“ਬਾਬਾ ਬੰਤਾ ਮੇਰੇ ਵਾਲੀ ਬੱਸ ਵਿੱਚ ਹੀ ਮੇਰੇ ਨਾਲ ਦੀ ਸੀਟ ’ਤੇ ਬੈਠ ਗਿਆ। ਗੱਲਬਾਤ ...”
(30 ਅਪਰੈਲ 2026)
ਮੇਰੇ ਮਨ ਵਿੱਚ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਚਿਰੋਕਣੀ ਤਾਂਘ ਸੀ। ਸਾਲ 2024 ਵਿੱਚ ਵਾਹਿਗੁਰੂ ਦੀ ਮਿਹਰ ਸਦਕਾ ਮੇਰੀ ਇਹ ਇੱਛਾ ਪੂਰੀ ਹੋਈ ਅਤੇ ਮੈਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਜੂਨ ਮਹੀਨੇ ਵਿੱਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਨ ਦਾ ਮੌਕਾ ਮਿਲ ਗਿਆ।
ਅਟਾਰੀ ਚੈੱਕ ਪੋਸਟ ’ਤੇ ਪਹੁੰਚਕੇ ਭਾਰਤ ਵਾਲੇ ਪਾਸੇ ਤੋਂ ਇੰਮੀਗਰੇਸ਼ਨ ਕਰਵਾਉਣ ਉਪਰੰਤ ਅਸੀਂ ਬਾਰਡਰ ਦਾ ਗੇਟ ਲੰਘਕੇ ਪਾਕਿਸਤਾਨ ਵਾਲੇ ਪਾਸੇ ਦਾਖਲ ਹੋਏ। ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ ਗਿਆ। ਪਾਕਿਸਤਾਨ ਵਾਲੇ ਪਾਸੇ ਇੰਮੀਗਰੇਸ਼ਨ ਦੀ ਕਾਰਵਾਈ ਮੁਕੰਮਲ ਕਰਵਾਉਣ ਉਪਰੰਤ ਜਥੇ ਦੇ ਬਾਕੀ ਮੈਂਬਰਾਂ ਦੀ ਤਰ੍ਹਾਂ ਮੈਂ ਵੀ ਆਪਣਾ ਸ਼ਨਾਖਤੀ ਕਾਰਡ ਬਣਵਾ ਲਿਆ ਅਤੇ ਬੱਸ ਦੀ ਟਿਕਟ ਲੈ ਲਈ। ਪਾਕਿਸਤਾਨ ਦੇ ਕੁਝ ਕਰਮਚਾਰੀ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਖੇ ਰਿਹਾਇਸ਼ ਲਈ ਕਮਰਿਆਂ ਦੀ ਅਲਾਟਮੈਂਟ ਵੀ ਕਰ ਰਹੇ ਸਨ। ਉਨ੍ਹਾਂ ਨੇ ਸਾਨੂੰ ਸੱਤ ਜਣਿਆਂ ਨੂੰ ਇੱਕ ਗਰੁੱਪ ਬਣਾਉਣ ਲਈ ਕਿਹਾ। ਮੈਂ ਆਪਣੇ ਇਲਾਕੇ ਤੋਂ ਇਕੱਲਾ ਹੋਣ ਕਾਰਨ ਜਥੇ ਵਿੱਚ ਸ਼ਾਮਲ ਬਾਕੀ ਮੈਂਬਰਾਂ ਦਾ ਵਾਕਫ ਨਹੀਂ ਸੀ ਪ੍ਰੰਤੂ ਸਾਨੂੰ ਗਰੁੱਪ ਬਣਾਉਣ ਲਈ ਉੱਥੇ ਜਾਣ-ਪਛਾਣ ਬਣਾਉਣੀ ਪਈ ਅਤੇ ਅਸੀਂ 7 ਮੈਂਬਰਾਂ ਦੇ ਗਰੁੱਪ ਨੇ ਰਿਹਾਇਸ਼ ਲਈ ਅਲਾਟਮੈਂਟ ਕਰਵਾ ਲਈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਲੰਗਰ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ। ਲੰਗਰ ਛਕਣ ਉਪਰੰਤ ਵਾਰੋ-ਵਾਰੀ ਸਾਰੇ ਬੱਸਾਂ ਵਿੱਚ ਬੈਠਣ ਲੱਗ ਪਏ। ਲਗਭਗ ਦੋ ਘੰਟੇ ਬਾਅਦ ਬੱਸਾਂ ਇਕੱਠੀਆਂ ਯਾਤਰਾ ਲਈ ਰਵਾਨਾ ਹੋ ਗਈਆਂ।
ਬੱਸਾਂ ਦੇ ਤੁਰਨ ਤੋਂ ਮਗਰੋਂ ਲਗਭਗ ਅੱਧੇ ਘੰਟੇ ਬਾਅਦ ਹੀ ਲਾਹੌਰ ਆ ਗਿਆ। ਅਸੀਂ ਬੱਸਾਂ ਵਿੱਚ ਬੈਠੇ ਆਲਾ-ਦੁਆਲਾ ਦੇਖਦੇ ਰਹੇ। ਲਗਭਗ ਤਿੰਨ ਕੁ ਘੰਟੇ ਮਗਰੋਂ ਅਸੀਂ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜ ਗਏ।
ਸ੍ਰੀ ਨਨਕਾਣਾ ਸਾਹਿਬ ਵਿਖੇ ਜਾਕੇ ਅਸੀਂ ਆਪਣੇ ਰਿਹਾਇਸ਼ੀ ਕਮਰੇ ਦੀਆਂ ਚਾਬੀਆਂ ਲੈ ਲਈਆਂ ਅਤੇ ਸਮਾਨ ਟਿਕਾ ਕੇ ਵਾਰੀ-ਵਾਰੀ ਨਹਾ ਧੋਕੇ ਗੁਰਦੁਆਰਾ ਸਾਹਿਬ ਵਿਖੇ ਜਾਕੇ ਨਤਮਸਤਕ ਹੋਏ। ਰਾਤ ਦਾ ਲੰਗਰ ਛਕਣ ਉਪਰੰਤ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਆ ਗਏ।
ਹੌਲੀ-ਹੌਲੀ ਸਾਡਾ ਇੱਕ ਦੂਜੇ ਨਾਲ ਚੰਗਾ ਰਾਬਤਾ ਬਣਦਾ ਗਿਆ। ਸਾਡੇ 7 ਮੈਂਬਰਾਂ ਦੇ ਗਰੁੱਪ ਵਿੱਚ ਇੱਕ 80 ਸਾਲ ਦਾ ਬਜ਼ੁਰਗ, ਜਿਹੜਾ ਆਪਣਾ ਨਾਮ ਬੰਤ ਸਿੰਘ ਦੱਸਦਾ ਸੀ, ਵੀ ਸ਼ਾਮਲ ਸੀ। ਜਦੋਂ ਅਸੀਂ ਉਸ ਬਾਰੇ ਇੱਕ ਦੂਜੇ ਨਾਲ ਗੱਲ ਕਰਨ ਲਗਦੇ ਤਾਂ ਉਸਨੂੰ ਬਾਬਾ ਬੰਤਾ ਕਹਿਕੇ ਹੀ ਸੰਬੋਧਿਤ ਹੁੰਦੇ ਸੀ। ਬਾਬਾ ਬੰਤਾ ਹਰ ਖੇਤਰ ਵਿੱਚ ਸਾਡੇ ਸਾਰਿਆਂ ਨਾਲੋਂ ਅੱਗੇ ਹੁੰਦਾ ਸੀ। ਉਹ ਸਵੇਰੇ ਦੋ ਵਜੇ ਜਾਗ ਜਾਇਆ ਕਰਦਾ ਸੀ ਅਤੇ ਇਸ਼ਨਾਨ ਕਰਕੇ ਕਮਰੇ ਵਿੱਚ ਬੈਠਕੇ ਪੰਜਾਂ ਬਾਣੀਆਂ ਦਾ ਪਾਠ ਕਰਦਾ ਅਤੇ ਨਿਤਨੇਮ ਕਰਨ ਤੋਂ ਬਾਅਦ ਤਿਆਰ-ਬਰ-ਤਿਆਰ ਹੋਕੇ ਸਭ ਤੋਂ ਪਹਿਲਾਂ ਗੁਰੂ ਦੇ ਅੱਗੇ ਨਤਮਸਤਕ ਹੁੰਦਾ ਸੀ। ਜਿਸ ਗੁਰਦੁਆਰਾ ਸਾਹਿਬ ਵਿੱਚ ਵੀ ਸਾਡੀ ਠਹਿਰ ਹੁੰਦੀ, ਬਾਬੇ ਬੰਤੇ ਦੀ ਰੂਟੀਨ ਕਦੇ ਨਹੀਂ ਸੀ ਬਦਲਦੀ। ਬਾਬਾ ਬੰਤਾ ਲੰਗਰ ਵਿੱਚ ਹਾਜ਼ਰ ਹੋਣ ਸਮੇਂ ਬਹੁਤ ਘੱਟ ਖਾਂਦਾ ਸੀ, ਸ਼ਾਇਦ ਗੁਰੂ ਦੀ ਬਾਣੀ ਪੜ੍ਹਕੇ ਹੀ ਉਸਦੀ ਰੂਹ ਰੱਜ ਜਾਇਆ ਕਰਦੀ ਸੀ। ਸ੍ਰੀ ਨਨਕਾਣਾ ਸਾਹਿਬ ਦੇ ਸਾਰੇ ਗੁਰਧਾਮ, ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ, ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਦੀ ਯਾਤਰਾ ਤੋਂ ਬਾਅਦ ਅਸੀਂ ਯਾਤਰਾ ਦੇ ਆਖਰੀ ਪੜਾਅ ’ਤੇ ਲਾਹੌਰ ਆ ਗਏ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸਾਰੇ ਸਿੱਖ ਯਾਤਰੀਆ ਦੀ ਰਿਹਾਇਸ਼ ਲਈ ਇੰਤਜ਼ਾਮ ਕੀਤੇ ਗਏ ਸਨ।
ਇੱਕ ਰਾਤ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਗੁਜ਼ਾਰਨ ਤੋਂ ਬਾਅਦ ਅਸੀਂ ਅਗਲੇ ਦਿਨ ਲਾਹੌਰ ਦੇ ਲੋਕਲ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲ ਪਏ। ਉੱਥੇ ਇੱਕ ਆਟੋ ਰਿਕਸ਼ਾ ਵਾਲਾ ਸੱਤ ਸਵਾਰੀਆਂ ਨੂੰ ਲੈਕੇ ਚਲਦਾ ਹੈ। ਬਾਬੇ ਬੰਤੇ ਨੇ ਸਭ ਤੋਂ ਅੱਗੇ ਹੋਕੇ ਇੱਕ ਆਟੋ ਰਿਕਸ਼ਾ ਵਾਲੇ ਨੂੰ ਆਪਣਾ ਰੂਟ ਦੱਸਦੇ ਹੋਏ ਉਸ ਨਾਲ ਰੇਟ ਤੈਅ ਕਰ ਲਿਆ। ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮ ਦਾਸ ਜੀ ਚੂਨਾ ਮੰਡੀ ਲਾਹੌਰ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਦਿੱਲੀ ਗੇਟ ਲਾਹੌਰ ਵਿੱਚੋਂ ਦੀ ਹੁੰਦੇ ਹੋਏ ਗੁਰਦੁਆਰਾ ਸਿੰਘ ਸਿੰਘਣੀਆਂ ਅਤੇ ਭਾਈ ਤਾਰੂ ਸਿੰਘ ਜੀ ਦੀ ਸਮਾਧ ਦੇਖਣ ਲਈ ਲੋਹਾ ਬਜ਼ਾਰ ਲਾਹੌਰ ਵੱਲ ਚਾਲੇ ਪਾ ਦਿੱਤੇ।
ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਅਸੀਂ ਲਾਹੌਰ ਦਾ ਲਾਲ ਖੂਹੀ ਚੌਂਕ ਅਤੇ ਅਨਾਰਕਲੀ ਬਜ਼ਾਰ ਦੇਖਣ ਲਈ ਨਿਕਲ ਪਏ। ਕੁਝ ਖਰੀਦੋ-ਫਰੋਖਤ ਕਰਨ ਤੋਂ ਬਾਅਦ ਸਾਡੇ ਅੰਦਰ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦੇਖਣ ਦੀ ਇੱਛਾ ਹੋਈ। ਅਸੀਂ ਇਸ ਬਾਰੇ ਆਟੋ ਰਿਕਸ਼ਾ ਵਾਲੇ ਨਾਲ ਗੱਲ ਕੀਤੀ। ਉਸਨੇ ਕੁਝ ਹੋਰ ਵਾਧੂ ਪੈਸੇ ਦੇਣ ਦੀ ਸ਼ਰਤ ’ਤੇ ਸਾਨੂੰ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦੇ ਦਰਸ਼ਨ ਕਰਵਾਉਣ ਦੀ ਸਹਿਮਤੀ ਦੇ ਦਿੱਤੀ।
ਉਹ ਪੁੱਛਦਾ ਪੁੱਛਾਉਂਦਾ ਸਾਨੂੰ ਆਪਣੇ ਆਟੋ ਰਿਕਸ਼ਾ ਵਿੱਚ ਬਿਠਾਕੇ ਘੁੰਮਦਾ ਰਿਹਾ ਪ੍ਰੰਤੂ ਉਸਨੂੰ ਮੰਜ਼ਿਲ ਦਾ ਪਤਾ ਨਹੀਂ ਸੀ ਲੱਗ ਰਿਹਾ। ਉਸਨੇ ਦੱਸਿਆ ਕਿ ਉਹ ਆਪਣੇ ਪਿੰਡੋਂ ਕੁਝ ਸਮਾਂ ਪਹਿਲਾਂ ਹੀ ਕਾਰੋਬਾਰ ਦੇ ਸਿਲਸਿਲੇ ਵਿੱਚ ਲਾਹੌਰ ਆਇਆ ਹੈ, ਇਸ ਲਈ ਉਸਨੂੰ ਅਜੇ ਲਾਹੌਰ ਸ਼ਹਿਰ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਅਖੀਰ ਉਹ ਆਟੋ ਰਿਕਸ਼ਾ ਨੂੰ ਇੱਕ ਵਰਜਿਤ ਖੇਤਰ ਵਾਲੀ ਥਾਂ ’ਤੇ ਖੜ੍ਹਾ ਕਰਕੇ ਇੱਕ ਰਾਹਗੀਰ ਪਾਸੋਂ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਬਾਰੇ ਪੁੱਛਣ ਲੱਗਾ। ਪਰ ਉਹ ਰਾਹਗੀਰ ਸਹੀ ਰਸਤਾ ਦੱਸਣ ਵਿੱਚ ਅਸਮਰੱਥ ਸੀ। ਐਨੇ ਨੂੰ ਆਟੋ ਰਿਕਸ਼ਾ ਨੂੰ ਵਰਜਿਤ ਖੇਤਰ ਵਾਲੀ ਥਾਂ ਖੜ੍ਹਾ ਦੇਖਕੇ ਲਾਹੌਰ ਪੁਲਿਸ ਦਾ ਇੱਕ ਥਾਣੇਦਾਰ ਉੱਥੇ ਆ ਗਿਆ ਅਤੇ ਆਪਣੇ ਹੱਥ ਵਿੱਚ ਫੜੇ ਹੋਏ ਡੰਡੇ ਨੂੰ ਆਟੋ ਰਿਕਸ਼ਾ ਦੇ ਅੱਗੇ ਮਾਰਕੇ ਠੇਠ ਪੰਜਾਬੀ ਭਾਸ਼ਾ ਅਤੇ ਰੋਹਬਦਾਰ ਅਵਾਜ਼ ਵਿੱਚ ਬੋਲਿਆ, “ਉਏ! ਆਟੋ ਕਿੱਥੇ ਖੜ੍ਹਾਇਆ ਏ? ਔਹ ਸਾਹਮਣੇ ਬੋਰਡ ਨੀ ਪੜ੍ਹਨਾ ਆਉਂਦਾ? ਹੁਣ ਦੋ ਹਜ਼ਾਰ ਦਾ ਚਲਾਨ ਭਰਨਾ ਪਊ ਤੈਨੂੰ।”
