KulwinderBathDr7“ਜੇ ਕੋਈ ਵੀ ਸੋਚ, ਧਰਮ, ਕਰਮ, ... ਰੀਤੀ ਜਾਂ ਰਿਵਾਜ ... ਇਨਸਾਨ ਨੂੰ ...”
(8 ਅਕਤੂਬਰ 2026)

 

    ਮੁਆਫ਼ੀ

ਜਾਚ ਹੈ ਜੀਵਨ ਦੀ!
ਅਸੀਂ ਮੁਆਫ਼ੀ ਮੰਗ ਲੈਂਦੇ ਹਾਂ
ਮੁਆਫ਼ੀ ਮੰਗਣ ਦੀ ਖਾਤਰ
ਅਸੀਂ ਮੁਆਫ਼ੀ ਦੇ ਵੀ ਦਿੰਦੇ ਹਾਂ
ਮੁਆਫ਼ੀ ਦੇਣ ਦੀ ਖਾਤਰ
ਨਾ ਰੂਹ ਤੋਂ ਮੁਆਫ਼ੀ ਮੰਗਦੇ ਹਾਂ
ਨਾ ਦਿਲ ਤੋਂ ਮੁਆਫ਼ ਹੀ ਕਰਦੇ ਹਾਂ

ਕਸੂਰ ਮੇਰਾ ਤੇਰਾ ਜਾਂ ਉਸਦਾ ਨਹੀਂ
ਮੁਆਫ਼ੀ ਮੰਗਣ ਜਾਂ ਦੇਣ ਦਾ ਨਹੀਂ
ਕਸੂਰ ਤਾਂ ਉਸ ਹੰਕਾਰ ਦਾ ਹੈ

ਜੋ ਸਾਡੀ ਰੂਹ ਵਿੱਚ ਵੱਸਿਆ ਹੈ

ਮੁਆਫ਼ੀ ਮੰਗਣ-ਦੇਣ ਦੇ ਲਈ
ਇਸ ਹੰਕਾਰ ਨੂੰ ਮਾਰਨਾ ਹੈ
ਕੋਸ਼ਿਸ਼ ਕਰਨੀ ਬਣਦੀ ਹੈ

ਅਗਰ ਕੋਈ ਕਾਜ ਸੁਆਰਨਾ ਹੈ।

ਮੁਆਫ਼ੀ ਜਾਚ ਹੈ ਜੀਵਨ ਦੀ
ਜਿਉਂ ਲਕੀਰ ਹੈ ਪੱਥਰ ’ਤੇ
ਜਾਚ ਇਸ ਜੀਵਨ ਦੀ ਖਾਤਰ
ਆਪਣੇ ਕਿਰਦਾਰ ਦੀ ਖਾਤਰ
ਖੁਦ ਨੂੰ ਖੁਦ ਸੁਆਰਨਾ ਹੈ।

ਇਹ ਕੋਈ ਬਾਤ ਅਜੀਬ ਨਹੀਂ
ਜੋ ਬਾਣੀ ਕਹਿੰਦੀ ਆਈ ਹੈ
‘
ਪਸੂ’ ਨੂੰ ਮਾਰਨਾ ਪੈਣਾ ਹੈ
ਜੇ ਕਾਰਜ ਕੋਈ ਸੁਆਰਨਾ ਹੈ।

ਮੁਆਫ਼ੀ ਮੰਗਣ ਦੀ ਖਾਤਰ
ਮੁਆਫ਼ੀ ਦੇਣ ਦੀ ਖਾਤਰ
ਤੇ ਜੀਵਨ ਜਾਚ ਦੀ ਖਾਤਰ
ਇਸ ਹੰਕਾਰ ਨੂੰ ਮਾਰਨਾ ਹੈ
ਇਸ ਵਿਕਾਰ ਨੂੰ ਮਾਰਨਾ ਹੈ।

     *     *     *

      ਮੇਰਾ ਨਾਨਕ

ਸੰਗਮਰਮਰ ਦੇ ਮੰਦਿਰਾਂ ਵਿੱਚੋਂ
ਨਾਨਕ ਕਿੱਥੇ ਲੱਭਦਾ ਹੈ?

