ShingaraSDhillon7ਬਾਬਾ ਨਜਮੀ ਦੀ ਸ਼ਾਇਰੀ ਵਿੱਚ ਸੰਮੁਦਰ ਦੀ ਡੂੰਘਾਈ, ਉਹਨਾਂ ਦੀ ਸੋਚ ਦਾ ਘੇਰਾ ...
(14 ਸਤੰਬਰ 2021)

 

BabaNajmi2ਪੂਰਾ ਨਾਮ ਹੈ, ਬਸ਼ੀਰ ਹੂਸੈਨ। ਜਨਮ 6 ਸਤੰਬਰ 1948, ਪਿਤਾ ਮੰਗਤੇ ਖਾਂ ਤੇ ਅੰਮੀ ਬੀਬੀ ਆਲਮ ਦੇ ਲਖਤੇ ਜਿਗਰ, ਜੱਦੀ ਪਿੰਡ ਜੱਗਦੇਓ ਕਲਾਂ, ਅੰਮ੍ਰਿਤਸਰ ਤੇ ਮੁਲਕ ਦੀ ਵੰਡ ਤੋਂ ਬਾਦ ਸਾਰਾ ਪਰਿਵਾਰ ਲਾਹੌਰ ਨੇੜਲੇ ਪਿੰਡ ਘੁਮਿਆਰ ਪੁਰੇ ਵਿੱਚ ਜਾ ਵਸਿਆ।

ਪਿੰਡ ਦੇ ਸਕੂਲ ਵਿੱਚ ਪੜ੍ਹਦਿਆਂ ਬਾਲ ਉਮਰੇ ਹੀ ਸ਼ਬਦ ਸਰਗਮ ਦੀ ਚੇਟਕ ਲੱਗੀ ਤੇ ਨਿੱਕੀ ਉਮਰੇ ਬਾਲਾਂ ਨਾਲ ਹੋਰ ਕੁਝ ਖੇਡਣ ਦੀ ਬਜਾਏ ਸ਼ਬਦਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾਛੋਟੀ ਉਮਰ ਵਿੱਚ ਹੀ ਬਾਬਿਆਂ ਵਾਲੀਆਂ ਦਾਨਿਸ਼ਵਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂਸਕੂਲ ਦੀ ਡਰਾਮਾ ਕਲੱਬ ਵਿੱਚ “ਬਾਬਿਆਂ” ਦੇ ਖ਼ੂਬਸੂਰਤ ਤੇ ਜਾਨਦਾਰ ਕਿਰਦਾਰ ਦੀ ਭੂਮਿਕਾ ਨਿਭਾਉਣ ਕਰਕੇ ਸਾਰੇ ਪਿੰਡ ਦੇ ਬੱਚਿਆਂ ਤੇ ਵੱਡਿਆਂ ਵਿੱਚ “ਬਾਬਾ” ਅੱਲ ਪੈ ਕੇ ਮਸ਼ਹੂਰ ਹੋ ਗਈ ਪਰ ਉਦੋਂ ਕਿਸੇ ਦੇ ਮਨਚਿੱਤ ਵੀ ਨਹੀਂ ਸੀ ਕਿ ਬਸ਼ੀਰ ਹੂਸੈਨ ਛੋਟੀ ਉਮਰੇ ਸੱਚਮੁੱਚ ਹੀ “ਬਾਬਾ” ਵੀ ਬਣੇਗਾ ਤੇ “ਨਜਮੀ” ਵੀਪਿੰਡ ਵਾਲਿਆਂ ਸੋਚਿਆ ਵੀ ਨਹੀਂ ਹੋਣਾ ਕਿ ਉਸ ਨੂੰ ਜਲਦੀ ਹੀ ਨਵਾਂ ਨਾਮ ਤੇ ਨਵੀਂ ਪਹਿਚਾਣ ਮਿਲੇਗੀ, ਉਹ ਮਹਿਫ਼ਲਾਂ ਦਾ ਸ਼ਿੰਗਾਰ ਹੋਵੇਗਾ, ਉਸ ਦੇ ਨਾਮ ਦੀ ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਕੁਲ ਆਲਮ ਵਿੱਚ ਵਸੇ ਪੰਜਾਬੀ ਭਾਈਚਾਰੇ ਵਿੱਚ ਚਰਚਾ ਹੋਵੇਗੀ

