ShingaraSDhillon7ਸਮੁੱਚੇ ਤੌਰ ’ਤੇ ਕਹਿ ਸਕਦੇ ਹਾਂ ਕਿ ਸ਼ੈਲੀ ਵਿਗਿਆਨ ਭਾਸ਼ਾ ਵਿਗਿਆਨ ਦਾ ਉਹ ਅਹਿਮ ਹਿੱਸਾ ਹੈ ਜੋ ...
(2 ਸਤੰਬਰ 2021)

 

ਭਾਸ਼ਾ ਵਿਗਿਆਨ ਇਕ ਅਜਿਹਾ ਵਿਗਿਆਨ ਹੈ ਜੋ ਭਾਸ਼ਾ ਦੀ ਉਤਪਤੀ, ਬਣਤਰ, ਬੁਣਤਰ ਤੇ ਅਰਥ ਜੁਗਤ ਦੀ ਡੂੰਘੀ ਜਾਣਕਾਰੀ ਪ੍ਰਦਾਨ ਕਰਦਾ ਹੈ ਇਹ ਵਿਗਿਆਨ ਕਿਸੇ ਭਾਸ਼ਾ ਨੂੰ ਸਿੱਖਣ ਵਾਲੇ ਵਾਸਤੇ ਮੁਢਲੀ ਜ਼ਰੂਰਤ ਹੁੰਦਾ ਹੈ ਸ਼ੈਲੀ ਵਿਗਿਆਨ ਭਾਸ਼ਾ ਵਿਗਿਆਨ ਦਾ ਇਕ ਅਗਲਾ ਪਾਸਾਰ ਹੈ ਜਿਸ ਦੁਆਰਾ ਮਨੁੱਖ ਵੱਲੋਂ ਵੱਖ ਵੱਖ ਸਮੇਂ, ਸਥਾਨ ਤੇ ਵਿਅਕਤੀਆਂ ਨਾਲ ਜੋ ਗੱਲਬਾਤ ਕੀਤੀ ਜਾਂਦੀ ਹੈ, ਉਸ ਸੰਬੰਧੀ ਵਰਤੀ ਗਈ ਸ਼ੈਲੀ ਦੇ ਰਜਿਸਟਰਾਂ ਦੀ ਪੁਣ-ਛਾਣ ਕੀਤੀ ਜਾਂਦੀ ਹੈ ਮਿਸਾਲ ਵਜੋਂ ‘ਪੈਰ’ ਇਕ ਆਮ ਨਾਂਵ ਹੈ, ਜਿਸ ਨੂੰ ਵੱਖ ਵੱਖ ਸ਼ੈਲੀ ਰਜਿਸਟਰਾਂ ਤਹਿਤ ਵੱਖ ਵੱਖ ਨਾਂਵ ਹੋਰ ਵੀ ਦਿੱਤੇ ਗਏ ਹਨ. ਭਾਵ ਪਸ਼ੂਆ ਦੇ ਪੈਰ ‘ਖੁਰ’ ਹੁੰਦੇ ਹਨ, ਮਹਾਂਪੁਰਖਾਂ ਦੇ ਪੈਰਾਂ ਨੂੰ ‘ਚਰਨ’ ਕਿਹਾ ਜਾਂਦਾ ਹੈ, ਕੱਟੜੂ ਵਛੜੂਆਂ ਦੇ ਪੈਰ ‘ਖੁੰਡੜੂ’ ਹੁੰਦੇ ਹਨ, ਭੇਡਾਂ ਤੇ ਬੱਕਰੀਆਂ ਦੇ ਪੈਰਾਂ ਨੂੰ ‘ਖਰੌਂਡੇ’ ਕਹਿ ਦਿੱਤਾ ਜਾਂਦਾ ਹੈ। ਕੁਰਸੀ, ਮੰਜਾ ਤੇ ਮੇਜ਼ ਦੇ ਚਾਰ ਪੈਰਾਂ ਨੂੰ ‘ਪਾਵੇ’ ਕਿਹਾ ਜਾਂਦਾ ਹੈ ਜਦ ਕਿ ਆਮ ਆਦਮੀ ਦੇ ਪੈਰ ਸਿਰਫ ਪੈਰ ਹੀ ਹੁੰਦੇ ਹਨ

ਧਾਰਮਿਕ ਅਸਥਾਨਾਂ ’ਤੇ ਬੋਲੀ ਦਾ ਰਜਿਸਟਰ ਬਦਲ ਜਾਂਦਾ ਹੈ। ਉੱਥੇ ਰੋਟੀ ਨੂੰ ਫੁਲਕਾ ਵਗੈਰਾ ਕਹਿਣ ਦੀ ਬਜਾਏ ‘ਪਰਸ਼ਾਦਾ’ ਕਿਹਾ ਜਾਂਦਾ ਹੈ, ਦਾਲ ਨੂੰ "ਦਾਲਾ" ਤੇ ਪਾਣੀ ਨੂੰ "ਜਲ" ਕਿਹਾ ਜਾਂਦਾ ਹੈ

