“ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਜਾ ਕਿਸ ਪਾਸੇ ਰਹੇ ਹਾਂ, ਅਗਾਂਹ ਕਿ ਪਿਛਾਂਹ ...”
(25 ਜੁਲਾਈ 2018)
ਸ਼੍ਰੀ ਪ੍ਰੇਮ ਕੁਮਾਰ ਦੀ ਉੱਘੇ ਇਤਿਹਾਸਕਾਰ ਇਰਫ਼ਾਨ ਹਬੀਬ ਨਾਲ ਮੁਲਾਕਾਤ
(ਇਰਫ਼ਾਨ ਹਬੀਬ, ਮੱਧਕਾਲੀ ਭਾਰਤ ਦੇ ਆਰਥਿਕ ਅਤੇ ਰਾਜਨੀਤਿਕ ਇਤਿਹਾਸ ਲੇਖਨ ਦੇ ਖੇਤਰ ਵਿੱਚ ਇੱਕ ਮੰਨਿਆ-ਪ੍ਰਮੰਨਿਆ ਨਾਂ ਹੈ। ਇਤਿਹਾਸ ਦੇ ਮੂਲ ਸੋਮਿਆਂ ਦਾ ਡੂੰਘਾ ਅਧਿਅਨ ਅਤੇ ਇਨ੍ਹਾਂ ਦਾ ਨਿਰਪੱਖ ਵਿਸ਼ਲੇਸ਼ਣ ਉਨ੍ਹਾਂ ਦੇ ਲੇਖਨ ਦੀਆਂ ਵਿਸ਼ੇਸ਼ਤਾਈਆਂ ਹਨ। ਉਹ ਇਤਿਹਾਸ ਲੇਖਨ ਵਿੱਚ ਵਿਗਿਆਨਿਕ ਅਤੇ ਧਰਮ-ਨਿਰਪੱਖ ਨਜ਼ਰੀਆ ਅਪਨਾਉਣ ਦੇ ਹਾਮੀ ਹਨ। ਉਨ੍ਹਾਂ ਦੀਆਂ ਕਿਤਾਬਾਂ “ਐਨ ਅਗਰੇਰੀਅਨ ਸਿਸਟਮ ਆਫ਼ ਮੁਗ਼ਲ ਇੰਡੀਆ” ਅਤੇ “ਐਨ ਐਟਲਸ ਆਫ ਦੀ ਮੁਗ਼ਲ ਐਂਪਾਇਰ” ਦੁਨੀਆ ਭਰ ਦੇ ਇਤਿਹਾਸ ਲੇਖਨ ਵਿੱਚ ਮੀਲ-ਪੱਥਰ ਦਾ ਮੁਕਾਮ ਰੱਖਦੀਆਂ ਹਨ। ਸ਼੍ਰੀ ਪ੍ਰੇਮ ਕੁਮਾਰ ਨੇ ਪੰਦਰਾਂ ਸਾਲ ਪਹਿਲਾਂ ਇਹ ਇੰਟਰਵਿਊ ਕੀਤੀ ਸੀ ਜਿਸ ਵਿੱਚ ਪ੍ਰੋਫੈਸਰ ਹਬੀਬ ਨੇ ਇਤਿਹਾਸ ਲੇਖਨ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਪੇਸ਼ ਕੀਤੇ ਸਨ। ਇਹ ਇੰਟਰਵਿਉ ਅੱਜ ਵੀ ਉੰਨੀ ਹੀ ਸਾਰਥਿਕ ਹੈ। ਇਤਫ਼ਾਕ ਨਾਲ ਮੁਲਕ ਵਿਚ ਉਦੋਂ ਵੀ ਬੀਜੇਪੀ ਦਾ ਰਾਜ ਸੀ ਅਤੇ ਹੁਣ ਵੀ।)
? ਸਰਕਾਰ ਦੀ ਸਿੱਖਿਆ ਨੀਤੀ ਨੂੰ ਲੈ ਕੇ ਕਈ ਚਰਚਾਵਾਂ ਹਨ। ਪਾਠ-ਪੁਸਤਕਾਂ ਵਿੱਚ ਲਿਆਂਦੇ ਜਾ ਰਹੇ ਬਦਲਾਅ ਨੂੰ ਕੀ ਤੁਸੀਂ ਕੋਈ ਖ਼ਾਸ ਵਿਚਾਰਧਾਰਾ ਥੋਪਣ ਦੀ ਸਾਜਿਸ਼ ਮੰਨਦੇ ਹੋ?
