ShingaraSDhillon7ਜੇਕਰ ਕੰਜੂਸਾਂ ਦੀ ਚਾਹ ਨਹੀਂ ਪੀਣੀ ਤਾਂ ਅੱਜ ਕੰਜੂਸਾਂ ਨੂੰ ਪਿਲਾ ਹੀ ਦਿਓ ...
(1 ਅਗਸਤ 2020)

 

ਇਹ ਇੱਕ ਆਮ ਮਿਥ ਹੈ ਕਿ ਜਿੱਡਾ ਵੱਡਾ ਧਨਾਢ ਓਡਾ ਹੀ ਵੱਡਾ ਕੰਜੂਸ ਹੁੰਦਾ ਹੈਇਸ ਮਿਥ ਪਿੱਛੇ ਲੁਕੀ ਸੱਚਾਈ ਨੂੰ ਕਦੇ ਕਿਸੇ ਨੇ ਕੁਰੇਦਣ ਦੀ ਕੋਸ਼ਿਸ਼ ਨਹੀਂ ਕੀਤੀਜੇਕਰ ਕੀਤੀ ਹੁੰਦੀ ਤਾਂ ਇੱਕ ਹੋਰ ਕੌੜਾ ਸੱਚ ਜ਼ਰੂਰ ਹੀ ਸਾਹਮਣੇ ਆ ਜਾਣਾ ਸੀ

ਦਰਅਸਲ ਮਿਹਨਤ ਨਾਲ ਬਣੇ ਅਮੀਰਾਂ ਬਾਰੇ ਕੰਜੂਸੀ ਮਿਥ ਨਹੀਂ ਬਲਕਿ ਸਚਾਈ ਹੁੰਦੀ ਹੈ ਕਿਉਂਕਿ ਜਿਸ ਨੇ ਹੱਡ ਭੰਨਵੀਂ ਮਿਹਨਤ ਕਰਕੇ ਤੇ ਖੂਨ ਪਸੀਨਾ ਇੱਕ ਕਰਕੇ ਪੈਸਾ ਕਮਾਇਆ ਹੋਵੇ, ਉਹ ਬੰਦਾ ਪੈਸੇ ਨੂੰ ਖਰਚਣ ਲੱਗਿਆਂ ਵੀ ਸੌ ਵਾਰ ਸੋਚਦਾ ਹੈ ਤੇ ਜੋ ਪੈਸੇ ਨੂੰ ਖਰਚਣ ਲੱਗਿਆਂ ਸੌ ਵਾਰ ਸੌਚਦਾ ਹੋਵੇ, ਆਮ ਲੋਕਾਈ, ਉਸ ਦੇ ਹਾਲਾਤ ਬਾਰੇ ਜਾਨਣ ਸਮਝਣ ਦੀ ਬਜਾਏ ਉਸ ਨੂੰ ਅਕਾਰਨ ਹੀ ਕੰਜੂਸ ਮੰਨ ਲੈਂਦੀ ਹੈਮੇਰਾ ਇੱਕ ਬੜਾ ਹੀ ਗੂੜ੍ਹਾ ਤੇ ਪਿਆਰਾ ਦੋਸਤ ਕਰਤਾਰ ਸਿੰਘ, ਜੋ ਕਈ ਸਾਲ ਪਹਿਲਾਂ ਇਸ ਸੰਸਾਰ ਤੋਂ ਵਿਦਾ ਹੋ ਚੁੱਕਾ ਹੈ, ਸਾਡੇ ਸ਼ਹਿਰ ਲੈਸਟਰ ਦੀ ਲੋਹੇ ਦੀ ਢਲਾਈ ਵਾਲੀ ਮਸ਼ਹੂਰ ਰਿਚਰਡ ਫਾਊਂਡਰੀ ਨਾਮ ਦੇ ਕਾਰਖਾਨੇ ਵਿੱਚ ਢਾਲੇ ਹੋੲ ਲੋਹੇ ਨੂੰ ਸਾਂਚਿਆਂ ਵਿੱਚ ਪਾਉਣ ਦਾ ਬੜਾ ਹੀ ਕਠਿਨ ਕੰਮ ਕਰਦਾ ਸੀਆਪਣੀ ਸਖ਼ਤ ਮਿਹਨਤ ਨਾਲ ਉਸ ਨੇ ਇੰਗਲੈਂਡ ਵਿੱਚ ਵਧੀਆ ਘਰ ਘਾਟ ਬਣਾਇਆ, ਬੱਚੇ ਪਾਲੇ, ਉਹਨਾਂ ਨੂੰ ਉੱਚ ਸਿੱਖਿਆ ਦੁਆ ਕੇ ਵਧੀਆ ਨੌਕਰੀਆਂ ’ਤੇ ਲਗਵਾਇਆ ਤੇ ਇਸਦੇ ਨਾਲ ਪਿੱਛੇ ਪੰਜਾਬ ਵਿੱਚ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ, ਆਪਣੇ ਲਈ ਵਧੀਆ ਘਰ ਬਣਾਉਣ ਦੇ ਨਾਲ ਹੀ ਪਿੰਡ ਨੇੜਲੇ ਕਸਬਾ ਅੱਪਰਾ ਵਿੱਚ ਚਾਰ ਛੇ ਦੁਕਾਨਾਂ ਪਾ ਕੇ ਆਮਦਨ ਦਾ ਵਸੀਲਾ ਵੀ ਬਣਾਇਆ

ਕਰਤਾਰ ਸਿੰਘ ਬੜਾ ਰਿਜ਼ਰਵ ਕਿਸਮ ਦਾ ਬੰਦਾ ਸੀਸ਼ਾਇਦ ਜ਼ਿੰਦਗੀ ਦੀਆਂ ਠੋਕਰਾਂ ਠੇਡਿਆਂ ਤੋਂ ਉਸ ਨੇ ਹੋਰ ਵੱਡੇ ਸਬਕ ਸਿੱਖਣ ਦੇ ਨਾਲ ਨਾਲ ਚੁੱਪ ਰਹਿਣ ਦਾ ਸਬਕ ਵੀ ਸਿੱਖ ਲਿਆ ਸੀ, ਜਿਸ ਕਰਕੇ ਉਹ ਮੈਥੋਂ ਬਿਨਾ ਹੋਰ ਕਿਸੇ ਨਾਲ ਬਹੁਤ ਹੀ ਘੱਟ ਗੱਲਬਾਤ ਕਰਦਾ ਸੀਸ਼ਰਾਬ ਕਬਾਬ ਤੋਂ ਕੋਹਾਂ ਦੂਰ ਰਹਿਣ ਵਾਲੇ ਤੇ ਸਾਦਾ ਜਿਹਾ ਜੀਵਨ ਬਤੀਤ ਕਰਨ ਵਾਲੇ ਕਰਤਾਰ ਸਿੰਘ ਨੂੰ ਉਸ ਦੇ ਪੇਂਡੂ ਕੰਜੂਸ - ਮੱਖੀ ਚੂਸ ਮੰਨਦੇ ਸਨ ਤੇ ਉਸ ਦੀ ਪਿੱਠ ਪਿੱਛੇ ਨਾਮ ਵੀ ਉਸ ਦਾ ‘ਕਰਤਾਰਾ ਮੱਖੀ ਚੂਸ’ ਹੀ ਚੱਲਦਾ ਸੀਸਾਰੇ ਪਿੰਡ ਦੇ ਲੋਕ ਉਸ ਨੂੰ ਇੱਕ ਨੰਬਰੀ ਤੇ ਸਿਰੇ ਦਾ ਕੰਜੂਸ ਮੰਨਦੇ ਸਨ ਤੇ ਇਸ ਗੱਲ ਦਾ ਕਰਤਾਰ ਸਿੰਘ ਨੂੰ ਵੀ ਪਤਾ ਸੀ, ਪਰ ਉਹ ਕਿਸੇ ਨਾਲ ਕਦੀ ਵੀ ਕੋਈ ਗੁੱਸਾ ਗਿਲਾ ਨਹੀਂ ਸੀ ਕਰਦਾ

