਤ ਦਾ ਸਰਕਾਰੀ ਮੀਡੀਆ, ਜਿਸ ਨੂੰ ਗੋਦੀ ਤੇ ਵਿਕਾਊ ਮੀਡੀਆ ਵੀ ਕਿਹਾ ਜਾਂਦਾ ਹੈ, ਕਿਸਾਨਾਂ ਤੇ ਕਿਸਾਨ ਅੰਦੋਲਨ ਦੇ ਵਿਰੁੱਧ ਜ਼ਹਿਰ ਉਗਲ ਰਿਹਾ ਹੈ ਬਾਤ ਦਾ ਬਤੰਗੜ ਬਣਾ ਕੇ ਪੇਸ਼ ਕਰ ਰਿਹਾ ਹੈ ਇਸਦਾ ਟਾਕਰਾ ਕਰਨ ਵਾਸਤੇ ਤੇ ਇਸ ਪੇਡ ਮੀਡੀਏ ਨੂੰ ਮੂੰਹ ਦੀ ਖੁਆਉਣ ਵਾਸਤੇ ਸੋਸ਼ਲ ਮੀਡੀਏ ਦੇ ਸ਼ਕਤੀਸ਼ਾਲੀ ਹਥਿਆਰ ਦਾ ਇਸਤੇਮਾਲ ਕਰਨਾ ਇਸ ਵਕਤ ਬਹੁਤ ਜ਼ਰੂਰੀ ਹੈ ਟਵਿਟਰ, ਫੇਸਬੁੱਕ, ਇੰਸਟਾਗਰਾਮ, ਵਾਟਸਐਪ, ਸਨੈਪ ਚੈਟ ਤੇ ਯੂ ਟਿਊਬ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਮੀਡੀਏ ਦੇ ਕੂੜ ਪ੍ਰਚਾਰ ਨੂੰ ਨਕੇਲਿਆ ਜਾ ਸਕਦਾ ਹੈਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਕੰਗਣਾ ਰਣਾਵਤ ਦੇ ਮਾਮਲੇ ਵਿੱਚ ਇਸ ਮੀਡੀਏ ਦੀ ਵਰਤੋਂ ਕਰਕੇ ਵਧੀਆ ਉਦਾਹਰਣ ਪੇਸ਼ ਕੀਤੀ ਹੈਇਸੇ ਤਰ੍ਹਾਂ ਹੋਰਨਾਂ ਨੂੰ ਵੀ ਇਸ ਮੀਡੀਏ ਦੀ ਵਰਤੋਂ ਕਰਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਕਿ ਗੋਦੀ ਮੀਡੀਏ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਸਕੇ ਤੇ ਸੰਘਰਸ਼ ਦੀ ਜਿੱਤ ਦੇ ਮੁਕਾਮ ਨੂੰ ਵੀ ਪਾਇਆ ਜਾ ਸਕੇ

**

ਜਿਸ ਤਰ੍ਹਾਂ ਅਸੀਂ ਪਿੱਛੇ ਜ਼ਿਕਰ ਕਰ ਹੀ ਆਏ ਹਾਂ ਕਿ ਪੰਜਾਬੀ ਗਾਇਕਾਂ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀਉਹਨਾਂ ਨੇ ਮੌਕੇ ਦੀ ਲੋੜ ਮੁਕਾਬਿਤ ਗੀਤ ਗਾ ਕੇ ਨੌਜਵਾਨਾਂ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਭਰ ਦਿੱਤਾ ਇਹਨਾਂ ਗਾਇਕਾਂ ਵਿੱਚ ਬੱਬੂ ਮਾਨ, ਦਲਜੀਤ ਦੁਸਾਂਝ, ਕੰਵਰ ਗਰੇਵਾਲ, ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਰਣਜੀਤ ਬਾਵਾ, ਸਰਦੂਲ ਸਿਕੰਦਰ, ਅਮਰ ਨੂਰੀ, ਰਾਜ ਕਾਕੜਾ, ਸੋਨੂੰ ਢਿੱਲੋਂ, ਸ਼ਿੰਦਾ ਸੁਰੀਲਾ, ਨੂਰਾਂ ਸਿਸਟਰ, ਹਰਫ਼ ਚੀਮਾ, ਗੁਰਪ੍ਰੀਤ ਘੁੱਗੀ ਤੇ ਹੋਰਾਂ ਨੇ ਮੋਹਰੀ ਦੀ ਸ਼ਾਨਦਾਰ ਭੂਮਿਕਾ ਨਿਭਾਈ ਹੈ ਤੇ ਲਗਾਤਾਰ ਨਿਭਾ ਰਹੇ ਹਨਇਹ ਸਾਰੇ ਕਲਾਕਾਰ ਕਿਸਾਨ ਸੰਘਰਸ਼ ਨੂੰ ਕਾਮਯਾਬ ਕਰਨ ਵਾਸਤੇ ਸਿਰਫ ਗੀਤ ਹੀ ਨਹੀਂ ਗਾ ਰਹੇ ਸਗੋਂ ਸੰਘਰਸ਼ ਵਿੱਚ ਲਗਾਤਾਰ ਸ਼ਾਮਿਲ ਰਹਿ ਕੇ ਆਪਣਾ ਵੱਡਾ ਯੋਗਦਾਨ ਵੀ ਪਾ ਰਹੇ ਹਨਇਸੇ ਤਰ੍ਹਾਂ ਦੀਪ ਸਿੱਧੂ, ਜੋਗਰਾਜ ਸਿੰਘ, ਸਤਿੰਦਰ ਸੱਤੀ, ਰੁਪਿੰਦਰ ਹਾਂਡਾ ਆਦਿ ਵੀ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਹਨਾਂ ਕਲਾਕਾਰਾਂ ਪ੍ਰਤੀ ਬੇਸ਼ਕ ਕਿਸੇ ਦੀ ਨਿੱਜੀ ਰਾਇ ਕੁਛ ਵੀ ਹੋਵੇ, ਪਰ ਕਿਸਾਨ ਸੰਘਰਸ਼ ਵਿੱਚ ਪਾਏ ਜਾ ਰਹੇ ਯੋਗਦਾਨ ਵਜੋਂ ਇਹਨਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਥੋੜ੍ਹੀ ਹੈ

**

ਆਪਾਂ ਸਭਨਾਂ ਨੂੰ ਪਤਾ ਹੈ ਕਿ ਇਹ ਸਾਲ ਇਸ ਵਾਰ ਕੋਰੋਨਾ ਮਹਾਮਾਰੀ ਦੀ ਭੇਂਟ ਚੜ੍ਹ ਗਿਆ ਹੈਇਸੇ ਸਾਲ ਮਾਰਚ ਅਪ੍ਰੈਲ ਦੇ ਮਹੀਨਿਆਂ ਤੋਂ ਪਰਵਾਸੀ ਪੰਜਾਬੀਆਂ ਪ੍ਰਤੀ ਪੰਜਾਬ ਸਰਕਾਰ ਤੇ ਲੋਕਾਂ ਵੱਲੋਂ ਬਹੁਤ ਗਲਤ ਪਹੁੰਚ ਅਪਣਾਈ ਗਈ ਸੀਪਰਵਾਸੀਆਂ ਨੂੰ ਕਾਫ਼ੀ ਮੰਦਾ ਚੰਗਾ ਵੀ ਬੋਲਿਆ ਗਿਆ ਸੀ ਤੇ ਸਰਕਾਰ ਵੱਲੋਂ ਉਹਨਾਂ ਨੂੰ ਦਸ ਨੰਬਰੀਆਂ ਦੀ ਤਰ੍ਹਾਂ ਘਰਾਂ ਵਿੱਚ ਵੀ ਬੰਦ ਕੀਤਾ ਗਿਆ ਸੀ, ਪਰ ਉਹਨਾਂ ਦੀ ਫ਼ਰਾਖ਼ਦਿਲੀ ਦੇਖੋ ਕਿ ਸਾਰੇ ਗਿਲੇ ਸ਼ਿਕਵੇ ਭੁੱਲਕੇ ਕਿਸਾਨ ਅੰਦੋਲਨ ਨੂੰ ਤਨੋ, ਮਨੋ ਤੇ ਧਨੋ ਸਹਿਯੋਗ ਦੇ ਰਹੇ ਹਨ ਆਪਣਿਆਂ ਦਾ ਦੁੱਖ ਸਮਝਦਿਆਂ ਦੁੱਖ ਦੀ ਘੜੀ ਵਿੱਚ ਆਪਣਿਆਂ ਦੇ ਨਾਲ ਖੜ੍ਹੇ ਹਨਇਹ ਤਾਂ ਕੋਰੋਨਾ ਮਹਾਂਮਾਰੀ ਕਰਕੇ ਹੈ, ਨਹੀਂ ਤਾਂ ਸਭ ਪਰਵਾਸੀ ਪੰਜਾਬੀ ਇਸ ਵੇਲੇ ਦਿੱਲੀ ਵਿਖੇ ਕਿਸਾਨ ਅੰਦੋਲਨ ਦਾ ਹਿੱਸਾ ਹੁੰਦੇ ਪਰ ਫਿਰ ਉਹ ਜਿੱਥੇ ਕਿਤੇ ਵੀ ਬੈਠੇ ਹਨ ਆਪੋ ਆਪਣੇ ਢੰਗ ਨਾਲ ਕਿਸਾਨ ਸ਼ੰਘਰਸ ਨੂੰ ਆਪਣਾ ਸਹਿਯੋਗ ਦੇ ਕੇ ਬਣਦੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਜਿਸ ਵਾਸਤੇ ਵਿਸ਼ਵ ਵਿੱਚ ਵਸ ਰਹੇ ਸਮੂਹ ਪਰਵਾਸੀ ਪੰਜਾਬੀ ਸ਼ਾਬਾਸ਼ ਦੇ ਹੱਕਦਾਰ ਹਨ

