ShingaraSDhillon7ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਦੇ ਵੀ ਪੰਜਾਬ ਦੇ ...
(18 ਸਤੰਬਰ 2021)

 

ਪੰਜਾਬ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਕੁੱਕੜ ਕਲੇਸ਼ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਨਾਲ ਸਿਖਰ ’ਤੇ ਪਹੁੰਚ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇਉਹਨਾਂ ਦੀ ਜਗਾਹ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸਦਾ ਫੈਸਲਾ ਕਾਂਗਰਸ ਹਾਈ ਕਮਾਂਡ, ਕਾਂਗਰਸ ਲੈਜਿਸਲੇਟਿਵ ਪਾਰਟੀ ਦੀ ਮਦਦ ਨਾਲ ਤੈਅ ਕਰੇਗੀ ਪਰ ਸੂਤਰਾਂ ਮੁਤਾਬਿਕ ਸੁਨੀਲ ਜਾਖੜ, ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ ਤੇ ਬੀਬੀ ਭੱਠਲ ਦੇ ਨਾਂਵਾਂ ਦੀ ਚਰਚਾ ਇਸ ਵੇਲੇ ਚੱਲ ਰਹੀ ਹੈ

ਅਮਰਿੰਦਰ ਸਿੰਘ ਦੇ ਅਸਤੀਫੇ ਨਾਲ ਜਿੱਥੇ ਪੰਜਾਬ ਦੀ ਸਿਆਸੀ ਫਿਜ਼ਾ ਇੱਕ ਨਾਰ ਫੇਰ ਗਰਮ ਹੋ ਗਈ ਹੈ, ਉੱਥੇ ਉਹਨਾਂ ਦੇ ਆਪਣੇ 52 ਸਾਲਾਂ ਦੇ ਸਿਆਸੀ ਕੈਰੀਅਰ ਅਤੇ ਸਾਢੇ ਨੌਂ ਸਾਲ ਪੰਜਾਬ ਦੇ ਮੁੱਖ ਮੰਤਰੀ ਕਾਲ ’ਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਇਸਦੇ ਨਾਲ ਹੀ ਪੰਜਾਬ ਵਿੱਚ ਪਾਰਟੀ ਦੇ ਅੰਦਰ ਜੋ ਫੁੱਟ ਚੱਲ ਰਹੀ ਸੀ, ਜੋ ਧੂੰਆਂ ਵਾਰ ਵਾਰ ਉੱਠ ਰਿਹਾ ਸੀ ਤੇ ਜਿਸ ਨੂੰ ਭਾਂਬੜ ਬਣਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਵਾਰ ਵਾਰ ਕੀਤੀਆਂ ਜਾ ਰਹੀਆਂ ਸਨ, ਉਹ ਵੀ ਕੈਪਟਨ ਦੇ ਅਸਤੀਫੇ ਨਾਲ ਸਭ ਨਾਕਾਮ ਹੋ ਗਈਆਂ

ਜਿੱਥੋਂ ਤਕ ਅਸਤੀਫੇ ਦੇ ਕਾਰਨ ਦੀ ਗੱਲ ਹੈ, ਇਸ ਸੰਬੰਧੀ ਅਮਰਿੰਦਰ ਸਿੰਘ ’ਤੇ ਦਬਾਅ ਪਿਛਲੇ ਚਾਰ ਕੁ ਮਹੀਨਿਆਂ ਤੋਂ ਵਧੇਰਾ ਬਣਿਆ ਹੋਇਆ ਸੀਬੇਸ਼ਕ ਉਸ ਉੱਤੇ ਇਹ ਇਲਜ਼ਾਮ ਆਮ ਹੀ ਲੱਗ ਰਹੇ ਸਨ ਕਿ ਉਹ ਕਾਂਗਰਸ ਵਰਕਰਾਂ ਜਾਂ ਆਮ ਲੋਕਾਂ ਨੂੰ ਤਾਂ ਕੀ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਨਹੀਂ ਮਿਲਦਾ ਤੇ ਨਾ ਹੀ ਜਨਤਾ ਦੀਆਂ ਮੁਸ਼ਕਲਾਂ ਸੁਣਨ ਵਿੱਚ ਦਿਲਚਸਪੀ ਲੈਂਦਾ ਹੈਬਹਿਬਲ ਕਲਾਂ ਅਤੇ ਬਰਗਾੜੀ ਕਾਂਡਾਂ ਸੰਬੰਧੀ ਢਿੱਲੀ ਕਾਰਵਾਈ ਕਰਨ ਕਰਕੇ ਉਸ ਉੱਤੇ ਅਕਾਲੀਆਂ ਨਾਲ ਮਿਲੀ ਭੁਗਤ ਦੇ ਦੋਸ਼ ਅਕਸਰ ਹੀ ਲਗਦੇ ਰਹੇ ਹਨਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਵਿੱਚੋਂ ਸਾਢੇ ਚਾਰ ਬੀਤ ਜਾਣ ਦੇ ਬਾਅਦ ਵੀ ਪੂਣੀ ਤਕ ਨਾ ਕੱਤਣ ਕਰਕੇ ਵਿਰੋਧੀ ਤਾਂ ਉਸ ਨੂੰ ਘੇਰਦੇ ਹੀ ਰਹੇ ਹਨ, ਹੁਣ ਅਗਾਮੀ ਚੋਣਾਂ ਨੂੰ ਮੁੱਖ ਰੱਖਕੇ ਪਾਰਟੀ ਦੇ ਅੰਦਰੋਂ ਵੀ ਕੈਪਟਨ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀਕਿਸਾਨ ਅੰਦੋਲਨ ਪ੍ਰਤੀ ਅਪਣਾਈ ਦੋਗਲੀ ਨੀਤੀ ਵੀ ਅਸਤੀਫੇ ਦਾ ਇੱਕ ਕਾਰਨ ਮੰਨੀ ਜਾ ਸਕਦੀ ਹੈ

ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਵਿਚਕਾਰ ਕਲਾ ਕਲੇਸ਼ ਨਿਪਟਾ ਕੇ ਤਾਲਮੇਲ ਬਿਠਾਉਣ ਦੀਆਂ ਕੋਸ਼ਿਸ਼ਾਂ ਵਜੋਂ ਦੁਪਹਿਰ ਤੇ ਰਾਤ ਦੇ ਖਾਣਿਆਂ ਦੀ ਕਵਾਇਦ ਵੀ ਚੱਲੀ, ਦੋਹਾਂ ਦੀਆਂ ਬੰਦ ਕਮਰੇ ਵਿੱਚ ਮੀਟਿੰਗਾਂ ਵੀ ਹੋਈਆਂ, ਪਰ ਨਤੀਜਾ ਢਾਕ ਕੇ ਤੀਨ ਪਾਤ ਹੀ ਰਿਹਾਹਾਈ ਕਮਾਂਡ ਵਲੋਂ ਤਿੰਨ ਮੈਬਰੀ ਕਮੇਟੀ ਬਣਾ ਕੇ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈਪੰਜਾਬ ਦੇ ਸਭ ਵਿਧਾਇਕਾਂ ਨੂੰ ਦਿੱਲੀ ਸੱਦ ਕੇ ਇੰਟਰਵਿਊ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਵੱਲੋਂ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਗਈ। ਚੋਣ ਕਮੇਟੀ ਦਾ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਜਿਸ ਨੂੰ ਉਸ ਨੇ ਮੁੱਢੋਂ ਹੀ ਨਕਾਰ ਦਿੱਤਾਅਜਿਹਾ ਕਰਨ ਪਿੱਛੇ ਅਸਲੀ ਵਜ੍ਹਾ ਇਹ ਸੀ ਕਿ ਉਸ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਵੇਲੇ ਉਸ ਨਾਲ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਕੁਰਸੀ ’ਤੇ ਬੈਠਦਿਆ ਹੀ ਖਾਰਜ ਕਰ ਦਿੱਤਾ ਸੀਕਾਂਗਰਸ ਹਾਈ ਕਮਾਂਡ ਦੇ ਪ੍ਰੈੱਸ਼ਰ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਨੇ ਨਾ ਚਾਹੁੰਦਿਆ ਹੋਇਆ ਵੀ ਕੈਬਨਿਟ ਮੰਤਰੀ ਤਾਂ ਬਣਾ ਲਿਆ ਪਰ ਇੱਕ ਮੰਤਰੀ ਵਜੋਂ ਸਿੱਧੂ ਦੀ ਹਰ ਬੇਨਤੀ/ਤਜਵੀਜ਼ ਨੂੰ ਉਹ ਜਾਂ ਤਾਂ ਰੱਦ ਕਰਦਾ ਰਿਹਾ ਜਾਂ ਫਿਰ ਅਣਗੌਲਿਆ ਕਰਦਾ ਰਿਹਾ, ਜਿਸ ਕਰਕੇ ਦੋਹਾਂ ਵਿਚਕਾਰ ਤਲਖੀ ਅਤੇ ਦੂਰੀ ਲਗਾਤਾਰ ਵਧਦੇ ਗਏ