ਆਟੋ ਰਿਕਸ਼ਾ ਵਾਲੇ ਨੇ ਤਰਲੇ ਜਿਹੇ ਪਾਉਣੇ ਸ਼ੁਰੂ ਕੀਤੇ ਪਰ ਥਾਣੇਦਾਰ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ। ਜਦੋਂ ਉਹਨੇ ਆਟੋ ਰਿਕਸ਼ਾ ਦੇ ਪਿੱਛੇ ਵੱਲ ਘੁੰਮਕੇ ਸਾਨੂੰ ਬੈਠਿਆਂ ਦੇਖਿਆ ਤਾਂ ਉਸਦੇ ਸਖਤ ਤੇਵਰ ਕੁਝ ਢਿੱਲੇ ਪੈ ਗਏ ਅਤੇ ਫਿਰ ਉਸਨੇ ਆਟੋ ਰਿਕਸ਼ਾ ਵਾਲੇ ਨੂੰ ਸੰਬੋਧਿਤ ਹੁੰਦੇ ਕਿਹਾ, “ਅੱਜ ਤੂੰ ਮਹਿਮਾਨਾਂ ਕਰਕੇ ਬਚ ਗਿਆ ਏਂ ਬੱਚੂ! ਅੱਗੇ ਤੋਂ ਅਜਿਹੀ ਗਲਤੀ ਨਾ ਕਰੀਂ।”
ਫਿਰ ਉਸਨੇ ਆਟੋ ਰਿਕਸ਼ਾ ਵਾਲੇ ਨੂੰ ਸਾਂਈ ਮੀਆਂ ਮੀਰ ਜੀ ਦੀ ਦਰਗਾਹ ਦਾ ਸਹੀ ਰਸਤਾ ਸਮਝਾਇਆ। ਜਲਦੀ ਅਸੀਂ ਉਸ ਥਾਂ ’ਤੇ ਪੁੱਜਕੇ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦੇ ਦਰਸ਼ਨ ਕੀਤੇ। ਅਗਲੇ ਦਿਨ ਅਸੀਂ ਵਾਪਸ ਆਪਣੇ ਵਤਨ ਭਾਰਤ ਪਰਤਣਾ ਸੀ। ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਆਰਾਮ ਕਰਨ ਲੱਗ ਪਏ। ਰਾਤ ਨੂੰ ਹੀ ਸਪੀਕਰ ਰਾਹੀਂ ਐਲਾਨ ਕਰ ਦਿੱਤਾ ਗਿਆ ਕਿ ਸਵੇਰੇ ਸਾਰੀਆਂ ਬੱਸਾਂ ਸਵੇਰੇ 8 ਵਜੇ ਵਾਘਾ ਬਾਰਡਰ ਲਈ ਚੱਲ ਪੈਣਗੀਆਂ, ਇਸ ਲਈ ਸਾਰੀ ਸੰਗਤ ਤਿਆਰ ਹੋ ਕੇ ਗੇਟ ਦੇ ਕੋਲ ਆ ਜਾਵੇ।
ਅਗਲੇ ਦਿਨ ਅਸੀਂ ਵਾਪਸੀ ਲਈ ਤਿਆਰੀ ਕਰ ਲਈ। ‘ਭਾਰਤ ਹੈ ਵਾਂਗ ਮੁੰਦਰੀ - ਵਿੱਚ ਨਗ ਪੰਜਾਬ ਦਾ’ ਗੀਤ ਦੇ ਬੋਲਾਂ ਵਾਂਗ ਬੇਸ਼ਕ ਜਥੇ ਵਿੱਚ ਬਹੁ-ਗਿਣਤੀ ਪੰਜਾਬ ਦੇ ਸ਼ਰਧਾਲੂਆਂ ਦੀ ਸੀ ਪ੍ਰੰਤੂ ਦਿੱਲੀ ਸਮੇਤ ਦੇਸ਼ ਦੇ ਦੂਜੇ ਰਾਜਾਂ ਦੇ ਸ਼ਰਧਾਲੂ ਵੀ ਜਥੇ ਵਿੱਚ ਸ਼ਾਮਲ ਸਨ। ਜਥੇ ਨਾਲ ਗਏ ਸਾਡੇ ਮਹਾਨ ਵਤਨ ਦੇ ਦੂਜੇ ਰਾਜਾਂ ਦੇ ਗੁਰਸਿੱਖ ਪ੍ਰੇਮੀਆਂ ਨਾਲ ਵੀ ਸਾਡੀ ਵਾਕਫੀ ਅਤੇ ਮਿੱਤਰਤਾ ਬਣ ਗਈ ਸੀ।