**

ਇਹ ਬਹੁਤ ਚੰਗੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਦਿਲੀ ਦੇ ਗੁਰਦੁਆਰਾ ਰਕਾਬ ਗੰਜ ਵਿੱਚ ਨਤ ਮਸਤਕ ਹੋਣ ਗਏ, ਪਰ ਇਸ ਗੱਲ ਸਮਝ ਨਹੀਂ ਆਈ ਕਿ ਉੱਥੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਦੇ ਗੱਲ ਵਿੱਚ ਹਾਰ ਪਾ ਕੇ ਸਿਰੋਪਾਓ ਕਿਉਂ ਦਿੱਤਾ ਗਿਆ? ਦੇਸ਼ ਦਾ ਕਿਸਾਨ ਜਿਸ ਵਿੱਚ ਸਾਰੇ ਧਰਮਾਂ ਤੇ ਫ਼ਿਰਕਿਆਂ ਦੇ ਲੋਕ ਹਨ, ਉਸ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੋਹ ਦੇ ਠੱਕਰ ਵਿੱਚ ਸੜਕਾਂ ’ਤੇ ਹਨ, ਉਸ ਤੋਂ ਦੁਖੀ ਹੋ ਕੇ ਉਸ ਦਾ ਥੇਹ ਸਿਆਪਾ ਕਰ ਰਹੇ ਹਨ ਤੇ ਗੁਰਦੁਆਰੇ ਵਾਲੇ ਉਹਨਾਂ ਨੂੰ ਸਿਰਫ ਮੱਥਾ ਟੇਕਣ ਆਉਣ ਕਾਰਨ ਹੀ ਸਨਮਾਨਿਤ ਕਰ ਰਹੇ ਹਨ, ਕਿੰਨਾ ਚੰਗਾ ਹੁੰਦਾ ਜੇਕਰ ਮੋਦੀ ਨੂੰ ਵੀ ਗੁਰੂ ਘਰ ਵਿੱਚ ਆਮ ਸੰਗਤ ਦਾ ਹਿੱਸਾ ਹੀ ਮੰਨਿਆ ਜਾਂਦਾ!! ਇੱਥੇ ਇਹ ਯਾਦ ਕਰਾਉਣਾ ਬਣਦਾ ਹੈ ਕਿ ਇਹ ਓਹੀ ਮੋਦੀ ਹੈ ਜੋ 25 ਤੇ 15 ਅਗਸਤ ਦੀਆਂ ਲਾਲ ਕਿਲੇ ਵਿਖੇ ਹੁੰਦੀਆਂ ਪਰੇਡਾਂ ਦੇ ਮੌਕਿਆਂ ’ਤੇ ਪੰਜਾਬ ਦੀਆਂ ਸੱਭਿਆਚਾਰਕ ਟੀਮਾਂ ਨੂੰ ਬਾਹਰ ਰੱਖਦਾ ਹੈ ਤੇ ਇਹ ਓਹੀ ਬੰਦਾ ਹੈ ਜੋ ਵੈਸਾਖੀ ਵਰਗੇ ਸ਼ੁਭ ਮੌਕਿਆਂ ਤੇ ਪੰਜਾਬੀਆਂ ਨੂੰ ਵਧਾਈ ਦੇ ਸੰਦੇਸ਼ ਦੇਣ ਦੀ ਲੋੜ ਨਹੀਂ ਸਮਝਦਾਦਰਅਸਲ ਇਸ ਵਾਰ ਵੀ ਉਹ ਗੁਰਦੁਆਰੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਨਹੀਂ ਗਿਆ ਸਗੋਂ ਇਸਦੇ ਪਿੱਛੇ ਉਸਦਾ ਮਕਸਦ ਸਿੱਖ ਭਾਈਚਾਰੇ ਦੀ ਉਹ ਹਮਦਰਦੀ ਪ੍ਰਾਪਤ ਕਰਨਾ ਹੈ ਜੋ ਕਿਸੇ ਸਮੇਂ ਅਕਾਲੀ ਦਲ ਦੀ ਮਾਰਫਤ ਮਿਲਦੀ ਸੀ

