ShingaraSDhillon7ਇੱਕ ਨੇ 2400 ਪੌਂਡ ਉੱਕੇ ਪੁੱਕੇ, ਦੂਸਰੇ ਨੇ 1860 ਪੌਂਡ, ਤੀਸਰੇ ਨੇ 1500 ਪੌਂਡ ਤੇ ਚੌਥੇ ਨੇ 1375 ਪੌਂਡ ਪਲੱਸ ...
(21 ਸਤੰਬਰ 2020)

 

ਬਰਤਾਨੀਆ ਦੁਨੀਆ ਦਾ ਉਹ ਮੁਲਕ ਹੈ ਜਿੱਥੇ ਸੱਚ ਤੇ ਇਮਾਨਦਾਰੀ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨਸਰਕਾਰੀ ਅਦਾਰਿਆਂ ਵਿੱਚ ਕੋਈ ਕੰਮ ਹੋਵੇ ਤਾਂ ਸੱਚ ਬੋਲਣ ਨਾਲ ਜੇਕਰ ਕਿਸੇ ਦਾ ਕੋਈ ਮਾੜਾ ਮੋਟਾ ਨੁਕਸਾਨ ਵੀ ਹੁੰਦਾ ਹੋਵੇ ਤਾਂ ਬਹੁਤੀ ਵਾਰ ਬਚਾਅ ਹੋ ਜਾਂਦਾ ਹੈ ਜਦ ਕਿ ਝੂਠ ਬੋਲਣ ਵਾਲਾ ਅਜਿਹੀ ਕੜਿੱਕੀ ਵਿੱਚ ਫਸਦਾ ਹੈ ਕਿ ਉਹ ਇੱਕ ਵਾਰ ਝੂਠ ਬੋਲਦਾ ਫੜਿਆ ਜਾਣ ਤੋਂ ਬਾਅਦ ਬੇਸ਼ਕ ਵਾਰ ਵਾਰ ਸੱਚ ਹੀ ਬੋਲਦਾ ਰਹੇ, ਪਰ ਉਸ ’ਤੇ ਦੁਬਾਰਾ ਫੇਰ ਨਾ ਹੀ ਕੋਈ ਭਰੋਸਾ ਕਰਦਾ ਹੈ ਤੇ ਨਾ ਹੀ ਉਸ ਦੇ ਬੋਲੇ ਹੋਏ ਇੱਕ ਝੂਠ ਤੋਂ ਉਸਦਾ ਛੇਤੀ ਕੀਤਿਆ ਛੁਟਕਾਰਾ ਹੁੰਦਾ ਹੈਸੋ ਇੱਥੋਂ ਦੇ ਲੋਕੀਂ ਵਾਹ ਲਗਦੀ ਨੂੰ ਝੂਠ ਬੋਲਣ ਤੋਂ ਹਮੇਸ਼ਾ ਪਰਹੇਜ਼ ਹੀ ਕਰਦੇ ਹਨ

ਇਹ ਗੱਲ ਵੀ ਸੱਚੀ ਹੈ ਕਿ ਕਿਧਰੇ ਵੀ ਕਿਸੇ ਗੁਣ ਜਾਂ ਅਵਗੁਣ ਦਾ ਨਾਸ਼ ਨਹੀਂ ਹੁੰਦਾ। ਹੇਰਾ-ਫੇਰੀ ਕਰਨ ਵਾਲੇ, ਝੂਠੇ ਤੇ ਨੌਸਰਬਾਜ਼ ਇਸ ਮੁਲਕ ਵਿੱਚ ਵੀ ਬਥੇਰੇ ਹਨ ਤੇ ਆਮ ਹੀ ਮਿਲ ਜਾਂਦੇ ਹਨ, ਪਰ ਸ਼ਰਤ ਇਹ ਹੈ ਕਿ ਉਹਨਾਂ ਨੂੰ ਫੜਨ ਵਾਸਤੇ ਬੰਦਾ ਬਾਜ਼ ਅੱਖ ਤੇ ਪਾਰਖੂ ਦਿਮਾਗ ਵਾਲਾ ਹੋਣਾ ਚਾਹੀਦਾ ਹੈ