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਗੱਲ ਚੱਲੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਹਾਈਕਮਾਂਡ ਕੋਲ ਇਸਦਾ ਤਕੜਾ ਵਿਰੋਧ ਕੀਤਾ, ਉੱਥੇ ਪੰਜਾਬ ਵਿੱਚ ਦੁਪਹਿਰ ਅਤੇ ਸ਼ਾਮ ਦਾ ਭੋਜਨ ਕਰਕੇ ਆਪਣੇ ਹੱਕ ਵਿੱਚ ਪੰਜਾਬ ਦੇ ਕਾਂਗਰਸੀ ਐੱਮ ਐੱਲ ਏ ਇਕੱਠੇ ਕਰਕੇ ਸ਼ਕਤੀ ਪਰਦਰਸ਼ਨ ਵੀ ਕੀਤਾ ਤੇ ਇਸਦੇ ਨਾਲ ਹੀ ਜਦੋਂ ਜਦੋਂ ਵੀ ਹਾਈ ਕਮਾਂਡ ਨੇ ਉਸ ਨੂੰ ਸਮਝਾਉਣ ਵਾਸਤੇ ਦਿੱਲੀ ਸੱਦਿਆ ਤਾਂ ਉਹ ਵਾਰ ਵਾਰ ਇਹ ਕਹਿ ਕੇ ਵਾਪਸ ਮੁੜੇ ਕਿ ਜੇਕਰ ਸਿੱਧੂ ਨੂੰ ਪੰਜਾਬ ਕਾਂਗਰਸ ਤਾਂ ਪ੍ਰਧਾਨ ਜਾਂ ਉਪ ਮੁੱਖ ਮੰਤਰੀ ਬਣਾਉਣਾ ਹੈ ਤਾਂ ਮੈਂ ਅਸਤੀਫਾ ਦੇ ਦੇਵਾਂਗਾਨਵਜੋਤ ਸਿੰਗ ਸਿੱਧੂ ਨੂੰ ਪੰਜਾਬ ਰਾਂਗਰਸ ਦਾ ਪ੍ਰਧਾਨ ਐਲਾਨਣ ਸਮੇਂ ਵੀ ਕੈਪਟਨ ਵਲੋਂ ਅਸਤੀਫਾ ਦੇਣ ਦੀ ਧਮਕੀ ਹਾਈ ਕਮਾਂਡ ਨੂੰ ਦਿੱਤੀ ਗਈ ਸੀ ਜਿਸਦੇ ਜਵਾਬ ਵਿੱਚ ਹਾਈ ਕਮਾਂਡ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਉਹਨਾਂ ਦੇ ਅਜਿਹਾ ਕਰਨ ਦੀ ਸੂਰਤ ਵਿੱਚ ਨਵਜੋਤ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਥਾਪ ਦਿੱਤੇ ਜਾਣਗੇਇਸ ਤੋਂ ਅਮਰਿੰਦਰ ਸਿੰਘ ਨੇ ਆਪਣਾ ਮਨ ਬਦਲ ਲਿਆ ਤੇ ਅਸਤੀਫਾ ਦੇਣ ਤੋਂ ਟਾਲਾ ਵੱਟਦੇ ਰਹੇ ਤਾਂ ਕਿ ਦੂਹਰਾ ਫਾਇਦਾ ਬਣਿਆ ਰਹੇ, ਕੁਰਸੀ ਵੀ ਬਚੀ ਰਹੇ ਤੇ ਨਵਜੋਤ ਸਿੱਧੂ ਨੂੰ ਵੀ ਦੂਰ ਰੱਖਿਆ ਦਾ ਸਕੇ