: ਇਸ ਦੇ ਪਿੱਛੇ ਸਾਜਿਸ਼ ਨਹੀਂ, ਉਨ੍ਹਾਂ ਦੀ ਵਿਚਾਰਧਾਰਾ ਹੈ। ਉਨ੍ਹਾਂ ਦੀ ਸਰਕਾਰ ਹੈ, ਉਹ ਲਿਆਉਣਾ ਚਾਹੁੰਦੇ ਹਨ। ਉਹ ਇਤਿਹਾਸ ਦੀਆਂ ਪਾਠ-ਪੁਸਤਕਾਂ ਬਦਲਣਾ ਚਾਹੁੰਦੇ ਹਨ। ਗ਼ਲਤ ਢੰਗ ਨਾਲ ਪੜ੍ਹਾਉਣਾ ਚਾਹੁੰਦੇ ਹਨ। ਆਰੀਆ ਹਿੰਦੁਸਤਾਨ ਤੋਂ ਪੂਰੀ ਦੁਨੀਆ ਵਿੱਚ ਗਏ; ਦ੍ਰਾਵਿੜ ਜ਼ੁਬਾਨਾਂ ਸੰਸਕ੍ਰਿਤ ਵਿੱਚੋਂ ਨਿੱਕਲੀਆਂ ਹਨ; ਸਾਇੰਸ ਦੀਆਂ ਸਾਰੀਆਂ ਖੋਜਾਂ ਭਾਰਤ ਨੂੰ ਪਹਿਲਾਂ ਹੀ ਪਤਾ ਸੀ। ਅਜਿਹੀਆਂ ਗੱਲਾਂ ਕਰਨਾ, ਇਤਿਹਾਸ ਦੀ ਵਿਗਿਆਨਿਕ ਸੋਚ ਨਹੀਂ ਹੈ। ਗੌਤਮ, ਅਸ਼ੋਕ, ਜਿਨ੍ਹਾਂ ਨਾਲ ਦੁਨੀਆਂ ਵਿੱਚ ਸਾਡਾ ਨਾਂ ਰੋਸ਼ਨ ਹੁੰਦਾ ਹੈ, ਇਹ ਉਨ੍ਹਾਂ ਦੀ ‘ਡਾਰਕ ਏਜ’ (Dark Age) ਹੈ। ਪ੍ਰਾਕ੍ਰਿਤ (ਭਾਸ਼ਾ) ਨੂੰ, ਇਸ ਵਿਚ ਇੰਨੇ ਵੱਡੇ ਲਿਟਰੇਚਰ ਨੂੰ ਉਹ ਕੁਝ ਨਹੀਂ ਮੰਨਦੇ। ਅਜਿਹੀਆਂ ਚੀਜ਼ਾਂ ਦਾ ਵਿਰੋਧ ਹੋਣਾ ਚਾਹੀਦਾ ਹੈ। ਵਿਰੋਧ ਨਾ ਕੀਤਾ ਗਿਆ ਤਾਂ ਇਹ ਹੋਰ ਫੈਲਣਗੀਆਂ।
? ਇਨ੍ਹਾਂ ਲਈ ਦੋਸ਼ੀ ਕੌਣ ਹੈ? ਭਵਿੱਖ ਲਈ ਕੀ ਰਾਹ ਦਿਸਦਾ ਹੈ?
: ਦੋਸ਼ ਦੇਣ ਦੀ ਗੱਲ ਨਹੀਂ। ਅੱਜ ਜੋ ਦੇਸ਼ ਪ੍ਰੋਗਰੈੱਸ ਕਰ ਰਹੇ ਹਨ, ਉਨ੍ਹਾਂ ਦੇ ਬਾਰੇ ਵਿੱਚ ਕੁਝ ਚੀਜ਼ਾਂ ‘ਇਸਟੈਬਲਿਸ਼ਡ’ (established) ਹਨ। ਤੁਹਾਡੀ ਸਪਿਰਿਟ ਅਤੇ ਆਊਟਲੁੱਕ ਸਾਇੰਟਿਫਿਕ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਪੂਰਾ ਐਜੂਕੇਸ਼ਨ ਸਿਸਟਮ ਅਜਿਹਾ ਬਣਾ ਦਿਓਂ, ਜਿਸ ਵਿੱਚ ਸਾਇੰਟਿਫਿਕ ਆਊਟਲੁੱਕ (scientific outlook) ਨਾ ਰਹੇ, ਤਾਂ ਵਿਕਾਸ ’ਤੇ ਬੁਰਾ ਅਸਰ ਪਵੇਗਾ। ਹਿੰਦੁਸਤਾਨ ਦੀਆਂ ਸੀਰੀਅਸ ਪੋਲਿਟੀਕਲ ਪਾਰਟੀਆਂ ਨੂੰ ਇਨ੍ਹਾਂ ਹਾਲਾਤ ਦਾ ਮੁਕਾਬਲਾ ਕਰਨ ਲਈ ਇੱਕ ਹੋਣਾ ਚਾਹੀਦਾ ਹੈ। ਜੋ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਹਨ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਇਸ ਬਾਰੇ। ਕਮਿਊਨਿਸਟਾਂ ਨੂੰ ਇਸ ਬਾਰੇ ਯੁਨਾਈਟ ਹੋਣਾ ਚਾਹੀਦਾ ਹੈ।
? ਕੀ ਭਾਰਤ ਵਿੱਚ ਸੰਪਰਦਾਇਕ ਤਾਕਤਾਂ ਦੇ ਵਧਣ ਨੂੰ ਕਮਿਊਨਿਸਟ ਅੰਦੋਲਨ ਦੀ ਅਸਫ਼ਲਤਾ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ?
: ਇੱਕ ਮਸ਼ਹੂਰ ਰਾਈਟਰ ਨੇ ਕਿਹਾ ਹੈ ਕਿ ਹਰ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਦੁਨੀਆ ਵਿੱਚ ਜੋ ਕੁਝ ਗ਼ਲਤ ਹੋਇਆ ਹੈ ਉਸ ਵਿੱਚ ਮੇਰੀ ਵੀ ਜ਼ਿੰਮੇਵਾਰੀ ਹੈ। ਇਹ ਸੱਚ ਹੈ ਕਿ ਕਮਿਊਨਿਸਟ ਜ਼ਿਆਦਾ ‘ਅਵੇਅਰ’ (aware) ਹੁੰਦੇ ਹਨ। ਉਨ੍ਹਾਂ ਦੀ ਜ਼ਿੰਮੇਦਾਰੀ ਹੈ, ਸਾਡੀ ਹੈ, ਹਰ ਹਿੰਦੁਸਤਾਨੀ ਦੀ ਹੈ। ਮੈਂਨੂੰ ਨਹੀਂ ਲਗਦਾ ਸੋਵਿਅਤ ਰੂਸ ਵਰਗਾ ਸਾਨੂੰ ਕੋਈ ਡਰ ਹੈ। ਪਰ ਹਿੰਦੁਸਤਾਨ ਵਰਗੇ ਮੁਲਕ ਵਿੱਚ ਬਹੁਤ ਧਿਆਨ ਰੱਖਣ ਦੀ ਲੋੜ ਹੈ। ਕਿਸੇ ਵਰਗ ਨੂੰ ਵੀ ਅਲਗਾਅ ਦਾ ਅਹਿਸਸ ਨਾ ਹੋਵੇ। ਜਦੋਂ ਤੁਸੀਂ ਨਸਲ ਦਾ, ਸੰਸਕ੍ਰਿਤੀ ਦਾ, ਇਸਾਈਅਤ ਦਾ ਜਾਂ ਧਰਮ ਦਾ ਵਿਵਾਦ ਗ੍ਰਸਤ ਮੁੱਦਾ ਉਠਾਉਂਦੇ ਹੋ, ਤਾਂ ਇਸਦਾ ਬੁਰਾ ਅਸਰ ਹੁੰਦਾ ਹੈ।
? ਇੱਕ ਅਕੈਡਮੀਸ਼ੀਅਨ ਅਤੇ ਇਤਿਹਾਸਕਾਰ ਦੇ ਰੂਪ ਵਿੱਚ ਤੁਸੀਂ ਮੰਦਰ-ਮਸਜਿਦ ਵਿਵਾਦ ਨੂੰ ਕਿਸ ਤਰ੍ਹਾਂ ਲੈਂਦੇ ਹੋ? ਇਸ ਝਗੜੇ ਦੇ ਜਾਰੀ ਰਹਿਣ ਦੇ ਪਿੱਛੇ ਕੀ ਕਾਰਣ ਅਤੇ ਕੀ ਗ਼ਲਤੀਆਂ ਰਹੀਆਂ ਹਨ?
: ਇਹ ਠੀਕ ਹੈ ਕਿ ਬਾਬਰੀ ਮਸਜਿਦ ਹਾਦਸਾ ਇੱਕ ਰਿਫ਼ਲੈਕਸ਼ਨ ਸੀ। ਦੁਨੀਆ ਵਿੱਚ ਕੋਈ ਨਹੀਂ ਕਹੇਗਾ ਕਿ ਇਸ ਨਾਲ ਸਾਡੀ ਨੇਕਨਾਮੀ ਹੋਈ। ਉਹ ਕਿਸੇ ਵੀ ਤਰ੍ਹਾਂ ਦੇਸ਼ਭਗਤੀ ਨਹੀਂ ਸੀ। ਮੈਂ ਉਨ੍ਹਾਂ ਦਿਨਾਂ ਵਿੱਚ ਚੇਅਰਮੈਨ ਸੀ, ਆਈ. ਸੀ. ਐੱਚ. ਆਰ. (Indian Council of Historical research) ਦਾ। ਕਾਫ਼ੀ ਟੈਨਸ਼ਨ ਹੋ ਗਈ ਸੀ ਹਰ ਪਾਸੇ। ਮੈਂਨੂੰ ਝਟਕਾ ਲੱਗਾ। ਇਸ ਲਈ ਹੀ ਨਹੀਂ ਕਿ ਮਜ਼ਹਬੀ ਇਮਾਰਤ ਡਿੱਗੀ, ਸਗੋਂ ਇਸ ਲਈ ਕਿ ਸਾਡੀ ਬਹੁਤ ਬਦਨਾਮੀ ਹੋਈ ਬਾਹਰ। ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਜਾ ਕਿਸ ਪਾਸੇ ਰਹੇ ਹਾਂ, ਅਗਾਂਹ ਕਿ ਪਿਛਾਂਹ। ਬੁੱਧ ਦੀ ਮੂਰਤੀ ਤੋੜ ਕੇ ਤਾਲਿਬਾਨ ਨੇ ਇਸਲਾਮ ਨੂੰ ਬਦਨਾਮ ਕੀਤਾ ਹੈ। ਅਜਿਹੀਆਂ ਘਟਨਾਵਾਂ ਪਿੱਛੇ ਇੱਕੋ ਤਰ੍ਹਾਂ ਦੀ ਮਾਨਸਿਕਤਾ ਹੈ। ਸੰਘ ਹੋਵੇ ਜਾਂ ਤਾਲਿਬਾਨ, ਉਹ ਪਰੈਫਰ (prefer) ਕਰਨਗੇ ਕਿ ਦੂਜੀ ਸਾਈਡ ਵੱਧ ‘ਕਮਿਊਨਲ’ (communal) ਹੋਵੇ। ਇਹ ਤਾਕਤਾਂ ਹਮੇਸ਼ਾ ਸਨ। ਪਹਿਲਾਂ ਛਿਪੀਆਂ ਹੋਈਆਂ ਸਨ, ਬਦਲਵੇਂ ਰੂਪਾਂ ਵਿੱਚ ਸਨ।
? ਐਡਵਰਡ ਸਈਦ ਦੇ ਇਸ ਕਥਨ ਕਿ ‘ਭਾਰਤ ਦਾ ਇਤਿਹਾਸ ਅਸਲ ਵਿਚ ਉਨ੍ਹਾਂ ਲੋਕਾਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਕਦੇ ਇਤਿਹਾਸ ਨਹੀਂ ਲਿਖਿਆ’ ਨਾਲ ਤੁਸੀਂ ਕਿੱਥੋਂ ਤੀਕ ਸਹਿਮਤ ਹੋ/ਅਸਹਿਮਤ ਹੋ?