ਨਾਨਕ ਲੱਭਦਾ ਹੈ
ਜਿੱਥੇ ਪੈਲੀ ਵਿੱਚ ਹਲ ਵਗਦਾ ਹੈ
ਨਾਨਕ ਲੱਭਦਾ ਹੈ

ਜਿੱਥੇ ਭੁੱਖਿਆਂ ਦਾ ਢਿੱਡ ਭਰਦਾ ਹੈ
ਨਾਨਕ ਲੱਭਦਾ ਹੈ
ਜਿੱਥੇ ਨਾਰੀ ਦਾ ਕੱਦ ਵਧਦਾ ਹੈ

ਜਾਤਾਂ ਅਤੇ ਧਰਮਾਂ ਦੇ ਮੰਦਿਰਾਂ ਵਿੱਚੋਂ
ਨਾਨਕ ਕਿੱਥੇ ਲੱਭਦਾ ਹੈ?

ਤਾਣੇ-ਬਾਣੇ ਦੇ ਰਿਹਾ ਏ
ਕੋਈ ਨਸੀਹਤਾਂ ਢੂੰਡ ਰਿਹਾ ਏ
ਕੋਈ ਵਸੀਅਤਾਂ ਦਿਖਾ ਰਿਹਾ ਏ
ਕੋਈ ਹੈਸੀਅਤਾਂ ਪਰ
ਇਹ ਕੌਣ ਹੋਇਆ
ਜਿਹੜਾ ਕਦੇ-ਕਦੇ ਪੁੱਛਦਾ ਰਹਿੰਦਾ ਏ
ਤਬੀਅਤਾਂ… ਤੇ ਖ਼ੈਰੀਅਤਾਂ...

     *     *     *

ਮੁਹੱਬਤ ਦਾ ਦਰਿਆ

ਜੀਅ ਕਰਦੈ
ਬੇੜੀ ਬਣ ਜਾਵਾਂ
ਜਾਂ ਮੈਂ ਬਣਾਂ ਮਲਾਹ

ਸੁਣਿਆ ਹੈ
ਇੱਕ ਬੇੜੀ, ਇੱਕ ਮਲਾਹ
ਦੇਂਦੇ ਪੂਰਾਂ ਦੇ ਪੂਰ ਲੰਘਾ 

ਇੱਕ ਬੇੜੀ, ਇੱਕ ਮਲਾਹ
ਦੇਂਦੇ ਪੂਰਾਂ ਦੇ ਪੂਰ ਮਿਲਾ
ਦੇਂਦੇ ਵਿਛੜੇ ਯਾਰ ਮਿਲਾ

ਦੋਂਹ ਸਿਰਿਆਂ ’ਤੇ ਬੈਠੀਆਂ ਰੂਹਾਂ
ਇੱਕ ਥਾਂ ਦੇਣ ਬਿਠਾ

 *     *     *

   ਜੰਗ… ਤੇ ਜੰਗ
ਜਹਾਨ ਦੇ ਹਰ ਕੋਨੇ ਵਿੱਚ
ਕੁਝ ਲੋਕ ਜੰਗ ਕਰਾ ਰਹੇ ਹਨ

ਕੁਝ ਲੋਕ ਜੰਗ ਕਰ ਰਹੇ ਹਨ
ਕੁਝ ਲੋਕ ਜੰਗ ਜਿੱਤ ਰਹੇ
ਕੁਝ ਲੋਕ ਜੰਗ ਹਾਰ ਰਹੇ ਹਨ
ਆਮ ਲੋਕ ਜੰਗ ਨਾਲ ਮਰ ਰਹੇ ਹਨ।

ਅਜੋਕੇ ਵਕਤ ਵਿੱਚ
ਧਰਮ ਪਸਰ ਰਿਹਾ ਹੈ
ਮਜ਼ਹਬ ਵਧ ਫੁੱਲ ਰਿਹਾ ਹੈ
ਹਰ ਬੰਦਾ ਸੂਝਵਾਨ ਬਣ ਰਿਹਾ ਹੈ
ਫਿਰ ਵੀ ਇਨਸਾਨੀਅਤ ਮਰ ਰਹੀ ਹੈ।

