ShingaraSDhillon7ਮਤਲਬੀ ਲੋਕਾਂ ਦਾ ਸਿਰਫ ਇੱਕ ਹੀ ਧਰਮ ਹੁੰਦਾ ਹੈ ਤੇ ਉਹ ਹੁੰਦਾ ਹੈ ...
(25 ਅਕਤੂਬਰ 2021)

 

ਪੂਰੇ ਭਾਰਤ ਦੀਆਂ ਕਥਿਤ ਸਿਆਸੀ ਪਾਰਟੀਆਂ ਵਿੱਚ ਸਿਆਸਤ ਤੋਂ ਇਲਾਵਾ ਬਾਕੀ ਸਭ ਕੁਝ ਹੈ। ਸਿਆਸੀ ਨੇਤਾ ਵਧੀਆ ਲੱਛੇਦਾਰ ਬਿਆਨ, ਐਲਾਨ ਕਰਦੇ ਹਨ। ਵੱਡੇ ਵੱਡੇ ਜੁਮਲੇ ਛੱਡਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਤੇ ਲੋਕ ਖੁਸ਼ ਹੋ ਕੇ ਮੂਰਖ ਬਣਦੇ ਵੀ ਹਨ। ਹੱਕੀ ਸੰਘਰਸ਼ਾਂ ਦਾ ਹੱਲ ਕੱਢਣ ਦੀ ਬਜਾਏ, ਉਹਨਾਂ ਨੂੰ ਫਿਰਕੂ ਅਤੇ ਸਿਆਸੀ ਰੰਗ ਕਿਵੇਂ ਚਾੜ੍ਹਨਾ ਜਾਂ ਫਿਰ ਸੰਘਰਸ਼ਾਂ ਵਿੱਚ ਫੁੱਟ ਦੀ ਸੇਹ ਦਾ ਤੱਕਲ਼ਾ ਗੱਡਕੇ ਉਹਨਾਂ ਦੀ ਫੂਕ ਕੱਢਕੇ ਉਹਨਾਂ ਨੂੰ ਫੇਲ ਕਿਵੇਂ ਕਰਨਾ, ਹੇਰਾ ਫੇਰੀ ਤੇ ਧੋਖਾ ਕਿਵੇਂ ਕਰਨਾ, ਇਹ ਸਭ ਪੂਰੀ ਦੁਨੀਆ ਘੁੰਮਣ ਤੋਂ ਬਾਅਦ ਸਿਰਫ ਭਾਰਤ ਦੇ ਸਿਆਸੀ ਗਲਿਆਰਿਆ ਵਿੱਚ ਹੀ ਹੁੰਦਾ ਵਾਪਰਦਾ ਦੇਖਿਆ ਜਾ ਸਕਦਾ। ਇਹ ਉਹ ਮੁਲਕ ਹੈ ਜਿੱਥੇ ਵੱਡੇ ਵੱਡੇ ਘਪਲੇ ਹੁੰਦਿਆਂ ਸਾਰ ਹੀ ਪਤਾਲ ਵਿੱਚ ਗਰਕ ਕੇ ਖਤਮ ਹੋ ਜਾਂਦੇ ਹਨ। ਜਾਂਚ ਪੜਤਾਲਾਂ ਸਿਰਫ ਲੋਕਾਂ ਦੀ ਹਾਲ ਪਾਹਰਿਆ ਨੂੰ ਸ਼ਾਂਤ ਕਰਨ ਵਾਸਤੇ ਬਿਠਾਈਆਂ ਜਾਂਦੀਆਂ ਹਨ ਤੇ ਕੁਝ ਕੁ ਮਹੀਨੇ ਬਾਅਦ ਕਿਸੇ ਨਵੇਂ ਮੁੱਦੇ ਦੇ ਸਾਹਮਣੇ ਆਉਣ ਤੋਂ ਬਾਅਦ ਪਹਿਲੇ ਮੁੱਦੇ ਖਤਮ ਹੋ ਜਾਂਦੇ ਹਨ। ਤੇ ਫਿਰ ਨਵੇਂ ਮੁੱਦੇ ਨੂੰ ਖਤਮ ਕਰਨ ਵਾਸਤੇ ਪਹਿਲਾਂ ਵਾਲੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਹ ਸਿਲਸਿਲਾ ਬਾਦਸਤੂਰ ਚੱਲਦਾ ਰਹਿੰਦਾ ਹੈ। ਕਦੇ ਕਿਸੇ ਭ੍ਰਿਸ਼ਟ ਨੇਤਾ ਨੂੰ ਕੋਈ ਮਾੜੀ ਮੋਟੀ ਸਜ਼ਾ ਮਿਲ ਜਾਵੇ ਤਾਂ ਮਿਲ ਜਾਵੇ, ਪਰ ਆਮ ਕਰਕੇ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।