ਜਿੱਥੇ ਬਸ਼ੀਰ ਹੂਸੈਨ ਨੂੰ “ਬਾਬਾ” ਕਹਿਣ ਦੀ ਛੇੜ ਪਿੰਡ ਵਾਲਿਆਂ ਪਾਈ ਉੱਥੇ “ਨਜਮੀ” ਦਾ ਤਖੱਲਸ ਸਾਹਿਤਕ ਭਾਈਚਾਰੇ ਨੇ ਦਿੱਤਾਬਾਬਾ ਬਸ਼ੀਰ ਲਾਹੌਰ ਦੇ ਆਸ-ਪਾਸ ਦੀਆਂ ਸਮੂਹ ਮਹਿਫ਼ਲਾਂ ਵਿੱਚ ਸ਼ਿਰਕਤ ਕਰਦਾ ਤੇ ਆਪਣਾ ਤਾਜ਼ਾ ਕਲਾਮ ਪੇਸ਼ ਕਰਕੇ ਸ੍ਰੋਤਿਆਂ ਅਤੇ ਹਾਜ਼ਰ ਸ਼ਾਇਰਾਂ ਨੂੰ ਮੰਤਰ ਮੁਗਧ ਕਰਦਾਉਹਨਾਂ ਦੇ ਹਰ ਕਲਾਮ ’ਤੇ ਭਰਪੂਰ ਵਾਹ ਵਾਹ ਹੁੰਦੀ ਤਾੜੀਆਂ ਵੱਜਦੀਆਂ ਤੇ ਦਾਦ ਮਿਲਦੀ ਉਸ ਨੂੰ ਮਕਤੇ ਤੋਂ ਲੈ ਕੇ ਮਤਲੇ ਤਕ ਸ਼ਾਇਰੀ ਦੀਆਂ ਤੁਕਾਂ ਦੁਹਰਾਉਣ ਵਾਸਤੇ ਆਖਿਆ ਜਾਂਦਾਇਸ ਤਰ੍ਹਾਂ ਇਹ ਹੀਰਾ ਇੱਕ ਦਿਨ ਕਿਸੇ ਮਹਿਫ਼ਲ ਵਿੱਚ ਪਾਕਿਸਤਾਨ ਦੇ ਚੋਟੀ ਦੇ ਸ਼ਾਇਰ ਜਨਾਬ ਤਾਹਿਰ ਖਾਨ ਸਾਹਿਬ ਦੀ ਨਜ਼ਰੇ ਚੜ੍ਹ ਗਿਆ, ਜਿਹਨਾਂ ਨੇ ਬਾਬਾ ਬਸ਼ੀਰ ਹੂਸੈਨ ਦੀ ਠੇਠ ਲੱਛੇਦਾਰ ਪੰਜਾਬੀ ਵਾਲੀ ਸ਼ਾਇਰੀ ਤੋਂ ਮੁਤੱਸਰ ਹੋ ਕੇ ਉਹਨਾਂ ਨੂੰ “ਨਜਮੀ” ਤਖੱਲਸ ਦੇ ਦਿੱਤਾ ਬੱਸ ਉਸ ਦਿਨ ਤੋਂ ਬਾਅਦ “ਬਸ਼ੀਰ ਹੂਸੈਨ” ਦਾ ਨਾਮ “ਬਾਬਾ ਨਜਮੀ” ਹੋ ਗਿਆਅੱਜ ਉਹ ਪੂਰੇ ਵਿਸ਼ਵ ਵਿੱਚ ਇੰਨੇ ਮਕਬੂਲ ਹਨ ਕਿ “ਬਾਬਾ ਨਜਮੀ” ਤੋਂ ਸਿਵਾਏ ਉਹਨਾਂ ਦੇ ਅਸਲ ਨਾਮ ਦਾ ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੀ ਨਹੀਂ ਹੈ

ਹੁਣ ਗੱਲ ਕਰਦੇ ਹਾਂ “ਬਾਬਾ ਨਜਮੀ” ਦੇ ਸਾਹਿਤਕ ਨਾਮ ਦੇ ਅਰਥਾਂ ਦੀ।” ਬਾਬਾ” ਭਾਵ ਸਿਆਣਾ, ਸੂਝਵਾਨ, ਗੂੜ੍ਹਮੱਤਾ, ਵਿਦਵਾਨ, ਗਿਆਨੀ ਜਾਂ ਬਹੁਤ ਹੀ ਸੁਲਝਿਆ ਹੋਇਆ ਵਿਅਕਤੀ ਤੇ “ਨਜਮੀ” ਤੋਂ ਭਾਵ ਸ਼ਾਇਰ, ਸਾਹਿਤਕਾਰ ਜਾਂ ਫਿਰ ਸ਼ਬਦਾਂ ਦਾ ਖਿਡਾਰੀ ਆਦਿਦੇਵਾਂ ਸ਼ਬਦਾਂ ਦੇ ਜੋੜ ਦਾ ਪੂਰਾ ਅਰਥ ਬਣਦਾ ਹੈ “ਸਿਆਣਾ ਸ਼ਾਇਰ।”