ਇੱਕ ਦਿਨ ਅਸੀਂ ਪਿੰਡ ਨੇੜਲੇ ਕਸਬਾ ਅੱਪਰਾ ਵਿੱਚ ਸਬੱਬੀਂ ਇਕੱਠੇ ਹੋਏ ਤੇ ਚਾਹ ਵਾਲੇ ਖੋਖੇ ਅੱਗੇ ਪਏ ਬੈਂਚ ’ਤੇ ਜਾ ਬੈਠੇ। ਮੇਰੇ ਨਾਂਹ ਨਾਂਹ ਕਰਦਿਆਂ ਕਰਤਾਰ ਸਿੰਘ ਨੇ ਚਾਹ ਵਾਲੇ ਨੂੰ ਦੋ ਕੱਪ ਚਾਹ ਬਣਾਉਣ ਵਾਸਤੇ ਕਹਿ ਦਿੱਤਾ। ਅਸੀਂ ਦੋਵੇਂ ਜਣੇ ਬੈਠੇ ਅਜੇ ਇੱਧਰ ਉੱਧਰ ਦੀਆਂ ਹੀ ਮਾਰ ਰਹੇ ਸੀ ਕਿ ਕਰਤਾਰ ਸਿੰਘ ਦੇ ਪਿੰਡ ਚੱਕ ਸਾਹਬੂ ਤੋਂ ਉਸ ਦਾ ਇੱਕ ਪੇਂਡੂ ਵੀ ਸਾਇਕਲ ’ਤੇ ਕੋਲੋਂ ਲੰਘਣ ਲੱਗਿਆ ਆ ਖੜ੍ਹਾ ਹੋਇਆ। ਕਰਤਾਰ ਸਿੰਘ ਨੇ ਚਾਹ ਵਾਲੇ ਨੂੰ ਇਸ਼ਾਰਾ ਕਰਕੇ ਦੋ ਦੀ ਬਜਾਏ ਤਿੰਨ ਕੱਪ ਚਾਹ ਬਣਾਉਣ ਵਾਸਤੇ ਕਹਿ ਦਿੱਤਾ, ਪਰ ਉਸ ਦੇ ਪੇਂਡੂ ਨੇ ਮਨ੍ਹਾ ਕਰਦਿਆਂ ਕਹਿ ਦਿੱਤਾ, “ਮੈਂ ਕੰਜੂਸ ਬੰਦਿਆਂ ਕੋਲੋਂ ਚਾਹ ਨਹੀਂ ਪੀਂਦਾ।”

ਮੈਂਨੂੰ ਕਰਤਾਰ ਸਿੰਘ ਦੇ ਪੇਂਡੂ ਦੀ ਉਕਤ ਗੱਲ ਬਹੁਤ ਬੁਰੀ ਲੱਗੀ ਜਦ ਕਿ ਕਰਤਾਰ ਸਿੰਘ ਮੁਸਕਰਾ ਕੇ ਟਾਲ ਗਿਆਮੈਂ ਸਾਇਕਲ ’ਤੇ ਲੱਤ ਲਾਈ ਖੜ੍ਹੇ ਉਸ ਸ਼ਖਸ ਨੂੰ ਕਿਹਾ, “ਚਲੋ ਕੋਈ ਗੱਲ ਨਹੀਂ, ਜੇਕਰ ਕੰਜੂਸਾਂ ਦੀ ਚਾਹ ਨਹੀਂ ਪੀਣੀ ਤਾਂ ਅੱਜ ਕੰਜੂਸਾਂ ਨੂੰ ਪਿਲਾ ਹੀ ਦਿਓ!’ ਉਸ ਬੰਦੇ ਨੇ ਹਾਮੀ ਭਰ ਦਿੱਤੀ ਤੇ ਤਿੰਨ ਕੱਪ ਚਾਹ ਦੇ ਨਾਲ ਬਿਸਕੁਟਾਂ ਦੇ ਪੈਸੇ ਦੇਣ ਵਾਸਤੇ ਵੀ ਰਾਜ਼ੀ ਹੋ ਗਿਆ ਇਸਦੇ ਨਾਲ ਹੀ ਉਸ ਨੇ ਆਪਣੇ ਸਾਇਕਲ ਨੂੰ ਸਟੈਂਡ ’ਤੇ ਖੜ੍ਹਾ ਕੀਤਾ ਤੇ ਸਾਡੇ ਨਾਲ ਹੀ ਬੈਂਚ ’ਤੇ ਆ ਬੈਠਾ ਤੇ ਫਿਰ ਗੱਲਾਂਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ

ਗੱਲਾਂ ਗੱਲਾਂ ਵਿੱਚ ਹੀ ਮੈਂ ਕਰਤਾਰ ਲਿੰਘ ਦੇ ਪੈਂਡੂ ਨੂੰ ਟਕੋਰ ਮਾਰੀ ਤੇ ਕਿਹਾ ਕਿ ਉਹ ਖੋਲ੍ਹ ਕੇ ਦੱਸੇ ਕਿ ਕਰਤਾਰ ਸਿੰਘ ਕੰਜੂਸ ਕਿਵੇਂ ਹੈ? ਤਾਂ ਉਸ ਨੇ ਦੱਸਣਾ ਸ਼ੁਰੂ ਕੀਤਾ, “ਦੇਖੋ ਜੀ, ਜੋ ਵਿਅਕਤੀ ਹਮੇਸ਼ਾ ਸਿਰਫ ਪੈਸੇ ਹੀ ਜੋੜਨ ਲੱਗਾ ਰਹੇ, ਕਦੇ ਕਿਸੇ ਨੂੰ ਚਾਹ ਪਾਣੀ ਨਾ ਪਿਲਾਏ ਤੇ ਅੰਤਾਂ ਦਾ ਪੈਸਾ ਕੋਲ ਹੁੰਦਿਆਂ ਸੁੰਦਿਆਂ, ਨਾ ਹੀ ਆਪ ਕਿਸੇ ਚੱਜ ਦਾ ਪਹਿਨੇ ਤੇ ਖਾਏ, ਤੇ ਨਾ ਹੀ ਕਿਸੇ ਹੋਰ ਬਾਰੇ ਸੋਚੇ ਤੇ ਫਿਰ ਉਹ ਸਿਰੇ ਦਾ ਕੰਜੂਸ ਹੀ ਹੁੰਦਾ ਹੈ ਤੇ ਅਜਿਹੇ ਬੰਦਿਆਂ ਵਿੱਚੋਂ ਸਾਡਾ ਕਰਤਾਰਾ ਵੀ ਇੱਕ ਹੈ।”

ਕਰਤਾਰ ਸਿੰਘ ਨੇ ਆਪਣੇ ਪੇਂਡੂ ਵੱਲ ਦੇਖਿਆ ਤੇ ਮਿੰਨਾ ਜਿਹਾ ਮੁਸਕਰਾਇਆ, ਪਰ ਮੂੰਹੋਂ ਬੋਲਿਆ ਕੁਝ ਨਾ। ਮੈਂ ਕਰਤਾਰ ਸਿੰਘ ਦਾ ਮੋਢਾ ਫੜਿਆ ਤੇ ਉਸ ਨੂੰ ਹਲੂਣਦਿਆਂ ਕਿਹਾ ਕਿ ਕਰਤਾਰ ਸਿੰਹਾਂ, ਬਈ ਅੱਜ ਸੱਚ ਸੱਚ ਦੱਸ ਕਿ ਤੂੰ ਸੱਚੀਂ ਕੰਜੂਸ ਹੈਂ ਜਾਂ ਨਹੀਂ? ਤਾਂ ਕਰਤਾਰ ਸਿੰਘ ਨੇ ਆਪਣੀ ਪੈਂਟ ਦੇ ਦੋਵੇਂ ਪੌਂਚੇ ਗੋਡਿਆਂ ਤਕ ਉੱਪਰ ਚੁੱਕ ਕੇ ਗਰਮ ਲੋਹੇ ਦੀ ਢਲਾਈ ਦੇ ਛਿੱਟਿਆਂ ਨਾਲ ਸੜੇ ਹੋਏ ਪੈਰ ਅਤੇ ਪਿੰਨੀਆਂ ਦਿਖਾਉਂਦੇ ਹੋਏ ਕਿਹਾ, “ਇਸ ਤਰ੍ਹਾਂ ਸਖਤ ਮਿਹਨਤ ਕਰਕੇ ਕਮਾਏ ਪੈਸੇ ਨੂੰ ਖਰਚਣ ਤੋਂ ਪਹਿਲਾਂ ਇਹ ਲੱਤਾਂ ਅਤੇ ਇਹਨਾਂ ਉਤਲੇ ਤੱਤੇ ਲੋਹੇ ਦੇ ਛਿੱਟਿਆਂ ਦੇ ਨਾਲ ਸੜੇ ਹੋਏ ਮਾਸ ਦੇ ਕਾਲੇ ਨਿਸ਼ਾਨ ਹਮੇਸ਼ਾ ਮੇਰੀਆਂ ਅੱਖਾਂ ਅੱਗੇ ਆ ਜਾਂਦੇ ਹਨ, ਜਿਸ ਕਰਕੇ ਪੈਸਾ ਖ਼ਰਚਣ ਤੋਂ ਪਹਿਲਾਂ ਮੈਂ ਸੌ ਵਾਰ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ। ਹੁਣ ਕੋਈ ਮੈਂਨੂੰ ਕੰਜੂਸ ਕਹੇ ਜਾਂ ਕੁਝ ਵੀ ਹੋਰ ਕਹੇ, ਪਰ ਮੈਂਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਹਰ ਮਿਹਨਤਕਸ਼ ਇਸੇ ਤਰ੍ਹਾਂ ਦਾ ਹੁੰਦਾ ਹੈ। ਜਿਸ ਕੋਲ ਬਿਨਾਂ ਮਿਹਨਤ ਕੀਤਿਆਂ ਧਨ ਪਦਾਰਥ ਆ ਗਿਆ, ਉਸ ਨੂੰ ਨਾ ਹੀ ਧਨ ਪਦਾਰਥ ਦੀ ਕਦਰ ਹੁੰਦੀ ਹੈ ਤੇ ਨਾ ਹੀ ਮਿਹਨਤਕਸ਼ ਲੋਕਾਂ ਦੀ ਪਹਿਚਾਣ ਹੁੰਦੀ ਹੈ। ...”