: ਇਹ ਗੱਲ ਪਹਿਲੇ ਡਿਯੂਮਾ (Malone Dumas) ਨੇ ਕਹੀ ਸੀ ਕਿ ਹਿੰਦੁਸਤਾਨ ਦੀ ਜਨਤਾ ਜਾਤਾਂ ਵਿਚ ਵੰਡੀ ਹੋਈ ਹੈ, ਉਸਨੂੰ ਇਕਨਾਮਿਕਸ ਨਹੀਂ ਆਉਂਦੀ ਅਤੇ ਉੱਥੋਂ ਦੇ ਲੋਕਾਂ ਨੇ ਇਤਿਹਾਸ ਨਹੀਂ ਲਿਖਿਆ ਹੈ। ਕਿਉਂਕਿ ਇਕਨਾਮਿਕਸ ਨਹੀਂ ਸੀ, ਇਸ ਲਈ ਹਿਸਟਰੀ ਨਹੀਂ ਹੋ ਸਕਦੀ। ਇਸ ਕਥਨ ਦੇ ਆਧਾਰ ਤੇ ਦੇਖੀਏ ਤਾਂ ਇਕਨਾਮਿਕ ਚੇਤਨਾ ਤਾਂ ਸੋਹਲਵੀਂ ਸਦੀ ਵਿਚ ਸ਼ੁਰੂ ਹੋਈ। ਉਸ ਤੋਂ ਪਹਿਲਾਂ ਦੁਨੀਆ ਵਿਚ ਇਕਨਾਮਿਕਸ ਨਹੀਂ ਸੀ। ਫੇਰ ਤਾਂ ਤੁਸੀਂ ਸੋਹਲਵੀਂ ਸਦੀ ਤੋਂ ਪਹਿਲਾਂ ਯੂਰਪ ਦੀ ਹਿਸਟਰੀ ਲਿਖ ਹੀ ਨਹੀਂ ਸਕਦੇ। ਹਿੰਦੁਸਤਾਨ ਦੇ ਬਹੁਤੇ ਡਾਕੂਮੈਂਟਸ ਬਹੁਤ ਪੁਰਾਣੇ ਹਨ। ਆਲੇਖ, ਬਾਣ ਦਾ ਹਰਸ਼ਚਰਿਤ, ਰਿਗਵੇਦ, ਅਸ਼ੋਕ ਦੇ ਸ਼ਿਲਾਲੇਖ। ਜਦੋਂ ਅਸੀਂ ਹਿਸਟਰੀ ਲਿਖਦੇ ਹਾਂ ਤਾਂ ਉਸ ਜ਼ਮਾਨੇ ਦੇ ਡਾਕੂਮੈਂਟਸ ਦੇਖਦੇ ਹਾਂ। ਹਿੰਦੁਸਤਾਨ ਵਿਚ ਜਦ ਇੰਨੇ ਪੁਰਾਣੇ ਡਾਕੂਮੈਂਟਸ ਇੰਨਾ ਕੁਝ ਕਹਿੰਦੇ ਹਨ, ਤਾਂ ਹਿਸਟਰੀ ਕਿਉਂ ਨਹੀਂ ਲਿਖੀ ਜਾ ਸਕਦੀ। ਇਹੋ ਪਹਿਲੇ ਮਾਰਕਸ ਨੇ ਕਿਹਾ ਸੀ ਪਰ ਬਾਅਦ ਵਿਚ ਮਾਰਕਸ ਨੇ ਆਪ ਭਾਰਤ ਦੀ ਹਿਸਟਰੀ ਪੜ੍ਹੀ, ਨੋਟਸ ਲਏ। ਉਸ ਦਾ ਮਤਲਬ ਇਹ ਸੀ ਕਿ ਇੱਥੇ ਸਮਾਜਿਕ ਪਰਿਵਰਤਨ ਨਹੀਂ ਹੁੰਦੇ। ਮਗਰੋਂ ਤਾਂ ਉਸ ਨੂੰ ਵੀ ਅਹਿਸਾਸ ਹੋ ਗਿਆ ਅਤੇ ਹੁਣ ਤਾਂ ਸਾਰੇ ਇਤਿਹਾਸਕਾਰ ਹੀ ਮੰਨਦੇ ਹਨ ਕਿ ਇੱਥੇ ਸਮਾਜਿਕ ਤਬਦੀਲੀਆਂ ਹੁੰਦੀਆਂ ਹਨ ਅਤੇ ਜਾਤੀ ਵਿਵਸਥਾ ਵੀ ਬਦਲਦੀ ਹੈ।