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਸ਼ੀਰ ਹੂਸੈਨ ਨੂੰ “ਬਾਬਾ ਨਜਮੀ” ਸ਼ਾਇਰਾਂ ਤੇ ਆਮ ਲੋਕਾਂ ਨੇ ਬਣਾਇਆ, ਪਰ ਇਹ ਵੀ ਸੱਚ ਹੈ ਕਿ ਇਸ ਨਾਮ ਨੂੰ ਬੁਲੰਦੀ ਉੱਤੇ ਉਹਨਾਂ ਨੇ ਆਪਣੀ ਸਾਹਿਤਕ ਕਲਾ ਦੇ ਬਲਬੂਤੇ ਹੀ ਪਹੁੰਚਾਇਆ ਹੈਆਪਣਾ ਨਾਮ ਉੱਚਾ ਕਰਨ ਵਾਸਤੇ ਇਸ ਫੱਕਰ ਸ਼ਾਇਰ ਨੇ ਅੱਜ ਤਕ ਨਾ ਹੀ ਕਦੇ ਜਗਤ ਢੰਡੋਰਾ ਪਿੱਟਿਆ ਹੈ ਤੇ ਨਾ ਹੀ ਕੋਈ ਜੁਗਾੜਬੰਦੀ ਕੀਤੀ ਹੈ

ਬਾਬਾ ਨਜਮੀ ਦੀ ਸ਼ਾਇਰੀ ਵਿੱਚ ਸੰਮੁਦਰ ਦੀ ਡੂੰਘਾਈ, ਉਹਨਾਂ ਦੀ ਸੋਚ ਦਾ ਘੇਰਾ ਕੁਲ ਜਹਾਨ ਹੈ ਤੇ ਆਪ ਉਹ ਬਹੁਤ ਹੀ ਆਹਲਾ ਤੇ ਜ਼ਹੀਨ ਦਰਜੇ ਦੇ ਇਨਸਾਨ ਹਨਕਰਾਂਤੀਕਾਰੀ ਸ਼ਾਇਰ ਨੇ, ਨਾਅਰੇ, ਨਿਹੋਰੇ ਤੇ ਤਨਜ਼ੀਆ ਰੰਗ ਦੀ ਸ਼ਾਇਰੀ ਕਰਦੇ ਹਨਉਹਨਾਂ ਦੀ ਪੇਸ਼ਕਾਰੀ ਜੋਸ਼ੀਲੀ ਹੁੰਦੀ ਹੈ ਜੋ ਸਰੋਤਿਆਂ ਨੂੰ ਧੁਰ ਹਿਰਦੇ ਤਕ ਕੀਲਦੀ ਹੈ ਤੇ ਉਹਨਾਂ ਦੇ ਮਨਾਂ ’ਤੇ ਡੂੰਘਾ ਅਤੇ ਚਿਰਜੀਵੀ ਪ੍ਰਭਾਵ ਛਡਦੀ ਹੈਉਹ ਸਰਲ, ਸਾਦੀਆਂ ਤੇ ਆਮ ਲੋਕਾਂ ਦੀ ਸਮਝ ਆਉਣ ਵਾਲੀਆਂ ਕਾਵਿ ਰਚਨਾਵਾਂ ਦੀ ਰਚਨਾ ਕਰਦੇ ਹਨਉਹਨਾਂ ਦੀਆਂ ਰਚਨਾਵਾਂ ਦੇ ਵਿਸ਼ੇ ਬੇਸ਼ਕ ਬਹੁਭਾਂਤੀ ਹੁੰਦੇ ਪਰ ਮੁੱਖ ਤੌਰ ’ਤੇ ਆਮ ਆਦਮੀ ਦੀਆਂ ਸਮੱਸਿਆਵਾਂ, ਦੁੱਖ ਦਰਦ, ਸਮਾਜਿਕ ਸ਼ੋਸ਼ਣ, ਆਰਥਿਕ ਕਾਣੀ ਵੰਡ, ਪੰਜਾਬੀ ਬੋਲੀ ਪ੍ਰਤੀ ਅੰਤਾਂ ਦਾ ਮੋਹ, ਬੋਲੀ, ਸਾਹਿਤ ਤੇ ਸੱਭਿਆਚਾਰ ਦੀ ਬਿਹਤਰੀ ਦੀ ਚਾਹਤ, 1947 ਦੀ ਖੂਨੀ ਵੰਡ ਦਾ ਦਰਦ ਤੇ ਮੌਕੇ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਰੋਸ ਤੇ ਰੋਹ ਦਾ ਪ੍ਰਗਟਾਵਾ ਆਦਿ ਹੁੰਦੇ ਹਨ:

ਖ਼ਵਾਜਾ ‘ਫ਼ਰੀਦ’, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ

ਆਪਣੀ ਬੋਲੀ ਬੋਲਣ ਵੇਲੇ ਜਿਹਨਾਂ ਦਾ ਸਾਹ ਘੁੱਟਦਾ ਏ,
‘ਬਾਬਾ ਨਜਮੀ’ ਦੇ ਦੇ ਫ਼ਤਵਾ, ਉਹ ਗੱਦਾਰ ਪੰਜਾਬੀ ਨੇ

ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ
ਜ਼ਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ

ਅੱਗ ਵੀ ਹਿੰਮਤਾਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ
ਭਾਂਬੜ ਜਿਹੀਆਂ ਧੁੱਪਾਂ ਵਿੱਚ, ਮੇਰੇ ਲੀੜੇ ਗਿੱਲੇ ਰਹੇ

ਦੋਸ਼ ਦਿਓ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ
ਕੀਲੇ ਠੀਕ ਨਹੀਂ ਠੋਕੇ ਖੌਰੇ, ਸਾਥੋਂ ਰੱਸੇ ਢਿੱਲੇ ਰਹੇ

ਬਾਬਾ ਨਜਮੀ ਦੀਆਂ ਤਿੰਨ ਕਾਵਿ ਪੁਸਤਕਾਂ “ਅੱਖਰਾਂ ਵਿੱਚ ਸਮੁੰਦਰ (1986), ਸੋਚਾਂ ਵਿੱਚ ਜਹਾਨ (1995) ਤੇ ਮੇਰਾ ਨਾਮ ਇਨਸਾਨ” ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜੋ ਆਲਮੀ ਪੰਜਾਬੀ ਭਾਈਚਾਰੇ ਵਿੱਚ ਬਹੁ ਚਰਚਿਤ ਤੇ ਬਹੁਤ ਮਕਬੂਲ ਹੋ ਚੁੱਕੀਆਂ ਹਨ

ਮੈਂਨੂੰ, ਮੇਰੀ ਨਵੀਂ ਪੁਸਤਕ “ਪੰਜਾਬੀ ਦੇ ਚੋਣਵੇਂ ਬੁੱਧੀਜੀਵੀ” ਦੇ ਸੁਖ਼ਨਵਰਾਂ ਦੀ ਸੂਚੀ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਕਰਕੇ ਬਹੁਤ ਮਾਣ ਅਤੇ ਅਪਾਰ ਖੁਸ਼ੀ ਹੋ ਰਹੀ ਹੈਸ਼ਾਲਾਂ! ਲੋਕ ਸ਼ਾਇਰ ਬਾਬਾ ਨਜਮੀ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਉਹਨਾਂ ਦੀ ਕਲਮ ਇਸੇ ਰਫਤਾਰ ਨਾਲ ਮਨੁੱਖਤਾ ਦੇ ਵਿਰੋਧੀਆਂ ਵਿਰੁੱਧ ਚਲਦੀ ਹੋਈ ਉਹਨਾਂ ਦੇ ਬਖੀਏ ਉਧੇੜਦੀ ਰਹੇ ਤੇ ਉਹ ਪੰਜਾਬੀ ਬੋਲੀ ਦੀ ਝੋਲੀ ਆਪਣੀਆਂ ਅਨਮੋਲ ਕਿਰਤਾਂ ਨਾਲ ਮਾਲਾਮਾਲ ਕਰਦੇ ਰਹਿਣਪੰਜਾਬੀ ਬੋਲੀ ਦੇ ਇਸ ਪਹਿਰੇਦਾਰ ਨੇ ਪਾਕਿਸਤਾਨ ਵਿੱਚ ਮਾਂ ਬੋਲੀ ਦਾ ਜੋ ਪਰਚਮ ਲਹਿਰਾ ਕੇ ਬੁਲੰਦ ਕੀਤਾ ਹੈ, ਉਸ ਵਾਸਤੇ ਸੱਚੇ ਪੰਜਾਬੀਆਂ ਦਾ ਸਿਰ ਉਹਨਾਂ ਅੱਗੇ ਹਮੇਸ਼ਾ ਹੀ ਸਤਿਕਾਰ ਨਾਲ ਝੁਕਦਾ ਰਹੇਗਾ ਤੇ ਰਹਿੰਦੀ ਦੁਨੀਆ ਤਕ ਪੰਜਾਬੀ ਉਹਨਾਂ ਨੂੰ ਯਾਦ ਰੱਖਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3004)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author