ਚਾਹ ਆ ਚੁੱਕੀ ਸੀ ਤੇ ਚਾਹ ਪੀਂਦਿਆਂ ਮੈਂ ਦੇਖ ਰਿਹਾ ਸਾਂ ਕਿ ਕਰਤਾਰ ਸਿੰਘ ਚਾਹ ਦੀਆਂ ਚੁਸਕੀਆਂ ਭਰਦਾ ਹੋਇਆ ਬੜਾ ਸਕੂਨ ਤੇ ਖੁਸ਼ੀ ਮਹਿਸੂਸ ਕਰ ਰਿਹਾ ਸੀਸ਼ਾਇਦ ਉਹ ਆਪਣੇ ਦਿਲ ਦਾ ਗੁਬਾਰ ਕੱਢ ਕੇ ਆਪਣੇ ਆਪ ਨੂੰ ਹਲਕਾ ਫੁੱਲ ਮਹਿਸੂਸ ਕਰ ਰਿਹਾ ਸੀ। ਮੈਂਨੂੰ ਵੀ ਇਸ ਗੱਲ ’ਤੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਕਰਤਾਰ ਸਿੰਘ ਵਰਗਾ ਦਿਨ ਰਾਤ ਸਖ਼ਤ ਮਿਹਨਤ ਕਰਕੇ ਕਾਮਯਾਬ ਹੋਣ ਵਾਲਾ ਇਨਸਾਨ ਮੇਰਾ ਦੋਸਤ ਹੈ। ਜਦ ਕਿ ਦੂਜੇ ਪਾਸੇ ਕਰਤਾਰ ਸਿੰਘ ਦੇ ਪੇਂਡੂ ਦੇ ਚਿਹਰੇ ’ਤੇ ਚਾਹ ਪਾਣੀ ਤੇ ਬਿਸਕੁਟਾਂ ਦੇ ਪੈਸੇ ਆਪਣੀ ਜੇਬੋਂ ਚਾਹ ਵਾਲੇ ਨੂੰ ਦੇਣ ਦੇ ਬਾਵਜੂਦ ਵੀ ਹਵਾਈਆਂ ਉੱਡ ਰਹੀਆਂ ਸਨ ਤੇ ਇਸ ਤਰ੍ਹਾਂ ਦੇ ਹਾਵ ਭਾਵ ਉੱਭਰ ਕੇ ਸਾਹਮਣੇ ਆ ਰਹੇ ਸਨ ਕਿ ਜਿਵੇਂ ਚਾਹ ਉਸ ਨੂੰ ਕੌੜੀ, ਬਕਬਕੀ ਤੇ ਕੁਨੀਨ ਦੀ ਗੋਲੀ ਵਰਗੀ ਲੱਗ ਰਹੀ ਹੋਵੇ। ਕਰਤਾਰ ਸਿੰਘ ਦੀ ਪੈਂਟ ਦੇ ਪੌਂਚੇ ਅਜੇ ਵੀ ਗੋਡਿਆਂ ਤਕ ਚੁੱਕੇ ਹੋਏ ਸਨ ਤੇ ਲੱਤਾਂ ਉੱਤੇ ਗਰਮ ਲੋਹੇ ਨਾਲ ਪਏ ਸਾੜੇ ਦੇ ਨਿਸ਼ਾਨ ਉਸ ਦੁਆਰਾ ਭਰ ਜਵਾਨੀ ਦੇ ਸਾਲਾਂ ਵਿੱਚ ਕੀਤੀ ਗਈ ਸਖਤ ਮਿਹਨਤ ਦੀ ਦਾਸਤਾਨ ਬਿਆਨ ਕਰਨ ਦੇ ਨਾਲ ਨਾਲ ਹੀ ਕੰਜੂਸੀ ਦੀ ਸਹੀ ਪਰਿਭਾਸ਼ਾ ਵੀ ਦੱਸ ਰਹੇ ਸਨ ਤੇ ਇਹ ਵੀ ਕਹਿ ਰਹੇ ਸਨ ਕਿ ਬਿਨਾ ਕੋਈ ਕਾਰਨ ਜਾਣੇ ਹਰ ਇੱਕ ਉੱਤੇ ਮਨਮਰਜ਼ੀ ਦਾ ਬਿੱਲਾ ਲਾਉਣਾ ਜਿੱਥੇ ਗਲਤ ਹੁੰਦਾ ਹੈ, ਉੱਥੇ ਕਈ ਵਾਰ ਇਹ ਕਿਸੇ ਸਖ਼ਤ ਮਿਹਨਤ ਕਰਕੇ ਕਾਮਯਾਬ ਹੋਣ ਵਾਲੇ ਇਨਸਾਨ ਪ੍ਰਤੀ ਈਰਖਾ ਤੇ ਸਾੜੇ ਦਾ ਪ੍ਰਗਟਾਵਾ ਵੀ ਹੋ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2276)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author