ਗੱਲ ਕੁਝ ਕੁ ਦਿਨ ਪਹਿਲਾਂ ਦੀ ਹੈ ਕਿ ਮੇਰੀ ਕਾਰ ਚੱਲਦਿਆਂ ਚੱਲਦਿਆਂ ਇੱਕ ਦਮ ਲਿੰਪ ਮੋਡ (Limp Mode) ਵਿੱਚ ਚਲੇ ਗਈ ਜਿਸਦਾ ਭਾਵ ਇਹ ਹੁੰਦਾ ਹੈ ਕਿ ਕਾਰ ਵਿੱਚ ਕੋਈ ਨੁਕਸ ਪੈ ਗਿਆ ਜਿਸ ਕਾਰਨ ਕਾਰ ਦੇ ਇੰਜਨ ਦਾ ਜਾਂ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ, ਇਸ ਕਰਕੇ ਕਾਰ ਕੰਟਰੋਲ ਸਿਸਟਮ ਦਾ ਮੈਕਨਿਜ਼ਮ ਕੰਪਿਊਟਰ ਉਸ ਨੂੰ ਦੂਜੇ ਜਾਂ ਤੀਜੇ ਗੇਅਰ ਤੋਂ ਉੱਤੋਂ ਚਲਾਉਣ ਤੋਂ ਰੋਕ ਦਿੰਦਾ ਹੈਅਜਿਹੀ ਹਾਲਤ ਵਿੱਚ ਕਾਰ ਸਿਰਫ ਛੋਟੇ ਗੇਅਰ ਵਿੱਚ ਚਲਾ ਕੇ ਜਾਂ ਫੇਰ ਟੋਅ ਕਰਕੇ ਸਾਵਧਾਨੀ ਵਰਤਦਿਆਂ ਹੋਇਆਂ ਵਰਕਸ਼ਾਪ ਤਕ ਹੀ ਲਿਜਾਈ ਸਕਦੀ ਹੈ

ਖ਼ੈਰ! ਲਿੰਪ ਮੋਡ ਵਿੱਚ ਲੱਗੀ ਹੋਈ ਕਾਰ ਮੈਂ ਹੌਲੀ ਰਫ਼ਤਾਰ ਵਿੱਚ ਚਲਾ ਕੇ ਘਰ ਤਕ ਲੈ ਆਇਆਇਸੇ ਦੌਰਾਨ ਕਾਰ ਦੇ ਡੈਸ਼ ਬੋਰਡ ’ਤੇ ਇੰਜਨ ਲਾਇਟ ਵੀ ਆ ਗਈ ਤੇ “ਗੇਅਰ ਬਾਕਸ ਫੌਲਟ” ਦੀ ਕੈਪਸ਼ਨ ਵੀਘਰ ਪਹੁੰਚ ਕੇ ਕਈ ਵਰਕਸ਼ਾਪਾਂ ਨੂੰ ਫ਼ੋਨ ਕੀਤੇ ਜਿਹਨਾਂ ਵਿੱਚੋਂ ਬਹੁਤਿਆਂ ਨੇ ਕੋਰੋਨਾ ਵਾਇਰਸ ਦੀਆਂ ਗਾਈਡ ਲਾਈਨਜ਼ ਦੀ ਮਜਬੂਰੀ ਦੱਸਕੇ ਮੁਆਫੀ ਮੰਗ ਲਈ। ਕਈਆ ਨੇ ਇਹ ਕਹਿਕੇ ਸੌਰੀ ਆਖ ਦਿੱਤਾ ਕਿ ਉਹ ਗੇਅਰ ਬਾਕਸ ਤੇ ਕਿਸੇ ਵੀ ਇਲੈਕਟਰਾਨਿਕ ਫੌਲਟ ਦਾ ਕੰਮ ਹੀ ਨਹੀਂ ਕਰਦੇਇਸੇ ਤਰ੍ਹਾਂ ਕਰਦਿਆਂ ਤਿੰਨ ਚਾਰ ਦਿਨ ਨਿਕਲ ਗਏ ਤੇ ਪਰੇਸ਼ਾਨੀ ਨਿਰੰਤਰ ਵਧਦੀ ਗਈ