ਸਾਡੇ ਆਮ ਮਰ੍ਹਾ ਦੇ ਜੀਵਨ ਵਿਚ ਵੀ ਅਚੇਤ ਜਾਂ ਸੁਚੇਤ ਸਾਡੀ ਬੋਲੀ ਦਾ ਰਜਿਸਟਰ ਬਦਲਦਾ ਰਹਿੰਦਾ ਹੈ ਜਿਸ ਨੂੰ ਕਦੇ ਕਦੇ ਅਸੀਂ ਉਚੇਚ ਕਰਕੇ ਵੀ ਬਦਲਦੇ ਰਹਿੰਦੇ ਹਾਂ। ਉਦਾਹਰਣ ਵਜੋਂ ਵੱਖ ਵੱਖ ਪਰਿਵਾਰਕ ਤੇ ਸਮਾਜਕ ਰਿਸ਼ਤਿਆਂ ਵਿਚਲੀ ਗੱਲਬਾਤ ਦੇ ਰਜਿਸਟਰ ਨੋਟ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਿਚ ਬੱਚਿਆਂ ਦੀ ਆਪਣੇ ਤੋਂ ਵੱਡਿਆਂ ਨਾਲ, ਵਡੇਰਿਆਂ ਦੀ ਛੋਟਿਆਂ ਨਾਲ, ਪਿਓ ਦੀ ਪੁੱਤਰ/ਧੀ ਨਾਲ, ਘਰ ਆਏ ਮਹਿਮਾਨ ਦੀ ਆਓ ਭਗਤ, ਇਕ ਕਰਮਚਾਰੀ ਵਲੋਂ ਆਪਣੇ ਅਧਿਕਾਰੀ ਨਾਲ ਤੇ ਵਕੀਲ ਦੀ ਆਪਣੇ ਕਲਾਇੰਟ ਆਦਿ ਨਾਲ ਕੀਤੀ ਗੱਲਬਾਤ ਦੇ ਰਜਿਸਟਰ ਤੇ ਉਹਨਾਂ ਵਿਚ ਵਰਤੀ ਗਈ ਸ਼ੈਲੀ ਤੇ ਸ਼ਬਦਾਵਲੀ ਦੀ ਵਿਲੱਖਣਤਾ ਨੋਟ ਕੀਤੀ ਜਾ ਸਕਦੀ ਹੈ

ਆਮ ਕਿਹਾ ਜਾਂਦਾ ਹੈ ਕਿ ਬੋਲੀ ਹਰ ਬਾਰਾਂ ਕੋਹ ’ਤੇ ਬਦਲਦੀ ਹੈ ਇਸ ਸੰਬੰਧੀ ਸਿਆਣਿਆਂ ਦੀ ਇਕ ਕਹਾਵਤ ਵੀ ਬੜੀ ਮਸ਼ਹੂਰ ਹੈ ਕਿ ‘ਚਾਰ ਕੋਹ ’ਤੇ ਬਦਲੇ ਪਾਣੀ ਤੇ ਬਾਰਾਂ ਕੋਹ ’ਤੇ ਬਾਣੀ”। ਬੋਲੀ ਦਾ ਇਹ ਸ਼ੈਲੀ ਵਿਗਿਆਨਕ ਵਖਰੇਵਾਂ ਪੰਜਾਬ ਵਿਚ ਜਿੱਥੇ ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਪਹਾੜੀ, ਝਾਂਗੀ, ਹਰਿਆਣਵੀ, ਹਿਮਾਚਲੀ, ਸਰਾਇਕੀ, ਲਾਹੌਰੀ, ਮੁਲਤਾਨੀ ਆਦਿ ਉਪਬੋਲੀ ਰੂਪਕਾਂ ਵਿਚ ਦੇਖਿਆ ਜਾ ਸਕਦਾ ਹੈ, ਉੱਥੇ ਪੰਜਾਬ ਦੇ ਹਰ ਪਿੰਡ ਪੱਧਰ ’ਤੇ ਵੀ ਨੋਟ ਕੀਤਾ ਜਾ ਸਕਦਾ ਹੈ। ਮਿਸਾਲ ਵਜੋਂ ਪੰਜਾਬੀ ਬੋਲੀ ਦਾ ਇਕ ਸ਼ਬਦ ‘ਤੁਹਾਡਾ’ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਥੋਡਾ, ਧੁਆਡਾ. ਧੋਡਾ, ਥੁਆਡਾ, ਸੋਡਾ ਤੇ ਥੋਰਾ ਆਦਿ ਬੋਲੀ ਰਜਿਸਟਰਾਂ ਵਿੱਚ ਆਮ ਹੀ ਵਰਤਿਆ ਜਾਂਦਾ ਹੈ ਤੇ ਇੰਜ ਹੀ ‘ਇਸ ਤਰ੍ਹਾਂ’ ਨੂੰ ਵੱਖ ਵੱਖ ਇਲਾਕਿਆ ਵਿੱਚ ਏਸ ਤਰ੍ਹਾਂ, ਏਤਰਾਂ ਤੇ ਏਕਣ ਵਜੋਂ ਵਰਤਿਆ ਜਾਂਦਾ ਹੈ