**

ਭਾਰਤ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਅੰਦੋਲਨ ਦੇ ਕਾਰਨ ਇਸ ਵੇਲੇ ਬਾਹਰੀ ਵਿਰੋਧ ਦੇ ਨਾਲ ਨਾਲ ਪਾਰਟੀ ਦੀ ਅੰਦਰੂਨੀ ਜੰਗ ਦਾ ਵੀ ਸ਼ਿਕਾਰ ਹੁੰਦੀ ਜਾ ਰਹੀ ਹੈ ਬੇਸ਼ਕ ਪਾਰਟੀ ਦੇ ਬਹੁਤੇ ਨੇਤਾ ਇਸ ਮਸਲੇ ਉੱਤੇ ਦੜ ਵੱਟੀ ਬੈਠੇ ਗਨ ਪਰ ਪਤਾ ਲੱਗਾ ਹੈ ਕਿ ਅੰਦਰੋਂ ਅੰਦਰੀ ਉਹ ਵੀ ਕਿਸਾਨਾਂ ਦੇ ਹੱਕ ਵਿੱਚ ਹਨਹੁਣ ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਵਰਿੰਦਰ ਕੁਮਾਰ ਨੇ ਮੀਡੀਏ ਵਿੱਚ ਆ ਕੇ ਜਾਹਿਰਾ ਤੌਰ ’ਤੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇ ਕੇ ਕਿਹਾ ਹੈ ਕਿ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਤੇ ਸਰਕਾਰ ਨੂੰ ਉਹਨਾਂ ਦੀ ਇਸ ਮੰਗ ਉੱਤੇ ਤੁਰੰਤ ਗੌਰ ਕਰਨਾ ਚਾਹੀਦਾ ਹੈਸ਼ਾਇਦ ਇਹ ਭਾਜਪਾ ਦੇ ਅੰਦਰੂਨੀ ਕਲਾ ਕਲੰਦਰ ਦਾ ਹੀ ਸਿੱਟਾ ਹੈ ਕਿ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਦੇ ਤੇਵਰ ਪਹਿਲਾਂ ਨਾਲ਼ੋਂ ਕਾਫ਼ੀ ਬਦਲੇ ਹੋਏ ਹਨ ਤੇ ਉਹਨਾਂ ਦੇ ਬਿਆਨਾਂ ਵਿੱਚ ਕਿਸਾਨ ਅੰਦੋਲਨ ਪ੍ਰਤੀ ਸਖ਼ਤੀ ਦੀ ਬਜਾਏ ਨਰਮੀ ਦੀ ਝਲਕ ਨਜ਼ਰ ਆ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2482)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author