ਚੌਥੇ ਕੁ ਦਿਨ ਕਾਰ ਦੇ ਅਸਲ ਡੀਲਰ ਦੀ ਗੈਰੇਜ ਫ਼ੋਨ ਲਗਾਇਆ ਤੇ ਫ਼ੋਨ ਅਟੈਂਡ ਕਰਨ ਵਾਲੇ ਗੋਰੇ ਨੂੰ ਸਾਰੀ ਸਮੱਸਿਆ ਦੱਸੀ ਤਾਂ ਉਸ ਨੇ ਪਹਿਲੀ ਸਲਾਹ ਹੀ ਇਹ ਦਿੱਤੀ ਕਿ ਅਜਿਹੀ ਹਾਲਤ ਵਿੱਚ ਕਾਰ ਨੂੰ ਚਲਾਉਣਾ ਬਹੁਤ ਖਤਰਨਾਕ ਹੈ ਤੇ ਦੂਜੀ ਗੱਲ ਉਸ ਨੇ ਇਹ ਕਹੀ ਕਿ ਕਾਰ ਰਿਕਵਰੀ ਦੀ ਸਰਵਿਸ ਲੈ ਕੇ ਕਾਰ ਉਹਨਾਂ ਦੇ ਗੈਰੇਜ ਵਿੱਚ ਪਹੁੰਚਾ ਦਿੱਤੀ ਜਾਵੇ ਜਿਸ ਤੋਂ ਬਾਅਦ ਉਹਨਾਂ ਦੇ ਮਕੈਨਿਕ, ਕਾਰ ਦਾ ਅਸਲ ਨੁਕਸ ਲੱਭਣਗੇ। ਇਸਦੇ 198 ਪੌਂਡ ਪ੍ਰਤੀ ਘੰਟੇ ਦੇ ਹਿਸਾਬ ਨਾਲ ਵਸੂਲੇ ਜਾਣਗੇਉਸ ਨੇ ਇਹ ਵੀ ਦੱਸਿਆ ਕਿ ਨੁਕਸ ਲੱਭ ਜਾਣ ਤੋਂ ਬਾਦ ਪਾਰਟ ਅਤੇ ਲੇਬਰ ਦੇ ਅਲੱਗ ਪੈਸੇ ਵਸੂਲੇ ਜਾਣਗੇਉਸ ਗੈਰੇਜ ਵਾਲੇ ਗੋਰੇ ਦੀਆਂ ਉਕਤ ਗੱਲਾਂ ਸੁਣਕੇ ਮੇਰਾ ਬਲੱਡ ਪ੍ਰੈੱਸ਼ਰ ਬੜਾ ਉੱਤੇ ਥੱਲੇ ਹੋਇਆ, ਪਰ ਕਾਹਲੀ ਨਾ ਕੀਤੀ। ਅਗਲੇ ਦਿਨ ਕੁਝ ਕੁ ਹੋਰ ਵਰਕਸ਼ਾਪਾਂ ਨੂੰ ਫੋਨ ਕੀਤੇ, ਜਿਹਨਾਂ ਵਿੱਚੋਂ ਇੱਕ ਨੇ 2400 ਪੌਂਡ ਉੱਕੇ ਪੁੱਕੇ, ਦੂਸਰੇ ਨੇ 1860 ਪੌਂਡ, ਤੀਸਰੇ ਨੇ 1500 ਪੌਂਡ ਤੇ ਚੌਥੇ ਨੇ 1375 ਪੌਂਡ ਪਲੱਸ ਵੀਹ ਫੀਸਦੀ ਟੈਕਸ ਖਰਚ ਦੱਸਿਆ। ਇੱਕ ਗੈਰੇਜ ਵਾਲਾ ਅਜਿਹਾ ਵੀ ਸੀ ਜਿਸ ਨੇ ਦੱਸਿਆ ਕਿ ਉਹ 500 ਪੌਂਡ ਪਲੱਸ ਪਾਰਟ ਦੀ ਕੀਮਤ ਦੇ ਚਾਰਜ ’ਤੇ ਕਾਰ ਠੀਕ ਕਰ ਦੇਵੇਗਾ

ਉਕਤ ਮੁਤਾਬਿਕ ਹਰ ਕਾਰ ਗੈਰੇਜ ਦਾ ਆਪੋ ਆਪਣਾ ਭਾਅ ਦੇਖ ਸੁਣਕੇ ਇਸ ਤਰ੍ਹਾਂ ਲੱਗਾ ਕਿ ਜਿਵੇਂ ਇਸ ਕਿੱਤੇ ਵਿਚਲਾ ਹਰ ਕੋਈ ਦੁਕਾਨਗਾਰ ਲੱਗੀ ਰਗੜ ਤੇ ਦਾਅ ਲਗਾਉਣ ਵਿੱਚ ਰੁੱਝਿਆ ਹੋਇਆ ਹੋਵੇਮਨ ਵਿੱਚ ਇਹ ਖਿਆਲ ਵੀ ਆਇਆ ਕਿ ਕੋਰੋਨਾ ਕਾਰਨ ਮੰਦਾ ਲੱਗਾ ਹੋਣ ਕਰਕੇ ਹੋ ਸਕਦਾ ਹੈ ਕਿ ਹਰ ਕਾਰ ਗੈਰੇਜ ਵਾਲਾ, ਜੋ ਵੀ ਗਾਹਕ ਇੱਕ ਵਾਰ ਇਹਨਾਂ ਦੇ ਹੱਥ ਜਾਂ ਅੜਿੱਕੇ ਆ ਜਾਵੇ, ਉਸ ਕੋਲੋਂ ਹੀ ਸਾਰੇ ਅਗਲੇ ਪਿਛਲੇ ਘਾਟੇ ਦੀ ਭਰਪਾਈ ਕਰਨ ਦੀ ਤਾਕ ਵਿੱਚ ਹੋਵੇ

ਮਨ ਵਿੱਚ ਖਿਆਲ ਇਹ ਵੀ ਆਇਆ ਕਿ ਹੋ ਸਕਦਾ ਹੈ ਕਾਰ ਵਿੱਚ ਨੁਕਸ ਹੀ ਵੱਡਾ ਪੈ ਗਿਆ ਹੋਵੇ ਜਿਸ ਕਰਕੇ ਨੁਕਸ ਨੂੰ ਠੀਕ ਕਰਨ ਵਾਸਤੇ ਹਰ ਮਕੈਨਿਕ ਆਪੋ ਆਪਣੇ ਹਿਸਾਬ ਨਾਲ ਇੰਨੀ ਵੱਡੀ ਰਕਮ ਦੀ ਮੰਗ ਕਰ ਰਿਹਾ ਹੋਵੇ ਇਸਦੇ ਹੀ ਨਾਲ ਆਪਣੀ ਕਾਰ ਬਦਲ ਦੇਣ ਦਾ ਵਿਚਾਰ ਵੀ ਕਈ ਵਾਰ ਆਇਆਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਦੋ ਹਫਤੇ ਨਿਕਲ ਗਏ, ਪਰ ਕਾਰ ਦੀ ਮੁਰੰਮਤ ਦਾ ਕੋਈ ਹੀਲਾ ਵਸੀਲਾ ਨਾ ਹੋ ਸਕਿਆ। ਮੈਂ ਲੰਗੜੇ ਮੋਡ ਵਿੱਚ ਲੱਗੀ ਕਾਰ ਨੂੰ ਸਾਵਧਾਨੀ ਨਾਲ ਆਪਣੇ ਇੱਧਰ ਉੱਧਰ ਜਾਣ ਆਉਣ ਵਾਸਤੇ ਖਿਚੀ ਧੂਈ ਫਿਰਦਾ ਰਿਹਾ

ਇੱਕ ਦਿਨ ਸਵੇਰੇ ਵੇਲੇ ਸਿਰ ਉੱਠਿਆ ਤੇ ਜੈਗੁਅਰ ਕਾਰ ਫੈਨ ਕਲੱਬ ’ਤੇ ਆਪਣੀ ਕਾਰ ਵਿੱਚ ਚੱਲ ਰਹੇ ਨੁਕਸ ਬਾਰੇ ਸਵਾਲ ਪਾ ਦਿੱਤਾਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਜਦ ਅੱਧੇ ਕੁ ਘੰਟੇ ਬਾਦ ਹੀ ਇੱਕ ਗੋਰੇ ਨੇ ਮੈਂਨੂੰ ਮੇਰੀ ਰਾਰ ਵਿਚਲੇ ਅਸਲ ਨੁਕਸ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਸ ਨੁਕਸ ਨੂੰ ਠੀਕ ਕਰਨ ਵਾਲੇ ਮਾਹਿਰ ਮਕੈਨਿਕ ਦਾ ਫੋਨ ਨੰਬਰ ਵੀ ਦੇ ਦਿੱਤਾ ਮੈਂ ਉਸ ਗੋਰੇ ਦਾ ਧੰਨਵਾਦ ਕੀਤਾ ਤੇ ਤੁਰੰਤ ਉਸ ਦੁਆਰਾ ਦਿੱਤੇ ਗਏ ਨੰਬਰ ’ਤੇ ਫੋਨ ਮਿਲਾ ਕੇ ਮਕੈਨਿਕ ਨਾਲ ਗੱਲ ਕੀਤੀਮਕੈਨਿਕ ਨੇ ਮੈਂਨੂੰ ਕਾਰ ਵਿਚਲੇ ਨੁਕਸ ਬਾਰੇ ਪੂਰੀ ਤਫਸੀਲ ਨਾਲ ਜਾਣਕਾਰੀ ਦਿੰਦਿਆਂ ਖਰਾਬ ਹੋਏ ਇਲੈਕਟਰਾਨਿਕ ਪਾਰਟ ਦਾ ਨਾਮ ਤੇ ਉਹ ਪਾਰਟ ਇੰਜਣ ਦੇ ਕਿਹੜੇ ਹਿੱਸੇ ਵਿੱਚ ਹੈ, ਬਾਰੇ ਦੱਸਦਿਆ ਕਿਹਾ ਕਿ ਜੇਕਰ ਉਹ ਪਾਰਟ ਮੈਂ ਆਪ ਖੋਲ੍ਹਕੇ ਉਸ ਦੇ ਕੋਲ ਲੈ ਜਾਵਾਂ ਤਾਂ ਉਸ ਨੂੰ ਠੀਕ ਕਰਨ ਦੇ ਸਿਰਫ 75 ਪੌਂਡ ਲੱਗਣਗੇ ਤੇ ਜੇਕਰ ਕਾਰ ਉਸਦੀ ਗੈਰੇਜ ਵਿੱਚ ਲੈ ਕੇ ਜਾਵਾਂ ਤਾਂ ਕੁਲ ਖਰਚ, ਸਮੇਤ ਪਾਰਟ ਦੀ ਮੁਰੰਮਤ ਅਤੇ ਫਿਟਿੰਗ 120 ਪੌਂਡ ਹੋਵੇਗਾ ਮੈਂ ਅਗਲੇ ਦਿਨ ਕਾਰ ਉਸ ਦੀ ਗੈਰੇਜ ਵਿੱਚ ਲੈ ਕੇ ਜਾਣ ਵਾਸਤੇ ਮਕੈਨਿਕ ਨਾਲ ਸਮਾਂ ਤੈਅ ਕਰ ਲਿਆ

ਤੈਅ ਕੀਤੇ ਸਮੇਂ ਮੁਤਾਬਿਕ ਅਗਲੇ ਦਿਨ ਮੈਂ ਆਪਣੀ ਕਾਰ ਉਕਤ ਮਕੈਨਿਕ ਦੀ ਗੈਰੇਜ ਵਿੱਚ ਲੈ ਗਿਆ, ਜਿੱਥੇ ਉਸ ਮਕੈਨਿਕ ਨੇ ਅੱਧੇ ਘੰਟੇ ਦੇ ਅੰਦਰ ਅੰਦਰ ਕਾਰ ਦਾ ਪਾਰਟ ਬਦਲਕੇ ਸਾਰਾ ਨੁਕਸ ਦੂਰ ਕਰ ਦਿੱਤਾ ਤੇ ਮੈਂ ਖ਼ੁਸ਼ੀ ਨਾਲ ਉਸ ਨੂੰ ਕੁਲ £120.00 ਅਦਾ ਕਰਕੇ ਸੁਖ ਦਾ ਸਾਹ ਲਿਆਘਰ ਵੱਲ ਵਾਪਸ ਮੁੜਦਿਆਂ ਜਿੱਥੇ ਮੈਂ ਸਾਰਾ ਰਸਤਾ ਵੱਖ ਵੱਖ ਗੈਰੇਜਾਂ ਵਾਲਿਆਂ ਵੱਲੋਂ ਮਚਾਈ ਜਾ ਰਹੀ ਲੁੱਟ ਖਸੁੱਟ ਬਾਰੇ ਸੋਚ ਰਿਹਾ ਸੀ, ਉੱਥੇ ਨਾਲ ਹੀ ਜੈਗੁਅਰ ਫੈਨ ਕਲੱਬ ਵਾਲੇ ਉਸ ਅਣਜਾਣ ਗੋਰੇ ਮਿੱਤਰ, ਜਿਸ ਨੇ ਮੈਂਨੂੰ ਸਹੀ ਜਾਣਕਾਰੀ ਦੇ ਕੇ ਮੇਰੀ ਕਈਆਂ ਦਿਨਾਂ ਤੋਂ ਕਾਰ ਵਿੱਚ ਪਏ ਨੁਕਸ ਦੀ ਵਜਾਹ ਕਰਕੇ ਚੱਲ ਰਹੀ ਮਾਨਸਿਕ ਪਰੇਸ਼ਾਨੀ ਦੂਰ ਕੀਤੀ, ਦਾ ਬੇਹੱਦ ਸ਼ੁਕਰਾਨਾ ਵੀ ਕਰ ਰਿਹਾ ਸੀ ਤੇ ਘਰ ਪਹੁੰਚਕੇ ਦੁਬਾਰਾ ਇੱਕ ਵਾਰ ਫੇਰ ਉਸ ਗੋਰੇ ਨੂੰ ਦਿਲੀ ਧੰਨਵਾਦ ਦਾ ਸੁਨੇਹਾ ਭੇਜ ਕੇ ਆਪਣਾ ਉਸ ਪ੍ਰਤੀ ਆਦਰ ਸਤਿਕਾਰ ਪ੍ਰਗਟ ਕਰਕੇ ਹਲਕਾ ਫੁੱਲ ਮਹਿਸੂਸ ਕੀਤਾ

ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਬਹੁਤ ਸਾਰੇ ਕਾਰਾਂ ਮੋਟਰਾਂ ਦੇ ਮਾਲਕਾਂ ਨਾਲ ਹੁੰਦੀਆਂ ਵਾਪਰਦੀਆਂ ਹੋਣਗੀਆਂ, ਪਰ ਕਿੰਨੀਆਂ ਕੁ ਹਨ ਜੋ ਅਸੀਂ ਆਪਣੇ ਭਾਈਚਾਰੇ ਨਾਲ ਸਾਂਝੀਆਂ ਕਰਦੇ ਹਾਂ ਤਾਂ ਕਿ ਇਸ ਮਹਿੰਗਾਈ ਦੇ ਜੁੱਗ ਵਿੱਚ ਕਿਸੇ ਹੋਰ ਨੂੰ ਚੌਕੰਨਾ ਕਰਕੇ ਇਸ ਤਰ੍ਹਾਂ ਦੀ ਹੋ ਰਹੀ ਲੁੱਟ ਖਸੁੱਟ ਤੋਂ ਬਚਾਇਆ ਜਾ ਸਕੇ, ਮੇਰੀ ਜਾਚੇ ਬਹੁਤ ਘੱਟ ਹੋਣਗੇ ਜੋ ਅਜਿਹਾ ਕਰਤੇ ਹੋਣਗੇਇਸ ਕਰਕੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈਸਾਡੇ ਵਿੱਚੋਂ ਬਹੁਤ ਸਾਰੇ MOT ਵੇਲੇ ਕਾਫ਼ੀ ਛਿੱਲ ਲੁਹਾਉਂਦੇ ਹਨ ਤੇ ਬਹੁਤ ਸਾਰੇ ਸਲਾਨਾ ਜਾਂ ਛਿਮਾਹੀ ਕਾਰ ਸਰਵਿਸ ਵੇਲੇਮੇਰੇ ਧਿਆਨ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਆਈਆਂ ਹਨ, ਜਿਹਨਾਂ ਵਿੱਚੋਂ ਕਈਆਂ ਦਾ ਨਿਪਟਾਰਾ ਮੈਂ ਕੋਰਟ ਕਚਹਿਰੀਆਂ ਦੇ ਰਾਹੀਂ ਵੀ ਕਰਵਾ ਚੁੱਕਾਂ ਹਾਂ ਉਹਨਾਂ ਵਿੱਚੋਂ ਕਈ ਚੁਨਿੰਦਾ ਘਟਨਾਵਾਂ ਦਾ ਜ਼ਿਕਰ ਮੈਂ ਆਪਣੀਆਂ ਅਗਲੇਰੀਆਂ ਲਿਖਤਾਂ ਕਰਾਂਗਾ