? ਭਾਰਤ ਅਤੇ ਹੋਰ ਮੁਲਕਾਂ ਵਿਚ ਵੀ ਪਿਛਲੇ ਸਾਲਾਂ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਧਰਮ ਇਤਿਹਾਸ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
: ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਮ ਇਤਿਹਾਸ ਵਿਚ ਮਹੱਤਵ ਰੱਖਦਾ ਹੈ। ਪਰ ਸੋਚਣਾ ਚਾਹੀਦਾ ਹੈ ਕਿ ਧਰਮ ਵੀ ਬਦਲਦਾ ਰਹਿੰਦਾ ਹੈ। ਤੁਸੀਂ ਕਿਸੇ ਧਰਮ ਨੂੰ ਲੈ ਲਵੋ, ਉਸਨੂੰ ਮੰਨਣ ਵਾਲਿਆਂ ਦਾ ਅੱਜ ਉਸ ਦੇ ਬਾਰੇ ਜੋ ਕੌਨਸੈਪਟ ਹੈ, ਉਹ ਪੰਜ ਸੌ ਸਾਲ ਪਹਿਲਾਂ ਨਹੀਂ ਸੀ। ਧਰਮ ਦਾ ਆਪਣਾ ਇਤਿਹਾਸ ਹੁੰਦਾ ਹੈ। ਬੀਜੇਪੀ ਨੂੰ ਸੋਚਣਾ ਚਾਹੀਦਾ ਹੈ ਕਿ ਵੈਦਿਕ ਕਾਲ ਜਾਂ ਧਰਮ-ਗ੍ਰੰਥਾਂ ਦੇ ਜੋ ਅਰਥ ਉਹ ਦੇ ਰਹੀ ਹੈ, ਉਹ ਨਹੀਂ ਸਨ। ਇਸ ਦੌਰਾਨ ਇੰਨੇ ਦਾਰਸ਼ਨਿਕ ਪਰਿਵਰਤਨ ਹੋਏ ਹਨ ਕਿ ਉਹ ਅਰਥ ਬਿਲਕੁਲ ਬਦਲ ਗਏ ਹਨ। ਤੁਸੀਂ ਹਰ ਚੀਜ਼ ਨੂੰ ਵੈਦਿਕ ਸਿੱਧ ਕਰੋਂ — ਵੈਦਿਕ ਐਸਟ੍ਰਾਲੋਜੀ ਤੀਕ ਹੋ ਗਈ ਹੈ, ਜਿਸਦਾ ਵੇਰਵਾ ਵੇਦਾਂ ਵਿਚ ਨਹੀਂ ਹੈ। ਇਹ ਇਕ ਫਾਲਸ ਆਰਟੀਫੀਸ਼ੀ ਕਰੀਏਸ਼ਨ (false artificial creation) ਹੈ ਰਿਲੀਜਨ ਦੀ।
? ਪਾਕਿਸਤਾਨੀ ਲੇਖਕ ਕੇ.ਕੇ. ਅਜੀਜ਼ ਦੀ ਹਿੰਦੀ ਵਿਚ ਕਿਤਾਬ ਛਪੀ ਹੈ - “ਇਤਿਹਾਸ ਦਾ ਕਤਲ” ਇਸ ਵਿਚ ਪਾਕਿਸਤਾਨ ਵਿਚ ਗ਼ਲਤ ਇਤਿਹਾਸ ਪੜ੍ਹਾਉਣ ਦੀ ਚਰਚਾ ਪ੍ਰਮੁੱਖ ਹੈ। ਉੱਥੇ ਗ਼ਲਤ ਇਤਿਹਾਸ ਦਾ ਪੜ੍ਹਾਇਆ ਜਾਣਾ ਤੁਹਾਨੂੰ ਕਿਸ ਤਰ੍ਹਾਂ ਦੇ ਵਿਚਾਰ ਲਈ ਪ੍ਰੇਰਿਤ ਕਰਦਾ ਹੈ?