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਦੇ ਵੀ ਪੰਜਾਬ ਦੇ ਕਾਂਗਰਸ ਪਰਧਾਨਾਂ ਦੀ ਪਰਵਾਹ ਨਹੀਂ ਕੀਤੀ ਭਾਵੇਂ ਉਹ ਪਰਤਾਪ ਸਿੰਘ ਬਾਜਵਾ, ਦੂਲੋ, ਲਾਲ ਸਿੰਘ ਜਾਂ ਫਿਰ ਸੁਨੀਲ ਜਾਖੜ ਹੋਵੇ, ਕੈਪਟਨ ਨੇ ਸਭਨਾਂ ਨੂੰ ਸਮੇਂ ਸਮੇਂ ਜ਼ਲੀਲ ਕੀਤਾ। ਉਹ ਮੀਟਿੰਗ ਵਾਸਤੇ ਸਮਾਂ ਨਾ ਦੇਣ ਦੀ ਗੱਲ ਹੋਵੇ, ਸਮੇਂ ਦੇ ਕੇ ਮੀਟਿੰਗ ਨਾ ਕਰਨ ਦਾ ਮਾਮਲਾ ਜਾਂ ਫਿਰ ਪ੍ਰਦੇਸ਼ ਪ੍ਰਧਾਨ ਦੀ ਕਿਸੇ ਗੱਲ ਨੂੰ ਅਣਗੌਲਿਆ ਕਰਨ ਦਾ, ਕੈਪਟਨ ਹਰ ਸਮੇਂ ਇਹਨਾਂ ਪ੍ਰਧਾਨਾਂ ਨੂੰ ਟਿੱਚ ਕਰਕੇ ਹੀ ਜਾਣਦਾ ਰਿਹਾ ਹੈ

ਮੈਂ ਇਹ ਨਹੀਂ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਦੁੱਧ ਧੋਤਾ ਹੈ, ਪਰ ਇਹ ਜ਼ਰੂਰ ਮੰਨਦਾ ਹਾਂ ਕਿ ਉਸ ਦੀ ਸਿਆਸੀ ਛਵ੍ਹੀ ਦਾਗ ਰਹਿਤ ਹੈ। ਹਾਂ, ਨਿੱਜੀ ਜ਼ਿੰਦਗੀ ਵਿੱਚ ਕਿਸੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਹਨ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਜਿੰਨੀ ਕੁ ਮੈਂ ਸਮਝੀ ਹੈ ਉਸ ਵਿੱਚੋਂ ਲਾ ਪਰਵਾਹੀ ਅਤੇ ਰਾਜਾਸ਼ਾਹੀ ਹੀ ਸਾਹਮਣੇ ਆਈ ਹੈ ਤੇ ਇਹ ਦੋਵੇਂ ਢੰਗ ਲੋਕਤੰਤਰੀ ਸਿਆਸਤ ਦੇ ਦੁਸ਼ਮਣ ਹੁੰਦੇ ਹਨ

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਵੀ ਕੈਪਟਨ ਨੇ ਆਪਣੀ ਪਹਿਲਾਂ ਵਾਲੀ ਆਦਤ ਕਾਇਮ ਰੱਖੀ, ਜਿਸਦੇ ਨਤੀਜੇ ਵਜੋਂ ਉਹ ਅੱਜ ਕੁਰਸੀ ਦੀ ਜੰਗ ਹਾਰ ਗਿਆਜਿਹੜੀ ਗੱਲ ਉਹ ਵਾਰ ਵਾਰ ਕਹਿੰਦਾ ਸੀ ਕਿ ਮੈਂ ਤਾਂ ਆਪਣਾ ਅਸਤੀਫਾ ਜੇਬ ਵਿੱਚ ਪਾਈ ਫਿਰਦਾ ਹਾਂ, ਅੱਜ ਉਹੀ ਅਸਤੀਫਾ ਉਸ ਨੂੰ ਜੇਬ ਵਿੱਚੋਂ ਬਾਹਰ ਕੱਢਣ ਵਾਸਤੇ ਮਜਬੂਰ ਹੋਣਾ ਪੈ ਗਿਆ

ਸਿਆਸਤ ਵਿੱਚ ਕੁਝ ਵੀ ਸਥਿਰ ਨਹੀਂ, ਇਹ ਪਾਰੇ ਵਾਂਗ ਤਰਲ ਤੇ ਅਸਥਿਰ ਹੁੰਦੀ ਹੈ। ਇਹੀ ਕਾਰਨ ਹੈ ਕਿ ਮੰਤਰੀ ਨਿੱਤ ਬਿਆਨ ਦਿੰਦੇ ਹਨ ਤੇ ਬਦਲਦੇ ਹਨ। ਯੂਟਰਨਾਂ ਮਾਰਦੇ ਹਨ, ਮੁੱਕਰਦੇ ਹਨ ਜਾਂ ਥੁੱਕ ਕੇ ਚੱਟਦੇ ਹਨ ਇੱਥੇ ਕੋਈ ਕਿਸੇ ਦਾ ਸਕਾ ਜਾਂ ਮਿੱਤ ਨਹੀਂ। ਮਤਲਬ ਪ੍ਰਸਤੀ ਪ੍ਰਧਾਨ ਹੈ। ਜੋ ਲੋਕ ਅਮਰਿੰਦਰ ਸਿੰਘ ਨਾਲ ਤੋੜ ਨਿਭਾਉਣ ਦਾ ਵਾਅਦਾ ਕਰਦੇ ਸਨ, ਤੁਸੀਂ ਖੁਦ ਦੇਖ ਲੈਣਾ ਹੁਣ ਉਹਨਾਂ ਵਿੱਚੋਂ ਬਹੁਤੇ ਦੂਸਰੇ ਪਾਲੇ ਵਿੱਚ ਖੜ੍ਹੇ ਨਜ਼ਰ ਆਉਣਗੇ