ਹਸਪਤਾਲ ਬਣ ਰਹੇ ਹਨ
ਦਵਾ ਦਾਰੂ ਵਧ ਰਹੇ ਹਨ
ਇਲਾਜ ਵਧ ਫੁੱਲ ਰਹੇ ਹਨ
ਡਾਕਟਰ ਮਾਹਰ ਹੋ ਰਹੇ ਹਨ
ਫਿਰ ਵੀ ਆਮ ਲੋਕ
ਇਲਾਜ ਦੁੱਖੋਂ ਮਰ ਰਹੇ ਹਨ।

ਜੇ ਕੋਈ ਵੀ ਸੋਚ, ਧਰਮ, ਕਰਮ,
ਰੀਤੀ ਜਾਂ ਰਿਵਾਜ
ਇਨਸਾਨ ਨੂੰ ਇਨਸਾਨ ਨਾਲੋ਼ਂ ਤੋੜਦਾ ਹੈ
ਜਾਂ ਤੋੜਨ ਦਾ ਸੁਨੇਹਾ ਦੇਂਦਾ ਹੈ
ਤਾਂ ਇਨਸਾਨ ਨੂੰ ਖ਼ੁਦ ਬ ਖ਼ੁਦ
ਉਸ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ।

ਪਿੰਡ ਛੱਡਿਆਂ...

ਪਿੰਡ ਛੱਡਿਆਂ ਹੋ ਗਏ ਦਹਾਕੇ
ਪਿੰਡ ਯਾਦਾਂ ਦੇ ਵਿੱਚ ਅੱਜ ਵੀ ਹੱਸਦਾ ਹੈ।

ਪਿੰਡ ਭਾਵੇਂ ਮੈਂ ਨਾ ਹੀ ਵਸਦਾ
ਪਿੰਡ ਮੇਰੇ ਵਿੱਚ ਅੱਜ ਵੀ ਵੱਸਦਾ ਹੈ।

ਪਿੰਡ ਮੇਰੇ ਦੇ ਪੰਛੀ ਰੁੱਸ ਗਏ
ਵਾਅ-ਪਾਣੀ ਸਭ ਜ਼ਹਿਰੀ ਹੋ ਗਿਆ।

ਪਿੰਡ ਮੇਰਾ ਕੁਛ ਸ਼ਹਿਰੀ ਹੋ ਗਿਆ
ਵਿੱਚੋਂ-ਵਿੱਚੋਂ ਜ਼ਹਿਰੀ ਹੋ ਗਿਆ।

ਪਿੰਡ ਦੇ ਬੰਦੇ ‘ਪੈ’ ਜਾਂਦੇ ਨੇ
ਆਪਸ ਵਿੱਚ ਵੀ ਖਹਿ ਜਾਂਦੇ ਨੇ
ਪਿੰਡ ਦੇ ਮੁੱਕਦੇ-ਸੁੱਕਦੇ ਰਿਸ਼ਤੇ

ਪਾਣੀਆਂ ਵਾਂਗਰ ਸੁੱਕ ਜਾਂਦੇ ਨੇ।

ਦੋਸਤੋ, ਫਿਰ ਵੀ
ਪਿੰਡ ਮੇਰੇ ਦੇ ਕੁਝ ਕਹਿਣ ਸਿਆਣੇ

ਕਿਉਂ ਤੂੰ ਐਵੇਂ ਈ ਡਰਦਾ ਰਹਿਨਾ!
ਪਿੰਡ ਦੀ ਜਦ ਜੋ ਗੱਲ ਇੰਜ ਕਰਦਾ

ਵਾਂਗ ਫ਼ਰਿਸ਼ਤਿਆਂ ਮੈਨੂੰ ਲਗਦਾ।

ਪਿੰਡ ਵਿੱਚ ਬਲ਼ੇ ਮੁਹੱਬਤੀ ਦੀਵਾ
ਬੁਝਦਾ-ਜਗਦਾ ਅੱਜ ਵੀ ਬਲ਼ਦਾ।
ਪਿੰਡ ਦੀਆਂ ਪਿੰਡੇ ਲੂਹੰਦੀਆਂ ਰੋਹੀਆਂ

ਠੰਢ ਦਾ ਬੁੱਲਾ ਹੁਣ ਵੀ ਵਗਦਾ।

ਪਿੰਡ ਭਾਵੇਂ ਮੈਂ ਨਾ ਹੀ ਵਸਦਾ
ਪਿੰਡ ਮੇਰੇ ਵਿੱਚ ਅੱਜ ਵੀ ਵਸਦਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

More articles from this author