ਬਾਬਾ ਬੰਤਾ ਮੇਰੇ ਵਾਲੀ ਬੱਸ ਵਿੱਚ ਹੀ ਮੇਰੇ ਨਾਲ ਦੀ ਸੀਟ ’ਤੇ ਬੈਠ ਗਿਆ। ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਦਰਸ਼ਨਾਂ ਲਈ ਆ ਚੁੱਕਾ ਹੈ ਅਤੇ ਉਸਨੇ ਦੱਸਿਆ ਕਿ ਉਹ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਰਾਮਗੜ੍ਹੀਆ ਪਰਿਵਾਰ ਨਾਲ ਉਸਦਾ ਸਬੰਧ ਹੈ ਅਤੇ ਉਹ ਅਜੇ ਵੀ ਕਿਰਤ ਨਾਲ ਜੁੜਿਆ ਹੋਇਆ ਹੈ। ਉਹ ਸੱਤ ਸੌ ਰੁਪਏ ਦਿਹਾੜੀ ’ਤੇ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਹਰ ਰੋਜ਼ ਦਸਵੰਧ ਵਜੋਂ ਸੱਤਰ ਰੁਪਏ ਅਲੱਗ ਕੱਢਕੇ ਰੱਖ ਲੈਂਦਾ ਹੈ। ਤਿੰਨ ਮਹੀਨੇ ਦੇ ਵਕਫੇ ਮਗਰੋਂ ਉਹ ਕਿਸੇ ਨਾ ਕਿਸੇ ਗੁਰਧਾਮ ਦੀ ਯਾਤਰਾ ਲਈ ਨਿਕਲਦਾ ਹੈ ਅਤੇ ਇਸ ਦਸਵੰਧ ਦੀ ਰਕਮ ਵਿੱਚੋਂ ਧਰਮ ਅਰਥ ਵਜੋਂ ਖਰਚਾ ਕਰਦਾ ਹੈ। ਉਸਨੇ ਦੱਸਿਆ ਕਿ ਉਸਨੇ ਕੰਮ ਦਾ ਕਦੇ ਵੀ ਠੇਕਾ ਨਹੀਂ ਲਿਆ। ਉਸਦੀ ਸੋਚ ਮੁਤਾਬਿਕ ਠੇਕੇਦਾਰੀ ਸੱਚੀ ਸੁੱਚੀ ਕਿਰਤ ਨਹੀਂ, ਇਹ ਵੀ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੀ ਹੈ। ਵਾਘਾ ਬਾਰਡਰ ਰਾਹੀਂ ਪਾਕਿਸਤਾਨ ਯਾਤਰਾ ਤੋਂ ਵਾਪਸ ਪਰਤਦਿਆਂ ਬਾਬੇ ਬੰਤੇ ਨੇ ਫਿਰ ਮਿਲਣ ਦਾ ਵਾਅਦਾ ਕਰਕੇ ਗੁਰੂ ਨਾਨਕ ਦੇਵ ਜੀ ਦਾ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਸੰਦੇਸ਼ ਦਿੰਦਿਆਂ ਹੋਇਆਂ ਵਿਦਾਇਗੀ ਲੈ ਲਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