ਪੰਜਾਬੀ ਲੋਕਾਂ ਦੇ ਪੱਛਮੀ ਮੁਲਕਾਂ ਵੱਲ ਪਰਵਾਸ ਕਰਨ ਦੇ ਕਾਰਨ ਜਿੱਥੇ ਪੰਜਾਬੀ ਜੀਵਨ ਢੰਗ ਵਿਚ ਹੋਰ ਬਹੁਤ ਸਾਰੇ ਪੱਖਾਂ ਤੋਂ ਬਦਲਾਵ ਆਏ ਹਨ, ਉੱਥੇ ਬੋਲੀ ਦੇ ਸ਼ੈਲੀ ਵਿਗਿਆਨਕ ਰਜਿਸਟਰ ਵਿਚ ਵੀ ਬੜੇ ਉੱਭਰਵੇ ਪ੍ਰਭਾਵ ਸਾਹਮਣੇ ਆਏ ਹਨ। ਜਿਵੇਂ ਟਿਕਟ ਨੂੰ ‘ਟਿਗਟਾਂ’, ਦਰਵਾਜੇ ਖਿੜਕੀਆਂ ਨੂੰ ‘ਡੋਰਾਂ, ਵਿੰਡੇ’, ਬੈਗੇਜ ਨੂੰ ‘ਬੈਗਾਂ’ ਆਦਿ ਉਚਾਰਿਆ ਜਾਣ ਲੱਗਾ ਹੈ ਬੇਸ਼ਕ ਇਹ ਦੂਜੀ ਬੋਲੀ ਦੇ ਸ਼ਬਦਾਂ ਦਾ ਤਦਭਵੀਕਰਨ ਹੀ ਹੈ ਜੋ ਪਹਿਲਾਂ ਉਰਦੂ, ਫ਼ਾਰਸੀ, ਜਾਂ ਫਰੈਂਚ ਤੇ ਅਰਬੀ ਤੋਂ ਵੀ ਹੋਇਆ ਪਰ ਬੋਲੀ ਦੇ ਰਜਿਸਟਰ ਪੱਖੋਂ ਇਸ ਨੂੰ ਇਕ ਨਵੀਂ ਵੰਨਗੀ ਹੀ ਮੰਨਿਆ ਜਾਵੇਗਾ ਇਸੇ ਤਰ੍ਹਾਂ ਕੋਰੋਨਾ ਕਾਲ ਵਿਚ ਵੀ ਬੋਲੀ ਦਾ ਨਵਾਂ ਰਜਿਸਟਰ ਸਾਹਮਣੇ ਆਇਆ ਹੈ, ਜਿਸ ਵਿਚ ਕੋਵਿਡ, ਕੁਆਰਟੀਨ, ਕੋਵਿਡ ਲੇਨ , ਕੋਵਿਡ ਸੈਂਟਰ ਆਦਿ ਵਰਗੇ ਅਨੇਕਾਂ ਹੀ ਉਹ ਸ਼ਬਦ ਜੋ ਪਹਿਲਾਂ ਨਹੀਂ ਵਰਤੇ ਜਾਂਦੇ ਸਨ. ਸਾਡੀ ਬੋਲੀ ਦਾ ਹਿੱਸਾ ਬਣੇ

ਸਮੁੱਚੇ ਤੌਰ ’ਤੇ ਕਹਿ ਸਕਦੇ ਹਾਂ ਕਿ ਸ਼ੈਲੀ ਵਿਗਿਆਨ ਭਾਸ਼ਾ ਵਿਗਿਆਨ ਦਾ ਉਹ ਅਹਿਮ ਹਿੱਸਾ ਹੈ ਜੋ ਬੋਲੀ ਦੇ ਰਜਿਸਟਰਾਂ ਦੀ ਪਹਿਚਾਣ ਕਰਦਾ ਹੈ, ਉਹਨਾਂ ਨੂੰ ਸੰਭਾਲਣ ਦੇ ਕਾਰਜ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਜੋਕੇ ਸਮੇ ਵਿੱਚ ਪੰਜਾਬੀ ਬੋਲੀ ਨੂੰ ਇਸ ਵਿਗਿਆਨ ਦੀ ਬਹੁਤ ਲੋੜ ਹੈ ਤਾਂ ਕਿ ਬੋਲੀ ਵਿੱਚੋਂ ਆਲੋਪ ਹੋ ਰਹੇ ਸ਼ਬਦਾਂ ਦੇ ਰਜਿਸਟਰ ਪਹਿਚਾਣ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਪੰਜਾਬ ਵਿਚਲੀਆਂ ਯੂਨੀਵਰਸਿਟੀਆਂ ਇਸ ਪੱਖੋਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਤੇ ਉਹਨਾਂ ਨੂੰ ਭਾਸ਼ਾ ਦੇ ਇਸ ਅਹਿਮ ਪੱਖ ਵੱਲ ਫੌਰੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬੋਲੀ ਦੇ ਇਸ ਅਣਮੁੱਲੇ ਸਰਮਾਏ ਨੂੰ ਸਾਂਭਿਆ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2984)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author