: ਪਾਕਿਸਤਾਨ ਵਿਚ ਤਾਂ ਸਾਡੇ ਇੱਥੋਂ ਨਾਲੋਂ ਬਹੁਤ ਪਹਿਲਾਂ ਗ਼ਲਤ ਇਤਿਹਾਸ ਪੜ੍ਹਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਜ਼ਿਆ ਦੀ ਡਿਕਟੇਟਰਸ਼ਿਪ ਵਿਚ ਸੰਪਰਦਾਇਕਤਾ ਨੂੰ ਇਸ ਨਾਲ ਬਹੁਤ ਫਾਇਦਾ ਹੋਇਆ, ਪਰ ਪਾਕਿਸਤਾਨ ਨੂੰ ਨੁਕਸਾਨ ਹੋਇਆ। ਉੱਥੇ ਸ਼ੁਰੂ ਤੋਂ ਕੋਸ਼ਿਸ਼ ਹੋਈ ਉਰਦੂ ਨੂੰ ਸਿਰਫ਼ ਮੁਸਲਮਾਨਾਂ ਦੀ ਜ਼ੁਬਾਨ ਦੱਸਣ ਦੀ। ਮੁਸਲਮਾਨਾਂ ਤੋਂ ਪਹਿਲਾਂ ਦੀ ਜੋ ਹੈਰੀਟੇਜ ਸੀ, ਉਸ ਦਾ ਉਨ੍ਹਾਂ ਨੇ ਖਿਆਲ ਨਹੀਂ ਕੀਤਾ। ਹੁਣ ਸੋਚਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਵੱਖਰੀ ਹਿਸਟਰੀ ਬਣਾਈਏ। ਪੰਜਾਹ ਸਾਲ ਮਗਰੋਂ ਅਹਿਸਾਸ ਹੋਇਆ ਕੀ ਗ਼ਲਤੀ ਹੈ। ਇੱਥੇ ‘ਇੰਡਸ ਬੇਸਿਨ’ (Indus basin) ਨੂੰ ਇੱਕ ਜਿਉਗ੍ਰਾਫੀਕਲ ਏਰੀਆ ਮੰਨ ਕੇ ਹਿਸਟਰੀ ਦੀ ਗੱਲ ਕੀਤੀ ਜਾ ਰਹੀ ਹੈ। ਉਸ ਦਾ ਇਸਲਾਮ ਨਾਲ ਕੋਈ ਵਾਸਤਾ ਨਹੀਂ। ਮੇਜਰ ਹਿਸਾਕ ਨੇ ਸਿੰਧ ਵਾਦੀ ਦੀ ਇਕ ਹਿਸਟਰੀ ਦਾ ਮੂਵਮੈਂਟ ਸ਼ੁਰੂ ਕੀਤਾ ਸੀ। ... ਆਖਿਰ ਤੁਸੀਂ ਕਦੋਂ ਤੀਕ ਪੜ੍ਹਾਉਗੇ ਕਿ ਔਰੰਗਜ਼ੇਬ ਬੁਰਾ ਅਤੇ ਅਕਬਰ ਚੰਗਾ। ... ਇਹ ਭਾਰਤ ਜਾਂ ਪਾਕਿਸਤਾਨ ਦੀ ਹੀ ਗੱਲ ਨਹੀਂ ਹੈ, ਸੱਚ ਤਾਂ ਇਹ ਹੈ ਕਿ ਹਿਸਟਰੀ ਧਰਤੀ ਦੀ ਸਿੱਖਣੀ ਚਾਹੀਦੀ ਹੈ, ਨਾ ਕਿ ਧਰਮ ਵਾਲਿਆਂ ਦੀ।
*****
(1239)