ਗੱਲ ਪੰਜਾਬ ਦੀ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤੋਂ ਪੈਦਲ ਕੀਤਿਆਂ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਚਰਨਜੀਤ ਚੰਨੀ, ਸਰਕਾਰੀ ਜਹਾਜ਼ਾਂ ਦੇ ਝੂਟੇ ਮਾਟੇ ਕਰ ਰਹੇ ਹਨ, ਦਿੱਲੀ ਦੀ ਆਉਂਦਕ ਜਾਂਦਕ ਕਰ ਰਹੇ ਹਨ। ਨਵਜੋਤ ਸਿੱਧੂ ਅਜੇ ਵੀ ਰੁੱਸਿਆ ਹੋਇਆ ਹੈ। ਕੈਪਟਨ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਪਿਆਰ ਪੀਂਘਾਂ ਚੜ੍ਹਾਉਣ ਦੀਆਂ ਗੱਲਾਂ ਕਰ ਰਿਹਾ ਹੈ। ਉਸ ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਦਾ ਨਾਮ ਇੱਕ ਵਾਰ ਫਿਰ ਚਰਚਾ ਵਿੱਚ ਹੈ। ਪੰਜਾਬ ਕਾਂਗਰਸ ਮੁੱਦਿਆਂ ’ਤੇ ਕੰਮ ਕਰਨ ਦੀ ਬਜਾਏ ਇੱਕ ਵਾਰ ਫਿਰ ਬਿਆਨ, ਐਲਾਨ ਤੇ ਇਲਜ਼ਾਮਤਰਾਸ਼ੀ ਦੇ ਮੋਡ ਵਿੱਚ ਹੈ। ਨਵਜੋਤ ਸਿੱਧੂ ਚੁੱਪ ਹੈ, ਪਰ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਦੀ ਜਗਾਹ ਮੋਰਚਾ ਸੰਭਾਲਿਆ ਹੋਇਆ ਹੈ। ਗੱਲ ਕੀ ਪੰਜਾਬੀ ਦੇ ਇੱਕ ਅਖਾਣ ਮੁਤਾਬਿਕ “ਗੱਲਬਾਤੀਂ ਮੈਂ ਵੱਡੀ ਤੇ ਕਰਤੂਤੀ ਮੇਰੀ ਜਿਠਾਣੀ” ਵਾਲਾ ਸੀਨ ਇਸ ਵੇਲੇ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾ ਹੀ ਪੰਜਾਬ ਦੇ ਆਮ ਲੋਕਾਂ ਨੂੰ ਤੇ ਨਾ ਹੀ ਆਪਣੇ ਆਪ ਨੂੰ ਪੰਜਾਬ ਦੇ ਘਾਗ ਸਿਆਸੀ ਨੇਤਾ ਸਮਝਣ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਪਟਿਆਲਾ ਰਿਆਸਤ, ਜੋ ਹਮੇਸ਼ਾ ਹੀ ਭਾਰਤ ਵਿਰੋਧੀ ਰਹੀ ਹੈ ਤੇ ਬਾਹਰਲੀਆਂ ਤਾਕਤਾਂ ਦੀ ਹੱਥ ਠੋਕਾ ਤੇ ਜੀ ਹਜ਼ੂਰ ਪਿੱਠੂ ਬਣਕੇ ਵੱਡੇ ਵੱਡੇ ਖ਼ੈਰਾਤੀ ਤੋਹਫ਼ੇ ਲੈਂਦੀ ਰਹੀ ਹੈ, ਉਸ ਦਾ ਜਾਨਸ਼ੀਨ ਵੀ ਅੱਜ ਤੱਕ ਆਪਣੀ ਪਰੰਪਰਾ ਮੁਤਾਬਿਕ ਹੀ ਪੰਜਾਬ ਵਾਸੀਆਂ ਦੇ ਅੱਖੀਂ ਘੱਟਾ ਝੋਕਦਾ ਰਿਹਾ ਹੈ।

ਦੂਰ ਨਾ ਜਾਓ, ਸਾਢੇ ਚਾਰ ਸਾਲ ਦਾ ਇਤਿਹਾਸ ਹੀ ਫੋਲ ਲਓ। 2017 ਵਿੱਚ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਦੀ ਸਾਂਝੀ ਰਣਨੀਤੀ ਨਾਲ ਮੁੱਖ ਮੰਤਰੀ ਬਣਿਆ। ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਪਲਾਂਟ ਕੀਤਾ, ਸ਼ਹਿਰੀ ਹਿੰਦੂ ਵੋਟ ਪੁਆਈ। ਅਕਾਲੀਆਂ ਨੂੰ ਆਪਣੇ ਬਰਗਾੜੀ, ਬਹਿਬਲ ਕਲਾਂ ਤੇ ਸੌਦਾ ਸਾਧ ਸਮੇਤ ਹੋਰ ਬਹੁਤ ਸਾਰੇ ਕਾਲੇ ਕਾਰਨਾਮਿਆਂ ਦੇ ਪਰਦਾਫਾਸ਼ ਹੋਣ ਦਾ ਡਰ ਸੀ। ਉਹਨਾਂ ਨੇ ਮਜਬੂਰੀ ਵੱਸ ਅਮਰਿੰਦਰ ਸਿੰਘ ਜਿਤਾਉਣ ਵਿੱਚ ਹੀ ਆਪਣੀ ਭਲਾਈ ਸਮਝੀ। ਇਸ ਤਰ੍ਹਾਂ ਪੰਜਾਬ ਵਿੱਚ ਕਾਂਗਰਸ ਦੀ ਨਹੀਂ, ਬਲਕਿ ਅਮਰਿੰਦਰ ਸਿੰਘ ਦੇ ਨਾਮ ’ਤੇ ਪੰਜਾਬ ਵਿੱਚ ਸਰਕਾਰ ਬਣੀ।

ਅਮਰਿੰਦਰ ਸਿੰਘ ਦੀ ਸਰਕਾਰ ਨੇ ਕਾਰਗੁਜ਼ਾਰੀ ਵੀ ਅਕਾਲੀ ਭਾਜਪਾਈਆਂ ਨਾਲ ਹੋਏ ਚੋਣ ਸਮਝੌਤੇ ਮੁਤਾਬਿਕ ਹੀ ਨਿਭਾਈ। ਰੇਤ ਅਤੇ ਟਰਾਂਸਪੋਰਟ ਮਾਫ਼ੀਆ ਵਧਦਾ ਫੁੱਲਦਾ ਰਿਹਾ। ਬੇਅਦਬੀ ਕਾਂਡ ਸਮੇਤ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਰੁਲ਼ਦੇ ਰਹੇ। ਜਾਂਚ ਕਮੇਟੀਆਂ ਬਣਦੀਆਂ ਤੇ ਰੱਦ ਹੁੰਦੀਆਂ ਰਹੀਆਂ। ਨਵਜੋਤ ਸਿੱਧੂ ਸਮੇਤ ਕੁਝ ਹੋਰ ਕਾਂਗਰਸੀ ਕਿਧਰੇ ਦੱਬੀ ਤੇ ਕਿਧਰੇ ਉੱਚੀ ਸੁਰ ਵਿੱਚ ਰੌਲਾ ਪਾਉਂਦੇ ਰਹੇ। ਪਰ ਉਹਨਾਂ ਦੀ ਆਵਾਜ਼ ਨਗਾਰੇ ਦੇ ਸ਼ੋਰ ਵਿੱਚ ਤੂਤੀ ਬਣਕੇ ਦਫ਼ਨ ਹੁੰਦੀ ਰਹੀ। ਆਖਿਰ ਨੱਕ ਤੋਂ ਚੋ ਕੇ ਜਦੋਂ ਮੂੰਹ ਵਿੱਚ ਜਾ ਪਈ ਜਾਂ ਕਹਿ ਲਓ ਕਿ ਪਾਣੀ ਸਿਰ ਉੱਤੋਂ ਲੰਘਿਆ ਜਾਂਦਾ ਦੇਖ ਕੇ ਕੈਪਟਨ ਨੂੰ ਚੱਲਦਾ ਕੀਤਾ ਗਿਆ। ਪਰ ਹੁਣ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ ਤੇ ਕੈਪਟਨ, ਭਾਜਪਾ ਦੇ ਤੈਅ ਸ਼ੁਦਾ ਏਜੰਡੇ ਮੁਤਾਬਿਕ ਨਿੱਤ ਦਿਨ ਨਵੇਂ ਬਿਆਨ ਦੇ ਕੇ ਚੰਨੀ ਸਰਕਾਰ ਨੂੰ ਗੱਲਬਾਤ ਵਿੱਚ ਉਲਝਾ ਕੇ ਕੋਈ ਸਾਰਥਿਕ ਕੰਮ ਨਹੀਂ ਕਰਨਾ ਦੇਣਾ ਚਾਹੁੰਦਾ ਤੇ ਕਾਫ਼ੀ ਹੱਦ ਤਕ ਉਹ ਇਸ ਪੱਖੋਂ ਕਾਮਯਾਬ ਵੀ ਹੋ ਰਿਹਾ ਹੈ।

ਅਮਰਿੰਦਰ ਸਿੰਘ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕਦੇ ਵੀ ਕਾਂਗਰਸੀ ਬਣਕੇ ਨਹੀਂ ਵਿਚਰਿਆ। ਕਰਤਾਰਪੁਰ ਲਾਂਘੇ ਬਾਰੇ ਉਸ ਦੇ ਬਿਆਨ ਚੁੱਕ ਲਓ ਜਾਂ ਪਾਕਿਸਤਾਨ ਨੂੰ ਲੈ ਕੇ ਦਿੱਤੇ ਬਿਆਨ ਦੇਖ ਲਓ। ਅੰਮ੍ਰਿਤਸਰ ਜੌੜੇ ਫਾਟਕ ਵਾਲਾ ਰੇਲ ਕਾਂਡ ਦਰਅਸਲ ਅਮਰਿੰਦਰ, ਭਾਜਪਾ ਤੇ ਅਕਾਲੀਆਂ ਦੀ ਕਥਿਤ ਮਿਲੀ ਭੁਗਤ ਦਾ ਹੀ ਨਤੀਜਾ ਸੀ ਜਿਸਦਾ ਮਕਸਦ ਨਵਜੋਤ ਸਿੱਧੂ ਦਾ ਸਿਆਸੀ ਕੈਰੀਅਰ ਖਤਮ ਕਰਨਾ ਸੀ। ਇਹੀ ਕਾਰਨ ਰਿਹਾ ਕਿ ਸਿੱਧੂ ਉਹਨੀਂ ਦਿਨੀਂ ਨੰਗੇ ਧੜ ਵਿਚਰਿਆ ਤੇ ਪੀੜਤਾਂ ਦੀ ਹਰ ਤਰ੍ਹਾਂ ਮਦਦ ਕਰਦਾ ਨਜ਼ਰ ਆਇਆ। ਇਹ ਵੀ ਕੌੜਾ ਸੱਚ ਹੈ ਕਿ ਉਸ ਕਾਂਡ ਦਾ ਅੱਜ ਤਕ ਨਾ ਹੀ ਕੁਝ ਬਣਿਆ ਹੈ ਤੇ ਨਾ ਹੀ ਅੱਗੇ ਕੁਝ ਬਣਨਾ ਹੈ। ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਵਾਲੇ ਉਸ ਦੇ ਬਿਆਨਾਂ ਦੀ ਘੋਖ ਪੜਤਾਲ ਕਰ ਲਓ ਜਾਂ ਫਿਰ ਅਰੂਸਾ ਸੰਬੰਧੀ ਜੋ ਉਹ ਇਹ ਕਹਿ ਰਿਹਾ ਹੈ ਕਿ ਉਹ ਤਾਂ ਪਿਛਲੇ ਸੋਲ੍ਹਾਂ ਸਾਲਾਂ ਤੋਂ ਭਾਰਤ ਸਰਕਾਰ ਰਾਹੀਂ ਵੀਜ਼ਾ ਪ੍ਰਾਪਤ ਕਰਕੇ ਉਸ ਕੋਲ ਰਹਿ ਰਹੀ ਹੈ, ਜਿਸਦਾ ਭਾਵ ਇਹ ਹੈ ਕਿ ਕੇਂਦਰ ਸਰਕਾਰ ਦੀ ਪੁਸ਼ਤਪਨਾਹੀ ਹਮੇਸ਼ਾ ਹੀ ਉਸ ਨੂੰ ਉਕਤ ਮਾਮਲੇ ਵਿੱਚ ਮਿਲਦੀ ਰਹੀ ਹੈ। ਪਤਾ ਲੱਗਾ ਹੈ ਕਿ ਲੰਮਾ ਸਮਾਂ ਤਾਂ ਕਥਿਤ ਰੂਪ ਵਿੱਚ ਪਰਕਾਸ਼ ਸਿੰਘ ਬਾਦਲ ਹੀ ਅਰੂਸਾ ਆਲਮ ਨੂੰ ਵੀਜ਼ਾ ਦੇਣ ਦੀ ਸ਼ਿਫਾਰਸ਼ ਭਾਰਤ ਸਰਕਾਰ ਨੂੰ ਕਰਦੇ ਰਹੇ ਹਨ ਤੇ ਉਸ ਤੋਂ ਬਾਅਦ ਭਾਜਪਾ ਦੇ ਕਈ ਵਜ਼ੀਰ ਵੀ ਇੱਕ ਦੂਸਰੇ ਤੋਂ ਅੱਗੇ ਹੋ ਕੇ ਇਹੋ ਕੁਝ ਕਰਦੇ ਰਹੇ ਹਨ।

ਮੁੱਕਦੀ ਗੱਲ ਇਹ ਕਿ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਵਿੱਚ ਭਾਜਪਾ ਦੀ ਪਲਾਂਟੇਸ਼ਨ ਰਿਹਾ ਜਿਸਦੀ ਦੇਖ ਭਾਲ ਅਕਾਲੀ ਕਰਦੇ ਰਹੇ ਤੇ ਬਿੱਲੀ ਥੈਲੇ ਤੋਂ ਬਾਹਰ ਆਉਣ ਨਾਲ ਅਮਰਿੰਦਰ ਸਿੰਘ ਸਿੱਧੇ ਤੌਰ ’ਤੇ ਨਿਤ ਦਿਨ ਕੇਂਦਰ ਦੇ ਭਾਜਪਾ ਮੰਤਰੀਆਂ ਨੂੰ ਮਿਲਣ ਲੱਗ ਪਿਆ ਤੇ ਜ਼ਾਹਿਰਾ ਤੌਰ ’ਤੇ ਕਹਿਣ ਲੱਗ ਪਿਆ ਕਿ ਉਹ ਭਾਜਪਾ ਵਿੱਚ ਵੀ ਜਾ ਸਕਦੇ ਹਨ ਤੇ ਭਾਜਪਾ ਦੇ ਗਠਜੋੜ ਨਾਲ ਨਵੀਂ ਪਾਰਟੀ ਵੀ ਬਣਾ ਸਕਦੇ ਹਨ, ਪਰ ਕਾਂਗਰਸ ਵਿੱਚ ਨਹੀਂ ਰਹਿਣਗੇ। ਉਹ ਇਹ ਵੀ ਕਹਿ ਰਿਹਾ ਹੈ ਕਿ ਭਾਜਪਾ ਕੋਈ ਫਿਰਕੂ ਪਾਰਟੀ ਨਹੀਂ, ਸਗੋਂ ਦੇਸ਼ ਦੀ ਵਧੀਆ ਸਿਆਸੀ ਪਾਰਟੀ ਹੈ। ਹੋਰ ਤੇ ਹੋਰ ਪਾਕਿਸਤਾਨ ਸਰਹੱਦ ਤੋਂ ਬੀ ਐੱਸ ਐੱਫ ਦੇ ਘੇਰੇ ਨੂੰ ਬਾਰਾਂ ਕਿਲੋਮੀਟਰ ਤੋਂ ਵਧਾ ਕੇ ਕੇਂਦਰ ਦੇ ਫ਼ੈਸਲੇ ਮੁਤਾਬਿਕ ਪੰਜਾਹ ਕਿਲੋਮੀਟਰ ਤਕ ਕੀਤੇ ਜਾਣ ਨੂੰ ਵੀ ਉਹ ਸਹੀ ਮੰਨ ਰਹੇ ਹਨ। ਇਹਨਾਂ ਸਭ ਤੱਥਾਂ ਤੋਂ ਸਾਫ ਹੋ ਜਾਂਦਾ ਹੈ ਕਿ ਅਮਰਿੰਦਰ ਸਿੰਘ ਕਦੇ ਵੀ ਨਾ ਹੀ ਕਾਂਗਰਸੀ ਤੇ ਨਾ ਪੰਜਾਬੀਆਂ ਦੇ ਨਾਲ ਸੀ, ਉਹ ਹਮੇਸ਼ਾ ਹੀ ਆਪਣੀ ਕੁਰਸੀ ਦੇ ਏਜੰਡੇ ਨੂੰ ਲੈ ਕੇ ਚੱਲਦਾ ਰਿਹਾ ਹੈ। ਜਦੋਂ ਜਦੋਂ ਵੀ ਉਸ ਦੇ ਹੇਠੋਂ ਚੌਧਰ ਵਾਲੀ ਕੁਰਸੀ ਖਿਸਕਦੀ ਰਹੀ, ਉਸ ਦੇ ਤੇਵਰ ਬਦਲਦੇ ਰਹੇ। ਇਹੀ ਕਾਰਨ ਹੈ ਕਿ ਉਹ ਐੱਮ ਪੀ ਬਣਨ ’ਤੇ ਕਦੇ ਲੋਕ ਸਭਾ ਵਿੱਚ ਨਹੀਂ ਗਿਆ ਤੇ ਐੱਮ ਐੱਲ ਏ ਬਣਨ ’ਤੇ ਕਦੇ ਵਿਧਾਨ ਸਭਾ ਵਿੱਚ ਨਹੀਂ ਗਿਆ। ਤੇ ਨਾ ਹੀ ਹੁਣ ਜਾਵੇਗਾ।

ਮਤਲਬੀ ਲੋਕਾਂ ਦਾ ਸਿਰਫ ਇੱਕ ਹੀ ਧਰਮ ਹੁੰਦਾ ਹੈ ਤੇ ਉਹ ਹੁੰਦਾ ਹੈ ਆਪਣਾ ਮਤਲਬ ਕੱਢਣਾ, ਆਪਣਾ ਉੱਲੂ ਸਿੱਧਾ ਕਰਨਾ। ਇਸ ਤਰ੍ਹਾਂ ਦੇ ਲੋਕਾਂ ਨੂੰ ਮੁੱਖ ਮੰਤਰੀ ਬਣਾਓ ਜਾਂ ਫਿਰ ਪ੍ਰਧਾਨ ਮੰਤਰੀ, ਉਹ ਆਪਣੇ ਹੀ ਹਿਤਾਂ ਨੂੰ ਪਹਿਲ ਦੇਣਗੇ ਤੇ ਗੱਲ - ਕੁੱਤਾ ਰਾਜ ਬਹਾਲੀਐ ਫਿਰਿ ਚਕੀ ਚਟੈ - ਵਾਲੀ ਹੀ ਹੋਵੇਗੀ। ਇਹੀ ਕਾਰਨ ਹੈ ਕਿ ਆਪਣੀ ਆਖਰੀ ਸਿਆਸੀ ਪਾਰੀ ਦੱਸਣ ਵਾਲਾ ਹੁਣ ਫਿਰ ਤੋਂ ਕੁਰਸੀ ਦੀ ਲਲ੍ਹਕ ਵਾਸਤੇ ਤਰਲੋਮੱਛੀ ਹੋ ਰਿਹਾ ਹੈ। ਹੁਣ ਅੱਗੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਅਗਾਮੀ ਚੋਣਾਂ ਵਿੱਚ ਕੀ ਫੈਸਲਾ ਲੈਣਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3102)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author