ਅਮਰਿੰਦਰ ਸਿੰਘ ਨੇ ਆਪਣੇ 52 ਸਾਲ ਦੇ ਸਿਆਸੀ ਕੈਰੀਅਰ ਨੂੰ ਅੱਜ ਅਸਤੀਫਾ ਦੇ ਕੇ ਖੂਹ ਖਾਤੇ ਪਾ ਲਿਆਉਸ ਨੂੰ ਬਹੁਤ ਮੌਕੇ ਮਿਲੇ ਜਿਹਨਾਂ ਦਾ ਲਾਹਾ ਲੈ ਕੇ ਉਹ ਇਸ ਤਰ੍ਹਾਂ ਦੇ ਹਾਲਾਤ ਤੋਂ ਬਹੁਤ ਅਸਾਨੀ ਨਾਲ ਬਚ ਸਕਦਾ ਸੀ। ਮਸਲਨ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਨਾਲ ਉਸ ਦੀਆਂ ਬਹੁਤੀਆਂ ਮੁਸੀਬਤਾਂ ਹੱਲ ਹੋ ਜਾਂਦੀਆਂ, ਬੇਅਦਬੀ ਕਾਂਡ ਸਮੇਤ ਕੀਤੇ ਵਾਅਦੇ ਨਿਭਾਉਣ ਦੀ ਕਵਾਇਦ ਵੇਲੇ ਸਿਰ ਸ਼ੁਰੂ ਕਰਕੇ ਉਹ ਸੱਪ ਮਾਰਕੇ ਸੋਟਾ ਵੀ ਬਚਾ ਸਕਦਾ ਸੀ। ਪਰ ਜਿਸ ਵਿਅਕਤੀ ਅੰਦਰ ਚੌਧਰ ਨੂੰ ਜੱਫੇ ਮਾਰਨ ਦਾ ਜਨੂੰਨ ਹੋਵੇ, ਉਸ ਨੂੰ ਕੌਣ ਸਮਝਾਵੇ!

ਖ਼ੈਰ! ਕੈਪਟਨ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਪੰਜਾਬ ਸਰਕਾਰ ਦਾ ਭਵਿੱਖ ਕੀ ਹੋਵੇਗਾ, ਇਸ ਗੱਲ ਦਾ ਫੈਸਲਾ ਤਾਂ ਇੱਕ ਦੋ ਦਿਨਾਂ ਵਿੱਚ ਹੋ ਜਾਵੇਗਾ, ਪਰ ਜੋ ਗੱਲ ਪੰਜਾਬ ਕਾਂਗਰਸ ਦੇ ਕਲੇਸ਼ ਵਿੱਚੋਂ ਸਾਹਮਣੇ ਆਈ ਹੈ, ਉਹ ਇਹ ਹੈ ਕਿ ਪੰਜਾਬ ਕਾਂਗਰਸ ਆਪਣੇ ਪਿਛਲੇ ਵਾਅਦੇ ਨਾ ਪੂਰੇ ਕਰ ਸਕਣ ਕਰਕੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੜਬੜੀ ਤੇ ਘਬਰਾਹਟ ਵਿੱਚ ਹੈਪਾਰਟੀ ਅੰਦਰ ਹਾਲਾਤ ਬੂਹੇ ਆਈ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ ਵਾਲੇ ਬਣੇ ਹੋਏ ਹਨ। ਕਦੇ ਪ੍ਰਧਾਨ ਬਦਲੇ ਜਾ ਰਹੇ ਹਨ ਤੇ ਕਦੇ ਮੁੱਖ ਮੰਤਰੀਦੇਖਣਾ ਇਹ ਹੋਵੇਗਾ ਕਿ ਪਾਰਟੀ ਦੀ ਇਸ ਘਬਰਾਹਟ ਵਿੱਚੋਂ ਪੰਜਾਬ ਦੇ ਹਿਤ ਵਿੱਚ ਕੀ ਨਿਕਲਕੇ ਸਾਹਮਣੇ ਆਉਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3013)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author