ਬੀਬਾ ਸ਼ਮੀਲਾ ਖਾਨ, ਸਰੋਕਾਰ ਕੈਨੇਡਾ ਵਿੱਚ ਤੁਹਾਡਾ ਆਰਟੀਕਲ ‘ਗਾਲੀ ਗਲੋਚ ਵਾਲੀ ਭਾਸ਼ਾ ਬਨਾਮ ਔਰਤਾਂ ਨਾਲ ਵਧੀਕੀ’ ਪੜ੍ਹਿਆ। ਇਹ ਪੜ੍ਹਦਿਆਂ ਮਨ ਨੂੰ ਬਹੁਤ ਸਕੂਨ ਮਿਲਿਆ। ਤੁਹਾਡਾ ਚੁਣਿਆ ਵਿਸ਼ਾ ਬਹੁਤ ਸ਼ਾਨਦਾਰ ਹੈ ਅਤੇ ਉਸ ’ਤੇ ਪ੍ਰਗਟ ਕੀਤੇ ਤੁਹਾਡੇ ਵਿਚਾਰ ਵੀ ਬਹੁਤ ਖੂਬਸੂਰਤ ਹਨ। ਅੱਜ ਲੋੜ ਹੈ ਇਸ ਵਿਸ਼ੇ ’ਤੇ ਖੁਲ੍ਹੀ ਚਰਚਾ ਕਰਨ ਦੀ। ਮਰਦ ਖੁਸ਼ੀ ਵਿੱਚ ਵੀ ਔਰਤ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਜੇ ਗੁੱਸੇ ਵਿੱਚ ਹੋਣ ਤਦ ਵੀ ਮੰਦਾ ਔਰਤ ਬਾਰੇ ਹੀ ਬੋਲਿਆ ਜਾਂਦਾ ਹੈ। ਮੈਨੂੰ ਪਰਤੱਖ ਤੌਰ ’ਤੇ ਇੱਕ ਵਾਰ ਇਸ ਵਿਸ਼ੇ ਅੰਦਰਲੇ ਪ੍ਰਗਟਾਅ ਬਾਰੇ ਵੇਖਣ ਸੁਣਨ ਦਾ ਮੌਕਾ ਮਿਲਿਆ ਸੀ, ਜਿਸ ਨੇ ਮੈਨੂੰ ਹਲੂਣ ਦਿੱਤਾ ਸੀ। ਮੈਂ ਬਹੁਤ ਲੋਕਾਂ ਨਾਲ ਇਸ ਘਟਨਾ ਬਾਰੇ ਗੱਲ ਵੀ ਕੀਤੀ ਸੀ। ਘਟਨਾ ਸੀ ਕਿ ਇੱਕ ਘਰ ਵਿੱਚ ਪਿਓ ਪੁੱਤ ਤੇ ਧੀ ਸਨ, ਪਿਓ ਪੁੱਤ ਦੀ ਕਿਸੇ ਗੱਲ ਤੋਂ ਲੜਾਈ ਹੋ ਗਈ, ਜੋ ਕਾਫ਼ੀ ਵਧ ਗਈ। ਪਿਓ ਆਪਣੇ ਪੁੱਤਰ ਨੂੰ ਭੈਣ ਦੀ ਨਾ ਸੁਣੇ ਜਾਣ ਵਾਲੀ ਅਤੀ ਬੁਰੀ ਗਾਲ ਦੇ ਰਿਹਾ ਸੀ। ਪੁੱਤ ਆਪਣੇ ਪਿਓ ਨੂੰ ਧੀ ਦੀ ਗਾਲ ਦੇ ਰਿਹਾ ਸੀ। ਦੋਵਾਂ ਦੀ ਲੜਾਈ ਵਿੱਚ ਨਿਸ਼ਾਨਾ ਘਰ ਦੀ ਧੀ ਬਣ ਰਹੀ ਸੀ। ਆਖ਼ਰ ਉਹ ਅਜਿਹਾ ਬਰਦਾਸਤ ਨਾ ਕਰ ਸਕੀ ਤੇ ਉਸਨੇ ਗੁੱਸੇ ਵਿੱਚ ਇਤਰਾਜ਼ ਕੀਤਾ। ਜੋ ਸ਼ਬਦ ਪਿਓ ਪੁੱਤਰ ਭਾਵ ਆਪਣੇ ਬਾਪ ਤੇ ਭਰਾ ਨੂੰ ਕਹੇ, ਉਹ ਮੈਂ ਲਿਖ ਤਾਂ ਨਹੀਂ ਸਕਦਾ ਪਰ ਉਸਦਾ ਭਾਵ ਅਰਥ ਸੀ ਕਿ ਲੜ ਤੁਸੀਂ ਰਹੇ ਹੋ ਅਤੇ ਬਲਾਤਕਾਰ ਮੇਰਾ ਕਰ ਰਹੇ ਹੋ। ਇਹ ਘਟਨਾ ਕਰੀਬ ਦਸ ਸਾਲ ਪਹਿਲਾਂ ਦੀ ਹੈ, ਜੋ ਮੈਂ ਭੁਲਾ ਨਹੀਂ ਸਕਿਆ ਅਤੇ ਨਾ ਹੀ ਭੁਲਾ ਸਕਾਂਗਾ। ਅੱਜ ਤੁਹਾਡਾ ਆਰਟੀਕਲ ਪੜ੍ਹ ਕੇ ਉਹ ਘਟਨਾ ਫੇਰ ਮੇਰੀਆਂ ਅੱਖਾਂ ਸਾਹਮਣੇ ਆ ਗਈ।
ਤੁਸੀਂ ਬਹੁਤ ਅਹਿਮ ਵਿਸ਼ੇ ’ਤੇ ਗੱਲ ਸੁਰੂ ਕੀਤੀ ਹੈ, ਇਸ ਤੇ ਵੱਡੇ ਪੱਧਰ ਤੇ ਚਰਚਾ ਛਿੜਨੀ ਚਾਹੀਦੀ ਹੈ ਅਤੇ ਅਜਿਹੀਆਂ ਗਾਲ੍ਹਾਂ ’ਤੇ ਰੋਕ ਲਾਉਣ ਲਈ ਬੁੱਧੀਜੀਵੀਆਂ ਅਤੇ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਹਨ।
* * *