ਇਸ ਉਕਤ ਘਟਨਾ ਕ੍ਰਮ ਤੋਂ ਇਹ ਨੁਕਤਾ ਵੀ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਇੱਕ ਗਰਾਹਕ ਨੂੰ ਕੋਈ ਵੀ ਸਰਵਿਸ ਪ੍ਰਾਪਤ ਕਰਨ ਵੇਲੇ ਕਦੇ ਵੀ ਇੱਕੋ ਰਿਟੇਲਰ ਉੱਤੇ ਅੱਖਾਂ ਮੀਟ ਕੇ ਭਰੋਸਾ ਨਹੀਂ ਕਰਨਾ ਚਾਹੀਦਾ ਬਲਕਿ ਕੋਈ ਵੀ ਸਰਵਿਸ ਪ੍ਰਾਪਤ ਕਰਨ ਤੋਂ ਪਹਿਲਾਂ ਅੱਖਾਂ ਖੋਲ੍ਹ ਕੇ ਤੇ ਪੂਰੀ ਸਮਝਦਾਰੀ ਨਾਲ ਹਰ ਕਦਮ ਫੂਕ ਫੂਕ ਕੇ ਚੁੱਕਣਾ ਚਾਹੀਦਾ ਹੈ ਤੇ ਲੋੜ ਪੈਣ ’ਤੇ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਨ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ ਇੱਥੇ ਇਹ ਨੁਕਤਾ ਵੀ ਉੱਭਰਕੇ ਸਾਹਮਣੇ ਆਉਂਦਾ ਹੈ ਕਿ ਹਰ ਮਕੈਨਿਕ ਜਾਂ ਰਿਟੇਲਰ ਦਾ ਕੰਮ ਕਰਨ ਤੇ ਗਾਹਕ ਨਾਲ ਡੀਲ ਕਰਨ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਹੈ। ਸੋ ਕੋਈ ਵੀ ਕੰਮ ਕਰਾਉਣ ਵਾਸਤੇ ਕਾਹਲ ਨਹੀਂ ਕਰਨੀ ਚਾਹੀਦੀ। ਸਭ ਤੋਂ ਪਹਿਲੀ ਲੋੜ ਠੋਕ ਵਜਾ ਕੇ ਕੱਚਾ ਜਾਂ ਪੱਕਾ ਪਰਖਣ ਦੀ ਹੁੰਦੀ ਹੈ ਨਹੀਂ ਤਾਂ ਝੁੱਗਾ ਚੌੜ ਹੋ ਜਾਣ ਦੇ ਚਾਨਸ ਵਧੇਰੇ ਹੁੰਦੇ ਹਨ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2345)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author